ਨਵੇਂ ਸਾਲ ਤੇ ਕਿਸਾਨ ਅੰਦੋਲਨ ਬਾਰੇ ਪੰਜਾਬੀ ਕਲਾਕਾਰਾਂ ਨੇ ਕੀ-ਕੀ ਕਿਹਾ

ਕਿਸਾਨੀ ਸੰਘਰਸ਼ ਵਿੱਚ ਜੁਟੇ ਪੰਜਾਬ ਲਈ ਨਵੇਂ ਸਾਲ ਦਾ ਸੁਆਗਤ ਇਸ ਵਾਰ ਵੱਖਰਾ ਅਤੇ ਕ੍ਰਾਂਤੀਕਾਰੀ ਸੁਰਾਂ ਵਾਲਾ ਹੈ। ਇਹ ਨਿਵੇਕਲਾਪਨ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਪੋਸਟਾਂ ਜ਼ਰੀਏ ਵੀ ਦਿਸ ਰਿਹਾ ਹੈ। ਜਸ਼ਨ ਵਾਲੀਆਂ ਤਸਵੀਰਾਂ ਅਤੇ ਪੋਸਟਾਂ ਦੀ ਬਜਾਏ ਇਸ ਵਾਰ ਨਵੇਂ ਸਾਲ ਸਬੰਧੀ ਸੰਦੇਸ਼ ਕਿਸਾਨੀ ਸੰਘਰਸ਼ ਨਾਲ ਜੁੜੇ ਹਨ।

ਪੰਜਾਬ ਦੇ ਕਈ ਕਲਾਕਾਰਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਇਹੀ ਸੰਦੇਸ਼ ਦੇ ਰਹੀਆਂ ਹਨ।

ਇਹ ਵੀ ਪੜ੍ਹੋ:

ਦਿਲਜੀਤ ਦੋਸਾਂਝ ਨੇ ਕਿਸਾਨੀ ਸੰਘਰਸ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਟਵੀਟ ਕੀਤਾ, "ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਨਵਾਂ ਸਾਲ ਸਾਡੇ ਸਾਰਿਆਂ ਲਈ ਉਦੋਂ ਹੀ ਖੁਸ਼ੀਆਂ ਲੈ ਕੇ ਆਵੇਗਾ ਜਦੋਂ ਸਾਡਾ ਅੰਨਦਾਤਾ ਖੁਸ਼ੀ-ਖੁਸ਼ੀ ਘਰ ਵਾਪਸ ਆਵੇਗਾ। ਵਾਹਿਗੁਰੂ ਮਿਹਰ ਕਰੇ ਜਲਦੀ ਕੋਈ ਮਸਲੇ ਦਾ ਹੱਲ ਨਿੱਕਲੇ।"

ਗਾਇਕ ਜਸਬੀਰ ਜੱਸੀ ਨੇ ਟਵੀਟ ਕੀਤਾ, "ਨਵਾਂ ਸਾਲ ਕਿਸਾਨਾਂ ਨਾਲ।" ਇਹ ਲਿਖਦਿਆਂ ਜੱਸੀ ਨੇ ਸੰਤ ਰਾਮ ਉਦਾਸੀ ਦਾ ਲਿਖਿਆ ਗੀਤ ‘ਮਘਦਾ ਰਹੀਂ ਵੇ ਸੂਰਜਾ ਗਾਉਂਦਿਆਂ’ ਦੀ ਆਪਣੀ ਕਿਸਾਨੀ ਸੰਘਰਸ਼ ਦੀ ਵੀਡੀਓ ਸਾਂਝੀ ਕੀਤੀ।

ਨੌਜਵਾਨ ਗਾਇਕ ਬੀਰ ਸਿੰਘ ਨੇ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਤੋਂ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਸੀ, "ਨਵੇਂ ਵਰ੍ਹੇ, ਕਿੱਥੇ ਖੜ੍ਹੇ? ਕਿਸਾਨ ਮੋਰਚੇ ਜਾਂ ਫਿਰ ਘਰੇ? ਇਹ। ਵੇਲਾ ਮਿੱਟੀ ਦਾ ਮੁੱਲ ਮੋੜਨ ਦਾ। "

