You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਹੱਥਾਂ ਦੀਆਂ ਝੁਰੜੀਆਂ ਰਾਹੀਂ ਸਮਝੋ ਕੋਵਿਡ-19 ਦਾ ਇਲਾਜ ਕਰਨ ਵਾਲਿਆਂ ਦੀ ਬੇਬਸੀ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਉਹ ਵੈਂਟੀਲੇਟਰ 'ਤੇ ਸਨ ਅਤੇ ਕੋਵਿਡ-19 ਕਰਕੇ ਲੰਬੇ ਸਮੇਂ ਤੱਕ ਰਹਿਣ ਵਾਲੇ ਅਸਰ ਨਾਲ ਜੂਝ ਰਹੇ ਸਨ।
ਵਾਰ-ਵਾਰ ਉਹ ਆਪਣੇ ਡਾਕਟਰ ਨੂੰ ਕਹਿ ਰਹੇ ਸਨ ਕਿ ਉਹ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਲਾਹ ਦੇਣ ਕਿਉਂਕਿ ਉਹ ਹੁਣ ਹੋਰ ਜੀਣਾ ਨਹੀਂ ਸਨ ਚਾਹੁੰਦੇ।
ਇਹ ਮਾਮਲਾ ਭਾਰਤ ਦਾ ਹੈ।
ਗਰਮੀ ਦੇ ਦਿਨਾਂ ਵਿੱਚ ਕੋਰੋਨਾ ਨੂੰ ਹਰਾ ਕੇ ਅਤੇ ਤਕਰੀਬਨ ਇੱਕ ਮਹੀਨਾ ਡਾਕਟਰਾਂ ਦੀ ਦੇਖ ਭਾਲ ਵਿੱਚ ਰਹਿਣ ਤੋਂ ਬਾਅਦ ਉਹ ਘਰ ਤਾਂ ਆ ਗਏ ਸਨ, ਪਰ ਆਕਸੀਜਨ ਦੇ ਸਹਾਰੇ।
ਇਹ ਵੀ ਪੜ੍ਹੋ-
ਇੱਕ ਮਹੀਨੇ ਬਾਅਦ ਉਨ੍ਹਾਂ ਨੂੰ ਦੁਬਾਰਾ ਰੋਹਤਕ ਦੇ ਪੀਜੀਆਈ ਵਿੱਚ ਦਾਖ਼ਲ ਕਰਵਾਉਣਾ ਪਿਆ।
ਇਹ ਜਗ੍ਹਾ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਕਰੀਬ 90 ਕਿਲੋਮੀਟਰ ਦੂਰ ਹੈ। ਉਹ ਲੰਗ-ਫ਼ਾਈਬ੍ਰੋਸਿਸ ਨਾਲ ਜੂਝ ਰਹੇ ਸਨ।
ਉਹ ਕੋਵਿਡ-19 ਲਾਗ਼ ਦਾ ਇੱਕ ਅਜਿਹਾ ਅਸਰ ਸੀ, ਜਿਸ ਨੂੰ ਬਦਲਿਆ ਨਹੀਂ ਸੀ ਜਾ ਸਕਦਾ। ਅਜਿਹੀ ਸਥਿਤੀ ਵਿੱਚ ਲਾਗ਼ ਖ਼ਤਮ ਹੋ ਜਾਣ ਤੋਂ ਬਾਅਦ ਵੀ ਫ਼ੇਫੜਿਆਂ ਦੇ ਨਾਜ਼ੁਕ ਹਿੱਸੇ ਦਾ ਨੁਕਸਾਨ ਹੋ ਜਾਂਦਾ ਹੈ।
ਦੂਸਰੀ ਵਾਰ ਉਹ ਤਿੰਨ ਮਹੀਨੇ ਲਈ ਡਾਕਟਰਾਂ ਦੀ ਦੇਖਰੇਖ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਨੇ 28 ਸਾਲ ਦੀ ਇਨਸਥੈਟਿਕ ਕਾਮਨਾ ਕੱਕੜ ਨੂੰ ਇੱਕ ਲੜੀ ਵਜੋਂ ਕਈ ਵਾਰ ਲਿਖਿਆ।
"ਮੈਂ ਜੀਣਾ ਨਹੀਂ ਚਾਹੁੰਦੀ, ਮੈਨੂੰ ਇਨਾਂ ਟਿਊਬਾਂ ਤੋਂ ਆਜ਼ਾਦੀ ਦੇ ਦਿਉ। ਗਰਮੀਆਂ ਵਿੱਚ ਜਦੋਂ ਮੈਨੂੰ ਕੋਵਿਡ-19 ਹੋਇਆ ਸੀ, ਉਸ ਸਮੇਂ ਤੁਹਾਨੂੰ ਮੈਨੂੰ ਬਚਾਉਣਾ ਹੀ ਨਹੀਂ ਸੀ ਚਾਹੀਦਾ।"
ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ ਅਤੇ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਆਈਸੀਯੂ ਵਿੱਚ ਮਰੀਜ਼ਾਂ ਦੀ ਦੇਖ ਭਾਲ ਕਰਨ ਵਾਲੇ ਡਾਕਟਰਾਂ ਅਤੇ ਸਿਹਤ ਕਰਮੀਆਂ ਲਈ ਜਲਦੀ ਅਤੇ ਗੰਭੀਰ ਰੂਪ ਵਿੱਚ ਬੀਮਾਰ ਹੋਣਾ, ਘੰਟਿਆ ਤੱਕ ਕੰਮ ਕਰਦੇ ਰਹਿਣਾ ਅਤੇ ਬੀਮਾਰੀ ਤੋਂ ਮੌਤ ਤੱਕ ਦਾ ਸਫ਼ਰ ਇੱਕ ਸਚਾਈ ਬਣ ਚੁੱਕਿਆ ਹੈ।
ਡਾਕਟਰਾਂ ਦਾ ਵੱਧਦਾ ਤਣਾਅ
ਡਾਕਟਰ ਕੱਕੜ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਗਰਮੀਆਂ ਤੋਂ ਹੁਣ ਤੱਕ ਇਸ ਹਸਪਤਾਲ ਵਿੱਚ ਹੀ ਕੋਵਿਡ-19 ਤੋਂ ਪ੍ਰਭਾਵਿਤ ਸੈਂਕੜੇ ਮਰੀਜ਼ਾਂ ਦੀ ਦੇਖ ਭਾਲ ਕੀਤੀ। ਉਨ੍ਹਾਂ ਨੂੰ ਸੰਭਾਲਿਆ।
ਪਰ ਜਿਵੇਂ-ਜਿਵੇਂ ਇਹ ਬੀਮਾਰੀ ਫ਼ੈਲਦੀ ਗਈ ਸਮਰੱਥਾ ਤੋਂ ਵੱਧ ਮਰੀਜ਼ ਹਸਪਤਾਲ ਆਉਣ ਲੱਗੇ ਅਤੇ ਕਈ ਵਾਰ ਕੁਝ ਮਰੀਜ਼ ਆਣਕਿਆਸੇ ਹਾਲਾਤ ਵਿੱਚ ਹਸਪਤਾਲ ਪਹੁੰਚਦੇ, ਉਸ ਸਮੇਂ ਸਿਹਤ ਕਾਮਿਆਂ ਦੀ ਹਾਲਤ ਹੋਰ ਵੀ ਵਿਗੜਣ ਲੱਗੀ। ਸਮੇਂ ਦੇ ਨਾਲ ਹੁਣ ਸਿਹਤਕਰਮੀਆਂ ਵਿੱਚ ਸਰੀਰਕ ਥਕਾਨ ਅਤੇ ਮਾਨਸਿਕ ਤਣਾਅ ਵੱਧ ਰਿਹਾ ਸੀ।
ਡਾਕਟਰ ਕੱਕੜ ਨੇ ਦੱਸਿਆ, "ਇਥੇ ਇੱਕ ਮਰੀਜ਼ ਸੀ, ਜਿਨ੍ਹਾਂ ਨੂੰ ਬਹੁਤ ਉਮੀਦ ਸੀ ਕਿ ਉਹ ਠੀਕ ਹੋ ਜਾਣਗੇ ਪਰ ਫ਼ਿਰ ਉਨ੍ਹਾਂ ਦੀ ਉਮੀਦ ਖ਼ਤਮ ਹੋ ਗਈ ਅਤੇ ਫ਼ਿਰ ਇੱਕ ਦਿਨ ਉਨ੍ਹਾਂ ਨੇ ਪ੍ਰੇਸ਼ਾਨ ਹੋ ਕਿ ਕਿਹਾ ਉਹ ਜੀਣਾ ਨਹੀਂ ਚਾਹੁੰਦੇ। ਮੇਰੇ ਲਈ ਉਨ੍ਹਾਂ ਦਾ ਦਰਦ ਬਿਆਨ ਕਰ ਸਕਣਾ ਬਹੁਤ ਔਖਾ ਹੈ।"
ਇਥੋਂ ਕਰੀਬ 1400 ਕਿਲੋਮੀਟਰ ਦੂਰ ਮੁੰਬਈ ਸ਼ਹਿਰ ਦੇ ਰਹਿਣ ਵਾਲੇ 31ਸਾਲਾ ਅਸੀਮ ਗਰਗਵਾ ਪੇਸ਼ੇ ਤੋਂ ਡਾਕਟਰ ਹਨ। ਉਹ ਕੇਈਐਮ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੇ ਹਨ।
