You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਕੈਪਟਨ ਦੀ ਮੁਕੇਸ਼ ਅੰਬਾਨੀ ਨਾਲ ਮੁਲਾਕਾਤ ਵਾਲੀ ਫੋਟੋ ਦਾ ਸੱਚ
- ਲੇਖਕ, ਸ਼ਰੂਤੀ ਮੈਨਨ
- ਰੋਲ, ਬੀਬੀਸੀ ਰਿਐਲਟੀ ਚੈੱਕ
ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤ ਵਿੱਚ ਹੋ ਰਹੇ ਕਿਸਾਨ ਮੁਜ਼ਾਹਰਿਆਂ ਵਿੱਚ ਕਮੀ ਆਉਣ ਦਾ ਕੋਈ ਸੰਕੇਤ ਨਹੀਂ ਹੈ।
ਹਜ਼ਾਰਾਂ ਕਿਸਾਨਾਂ ਨੇ ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੀਆਂ ਹੱਦਾਂ ਨੂੰ ਉਨ੍ਹਾਂ ਦੇ ਟਰੈਕਟਰਾਂ ਅਤੇ ਹੋਰ ਮਸ਼ੀਨਰੀ ਦੀ ਮਦਦ ਨਾਲ ਬੰਦ ਕਰ ਦਿੱਤਾ ਹੈ ਅਤੇ ਇਸ ਸਭ ਦੇ ਚਲਦਿਆਂ ਵਿਵਾਦ ਬਹੁਤ ਹੀ ਸਿਆਸੀ ਰੰਗ ਲੈ ਚੁੱਕਿਆ ਹੈ।
ਦੋਵੇਂ ਧਿਰਾਂ ਸੋਸ਼ਲ ਮੀਡੀਆਂ 'ਤੇ ਚੱਲ ਰਹੇ ਬਿਰਤਾਂਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ-
ਅਸੀਂ ਇਸ ਮਾਮਲੇ ਵਿੱਚ ਵੱਡੀਆਂ ਸ਼ਖ਼ਸੀਅਤਾਂ ਵੱਲੋਂ ਵੱਖ-ਵੱਖ ਧਿਰਾਂ ਦਾ ਪੱਖ ਲੈਣ ਸੰਬੰਧੀ ਗ਼ਲਤ ਜਾਣਕਾਰੀ ਫ਼ੈਲਾਈ ਜਾਣ ਦੀਆਂ ਕੋਸ਼ਿਸ਼ਾਂ 'ਤੇ ਇੱਕ ਨਜ਼ਰ ਮਾਰੀ।
ਉਬਾਮਾ ਨੇ ਕੀ ਕਿਹਾ ਕਿ, ਮੋਦੀ ਨੂੰ ਮਿਲਣਾ 'ਸ਼ਰਮਿੰਦਗੀ ਭਰਿਆ' ਸੀ?
ਸਾਡੀ ਪਹਿਲੀ ਉਦਾਹਰਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਦੇ ਇੱਕ ਦਾਅਵੇ ਨਾਲ ਸੰਬੰਧਿਤ ਹੈ। ਕੀ ਫ਼ੈਲਾਈ ਜਾ ਰਹੀ ਇਹ ਜਾਣਕਾਰੀ ਸਹੀ ਹੈ?
ਉਬਾਮਾ ਆਪਣੇ ਕਾਰਜਕਾਲ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਮੌਕਿਆਂ 'ਤੇ ਮਿਲੇ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਇਸ ਪੋਸਟ ਵਿੱਚ ਬਰਾਕ ਉਬਾਮਾ ਅਤੇ ਨਰਿੰਦਰ ਮੋਦੀ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ, ਅਤੇ ਉਬਾਮਾ ਸਾਲ 2014 ਵਿੱਚ ਮੋਦੀ ਨਾਲ ਵਾਈਟ੍ਹ ਹਾਊਸ 'ਚ ਹੋਈ ਮੀਟਿੰਗ 'ਤੇ ਅਫ਼ਸੋਸ ਜ਼ਾਹਰ ਕਰ ਰਹੇ ਹਨ।
ਇਨਾਂ ਵਿਚੋਂ ਕਈ ਪੋਸਟਾਂ ਨਾਲ ਕਿਸਾਨ ਅੰਦੋਲਨ ਨਾਲ ਸਮਰਥਨ ਦਰਸਾਉਂਦੇ ਹੈਸ਼ਟੈਗ ਵੀ ਹਨ। ਤਸਵੀਰ ਕਾਫ਼ੀ ਸਹੀ ਹੈ ਅਤੇ ਇਹ ਦੋਵਾਂ ਵਿਅਕਤੀਆਂ ਦਰਮਿਆਨ ਉਸ ਸਾਲ ਅਸਲ 'ਚ ਹੋਈ ਇੱਕ ਮੁਲਾਕਾਤ ਦੀ ਹੈ।
ਹਾਲਾਂਕਿ, ਟਵਿਟਰ ਪੋਸਟ ਜਾਅਲੀ ਹੈ। ਲਿਖਤ ਮਾੜੀ ਅੰਗਰੇਜ਼ੀ ਵਿੱਚ ਹੈ ਅਤੇ ਇਸ ਵਿੱਚ ਵਰਤਨੀ ਗ਼ਲਤੀ (ਸਪੈਲਿੰਗ ਮਿਸਟੇਕ)ਵੀ ਹੈ। ਇਸ ਵਿੱਚ ਰਾਸ਼ਟਰਪਤੀ ਉਬਾਮਾ ਦੇ ਟਵਿਟਰ ਪ੍ਰੋਫ਼ਾਇਲ ਨੂੰ ਆਪਣੀ ਲੋੜ ਪੂਰਿਆਂ ਕਰਨ ਲਈ ਸੋਧਿਆ ਗਿਆ ਲਗਦਾ ਹੈ।
ਉਬਾਮਾ ਦੇ ਟਵਿੱਟਰ ਟਾਈਮਲਾਈਨ ਦੀ ਕੀਤੀ ਗਈ ਜਾਂਚ ਤੋਂ ਪਤਾ ਲੱਗਦਾ ਹੈ ਕਿ ਇੱਕ ਮਹੀਨਾ ਪਹਿਲਾਂ ਤੋਂ, ਜਦੋਂ ਭਾਰਤ ਵਿੱਚ ਕਿਸਾਨ ਮੁਜ਼ਾਹਰੇ ਸ਼ੁਰੂ ਹੋਏ ਹਨ ਉਨ੍ਹਾਂ ਵੱਲੋਂ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਗਿਆ।
ਇੱਕਜੁਟਤਾ ਦਰਸਾਉਂਣ ਲਈ ਹੋਏ ਸਮਾਗਮ 'ਚ ਜਸਟਿਨ ਟਰੂਡੋ ਦੀ ਸ਼ਮੂਲੀਅਤ?
ਅਗਲੀ ਗੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਰਦੇ ਹਾਂ। ਜੋ ਕਿਸਾਨ ਅੰਦੋਲਨ ਨੂੰ ਦਿੱਤੀ ਭਾਰਤ ਸਰਕਾਰ ਦੀ ਪ੍ਰਤੀਕਿਰਿਆ ਪ੍ਰਤੀ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ। ਇਸ ਬਿਆਨ ਦੀ ਭਾਰਤ ਸਰਕਾਰ ਵੱਲੋਂ ਜਨਤਕ ਤੌਰ 'ਤੇ ਨਿੰਦਾ ਕੀਤੀ ਗਈ।
ਇਹ ਮਸਲੇ ਨੂੰ ਅਲੱਗ ਰੱਖਦਿਆਂ, ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਗੁੰਮਰਾਹ ਕਰਨ ਵਾਲੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਦਾਅਵਾ ਕੀਤਾ ਗਿਆ ਕਿ ਟਰੂਡੋ ਇੱਕ ਸਿੱਖ ਸਮੂਹ (ਬਹੁਤੇ ਭਾਰਤੀ ਕਿਸਾਨ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ) ਵੱਲੋਂ ਕਿਸਾਨਾਂ ਪ੍ਰਤੀ ਹਮਾਇਤ ਦਰਸਾਉਣ ਲਈ ਰੱਖੇ ਗਏ, ਇੱਕ ਸਮਾਗਮ ਵਿੱਚ ਬੈਠੇ ਹਨ।
ਕੈਨੇਡਾ ਵਿੱਚ ਸਿੱਖਾਂ ਸਮੇਤ ਭਾਰਤੀ ਮੂਲ ਦੀ ਇੱਕ ਗਿਣਨਯੋਗ ਆਬਾਦੀ ਹੈ। ਪਰ ਇਹ ਤਸਵੀਰ ਗੁੰਮਰਾਹ ਕਰਨ ਵਾਲੀ ਹੈ ਕਿਉਂਕਿ ਇਹ ਘੱਟੋ-ਘੱਟ ਪੰਜ ਸਾਲ ਪੁਰਾਣੀ ਹੈ।
ਬੀਬੀਸੀ ਨੂੰ ਇਸ ਗੱਲ ਪੁਸ਼ਟੀ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਕਰਵਾਈ ਗਈ, ਜਿਸ ਵੱਲੋਂ ਧਿਆਨ ਦਿਵਾਇਆ ਗਿਆ ਕਿ ਟਰੂਡੋ ਹੁਣ ਦਾੜੀ ਰੱਖਦੇ ਹਨ ਅਤੇ ਇਸ ਤਸਵੀਰ ਵਿੱਚ ਉਹ ਦਾੜੀ ਬਗ਼ੈਰ ਨਜ਼ਰ ਆਉਂਦੇ ਹਨ।
ਇਹ ਤਸਵੀਰ ਨਵੰਬਰ 2015 ਦੀ ਹੈ ਜਦੋਂ ਉਹ ਓਟਾਵਾ ਦੇ ਇੱਕ ਸਿੱਖ ਧਾਰਮਿਕ ਸੈਂਟਰ ਵਿੱਚ ਗਏ ਸਨ। ਉਨ੍ਹਾਂ ਦੇ ਇਸ ਦੌਰੇ ਸੰਬੰਧੀ ਸਥਾਨਾਕ ਪੱਧਰ 'ਤੇ ਖ਼ਬਰ ਵੀ ਛਪੀ ਸੀ।
ਟਰੂਡੋ ਦੇ ਭਾਰਤ ਵਿੱਚ ਚੱਲ ਰਹੇ ਮੌਜੂਦਾ ਧਰਨਿਆਂ ਸੰਬੰਧੀ ਕੋਈ ਵੀ ਵਿਚਾਰ ਹੋਣ, ਇਸ ਤਸਵੀਰ ਨੂੰ ਇਸ ਦੇ ਅਸਲ ਪ੍ਰਸੰਗ ਵਿੱਚ ਇਸਤੇਮਾਲ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ-
ਇੱਕ ਸੀਨੀਅਰ ਭਾਰਤੀ ਆਗੂ ਨੇ ਪੱਖ ਨਹੀਂ ਬਦਲਿਆ
ਇਹ ਜਾਣ ਕੇ ਸ਼ਾਇਦ ਹੈਰਾਨੀ ਹੋਵੇ ਕਿ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਸੱਤਾਧਾਰੀ ਭਾਜਪਾ (ਭਾਰਤੀ ਜਨਤਾ ਪਾਰਟੀ) ਦੇ ਵਫ਼ਾਦਾਰ ਰਾਜਨਾਥ ਸਿੰਘ, ਅਸਲ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਦੇ ਹਨ।
ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ ਵੀਡੀਓ ਵਿੱਚ ਇਹ ਹੀ ਦਾਅਵਾ ਕੀਤਾ ਗਿਆ ਹੈ।
ਇਸ ਵੀਡੀਓ ਵਿੱਚ ਰਾਜਨਾਥ ਸਿੰਘ, ਜੋ ਕਿ ਰੱਖਿਆ ਮੰਤਰੀ ਹਨ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, "ਜੇ ਮੈਨੂੰ ਵਿਰੋਧ ਪ੍ਰਦਰਸ਼ਨਾਂ ਦਾ ਪਹਿਲਾਂ ਪਤਾ ਹੁੰਦਾ ਤਾਂ ਮੈਂ ਉਸੇ ਦਿਨ ਇਥੇ ਆਉਂਦਾ ਅਤੇ ਆਪਣਾ ਸਮਰਥਨ ਜ਼ਾਹਰ ਕਰਦਾ।"
ਇਸ ਵੀਡੀਓ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਜ਼ਾਹਰਿਆਂ ਨੇ ਭਾਜਪਾ ਦੇ ਅੰਦਰੂਨੀ ਵੱਡੇ ਪਾੜੇ ਨੂੰ ਜੱਗਜ਼ਾਹਰ ਕਰ ਦਿੱਤਾ ਹੈ।
ਪਰ ਗੂਗਲ ਸਰਚ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਪੁਰਾਣੀ ਵੀਡੀਓ ਹੈ ਸਾਲ 2013 ਦੀ, ਜਦੋਂ ਸਿੰਘ ਵਿਰੋਧੀ ਧਿਰ ਦਾ ਹਿੱਸਾ ਸਨ ਅਤੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਕਿਸਾਨਾਂ ਦੀ ਹਮਾਇਤ ਕਰ ਰਹੇ ਸਨ।
ਰਾਜਨਾਥ ਸਿੰਘ ਨੇ ਉਸ ਸਮੇਂ ਇੱਕ ਭਾਸ਼ਨ ਦਿੱਤਾ ਸੀ, ਜਿਸ ਵਿੱਚ ਉਹ ਕਿਸਾਨਾਂ ਦੀ ਸਥਾਈ ਆਮਦਨ ਦੇ ਸਾਧਨਾਂ ਦੀ ਮੰਗ ਦੀ ਹਮਾਇਤ ਕਰ ਰਹੇ ਸਨ। ਇਹ ਵੀਡੀਓ ਉਨ੍ਹਾਂ ਦੀ ਅਧਿਕਾਰਿਤ ਵੈੱਬਸਾਈਟ 'ਤੇ ਉੱਪਲਬਧ ਹੈ।
ਇਥੇ ਇਹ ਦੱਸਣਾ ਵੀ ਅਹਿਮ ਹੈ ਕਿ ਰਾਜਨਾਥ ਸਿੰਘ ਜੋ ਕਿ ਸਾਬਕਾ ਖੇਤੀ ਮੰਤਰੀ ਵੀ ਹਨ ਅਤੇ ਕਿਸਾਨੀ ਪਿਛੋਕੜ ਦੇ ਹਨ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਮੌਜੂਦਾ ਸਰਕਾਰ ਕਿਸਾਨਾਂ ਦੇ ਹਿੱਤਾਂ ਵਿਰੁੱਧ ਕੁਝ ਵੀ ਨਹੀਂ ਕਰੇਗੀ।
ਕੀ ਪੰਜਾਬ ਦੇ ਵੱਡੇ ਸਿਆਸਤਦਾਨ ਕਿਸਾਨਾਂ ਵਿਰੁੱਧ ਕੰਮ ਕਰ ਰਹੇ ਹਨ?
ਅਸੀਂ ਆਖ਼ਰੀ ਉਦਾਹਰਣ ਕਾਂਗਰਸ ਪਾਰਟੀ ਦੇ ਸਿਆਸਤਦਾਨ ਅਤੇ ਪੰਜਾਬ, ਜਿਸ ਸੂਬੇ ਤੋਂ ਬਹੁਤੇ ਕਿਸਾਨ ਵਿਰੋਧ ਪ੍ਰਦਰਸ਼ਨਾਂ ਲਈ ਆਏ ਹਨ, ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਭਾਰਤ ਦੇ ਮਸ਼ਹੂਰ ਵਪਾਰੀ ਮੁਕੇਸ਼ ਅੰਬਾਨੀ ਦੀ ਲੈ ਰਹੇ ਹਾਂ।
ਸੋਸ਼ਲ ਮੀਡੀਆ 'ਤੇ ਦੋਵਾਂ ਵਿਅਕਤੀਆਂ ਦੀ ਹੱਥ ਮਿਲਾਉਂਦਿਆ ਦੀ ਇੱਕ ਤਸਵੀਰ ਪੋਸਟ ਕੀਤੀ ਗਈ ਹੈ। ਇਸ ਤਸਵੀਰ ਨਾਲ ਇੱਕ ਗ਼ਲਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਕਿਸਾਨਾਂ ਦੇ ਦੇਸ ਵਿਆਪੀ ਬੰਦ ਦੇ ਸੱਦੇ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਨੂੰ ਦਬਾਉਣ ਲਈ ਮਿਲੇ।
ਪੋਸਟ ਵਿੱਚ ਪੁੱਛਿਆ ਗਿਆ ਹੈ, " ਇੱਕ ਪਾਸੇ ਕਾਂਗਰਸ ਕਿਸਾਨ ਅੰਦੋਲਨ ਦਾ ਸਰਮਥਨ ਕਰਦੀ ਹੈ ਅਤੇ ਦੂਸਰੇ ਪਾਸੇ ਅੰਬਾਨੀ ਵਰਗੇ ਉਦਯੋਗਪਤੀਆਂ ਨੂੰ ਮਿਲ ਰਹੀ ਹੈ...ਇਹ ਕਿਸ ਕਿਸਮ ਦੀ ਸਿਆਸਤ ਹੈ?"
ਪ੍ਰਭਾਵ ਇਹ ਹੈ ਕਿ ਅਮਰਿੰਦਰ ਸਿੰਘ, ਉਨ੍ਹਾਂ ਦੀ ਪਾਰਟੀ ਵੱਲੋਂ ਜਨਤਕ ਤੌਰ 'ਤੇ ਕਿਸਾਨਾਂ ਦੀ ਹਮਾਇਤ ਦੇ ਬਾਵਜ਼ੂਦ, ਨਿੱਜੀ ਉੱਦਮੀਆਂ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ, ਜੋ ਕਿ ਖੇਤੀ ਕਾਨੂੰਨਾਂ ਵਿੱਚ ਬਦਲਾਅ ਤੋਂ ਲਾਭ ਲੈ ਸਕਦੇ ਹਨ।
ਪਰ ਇਹ ਤਸਵੀਰ ਤਿੰਨ ਸਾਲ ਪੁਰਾਣੀ ਹੈ ਅਕਤੂਬਰ 2017 ਦੀ, ਜਦੋਂ ਅਮਰਿੰਦਰ ਸਿੰਘ ਅੰਬਾਨੀ ਨੂੰ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ ਸੰਬੰਧੀ ਗੱਲਬਾਤ ਕਰਨ ਲਈ ਮਿਲੇ ਸਨ।
ਅਤੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਵਿੱਚ ਕੀਤਾ ਜਾ ਰਿਹਾ ਇਹ ਦਾਅਵਾ ਕਿ ਅਮਰਿੰਦਰ ਸਿੰਘ ਵੱਲੋਂ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਵਿੱਚ ਕੁਝ ਬਦਲਾਅ ਕਰਨ ਦਾ ਦਿੱਤਾ ਪ੍ਰਸਤਾਵ ਪ੍ਰਵਾਨ ਕਰ ਲਿਆ ਗਿਆ ਹੈ, ਜਿਸ ਨੂੰ ਕਿਸਾਨਾਂ ਵੱਲੋਂ ਰੱਦ ਕੀਤਾ ਗਿਆ ਸੀ, ਵੀ ਗ਼ਲਤ ਹੈ।
ਅਮਰਿੰਦਰ ਸਿੰਘ ਵੱਲੋਂ ਲਗਾਤਾਰ ਕਿਸਾਨਾਂ ਦੀ ਨਵੇਂ ਕਾਨੂੰਨ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਦੀ ਹਮਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: