You’re viewing a text-only version of this website that uses less data. View the main version of the website including all images and videos.
ਸੋਨਾਲੀ ਵਿਸ਼ਨੂ ਸ਼ਿੰਗੇਟ: ਕਬੱਡੀ ਖੇਡਣਾ ਸ਼ੁਰੂ ਕੀਤੀ ਤਾਂ ਬੂਟ ਖਰੀਦਣ ਤੱਕ ਦੇ ਪੈਸੇ ਨਹੀਂ ਸੀ
ਜਦੋਂ ਭਾਰਤ ਦੀ ਸ਼ਾਨਦਾਰ ਕਬੱਡੀ ਖਿਡਾਰਨ ਸੋਨਾਲੀ ਵਿਸ਼ਨ ਸ਼ਿੰਗੇਟ ਨੇ ਟ੍ਰੇਨਿੰਗ ਸ਼ੁਰੂ ਕੀਤੀ, ਤਾਂ ਉਨ੍ਹਾਂ ਕੋਲ ਬੂਟ ਤੱਕ ਨਹੀਂ ਸਨ ਅਤੇ ਨਾ ਹੀ ਬੂਟਾਂ ਦਾ ਇੱਕ ਜੋੜਾ ਉਨ੍ਹਾਂ ਦੇ ਪਰਿਵਾਰ ਦੀ ਪਹੁੰਚ 'ਚ ਸੀ।
ਇਹ ਇਕਲੌਤੀ ਚੁਣੌਤੀ ਨਹੀਂ ਸੀ। ਉਹ ਦੌੜਨ ਲਈ ਵੀ ਜੂਝਦੇ ਸਨ, 100 ਮੀਟਰ ਤੱਕ ਦੀ ਦੌੜ ਲਈ ਵੀ।
ਆਪਣੀਆਂ ਲੱਤਾਂ ਅਤੇ ਪੇਟ ਦੀ ਮਜ਼ਬੂਤੀ ਲਈ, ਉਹ ਆਪਣੀਆਂ ਲੱਤਾਂ ਨਾਲ ਭਾਰ ਬੰਨ੍ਹ ਕੇ ਦੌੜਦੇ ਅਤੇ ਕਸਰਤ ਕਰਦੇ ਸਨ।
ਇਹ ਵੀ ਪੜ੍ਹੋ
ਇਸ ਸਾਰੀ ਸਖ਼ਤ ਮਿਹਨਤ ਅਤੇ ਸ਼ਾਮ ਦੇ ਮੁਕਾਬਲਿਆਂ ਤੋਂ ਬਾਅਦ ਉਹ ਅੱਧੀ ਰਾਤ ਜਾਗ ਜਾਂਦੇ, ਅਗਲੀ ਸਵੇਰ ਦੇ ਇਮਤਿਹਾਨ ਦੀ ਤਿਆਰੀ ਵਾਸਤੇ, ਪੜ੍ਹਾਈ ਕਰਨ ਲਈ।
ਉਨ੍ਹਾਂ ਦੇ ਪਰਿਵਾਰ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਸੀ ਕਿ ਖੇਡ ਪੜ੍ਹਾਈ ਦੀ ਕੀਮਤ 'ਤੇ ਨਹੀਂ ਹੋਵੇਗੀ।
ਪੜ੍ਹਾਈ 'ਤੇ ਐਨਾ ਜ਼ੋਰ ਦੇਣ ਦੇ ਬਾਵਜੂਦ, ਉਨ੍ਹਾਂ ਦਾ ਪਰਿਵਾਰ ਮੌਜੂਦ ਮਾਮੂਲੀ ਸਾਧਨਾਂ ਦੇ ਨਾਲ ਪੂਰੀ ਤਰ੍ਹਾਂ ਸ਼ਿੰਗਟੇ ਦਾ ਸਹਿਯੋਗ ਦਿੰਦਾ ਸੀ।
ਸ਼ਿੰਗੇਟ ਦੇ ਪਿਤਾ ਇੱਕ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਨ, ਜਦਕਿ ਉਨ੍ਹਾਂ ਦੀ ਅਪਾਹਜ ਮਾਂ ਇੱਕ ਖਾਣੇ ਦੀ ਦੁਕਾਨ ਚਲਾਉਂਦੇ ਸਨ।
ਆਖ਼ਰਕਾਰ ਉਨ੍ਹਾਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਕਈ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤੇ।
ਸਖ਼ਤ ਮਿਹਨਤ
ਸ਼ਿੰਗਟੇ ਦਾ ਜਨਮ 27 ਮਈ 1995 ਨੂੰ ਮੁੰਬਈ ਦੇ ਲੌਅਰ ਪੈਰਲ ਵਿੱਚ ਹੋਇਆ, ਉਹ ਮਹਾਂਰਿਸ਼ੀ ਦਿਆਨੰਦ ਕਾਲਜ ਦੇ ਵਿਦਿਆਰਥਣ ਸਨ।
ਉਨ੍ਹਾਂ ਨੂੰ ਬਚਪਨ ਤੋਂ ਕ੍ਰਿਕਟ ਪਸੰਦ ਸੀ, ਪਰ ਉਨ੍ਹਾਂ ਦੀ ਕ੍ਰਿਕਟ ਵਿੱਚ ਦਿਲਚਸਪੀ ਦਾ ਸਮਰਥਨ ਕਰਨਾ ਪਰਿਵਾਰ ਦੀ ਪਹੁੰਚ ਵਿੱਚ ਨਹੀਂ ਸੀ।
ਬਾਅਦ ਵਿੱਚ ਉਨ੍ਹਾਂ ਨੇ ਕਿਸੇ ਗੰਭੀਰ ਯੋਜਨਾ ਦੇ ਬਗ਼ੈਰ, ਕਾਲਜ ਵਿੱਚ ਵਾਧੂ ਪਾਠਕ੍ਰਮ ਗਤੀਵਿਧੀ (ਕੋ-ਕਰੀਕਲਮ ਐਕਟੀਵਿਟੀ) ਵਜੋਂ ਕਬੱਡੀ ਦੀ ਚੋਣ ਕੀਤੀ।
ਆਪਣੇ ਕਾਲਜ ਦੇ ਦਿਨਾਂ ਦੌਰਾਨ ਉਨ੍ਹਾਂ ਨੇ ਸਥਾਨਕ ਸ਼ਿਵ ਸ਼ਕਤੀ ਮਹਿਲਾ ਸੰਘ ਕਲੱਬ ਦੇ ਕੋਚ ਰਾਜੇਸ਼ ਪਾਡਵੇ ਤੋਂ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ
ਪਾਡਵੇ ਨੇ ਉਨ੍ਹਾਂ ਨੂੰ ਬੂਟ ਅਤੇ ਕਿੱਟ ਮੁਹੱਈਆ ਕਰਵਾਏ। ਸ਼ਿੰਗੇਟ ਨੇ ਸਖ਼ਤ ਟ੍ਰੇਨਿੰਗ ਲਈ ਅਤੇ ਸਫ਼ਲਤਾ ਲਈ ਕਦੀ ਵੀ ਸੌਖਾ ਰਾਹ ਚੁਣਨ ਦੀ ਕੋਸ਼ਿਸ਼ ਨਹੀਂ ਕੀਤੀ।
ਪਰਿਵਾਰ ਦੇ ਨਾਲ, ਸ਼ਿੰਗੇਟ ਵੀ ਆਪਣੇ ਕੋਚਾਂ ਅਤੇ ਸੀਨੀਅਰ ਖਿਡਾਰੀਆਂ ਜਿਵੇਂ ਕਿ ਗੌਰੀ ਵਾਡੇਕਰ ਅਤੇ ਸੁਵਾਰਨਾ ਬਾਰਟੱਕੇ ਦੇ ਯੋਗਦਾਨ ਨੂੰ ਸਵਿਕਾਰਦੇ ਹਨ।
ਕੁਝ ਸਾਲਾਂ ਵਿੱਚ ਸ਼ਿੰਗੇਟ ਨੇ ਪੂਰਬੀ ਰੇਲਵੇ ਜੁਆਇਨ ਕਰ ਲਿਆ, ਜਿੱਥੇ ਕੋਚ ਗੌਤਮੀ ਅਰੋਸਕਰ ਨੇ ਉਨ੍ਹਾਂ ਦੀ ਖੇਡ ਨਿਪੁੰਨਤਾ ਸਧਾਰਨ ਵਿੱਚ ਮਦਦ ਕੀਤੀ।
ਖੇਡ ਲਈ ਤਿਆਰ