ਉਨ੍ਹਾਂ ਨੇ ਵੀ ਆਪਣਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਦਾ ਅਨੁਭਵ ਵੀ ਡਾਕਟਰ ਕੱਕੜ ਦੇ ਤਜ਼ਰਬੇ ਵਰਗਾ ਹੀ ਰਿਹਾ।
ਜਿਸ ਮਰੀਜ਼ ਬਾਰੇ ਉਨ੍ਹਾਂ ਨੇ ਦੱਸਿਆ ਉਨ੍ਹਾਂ ਦੀ ਉਮਰ ਬਹੁਤੀ ਜ਼ਿਆਦਾ ਨਹੀਂ ਸੀ। ਆਪਣੇ ਘਰ ਵਿੱਚ ਉਹ ਇਕੱਲੇ ਹੀ ਕਮਾਉਣ ਵਾਲੇ ਸਨ।
ਪਹਿਲਾਂ ਉਨ੍ਹਾਂ ਨੂੰ ਕੋਰੋਨਾ ਹੋਇਆ। ਹਾਲਾਂਕਿ ਉਹ ਲਾਗ਼ ਤੋਂ ਤਾਂ ਠੀਕ ਹੋ ਗਏ ਪਰ ਜਿਸ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣੀ ਸੀ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।
ਆਪਣੀ ਮੌਤ ਤੋਂ ਦੋ ਹਫ਼ਤੇ ਪਹਿਲਾਂ ਤੱਕ ਉਹ ਅਧਰੰਗ ਤੋਂ ਪੀੜਤ ਰਹੇ। ਉਨ੍ਹਾਂ ਨੂੰ ਅਧਰੰਗ ਹੋਣ ਅਤੇ ਉਨ੍ਹਾਂ ਦੇ ਮਰਨ ਦਾ ਕਾਰਨ ਸੀ ਕਿ ਉਨ੍ਹਾਂ ਦੇ ਫ਼ੇਫੜਿਆਂ ਵਿੱਚ ਇੱਕ ਬਲੱਡ ਕਲੌਟ ਬਣ ਗਿਆ ਸੀ।
ਇਸ ਨੂੰ ਮੈਡੀਕਲ ਭਾਸ਼ਾ ਵਿੱਚ ਪਲਮੋਨਰੀ ਇੰਬੋਲਿਜ਼ਮ ਕਹਿੰਦੇ ਹਨ। ਕੋਰੋਨਾ ਲਾਗ਼ ਤੋਂ ਪ੍ਰਭਾਵਿਤ ਕੁਝ ਮਰੀਜ਼ਾਂ ਵਿੱਚ ਅਜਿਹਾ ਹੋਣ ਦਾ ਖਦਸ਼ਾ ਰਹਿੰਦਾ ਹੈ।
ਡਾ. ਗਰਗਵਾ ਕਹਿੰਦੇ ਹਨ, "ਉਹ ਇੱਕ ਜਵਾਨ ਲੜਕਾ ਸੀ। ਉਸਦਾ ਸਰੀਰ ਹਰ ਇਲਾਜ ਅਤੇ ਦਵਾ ਪ੍ਰਤੀ ਚੰਗੀ ਪ੍ਰਤੀਕਿਰਿਆ ਦੇ ਰਿਹਾ ਸੀ। ਉਹ ਠੀਕ ਵੀ ਹੋ ਰਿਹਾ ਸੀ।"
"ਉਸਦਾ ਸਰੀਰ ਵਾਇਰਸ ਨਾਲ ਲੜ ਰਿਹਾ ਸੀ ਅਤੇ ਉਸ ਨੂੰ ਹਰਾ ਵੀ ਰਿਹਾ ਸੀ। ਉਹ ਆਪਣੇ ਪਰਿਵਾਰ ਕੋਲ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਸੀ। ਤਦੇ ਅਚਾਨਕ ਇੱਕ ਝਟਕਾ ਲੱਗਿਆ ਅਤੇ ਸਭ ਕੁਝ ਖ਼ਤਮ ਹੋ ਗਿਆ।"
ਉਨ੍ਹਾਂ ਕਿਹਾ, "ਉਸਦੀ ਪਤਨੀ ਨੂੰ ਇਸ ਬਾਰੇ ਦੱਸਣਾ ਆਪਣੇ ਆਪ ਵਿੱਚ ਇੱਕ ਸਦਮੇ ਤੋਂ ਘੱਟ ਨਹੀਂ ਸੀ। ਬੇਹੱਦ ਮੁਸ਼ਕਿਲ ਸੀ। ਉਹ ਮਰੀਜ਼ ਸਾਡੇ ਨਾਲ 45 ਦਿਨ ਰਿਹਾ।"
"ਇਹ ਬੇਬਸੀ ਤੁਹਾਨੂੰ ਅੰਦਰੋਂ ਹੋਰ ਵੱਧ ਤੋੜ ਦਿੰਦੀ ਹੈ। ਇਹ ਬੀਮਾਰੀ ਹੀ ਅਜਿਹੀ ਹੈ ਜਿਸ ਬਾਰੇ ਕੁਝ ਵੀ ਨਿਸ਼ਚਿਤ ਤਰੀਕੇ ਨਾਲ ਨਹੀਂ ਕਿਹਾ ਜਾ ਸਕਦਾ।"
ਬੇਬਸੀ ਅਤੇ ਡਰ ਦਾ ਮਾਹੌਲ
ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਤਕਰੀਬਨ ਪੂਰੇ ਭਾਰਤ ਵਿੱਚ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦਾ ਹੜ੍ਹ ਜਿਹਾ ਹੈ।
ਅਧਿਕਾਰਿਤ ਅੰਕੜਿਆਂ ਮੁਤਾਬਕ, ਦੇਸ ਵਿੱਚ ਹੁਣ ਤੱਕ ਕਰੀਬ ਇੱਕ ਕਰੋੜ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ 140,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਵਿੱਚ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ ਤਾਂ ਵਧਾਈ ਗਈ ਪਰ ਇਹ ਵੀ ਸੱਚ ਹੈ ਕਿ ਸਖ਼ਤ ਦੇਖਭਾਲ ਦੇ ਚਲਦਿਆਂ ਸਿਹਤ ਕਰਮੀਆਂ ਦੀ ਗਿਣਤੀ ਉਨੀਂ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਆ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਦੇਖਭਾਲ ਕਰ ਸਕਦੇ।
ਅਜਿਹੀ ਸਥਿਤੀ ਵਿੱਚ ਹਸਪਤਾਲਾਂ ਨੇ ਹਰ ਇੱਕ ਉਪਲੱਬਧ ਡਾਕਟਰ ਨੂੰ ਇਸ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ। ਉਹ ਚਾਹੇ ਪਲਾਸਟਿਕ ਸਰਜਨ ਹੋਵੇ, ਈਐਨਟੀ ਹੋਵੇ ਜਾਂ ਫ਼ਿਰ ਇਨੈਸਥੀਸੀਆ ਦੇਣ ਵਾਲਾ ਹੋਵੇ। ਹਰ ਇੱਕ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ।
ਪਰ ਇਹ ਵੀ ਕਾਫ਼ੀ ਨਹੀਂ ਸੀ। ਸਿਹਤਕਰਮੀਆਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਥੱਕ ਚੁੱਕੇ ਹਨ। ਉਨ੍ਹਾਂ ਦੀ ਊਰਜਾ ਖ਼ਤਮ ਹੋ ਚੁੱਕੀ ਹੈ। ਸਰਦੀ ਦਾ ਮੌਸਮ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵੀ ਵੱਧ ਗਈ ਹੈ।
ਇੱਕ ਮਰੀਜ਼ ਨੂੰ ਦੇਖਦੇ ਹੋਏ ਡਾ. ਕੱਕੜ ਕਹਿੰਦੇ ਹਨ, "ਅਸਲ 'ਚ ਮਹਾਂਮਾਰੀ ਨੇ ਹਸਪਤਾਲ ਕਦੀ ਨਹੀਂ ਛੱਡਿਆ। ਬਾਹਰ ਬੈਠੇ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੈ।"