ਰਣਜੀਤ ਬਾਵਾ ਨੇ ਪੋਸਟ ਪਾਈ ਜਿਸ ਵਿੱਚ ਲਿਖਿਆ ਸੀ, "ਕੋਈ ਵੀ ਵੀਰ ਨਵੇਂ ਸਾਲ ਦੀਆਂ ਮੁਬਾਰਕਾ ਨਾ ਭੇਜੇ, ਨਵਾਂ ਸਾਲ ਕਿਸਾਨੀ ਸੰਘਰਸ਼ ਜਿੱਤ ਦੇ ਨਾਲ ਮਨਾਵਾਂਗੇ। ਧੰਨਵਾਦ "

ਗੁਰਪ੍ਰੀਤ ਘੁੱਗੀ ਨੇ ਸਿੰਘੂ ਬਾਰਡਰ 'ਤੇ ਟੈਂਟ ਹਾਊਸ ਵਿੱਚੋਂ ਆਪਣੀ ਵੀਡੀਓ ਪੋਸਟ ਕਰਕੇ ਨਵੇਂ ਸਾਲ ਦਾ ਸੰਦੇਸ਼ ਦਿੱਤਾ ਅਤੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਉਹਨਾਂ ਨੇ ਕਿਸਾਨਾਂ ਦੇ ਨਾਲ ਮੋਰਚੇ 'ਤੇ ਰਹਿ ਕੇ ਕੀਤੀ।

ਗਾਇਕ ਗੁਰਸ਼ਬਦ ਨੇ ਕਿਸਾਨ ਮੋਰਚੇ ਤੋਂ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ," ਨਵਾਂ ਸਾਲ ਕਿਸਾਨਾਂ ਨਾਲ।" ਇਸ ਤਸਵੀਰ ਵਿੱਚ ਅੰਬਰਦੀਪ ਗਿੱਲ ਵੀ ਉਹਨਾਂ ਨਾਲ ਬੈਠੇ ਨਜ਼ਰ ਆਏ।

ਕਿਸਾਨ ਅੰਦੋਲਨ ਬਾਰੇ ਸਰਕਾਰ ਦਾ ਕੀ ਹੈ ਪੱਖ?

• ਕੇਂਦਰ ਸਰਕਾਰ ਐੱਮਐੱਸਪੀ ਬਾਰੇ ਲਿਖਿਤ ਭਰੋਸਾ ਦੇਵੇਗੀ

• ਏਪੀਐੱਮਸੀ ਮੌਜੂਦਾ ਵਿਵਸਥਾ ਕਾਇਮ ਰੱਖੀ ਜਾਵੇਗੀ-ਪ੍ਰਧਾਨ ਮੰਤਰੀ

• ਸੂਬਾ ਸਰਕਾਰ ਨਿੱਜੀ ਮੰਡੀਆਂ ਦੇ ਰਜਿਸਟ੍ਰੇਸ਼ਨ ਦੀ ਵਿਵਸਥਾ ਲਾਗੂ ਕਰ ਸਕੇ

• ਏਪੀਐੱਮਸੀ ਮੰਡੀਆਂ ਦਾ ਸਿਸਟਮ ਹੋਰ ਪੁਖ਼ਤਾ ਕੀਤਾ ਜਾਵੇਗਾ

• ਜਿਥੇ ਵਪਾਰੀ ਕਰਾਰ ਦੇ ਤਹਿਤ ਫਸਲ ਨੂੰ ਪੂਰੇ ਮੁੱਲ 'ਤੇ ਖਰੀਦਣ ਲਈ ਮੰਨਣਾ ਜ਼ਰੂਰੀ ਹੈ, ਉੱਥੇ ਹੀ ਕਿਸਾਨ 'ਤੇ ਕੋਈ ਬੰਧਨ ਨਹੀਂ ਹੈ

• ਕਾਨਟਰੈਕਟ ਫਾਰਮਿੰਗ ਵਿੱਚ ਐਸਡੀਐੱਮ ਦੇ ਨਾਲ-ਨਾਲ ਅਦਾਲਤ ਵਿੱਚ ਵੀ ਜਾਣ ਦਾ ਵਿਕਲਪ ਦਿੱਤਾ ਜਾਵੇਗਾ

• ਕਿਸਾਨ ਦੀ ਜ਼ਮੀਨ 'ਤੇ ਜੋ ਉਸਾਰੀ ਹੋਵੇਗੀ ਉਸ 'ਤੇ ਕਰਾਰ ਕਰਨ ਵਾਲੀ ਕੰਪਨੀ ਕਰਜ਼ਾ ਨਹੀਂ ਲੈ ਸਕਦੀ

ਗਾਇਕ ਰੇਸ਼ਮ ਅਨਮੋਲ ਨੇ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਨਾ ਸ਼ਿਮਲਾ, ਨਾ ਦੁਬਈ, ਸਿਰਫ ਸਿੰਘੂ ਅਤੇ ਟਿਕਰੀ। ਨਵਾਂ ਸਾਲ ਵੀ ਮਨਾਵਾਂਗੇ ਪਟਾਕੇ ਵੀ ਚਲਾਵਾਂਗੇ ਦੀਪਮਾਲਾ ਵੀ ਕਰਾਗੇ ਪਰ ਜਿਸ ਦਿਨ ਸਾਡੇ ਬਜ਼ੁਰਗ ਤੇ ਸਾਡੇ ਭਰਾ ਦਿੱਲੀ ਜਿੱਤ ਕੇ ਮੁੜਨਗੇ। ਜਿਨ੍ਹਾਂ ਚਿਰ ਕਿਸਾਨਾਂ ਨੂੰ ਸਫਲਤਾ ਨਹੀਂ ਮਿਲਦੀ, ਕ੍ਰਿਪਾ ਕਰਕੇ ਮੈਨੂੰ ਨਵੇਂ ਸਾਲ ਦੀਆਂ ਇੱਛਾਵਾਂ ਨਾ ਭੇਜੋ।"

ਗਾਇਕਾ ਜਸਵਿੰਦਰ ਬਰਾੜ ਨੇ ਲਿਖਿਆ, " ਨਵਾਂ ਸਾਲ ਮੁਬਾਰਕ ਹੋਵੇ। ਕਿਸਾਨ,ਮਜ਼ਦੂਰ ਏਕਤਾ ਦੀ ਜਿੱਤ ਹਰ ਹਾਲਤ ਹੋਵੇ, ਸਭ ਰਿਸ਼ਤੇ ਹਰੇ ਭਰੇ ਹੋਣ, ਨਾ ਕਿਸੇ ਵਿੱਚ ਕੋਈ ਮਿਲਾਵਟ ਹੋਵੇ, ਕਿਸੇ ਦੀ ਅੱਖ ਵਿੱਚ ਨਾ ਹੰਝੂ ਹੋਵੇ, ਬਾਬੇ ਦੀ ਮਿਹਰ ਪੂਰੀ ਦੁਨੀਆਂ 'ਤੇ ਹੋਵੇ, ਨਵਾਂ ਸਾਲ ਮੁਬਾਰਕ ਹੋਵੇ। "

ਗਾਇਕਾ ਰੁਪਿੰਦਰ ਹਾਂਡਾ ਨੇ ਕਿਸਾਨਾਂ ਨਾਲ ਟਿਕਰੀ ਬਾਰਡਰ ਤੋਂ ਨਵੇਂ ਸਾਲ ਦੀ ਆਮਦ ਬਾਰੇ ਵੀਡੀਓ ਸ਼ੇਅਰ ਕੀਤੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)