ਸਾਲ 2018 ਵਿੱਚ ਹੋਇਆ 'ਦਿ ਫ਼ੈਡਰੇਸ਼ਨ ਕੱਪ ਟੂਰਨਾਮੈਂਟ' ਸ਼ਿੰਗੇਟ ਲਈ ਬਦਲਾਅ ਦਾ ਪੜਾਅ ਸੀ ਕਿਉਂਕਿ ਉਹ ਜੇਤੂ ਭਾਰਤੀ ਰੇਲਵੇ ਟੀਮ ਦੇ ਮੈਂਬਰ ਸਨ। ਜਿਸ ਟੀਮ ਨੇ ਹਿਮਾਚਲ ਪ੍ਰਦੇਸ਼ ਦੀ ਟੀਮ ਨੂੰ ਹਰਾਇਆ ਸੀ ਅਜਿਹੀ ਟੀਮ ਨੂੰ, ਜਿਸ ਤੋਂ ਉਹ ਪਹਿਲਾਂ ਸੀਜ਼ਨ ਵਿੱਚ 65ਵੀਂ ਕੌਮੀ ਕਬੱਡੀ ਚੈਂਪੀਅਨਸ਼ਿਪ ਹਾਰ ਚੁੱਕੇ ਸਨ।
ਜਿੱਤ ਸ਼ਿੰਗੇਟ ਲਈ ਫ਼ਲਦਾਇਕ ਰਹੀ ਕਿਉਂਕਿ ਟੂਰਨਾਮੈਂਟ ਤੋਂ ਬਾਅਦ ਉਨ੍ਹਾਂ ਦੀ ਇੰਡੀਅਨ ਨੈਸ਼ਨਲ ਕੋਚਿੰਗ ਕੈਂਪ ਲਈ ਚੋਣ ਹੋ ਗਈ। ਇਸ ਤੋਂ ਬਾਅਦ ਉਸ ਸਾਲ ਜਕਾਰਤਾ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਵੀ ਚੋਣ ਹੋ ਗਈ।
ਉਹ ਜਕਾਰਤਾ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ। ਸ਼ਿੰਗੇਟ ਕਾਠਮਾਂਡੂ ਵਿੱਚ ਹੋਈਆਂ 2019 ਸਾਊਥ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸਨ। ਇਨ੍ਹਾਂ ਦੋ ਤਮਗਿਆਂ ਨੇ ਸ਼ਿੰਗੇਟ ਨੂੰ ਪ੍ਰਾਪਤੀ ਦਾ ਅਹਿਸਾਸ ਦਿੱਤਾ।
ਮਹਾਂਰਾਸ਼ਟਰ ਸਰਕਾਰ ਨੇ ਸ਼ਿੰਗੇਟ ਦੇ ਸਾਲ 2019 ਦੇ ਕਬੱਡੀ ਕੋਰਟ ਵਿਚਲੇ ਕਾਰਨਾਮਿਆਂ ਨੂੰ ਸੂਬੇ ਦੇ ਸਰਬਉੱਚ ਸਨਮਾਨ ਸ਼ਿਵ ਛੱਤਰਪਤੀ ਪੁਰਸਕਾਰ ਨਾਲ ਸਨਮਾਨਤ ਕੀਤਾ।
ਅਗਲੇ ਸਾਲ 67ਵੀਂ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਸ਼ਿੰਗੇਟ ਅਜਿਹੇ ਨੈਸ਼ਨਲ ਸਮਾਗਮਾਂ ਵਿੱਚ ਖੇਡਣ ਲਈ ਸਖ਼ਤ ਮਿਹਨਤ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਹਨ।
ਉਹ ਕਹਿੰਦੇ ਹਨ ਭਾਰਤ ਵਿੱਚ ਔਰਤਾਂ ਦੀ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ, ਉਨ੍ਹਾਂ ਲਈ ਪੇਸ਼ੇਵਰ ਲੀਗ਼ ਹੋਣੀ ਚਾਹੀਦੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮਰਦਾਂ ਲਈ ਪ੍ਰੋ-ਕਬੱਡੀ ਲੀਗ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: