ਐਪਲ ਦੀ ਬੰਗਲੂਰੂ ਫ਼ੈਕਟਰੀ ਵਿੱਚ ਭੰਨਤੋੜ - ਕਰਮਚਾਰੀਆਂ ਦੇ ਇਹ ਹਨ ਇਲਜ਼ਾਮ

ਬੰਗਲੂਰੂ ਵਿੱਚ ਪੁਲਿਸ ਨੇ ਐਪਲ ਦੀ ਫੈਕਟਰੀ ਵਿੱਚ ਭੰਨ ਤੋੜ ਕਰਨ ਦੇ ਇਲਜ਼ਾਮਾਂ ਹੇਠ ਫੈਕਟਰੀ ਦੇ ਸੌ ਤੋਂ ਵਧੇਰੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਾਜ਼ਮਾਂ ਦਾ ਦਾਅਵਾ ਸੀ ਕਿ ਉਨ੍ਹਾਂ ਨੂੰ ਫੈਕਟਰੀ ਵੱਲੋਂ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਹੈ।

ਸੋਸ਼ਲ ਮੀਡੀਆ ਉੱਪਰ ਜੋ ਵੀਡੀਓਜ਼ ਘੁੰਮ ਰਹੀਆਂ ਹਨ ਉਨ੍ਹਾਂ ਵਿੱਚ ਟੁੱਟੇ ਹੋਏ ਸੀਸੀਟੀਵੀ ਕੈਮਰੇ, ਸ਼ੀਸ਼ੇ ਦੇ ਦਰਵਾਜ਼ੇ, ਟੁੱਟੀਆਂ ਲਾਈਟਾਂ ਅਤੇ ਇੱਕ ਸੜਦੀ ਹੋਈ ਕਾਰ ਦੇਖੀ ਜਾ ਸਕਦੀ ਹੈ।

ਕਰਨਾਟਕ ਦੀ ਰਾਜਧਾਨੀ ਬੰਗਲੂਰੂ ਵਿੱਚ ਐਪਲ ਦੇ ਇਸ ਪਲਾਂਟ ਨੂੰ ਤਾਇਵਾਨ ਦੀ ਕੰਪਨੀ ਵਿਸਟਰੋਨ ਇਨਫੋਕੌਮ ਚਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਜਿੱਥੇ ਕਰਮਚਾਰੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਤਨਖ਼ਾਹ ਨਹੀ ਦਿੱਤੀ ਜਾ ਰਹੀ ਅਤੇ ਸਗੋਂ ਵਾਧੂ ਸ਼ਿਫ਼ਟਾਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਉੱਥੇ ਹੀ ਪਲਾਂਟ ਦੀ ਪ੍ਰਬੰਧਕੀ ਕੰਪਨੀ ਦਾ ਕਹਿਣਾ ਹੈ ਕਿ ਉਹ ਸਥਾਨਕ ਕਿਰਤ ਕਾਨੂੰਨਾਂ ਦੀ ਪਾਲਣਾ ਕਰ ਰਹੀ ਹੈ।

ਖ਼ਬਰ ਏਜੰਸੀ ਏਐੱਫ਼ਪੀ ਨੂੰ ਦਿੱਤੇ ਇੱਕ ਬਿਆਨ ਵਿੱਚ ਕੰਪਨੀ ਨੇ ਸਿੱਧੇ ਤੌਰ ’ਤੇ ਕਰਮਚਾਰੀਆਂ ਦੀ ਸ਼ਿਕਾਇਤ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਕਿਹਾ,"ਘਟਨਾ ਨੂੰ ਬਾਹਰੀ ਅਣਪਛਾਤੇ ਵਿਅਕਤੀਆਂ ਨੇ ਅੰਜਾਮ ਦਿੱਤਾ ਜੋ ਫੈਕਟਰੀ ਦੇ ਅੰਦਰ ਵੜ ਗਏ ਅਤੇ ਅਸਪੱਸ਼ਟ ਇਰਾਦੇ ਨਾਲ ਭੰਨਤੋੜ ਕੀਤੀ।"

ਕੰਪਨੀ ਨੇ ਕਿਹਾ ਉਹ ਜਲਦੀ ਹੀ ਮੁੜ ਕੰਮ ਸ਼ਰੂ ਕਰ ਦੇਵੇਗੀ।

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਤ ਦੀ ਸ਼ਿਫ਼ਟ ਵਾਲੇ ਕੋਈ ਦੋ ਹਜ਼ਾਰ ਕਰਮਚਾਰੀ ਆਪਣੀ ਸ਼ਿਫ਼ਟ ਪੂਰੀ ਕਰ ਕੇ ਜਾ ਰਹੇ ਸਨ।

ਸੈਂਕੜੇ ਜਣਿਆਂ ਨੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਵੀ ਨੁਕਸਾਨ ਪਹੁੰਚਾਇਆ।

ਕਰਨਾਟਕਾ ਦੇ ਉੁਪ-ਮੁੱਖ ਮੰਤਰੀ ਸੀਐੱਨ ਅਸ਼ਵਥਨਾਰਾਇਨ ਨੇ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਹਾਲਾਤ ਜਲਦੀ ਤੋਂ ਜਲਦੀ ਸੁਧਰ ਜਾਣ।

ਉਨ੍ਹਾਂ ਨੇ ਟਵੀਟ ਕੀਤਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਹੋਵੇ ਤੇ ਉਨ੍ਹਾਂ ਦਾ ਬਕਾਇਆ ਉਨ੍ਹਾਂ ਨੂੰ ਮਿਲੇ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਇੱਕ ਟਰੇਡ ਯੂਨੀਅਨ ਆਗੂ ਨੇ ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਨੂੰ ਪਲਾਂਟ ਵਿੱਚ ਕਰਮਚਾਰੀਆਂ ਦੇ ਸ਼ੋਸ਼ਣ ਦੀ ਗੱਲ ਦੱਸੀ।

ਫੈਕਟਰੀ ਵਿੱਚ ਕੋਈ ਪੰਦਰਾਂ ਹਜ਼ਾਰ ਮੁਲਾਜਮ ਹਨ ਅਤੇ ਜ਼ਿਆਦਾਤਰ ਰਿਕਰੂਟਮੈਂਟ ਏਜੰਸੀਆਂ ਵੱਲੋਂ ਰੱਖੇ ਗਏ ਹਨ।

ਹਾਲਾਂਕਿ ਐਪਲ ਨੇ ਟਿੱਪਣੀ ਲਈ ਬੀਬੀਸੀ ਦੀ ਬੇਨਤੀ ਉੱਪਰ ਕੋਈ ਫ਼ੌਰੀ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਇਸ ਤੋਂ ਪਹਿਲਾਂ ਇੱਕ ਵਾਰ ਕੰਪਨੀ ਨੇ ਕਿਹਾ ਸੀ ਕਿ ਉਹ ਸਪਲਾਇਰ ਫੈਰਟਰੀਆਂ ਵਿੱਚ ਕੰਮ ਦੀਆਂ ਹਾਲਤਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)