ਪਰ ਇਹ ਸਿਰਫ਼ ਮਹਾਂਮਾਰੀ ਕਰਕੇ ਨਹੀਂ ਹੈ ਜਿਸ ਕਰਕੇ ਸਿਹਤਕਰਮੀ ਇਸ ਹਾਲਤ ਵਿੱਚ ਆ ਗਏ ਹਨ। ਇਸ ਦੇ ਨਾਲ ਹੀ ਇੱਕ ਅਣਕਿਆਸੀ ਅਤੇ ਜਾਨਲੇਵਾ ਬੀਮਾਰੀ ਦਾ ਡਰ ਵੀ ਜੁੜਿਆ ਹੋਇਆ ਹੈ। ਜਿਸ ਨੇ ਚੀਜ਼ਾਂ ਨੂੰ ਇਸ ਹੱਦ ਤੱਕ ਤਣਾਅਪੂਰਣ ਬਣਾ ਦਿੱਤਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਇਨਾਂ ਦਿਨਾਂ ਵਿੱਚ ਸਾਹ ਦੀ ਤਕਲੀਫ਼ ਨਾਲ ਜਿਵੇਂ ਹੀ ਕੋਈ ਮਰੀਜ਼ ਐਮਰਜੈਂਸੀ ਵਿੱਚ ਦਾਖ਼ਲ ਹੁੰਦਾ ਹੈ ਉਸ ਨੂੰ ਕੋਵਿਡ-19 ਦਾ ਮਰੀਜ਼ ਮੰਨ ਲਿਆ ਜਾਂਦਾ ਹੈ ਜਦੋਂ ਕਿ ਹੋ ਸਕਦਾ ਹੈ ਕਿ ਉਹ ਦਿਲ ਨਾਲ ਜੁੜੀ ਕਿਸੇ ਤਕਲੀਫ਼ ਨਾਲ ਜੂਝ ਰਿਹਾ ਹੋਵੇ। ਉਸਨੂੰ ਡੇਂਗੂ ਹੋਵੇ ਜਾਂ ਫ਼ਿਰ ਐਸਿਡ ਰੀਫ਼ਲਕਸ ਹੋਵੇ।
ਪਰ ਇੰਨਾਂ ਦਿਨਾਂ ਵਿੱਚ ਹਰ ਇੱਕ ਨੂੰ ਕੋਵਿਡ-19 ਹੋਣ ਦਾ ਸ਼ੱਕ ਹੁੰਦਾ ਹੈ, ਤਾਂ ਡਾਕਟਰਾਂ ਅਤੇ ਨਰਸਾਂ ਨੂੰ ਵੀ ਸਾਵਧਾਨੀ ਵਰਤਨੀ ਪੈਂਦੀ ਹੈ।
ਕੋਰੋਨਾ ਦੀ ਜਾਂਚ ਲਈ ਹਰ ਮਰੀਜ਼ ਦਾ ਸਵੈਬ ਲੈਣਾ, ਸ਼ੱਕੀ ਮਰੀਜ਼ਾਂ ਨੂੰ ਇੱਕ ਅਲੱਗ ਵਾਰਡ ਵਿੱਚ ਰੱਖਣਾ ਅਤੇ ਉਸ ਸਮੇਂ ਤੱਕ ਅੰਦਰ ਰੱਖਣਾ ਜਦੋਂ ਤੱਕ ਜਾਂਚ ਦੇ ਨਤੀਜੇ ਨਾ ਆ ਜਾਣ।
ਜਦੋਂ ਗੰਭੀਰ ਰੂਪ ਵਿੱਚ ਬੀਮਾਰ ਲੋਕ ਕਰੀਟੀਕਲ ਕੇਅਰ ਵਿੱਚ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਦਾ ਭਰੋਸਾ ਹਾਸਿਲ ਕਰਨਾ ਔਖਾ ਹੋ ਜਾਂਦਾ ਹੈ। ਉਹ ਸਾਨੂੰ ਦੇਖ ਨਹੀਂ ਪਾਉਂਦੇ ਅਤੇ ਕਦੀ ਕਦੀ ਤਾਂ ਉਹ ਨਰਸਾਂ ਅਤੇ ਡਾਕਟਰਾਂ ਨਾਲ ਗੱਲ ਵੀ ਨਹੀਂ ਕਰ ਪਾਉਂਦੇ।
ਡਾ. ਕਰਗਵਾ ਕਹਿੰਦੇ ਹਨ, "ਇਹ ਬੇਹੱਦ ਪਰੇਸ਼ਾਨ ਕਰਨ ਵਾਲੀ ਸਥਿਤੀ ਹੁੰਦੀ ਹੈ।"
ਕੰਮ ਕਰਦੇ ਕਰਦੇ ਥੱਕ ਚੁੱਕੇ ਹਨ ਸਿਹਤਕਰਮੀ
ਇੱਕ ਡਾਕਟਰ ਨੇ ਮੈਨੂੰ ਦੱਸਿਆ ਕਿ ਡਾਕਟਰ ਅਤੇ ਨਰਸਾਂ ਕਈ ਕਈ ਘੰਟਿਆਂ ਤੱਕ ਲਗਾਤਾਰ ਕੰਮ ਕਰਦੇ ਹਨ।
ਹੱਥਾਂ ਵਿੱਚ ਰਬੜ ਦੇ ਦਸਤਾਨੇ ਅਤੇ ਪੀਪੀਈ ਕਿੱਟ ਪਹਿਨਕੇ ਕੰਮ ਕਰਦਿਆਂ ਇਸ ਤਰ੍ਹਾਂ ਲੱਗਦਾ ਹੈ ਜਿਵੇ ਹਰ ਦਿਨ ਤਾਬੂਤ ਵਿੱਚ ਪਏ ਹੋਵੋਂ।
ਉਨ੍ਹਾਂ ਨੇ ਆਪਣੇ ਮੋਬਾਈਲ ਨਾਲ ਖਿੱਚੀਆਂ ਗਈਆਂ ਕੁਝ ਤਸਵੀਰਾਂ ਵੀ ਮੈਨੂੰ ਦਿਖਾਈਆਂ। ਜਿਸ ਵਿੱਚ ਕੁਝ ਰਾਤ ਦੀ ਸ਼ਿਫ਼ਟ ਦੀਆਂ ਵੀ ਸਨ। ਜਿਨਾਂ ਵਿੱਚ ਉਹ ਹਸਪਤਾਲ ਵਿੱਚ ਪਏ ਮੇਜ਼ਾਂ ਉੱਪਰ 'ਮੁਰਦਿਆਂ ਵਾਂਗ' ਢੇਰ ਹੋ ਕੇ ਡਿੱਗੇ ਪਏ ਨਜ਼ਰ ਆ ਰਹੇ ਹਨ।
ਜੂਨ ਮਹੀਨੇ ਵਿੱਚ ਡਾ. ਗਰਗਵਾ ਨੇ ਘੰਟਿਆਂ ਦੀ ਸ਼ਿਫ਼ਟ ਤੋਂ ਬਾਅਦ ਆਪਣੇ ਝੂਰੜੀਆਂ ਪਏ ਹੱਥਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਰਬੜ ਦੇ ਦਸਤਾਨਿਆਂ ਵਿੱਚ ਘੰਟਿਆਂ ਤੱਕ ਰਹਿਣ ਕਰਕੇ ਉਨ੍ਹਾਂ ਦੀ ਹਥੇਲੀ ਬੁਰੀ ਤਰ੍ਹਾਂ ਸੁੰਗੜ ਗਈ ਸੀ।
ਇਸ ਦੌਰਾਨ ਕਈ ਸਿਹਤਕਰਮੀ ਤਾਂ ਅਜਿਹੇ ਵੀ ਸਨ ਜੋ ਮਹੀਨਿਆਂ ਤੱਕ ਆਪਣੇ ਘਰ ਹੀ ਨਹੀਂ ਗਏ।
ਆਪਣਿਆਂ ਤੋਂ ਦੂਰੀ
ਦਿੱਲੀ ਸਥਿਤ ਇੱਕ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਛੇ ਮਹੀਨਿਆਂ ਤੱਕ ਦੇਖਿਆ ਹੀ ਨਹੀਂ। ਛੇ ਮਹੀਨੇ ਬਾਅਦ ਉਹ ਆਪਣੇ ਬੱਚਿਆਂ ਨੂੰ ਮਿਲੇ।
ਪਰਿਵਾਰ ਸੁਰੱਖਿਅਤ ਰਹੇ ਇਸ ਲਈ ਕਈ ਸਿਹਤਕਾਮੇ ਹਸਪਤਾਲ ਵਿੱਚ ਹੀ ਰਹੇ ਅਤੇ ਕੁਝ ਹੋਟਲਾਂ ਵਿੱਚ। ਡਾ. ਕੱਕੜ ਨੂੰ ਵੀ ਉਸ ਸਮੇਂ ਛੁੱਟੀ ਮਿਲੀ ਜਦੋਂ ਉਹ ਖ਼ੁਦ ਕੋਰੋਨਾ ਲਾਗ਼ ਤੋਂ ਪ੍ਰਭਾਵਿਤ ਹੋ ਗਏ ਅਤੇ ਉਨ੍ਹਾਂ ਨੇ ਘਰ ਵਿੱਚ ਹੀ ਇਕਾਂਤਵਾਸ ਦਾ ਫ਼ੈਸਲਾ ਲਿਆ।
ਨਵੰਬਰ ਦੇ ਆਖ਼ੀਰ ਵਿੱਚ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਵ ਵਿੱਚ ਬਤੌਰ ਇਨੇਸਥੇਟਿਸਟ ਕੰਮ ਕਰਨ ਵਾਲੇ ਪ੍ਰਾਚੀ ਅਗਰਵਾਲ ਆਪਣੀ ਕੋਵਿਡ-19 ਦੀ ਨੌਂਵੇ ਰਾਉਂਡ ਦੀ ਡਿਊਟੀ ਸ਼ੁਰੂ ਕਰ ਰਹੇ ਸਨ।
ਇਸ ਰਾਉਂਡ ਦਾ ਮਤਲਬ ਹੈ, ਆਈਸੀਯੂ ਵਿੱਚ ਲਗਾਤਾਰ 15 ਦਿਨਾਂ ਤੱਕ ਅੱਠ ਘੰਟਿਆਂ ਦੀ ਡਿਊਟੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਹਫ਼ਤੇ ਲਈ ਹੋਟਲ ਵਿੱਚ ਇਕਾਂਤਵਾਸ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਹਰ ਵਾਰ ਕੰਮ 'ਤੇ ਵਾਪਸ ਆਉਣ ਤੋਂ ਪਹਿਲਾਂ ਕੋਰੋਨਾ ਟੈਸਟ ਹੁੰਦਾ ਹੈ।
ਡਾ. ਅਗਰਵਾਲ ਨੇ ਮੈਨੂੰ ਦੱਸਿਆ ਕਿ, "ਇਹ ਬਹੁਤ ਹੀ ਅਜੀਬ ਜ਼ਿੰਦਗੀ ਹੈ। ਮਰੀਜ਼ਾਂ ਨੂੰ ਦੇਖਣਾ, ਮੌਤਾਂ ਨੂੰ ਦੇਖਣਾ ਅਤੇ ਹੋਟਲ ਦੇ ਕਮਰੇ ਵਿੱਚ ਰਹਿਣਾ ਅਤੇ ਆਪਣੇ ਆਪ ਨੂੰ ਪੂਰੀ ਦੁਨੀਆਂ ਤੋਂ ਅਲੱਗ ਕਰ ਲੈਣਾ।"
ਕੋਰੋਨਾਂ ਦੌਰਾਨ ਡਾਕਟਰਾਂ ਦੀ ਮਾਨਸਿਕਤਾ
ਦੂਸਰਿਆਂ ਦੀ ਜਾਨ ਬਚਾਉਣ ਵਾਲੇ ਡਾਕਟਰ ਅਤੇ ਨਰਸਾਂ ਨੂੰ ਆਪਣਿਆਂ ਨੂੰ ਗਵਾਉਣ ਤੋਂ ਬਾਅਦ ਦੁੱਖ ਮਨਾਉਣ ਦਾ ਵੀ ਲੋੜੀਂਦਾ ਸਮਾਂ ਨਹੀਂ ਮਿਲਦਾ।
ਇਸ ਲਾਗ਼ ਵਿੱਚ ਕਈ ਸੁਰੱਖਿਆ ਕਰਮੀਆਂ ਨੇ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਆਪਣੇ ਸਹਿਯੋਗੀਆਂ ਨੂੰ ਗਵਾ ਦਿੱਤਾ। ਭਾਰਤ ਵਿੱਚ ਹੁਣ ਤੱਕ ਕੋਰੋਨਾ ਮਹਾਂਮਾਰੀ ਕਾਰਨ 660 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵਿੱਚ ਜ਼ਿਆਦਾਤਰ ਹਸਪਤਾਲਾਂ ਵਿੱਚ ਕੰਮ ਕਰ ਰਹੇ ਸਨ।
ਮੁੰਬਈ ਦੇ ਹੀ ਇੱਕ ਹੋਰ ਡਾਕਟਰ ਨੇ ਮੈਨੂੰ ਕਿਹਾ, "ਮੇਰੇ ਕੁਝ ਅਜਿਹੇ ਦੋਸਤ ਹਨ ਜੋ ਉਦਾਸੀ ਰੋਕਣ ਲਈ ਦਵਾਈ ਲੈ ਰਹੇ ਹਨ ਅਤੇ ਥੈਰੇਪੀ ਕਰਵਾਉਣਾ ਚਾਹੁੰਦੇ ਹਨ।"
ਉਹ ਕਹਿੰਦੇ ਹਨ ਉਨ੍ਹਾਂ ਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਤਕਲੀਫ਼ ਹੁੰਦੀ ਹੈ ਜਦੋਂ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਾਸਕ ਪਾ ਕੇ, ਬੇਫ਼ਿਕਰ ਹੋ ਕਿ ਵਿਆਹ ਸਮਾਰੋਹ ਵਿੱਚ ਜਾਂਦਿਆਂ ਦੇਖਦੇ ਹਨ। ਇਸ ਤਰ੍ਹਾਂ ਜਿਵੇਂ ਕਿ "ਮਹਾਂਮਾਰੀ ਖ਼ਤਮ ਹੋ ਗਈ ਹੋਵੇ।"
ਡਾਕਟਰ ਹਨ ਯੋਧੇ ਨਹੀਂ
ਸਿਹਤ ਕਰਮੀ ਵੀ ਹੁਣ ਇਸ ਗੱਲ ਤੋਂ ਪਰੇਸ਼ਾਨ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੇ ਕੰਮ ਲਈ ਯੋਧਿਆਂ ਵਜੋਂ ਦੇਖਿਆ ਜਾਂਦਾ ਹੈ।
ਡਾ. ਕੱਕੜ ਕਹਿੰਦੇ ਹਨ, "ਅਸੀਂ ਉਸ ਦੌਰ ਤੋਂ ਅੱਗੇ ਨਿਕਲ ਚੁੱਕੇ ਹਾਂ। ਹੁਣ ਜੇ ਕੋਈ ਸਾਨੂੰ ਨਾਇਕ ਕਹਿੰਦਾ ਹੈ, ਤਾਂ ਮੈਂ ਆਪਣੇ ਆਪ ਵਿੱਚ ਕਹਿੰਦੀ ਹਾਂ....ਹੁਣ ਇਸ ਨੂੰ ਬੰਦ ਕਰ ਦਿਓ। ਹੁਣ ਇਸ ਵਿੱਚ ਕੁਝ ਨਹੀਂ ਰਿਹਾ। ਪ੍ਰੇਰਨਾਦਾਇਕ ਭਾਸ਼ਣਾਂ ਦੀ ਵੀ ਇੱਕ ਸੀਮਾ ਹੁੰਦੀ ਹੈ।"
ਉਹ ਕਹਿੰਦੇ ਹਨ, "ਸੀਨੀਅਰ ਸਾਨੂੰ ਕਹਿੰਦੇ ਹਨ ਕਿ ਇਹ ਇੱਕ ਮੈਰਾਥਨ ਹੈ ਨਾ ਕਿ ਛੋਟੀ ਦੌੜ।"
ਦਵੈਪਾਇਨ ਬੈਨਰਜੀ ਮੈਸਾਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਮੈਡੀਕਲ ਐਂਥਰੋਪੌਲੋਜਿਸਟ ਹਨ। ਉਨ੍ਹਾਂ ਮੁਤਾਬਿਕ, ਇਹ ਕਿਸੇ ਨਵੀਂ ਮਹਾਂਮਾਰੀ ਦਾ ਨਤੀਜਾ ਨਹੀਂ ਬਲਕਿ ਥਕਾਨ ਅਤੇ ਫ਼ਿਰ ਉਸ ਤੋਂ ਉਭਰਣ ਦੀ ਕੋਸ਼ਿਸ਼ ਭਾਰਤੀ ਸਿਹਤ ਢਾਂਚੇ ਦਾ ਹਿੱਸਾ ਬਣ ਚੁੱਕੀ ਹੈ।
ਉਹ ਕਹਿੰਦੇ ਹਨ, "ਅਜਿਹੇ ਵਿੱਚ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਿਣਸ਼ੀਲਤਾ ਵਧਾਉਣ ਦੀ ਬਜਾਇ ਸਾਨੂੰ ਉਨਾਂ ਤਰੀਕਿਆਂ ਬਾਰੇ ਸੋਚਣਾ ਦੀ ਲੋੜ ਹੈ ਜਿਸ ਨਾਲ ਉਹ ਵੱਡੀਆਂ ਉਮੀਦਾਂ ਨਾ ਲਾਉਣ।"
ਗਰਮੀਆਂ ਵਿੱਚ ਕੋਵਿਡ-19 ਦੀ ਲਾਗ਼ ਕਰਕੇ ਦੋ ਸਾਥੀਆਂ ਨੂੰ ਗੁਵਾ ਦੇਣ ਤੋਂ ਬਾਅਦ ਐਲਐਨਜੇਪੀ ਹਸਪਤਾਲ ਦੇ ਸਿਹਤਕਰਮੀ ਹਰ ਰੋਜ਼, ਹਰ ਮੰਜ਼ਿਲ 'ਤੇ ਪ੍ਰਾਰਥਨਾ ਕਰਨ ਲੱਗੇ। ਐਲਐਨਜੇਪੀ ਭਾਰਤ ਦਾ ਕੋਵਿਡ-19 ਪੀੜਤਾਂ ਦਾ ਸਭ ਤੋਂ ਵੱਡਾ ਹਸਪਤਾਲ ਹੈ।
ਐਲਐਨਜੇਪੀ ਦੇ ਆਈਸੀਯੂ ਵਾਰਡ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਫ਼ਰਾਹ ਹੁਸੈਨ ਮੁਤਾਬਿਕ, "ਅਸੀਂ ਪ੍ਰਮਾਤਮਾਂ ਨੂੰ ਸਿਰਫ਼ ਇਹ ਹੀ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਸਭ ਸੁਰੱਖਿਅਤ ਰਹੀਏ ਅਤੇ ਆਸ ਕਰਦੇ ਹਾਂ ਕਿ ਇੱਕ ਦਿਨ ਅਸੀਂ ਸਾਰੇ ਇਸ ਵਾਇਰਸ 'ਤੇ ਜਿੱਤ ਪਾ ਲਵਾਂਗੇ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: