You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਖਿਲਾਫ਼ ਸੁਪਰੀਮ ਕੋਰਟ ਗਏ ਕਿਸਾਨ, ਰੇਲਾਂ ਰੋਕਣ ਬਾਰੇ ਕੀ ਬੋਲੇ ਕਿਸਾਨ ਆਗੂ
ਕਿਸਾਨ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਅੜ੍ਹੇ ਹੋਏ ਹਨ ਅਤੇ ਸਰਕਾਰ ਸੋਧ ਦਾ ਪ੍ਰਸਤਾਵ ਦੇ ਰਹੀ ਹੈ। ਇਸ ਵਿਚਾਲੇ ਖੇਤੀ ਕਾਨੂੰਨਾਂ ਦਾ ਮਸਲਾ ਹੁਣ ਸੁਪਰੀਟ ਕੋਰਟ ਵਿੱਚ ਪਹੁੰਚ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਭਾਨੂੰ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਸਰਬਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ।
ਕਿਸਾਨ ਯੂਨੀਅਨ ਨੇ ਕਾਨੂੰਨਾਂ ਨੂੰ ਚੁਣੌਤੀ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਵਿੱਚ ਇੱਕ ਦਖ਼ਲ ਅਰਜ਼ੀ ਲਾਈ ਹੈ।
ਕਿਸਾਨ ਨੇਤਾ ਭਾਨੂੰ ਪ੍ਰਤਾਪ ਸਿੰਘ ਨੇ ਕਿਹਾ, ''ਇਹ ਅਰਜੀ ਸੀਨੀਅਰ ਵਕੀਲ ਏਪੀ ਸਿੰਘ ਵੱਲੋਂ ਸੁਪਰੀਮ ਕੋਰਟ ਵਿਚ ਲਗਾਈ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਸਾਡੀ ਗੱਲ ਸੁਣੀ ਨਹੀਂ ਜਾ ਰਹੀ।''
ਇਹ ਵੀ ਪੜ੍ਹੋ:
ਰੇਲਾਂ ਰੋਕਣ ਦੇ ਸਵਾਲ 'ਤੇ ਕੀ ਬੋਲੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ
ਸਿੰਘੂ ਬਾਰਡਰ ਤੋਂ ਕਿਸਾਨ ਆਗੂ ਅੱਜ ਸ਼ਾਮ ਨੂੰ ਮੀਡੀਆ ਨਾਲ ਮੁਖਾਤਿਬ ਹੋਏ। ਉਨ੍ਹਾਂ ਨੇ ਭਾਜਪਾ ਆਗੂਆਂ ਦੇ ਘਰਾਂ ਦਾ ਘੇਰਾਓ, ਦਿੱਲੀ ਜੈਪੂਰ ਹਾਈਵੇਅ ਰੋਕਣ ਵਰਗੇ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਨੂੰ ਮੁੜ ਦੁਹਰਾਇਆ।
ਰਾਜੇਵਾਲ ਨੇ ਕਿਹਾ, ''ਸਰਕਾਰ ਵੱਲੋਂ ਗੱਲਬਾਤ ਲਈ ਫਿਲਹਾਲ ਕੋਈ ਨਵਾਂ ਪ੍ਰਪੋਜ਼ਲ ਨਹੀਂ ਆਇਆ ਹੈ। ਇਹ ਇੱਕ ਜਨਅੰਦੋਲਨ ਬਣ ਗਿਆ ਅਤੇ ਲਗਾਤਾਰ ਲੋਕ ਧਰਨੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ।''
ਰੇਲ ਰੋਕਣ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਰੇਲਾਂ ਰੋਕਣ ਦਾ ਫਿਲਹਾਲ ਕੋਈ ਪਲਾਨ ਨਹੀਂ ਹੈ।
ਸਰਕਾਰ ਅਤੇ ਕਿਸਾਨਾਂ ਦੋਵਾਂ ਨੂੰ ਪਿੱਛੇ ਹਟਣਾ ਪਵੇਗਾ
ਪੰਜਾਬ ਅਤੇ ਹਰਿਆਣਾ ਤੋਂ ਆਏ ਸੈਂਕੜੇ ਕਿਸਾਨ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਉੱਪਰ ਬੈਠੇ ਹਨ। ਕਿਸਾਨਾਂ ਦੇ ਮੁਜ਼ਾਹਰੇ ਦਾ ਸ਼ੁੱਕਰਵਾਰ ਨੂੰ 16ਵਾਂ ਦਿਨ ਰਿਹਾ।
ਕਿਸਾਨਾਂ ਦੀ ਮੰਗ ਹੈ ਕਿ ਤਿੰਨੋ ਖੇਤੀ ਕਾਨੂੰਨ ਕੇਂਦਰ ਸਰਕਾਰ ਬਿਨਾਂ ਸ਼ਰਤ ਵਾਪਸ ਲਵੇ। ਜਦਕਿ ਸਰਕਾਰ ਨੇ ਕਾਨੂੰਨ ਵਾਪਸ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ। ਹਾਲਾਂਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ, "ਮੋਦੀ ਸਰਕਾਰ ਗੱਲਬਾਤ ਲਈ ਤਿਆਰ ਹੈ।"
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਸੋਧ ਤਜਵੀਜ਼ ਕਿਸਾਨਾਂ ਦੇ ਸਾਹਮਣੇ ਰੱਖਿਆ ਸੀ ਜਿਸ ਨੂੰ ਕਿਸਾਨ ਰੱਦ ਕਰ ਚੁੱਕੇ ਹਨ। ਕਿਸਾਨਾਂ ਦੀ ਦਲੀਲ ਸੀ ਕਿ ਜਦੋਂ ਸਰਕਾਰ ਇਨੇਂ ਬਦਲਾਅ ਕਰਨ ਲਈ ਤਿਆਰ ਹੈ, ਤਾਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਿਉਂ ਨਹੀਂ ਲੈ ਲੈਂਦੀ?"
ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਅਤੇ ਕਿਸਾਨ, ਦੋਵਾਂ ਨੂੰ ਹੀ ਪਿੱਛੇ ਹਟਣਾ ਪਵੇਗਾ। ਸਰਕਾਰ ਕਾਨੂੰਨ ਵਾਪਸ ਲਵੇ ਅਤੇ ਕਿਸਾਨ ਆਪੋ-ਆਪਣੇ ਘਰਾਂ ਨੂੰ ਮੁੜ ਜਾਣ। ਇਸ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ।"
ਸ਼ੁੱਕਰਵਾਰ ਨੂੰ ਪੰਜਾਬ ਤੋਂ ਕੁਝ ਹੋਰ ਕਿਸਾਨ ਸਿੰਘੂ ਬਾਰਡਰ ਲਈ ਨਿਕਲੇ ਹਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਐੱਸ.ਐੱਸ ਪੰਧੇਰ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ,"ਸੰਘਰਸ਼ ਕਮੇਟੀ ਦੇ ਕਰੀਬ 700 ਟਰੈਕਟਰ ਅੰਮ੍ਰਿਤਸਰ ਤੋਂ ਦਿੱਲੀ ਲਈ ਨਿਕਲ ਪਏ ਹਨ। ਇਹ ਦਿੱਲੀ ਬਾਰਡਰ ਤੇ ਪਹੁੰਚ ਕੇ ਬਾਕੀ ਕਿਸਾਨਾਂ ਦਾ ਸਾਥ ਦੇਣਗੇ।"
ਇਹ ਵੀ ਪੜ੍ਹੋ: