ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼: ਕਿਸਾਨਾਂ ਦੀ ਪਰੇਡ ਦੌਰਾਨ ਹਿੰਸਾ ਫੈਲਾਉਣ ਦੀ ਕੀ ਸੀ ਕਥਿਤ ਸਾਜਿਸ਼, ਸ਼ੱਕੀ ਪੁਲਿਸ ਹਵਾਲੇ

ਇਸ ਪੰਨੇ ਰਾਹੀਂ ਕਿਸਾਨ ਅੰਦੋਲਨ ਨਾਲ ਜੁੜੀ ਅੱਜ ਦੀ ਪ੍ਰਮੁੱਖ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ।

ਸਿੰਘੂ ਬਾਰਡਰ ਤੇ ਕਿਸਾਨ ਸੰਗਠਨਾਂ ਨੇ ਇੱਕ ਸ਼ੱਕੀ ਨੂੰ ਫੜਨ ਦਾ ਦਾਅਵਾ ਕੀਤਾ ਹੈ। ਦੇਰ ਰਾਤ ਹੋਈ ਪ੍ਰੈੱਸ ਕਾਨਫਰੰਸ ਵਿੱਚ ਕਿਸਾਨਾਂ ਨੇ ਇੱਕ ਨੌਜਵਾਨ ਨੂੰ ਨਾਲ ਬਿਠਾਇਆ ਸੀ।

ਸ਼ੱਕੀ ਨੇ ਕਿਸਾਨ ਅੰਦੋਲਨ ਵਿੱਚ ਗੜਬੜੀ ਪੈਦਾ ਕਰਨ ਦੀ ਕਥਿਤ ਸਾਜਿਸ਼ ਦਾ ਖੁਲਾਸਾ ਕੀਤਾ ਹੈ।

ਸ਼ੱਕੀ ਨੌਜਵਾਨ ਨੇ ਕਿਹਾ, ''ਕਿਸਾਨਾਂ ਦੇ ਪਰੇਡ ਵਾਲੇ ਪ੍ਰੋਗਰਾਮ ਵਿੱਚ ਪੁਲਿਸ ਦੀ ਵਰਦੀ ਪਾ ਕੇ ਅਤੇ ਅੰਦੋਲਨਕਾਰੀ ਕਿਸਾਨਾਂ ਦਾ ਹਿੱਸਾ ਬਣ ਕੇ ਹਿੰਸਾ ਫੈਲਾਉਣ ਦੀ ਤਿਆਰੀ ਸੀ। ਕਿਸਾਨ ਅੰਦੋਲਨ ਨਾਲ ਜੁੜੇ ਚਾਰ ਆਗੂਆਂ ਤੇ ਜਾਨਲੇਵਾ ਹਮਲਾ ਕਰਨਾ ਦਾ ਵੀ ਪਲਾਨ ਸੀ।''

ਇਸ ਪ੍ਰੈਸ ਕਾਨਫਰੰਸ ਮਗਰੋਂ ਹਰਿਆਣਾ ਪੁਲਿਸ ਉਸ ਨੌਜਵਾਨ ਨੂੰ ਆਪਣੇ ਨਾਲ ਲੈ ਗਈ।

ਕਿਸਾਨ ਨੇਤਾ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਵੱਖ ਵੱਖ ਏਜੰਸੀਆਂ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ।

ਇਸ ਮਾਮਲੇ ਵਿੱਚ ਹਜੇ ਤੱਕ ਪੁਲਿਸ ਦਾ ਬਿਆਨ ਨਹੀਂ ਆਇਆ ਹੈ।

ਇਹ ਵੀ ਪੜ੍ਹੋ:

ਸਰਕਾਰ ਅਤੇ ਕਿਸਾਨਾਂ ਦੀ 11ਵੇਂ ਦੌਰ ਦੀ ਬੈਠਕ ਬੇਸਿੱਟਾ

ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਬੈਠਕ ਖ਼ਤਮ ਹੋ ਗਈ ਹੈ ਅਤੇ ਇੱਕ ਵਾਰ ਫਿਰ ਇਹ ਬੇਨਤੀਜਾ ਰਹੀ।

ਕੇਂਦਰ ਸਰਕਾਰ ਵੱਲੋਂ ਦਸਵੀਂ ਬੈਠਕ ਵਿੱਚ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਤੱਕ ਲਈ ਮੁਅੱਤਲ ਕਰ ਕੇ ਸਾਂਝੀ ਕਮੇਟੀ ਬਣਾਉਣ ਦੀ ਜੋ ਤਜਵੀਜ਼ ਪੇਸ਼ ਕੀਤੀ ਗਈ ਸੀ ਉਸ ਨੂੰ ਕਿਸਾਨ ਯੂਨੀਅਨਾਂ ਵੱਲ਼ੋਂ ਆਪਣੀ ਵੀਰਵਾਰ ਦੀ ਬੈਠਕ ਵਿੱਚ ਰੱਦ ਕਰ ਦਿੱਤਾ ਗਿਆ ਸੀ।

ਕਿਸਾਨਾਂ ਨੇ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ 15-15 ਮਿੰਟ ਦੀ ਦੋ ਵਾਰ ਗੱਲਬਾਤ ਹੋਈ ਪਰ ਆਖਿਰਕਾਰ ਬੈਠਕ ਬੇਨਤੀਜਾ ਹੀ ਰਹੀ।

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਦੇ ਨਾਂ 'ਤੇ ਕੁਝ ਲੋਕ ਸਿਆਸੀ ਹਿੱਤ ਸਾਧ ਰਹੇ ਹਨ।

ਖੇਤੀਬਾੜੀ ਮੰਤਰੀ ਨੇ ਗੱਲਬਾਤ ਦਾ ਵੇਰਵਾ ਦਿੱਤਾ

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਭਾਰਤ ਸਰਕਾਰ ਤੇ ਕਿਸਾਨ ਸੰਗਠਨਾਂ ਵਿਚਾਲੇ ਗੱਲਬਾਤ ਵਿੱਚ ਪੀਯੂਸ਼ ਗੋਇਆਲ, ਸੋਮ ਪ੍ਰਕਾਸ਼ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਮੌਜੂਦ ਸਨ।

  • ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਕਿਸਾਨਾਂ ਤੇ ਸਰਕਾਰ ਵਿਚਾਲੇ 14 ਅਕਤੂਬਰ ਤੋਂ ਬੈਠਕ ਜਾਰੀ ਹੈ। 45 ਘੰਟੇ ਦੀ ਗੱਲਬਾਤ ਹੋ ਚੁੱਕੀ ਹੈ, 11 ਗੇੜਾਂ ਦੀ ਗੱਲਬਾਤ ਹੋਈ ਹੈ।
  • ਭਾਰਤ ਸਰਕਾਰ ਪੀਐੱਮ ਦੀ ਅਗਵਾਈ ਵਿੱਚ ਕਿਸਾਨਾਂ ਤੇ ਗਰੀਬਾਂ ਪ੍ਰਤੀ ਬਾਜ਼ਿੱਦ ਹੈ, ਅੱਗੇ ਵੀ ਰਹੇਗੀ।
  • ਦੇਸ ਦੇ ਖੇਤੀ ਖੇਤਰ ਵਿੱਚ ਬਦਲਾਅ ਹੋਵੇ, ਭ੍ਰਿਸ਼ਟਾਚਾਰ ਖ਼ਤਮ ਹੋਵੇ, ਵਿਚੌਲੇ ਖ਼ਤਮ ਹੋਣ, ਕਿਸਾਨ ਨਵੀਂ ਤਕਨੀਕ ਵਰਤਣ, ਇਸ ਲਈ ਰਾਜ ਸਭਾ ਤੇ ਲੋਕ ਸਭਾ ਵਿੱਚ ਖੇਤੀ ਕਾਨੂੰਨ ਪਾਸ ਕੀਤੇ।
  • ਪੰਜਾਬ ਅਤੇ ਘੱਟ ਗਿਣਤੀ ਵਿੱਚ ਇੱਕ-ਅੱਧੇ ਸੂਬੇ ਦੇ ਕਿਸਾਨ ਇਸ ਅੰਦੋਲਨ ਵਿੱਚ ਜੁੜੇ। ਇਸ ਅੰਦੋਲਨ ਦੌਰਾਨ ਲਗਾਤਾਰ ਕੋਸ਼ਿਸ਼ ਹੋਈ ਕਿ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਹੋਵੇ।
  • ਕੁਝ ਲੋਕ ਸਿਆਸੀ ਹਿੱਤਾਂ ਲਈ ਕਿਸਾਨਾਂ ਦੇ ਮੋਢੇ 'ਤੇ ਹੱਥ ਰੱਖ ਰਹੇ ਹਨ। ਪਰ ਸਰਕਾਰ ਨੇ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਨਜ਼ਰ ਬਣਾਈ ਰੱਖੀ। ਕਿਸਾਨ ਯੂਨੀਅਨ ਸਹੀ ਰਾਹ 'ਤੇ ਵਿਚਾਰ ਕਰੇ, ਇਸ ਲਈ ਬੈਠਕਾਂ ਹੋਈਆਂ।
  • ਜਦੋਂ ਕਿਸਾਨ ਸੰਗਠਨ ਰੱਦ ਕਰਨ ਦੀ ਮੰਗ 'ਤੇ ਅੜੇ ਰਹੇ ਤਾਂ ਸਰਕਾਰ ਨੇ ਸੋਧ ਦੇ ਇੱਕ ਤੋਂ ਬਾਅਦ ਇੱਕ ਪ੍ਰਸਤਾਵ ਦਿੱਤੇ।
  • ਗੱਲਬਾਤ ਫੈਸਲੇ ਤੱਕ ਨਹੀਂ ਪਹੁੰਚ ਸਕੀ, ਇਸ ਦਾ ਮੈਨੂੰ ਦੁੱਖ ਹੈ। ਸਾਡੀ ਕੋਸ਼ਿਸ਼ ਲਗਾਤਾਰ ਰਹੇਗੀ ਕਿ ਦੇਸ ਦਾ ਕਿਸਾਨ ਆਉਣ ਵਾਲੇ ਕੱਲ੍ਹ ਨੂੰ ਵਿਕਾਸ ਕਰੇ।
  • 11ਵੇਂ ਦੌਰ ਦੀ ਗੱਲਬਾਤ ਦੌਰਾਨ ਕਿਸਾਨ ਯੂਨੀਅਨ ਨੇ ਕਿਹਾ ਕਿ ਉਹ ਤਾਂ ਪੁਰਾਣੇ ਪ੍ਰਸਤਾਵ 'ਤੇ ਵਿਚਾਰ ਕਰਕੇ ਸਹਿਮਤ ਨਹੀਂ ਹੋ ਸਕੇ, ਉਹ ਤਾਂ ਖੇਤੀ ਕਾਨੂੰਨ ਰੱਦ ਹੀ ਕਰਨਾ ਚਾਹੁੰਦੇ ਹਨ।
  • ਸਰਕਾਰ ਨੇ ਹਮੇਸ਼ਾ ਕਿਹਾ ਰੱਦ ਕਰਨ ਤੋਂ ਬਿਨਾ ਜੋ ਮਰਜ਼ੀ ਪੇਸ਼ਕਸ਼ ਕਰੋ।
  • ਅਸੀਂ ਕਿਹਾ ਸਾਡੇ ਪ੍ਰਸਤਾਵ 'ਤੇ ਵਿਚਾਰ ਕਰੋ, ਇਹ ਕਿਸਾਨਾਂ ਤੇ ਦੇਸ ਦੇ ਹਿੱਤ ਵਿੱਚ ਹੈ।
  • ਅਸੀਂ ਕਿਹਾ ਸੀ ਕਿ ਅੱਜ ਗੱਲਬਾਤ ਨੂੰ ਫ਼ੈਸਲੇ ਤੱਕ ਪਹੁੰਚਾਉਂਦੇ ਹਾਂ। ਤੁਸੀਂ ਚਰਚਾ ਕਰੋ, ਪ੍ਰਸਤਾਵ 'ਤੇ ਗੱਲਬਾਤ ਕਰ ਸਕਦੇ ਹਾਂ।
  • ਅੱਜ ਗੱਲਬਾਤ ਪੂਰੀ ਹੋ ਗਈ। ਜੇ ਕਿਸਾਨ ਕੱਲ੍ਹ ਫੈਸਲੇ ਲਈ ਸਹਿਮਤ ਹੋਣਗੇ ਤਾਂ ਮਿਲਾਂਗੇ।
  • ਮੈਂ ਬੇਨਤੀ ਕੀਤੀ ਹੈ ਕਿ ਕਿਸਾਨਾਂ ਨੇ ਅੰਦਲੋਨ ਨੂੰ ਅਨੁਸ਼ਾਸਨ ਵਿੱਚ ਰੱਖਣ ਦੀ ਜੋ ਕੋਸ਼ਿਸ਼ ਕੀਤੀ ਉਹ ਸ਼ਲਾਘਾਯੋਗ ਹੈ। ਅੱਗੇ ਵੀ ਇਹ ਅੰਦੋਲਨ ਹਿੰਸਕ ਨਾ ਹੋਵੇ, ਮੇਰੀ ਉਮੀਦ ਹੈ।
  • ਕਈ ਅਜਿਹੇ ਕਿਸਾਨ ਹਨ ਜੋ ਸਾਡੇ ਪ੍ਰਸਤਾਵ ਤੋਂ ਸਹਿਮਤ ਹਨ ਤੇ ਕਈ ਅਸਹਿਮਤ ਹਨ।
  • ਜੋ ਬਿਹਤਰ ਬਦਲ ਹੋ ਸਕਦਾ ਸੀ ਕਿਸਾਨ ਸੰਗਠਨਾਂ ਨੂੰ ਅਸੀਂ ਦੇ ਦਿੱਤਾ ਹੈ।

ਕਿਸਾਨ ਆਗੂ ਕੀ ਬੋਲੇ

ਕਿਸਾਨ ਆਗੂ ਜਗਮੋਹਨ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਸਰਕਾਰ ਨੇ ਕਿਹਾ ਜੇ ਪਰਸੋ ਵਾਲਾ ਮਤਾ ਮਨਜ਼ੂਰ ਹੈ ਤਾਂ ਗੱਲ ਕਰਦੇ ਹਾਂ। ਅਸੀਂ ਕਿਹਾ ਉਹ ਤਾਂ ਰੱਦ ਹੈ। ਉਨ੍ਹਾਂ ਕਿਹਾ ਫਿਰ ਸੋਚ ਲਓ। ਇਹ ਡੈੱਡਲੌਕ ਹੈ, ਹੁਣ ਅਗਲੀ ਕੋਈ ਮੀਟਿੰਗ ਤੈਅ ਨਹੀਂ।"

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, "ਜੇ ਸਰਕਾਰ ਨੇ ਕਿਹਾ ਕਿ ਜੇ ਮਤਾ ਮਨਜ਼ੂਰ ਹੈ ਤਾਂ ਕੱਲ੍ਹ ਫਿਰ ਗੱਲਬਾਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਦਾ ਜੋ ਡੇਢ ਸਾਲ ਦਾ ਸਮਾਂ ਹੈ ਉਸ ਵਿੱਚ ਘਾਟਾ-ਵਾਧਾ ਕੀਤਾ ਜਾ ਸਕਦਾ ਹੈ। ਤੁਸੀਂ ਵਿਚਾਰ ਕਰ ਸਕਦੇ ਹੋ, ਉਸ 'ਤੇ ਕੱਲ੍ਹ ਫਿਰ ਗੱਲ ਕਰ ਸਕਦੇ ਹਾਂ।"

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ, "ਐੱਮਐੱਸਪੀ 'ਤੇ ਕੋਈ ਗੱਲਬਾਤ ਨਹੀਂ ਹੋਈ। ਅਸੀਂ ਸਰਕਾਰ ਦਾ ਪ੍ਰਪੋਜ਼ਲ ਨਾਮਨਜ਼ੂਰ ਕਰ ਦਿੱਤਾ ਹੈ। ਅੱਜ ਕੋਈ ਨਤੀਜਾ ਨਹੀਂ ਨਿਕਲਿਆ। 26 ਜਨਵਰੀ ਦਾ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਜਾਰੀ ਰਹੇਗਾ। ਜੇ ਸਰਕਾਰ ਫਿਰ ਬੈਠਕ ਲਈ ਸੱਦੇਗੀ ਤਾਂ ਕਰਾਂਗੇ। ਫਿਲਹਾਲ 26 ਜਨਵਰੀ ਦੀ ਤਿਆਰੀ ਕਰਾਂਗੇ।"

ਇੱਕ ਕਿਸਾਨ ਆਗੂ ਨੇ ਕਿਹਾ, "ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ 15 ਮਿੰਟ ਗੱਲ ਕਰਕੇ ਚਲੇ ਗਏ। ਫਿਰ ਉਹ ਸਾਢੇ ਤਿੰਨ ਘੰਟੇ ਤੱਕ ਨਹੀਂ ਆਏ। ਇਹ ਕਿਸਾਨਾਂ ਦੀ ਬੇਇੱਜ਼ਤੀ ਹੈ। ਅਸੀਂ ਬੜੇ ਸਬਰ ਨਾਲ ਉਡੀਕ ਕੀਤੀ।"

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਸਰਕਾਰ ਨੇ ਅਗਲੀ ਬੈਠਕ ਦੀ ਕੋਈ ਤਰੀਕ ਤੈਅ ਨਹੀਂ ਕੀਤੀ ਹੈ।

ਮੈਨੂੰ ਧਮਕੀ ਭਰਿਆ ਫੋਨ ਆਇਆ ਸੀ- ਦਰਸ਼ਨ ਪਾਲ

ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ, "ਮੈਨੂੰ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਕਿ ਸਰਕਾਰ ਇੰਨਾ ਮਨਾ ਰਹੀ ਹੈ ਤਾਂ ਤੁਸੀਂ ਕਿਉਂ ਨਹੀਂ ਮੰਨ ਰਹੇ। ਫਿਰ ਮੇਰੇ ਨਾਲ ਗਲਤ ਸ਼ਬਦਾਵਲੀ ਵਰਤੀ। ਅਸੀਂ ਸਰਕਾਰ ਦੇ ਧਿਆਨ ਵਿੱਚ ਲਿਆਏ ਹਾਂ।

ਕੋਈ ਸ਼ਰਾਰਤੀ ਅਨਸਰ ਹੋਏਗਾ, ਸਰਕਾਰ ਦਾ ਵਿਅਕਤੀ ਵੀ ਹੋ ਸਕਦਾ ਹੈ। ਅਜਿਹੀਆਂ ਘਟਨਾਵਾਂ ਯੋਜਨਾਬੱਧ ਨਹੀਂ ਹੁੰਦੀਆਂ ਪਰ ਇਹ ਗਲਤ ਹੈ।"

ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਕੈਪਟਨ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਕੁਝ ਐਲਾਨ ਕੀਤੇ ਹਨ।

ਕੈਪਨਟ ਨੇ ਕਿਹਾ, ''ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਪੰਜ ਲੱਖ ਰੁਪਏ ਦੀ ਮਾਲੀ ਮਦਦ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਦੇ ਹਾਂ।''

ਵੀਰਵਾਰ ਨੂੰ ਕੀ ਹੋਇਆ ਸੀ?

ਵੀਰਵਾਰ ਨੂੰ ਦਿੱਲੀ ਪੁਲਿਸ ਅਤੇ ਟਰੈਫਿਕ ਪੁਲਿਸ ਦਰਮਿਆਨ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਬੈਠਕ ਹੋਈ।

ਕਿਸਾਨ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਰੂਟ ਬਦਲਣ ਲਈ ਕਿਹਾ ਜਾ ਰਿਹਾ ਸੀ ਪਰ ਉਹ ਪਰੇਡ ਰਿੰਗ ਰੋਡ ਉੱਪਰ ਹੀ ਕਰਨਗੇ।

ਦੂਜੇ ਪਾਸੇ ਦਿੱਲੀ ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਬਾਹਰੀ ਰਿੰਗ ਰੋਡ ਉੱਪਰ ਪਰੇਡ ਦੀ ਇਜਾਜ਼ਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।

ਇਸ ਵਿਸ਼ੇ ਵਿੱਚ ਪੁਲਿਸ ਅਤੇ ਕਿਸਾਨਾਂ ਦੀ ਇੱਕ ਹੋਰ ਬੈਠਕ ਅੱਜ ਫਿਰ ਹੋਣੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵਿੱਚ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਭਰਵਾਂ ਜੋਸ਼ ਹੈ।

ਪੰਜਾਬ ਵਿੱਚ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 16 ਜ਼ਿਲ੍ਹਿਆਂ ਦੇ 1245 ਪਿੰਡਾਂ ਵਿੱਚ ਇਸ ਸੰਬਧੀ ਮਸ਼ਕਾਂ ਕੀਤੀਆਂ ਗਈਆਂ।

ਉੱਥੇ ਹੀ ਹਰਿਆਣੇ ਦੀਆਂ ਖਾਪ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਛੱਬੀ ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਟਰੈਕਟਰ ਅੱਜ ਦਿੱਲੀ ਵੱਲ ਰਵਾਨਾ ਕੀਤੇ ਜਾਣਗੇ।

ਸੁਪਰੀਮ ਕੋਰਟ ਪਹਿਲਾਂ ਹੀ ਪਰੇਡ ਦੇ ਮਸਲੇ ਉੱਪਰ ਦਖ਼ਲ ਦੇਣ ਤੋਂ ਹੱਥ ਖਿੱਚ ਚੁੱਕਿਆ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)