ਕਿਸਾਨ ਅੰਦੋਲਨ: ਭਾਜਪਾ ਨੇਤਾ ਜਿਆਨੀ ਦਾ ਸਵਾਲ, 'ਜੇ ਅੰਨਾ ਤੇ ਰਾਮਦੇਵ ਦਿੱਲੀ 'ਚ ਪ੍ਰਦਰਸ਼ਨ ਕਰ ਸਕਦੇ ਹਨ ਤਾਂ ਕਿਸਾਨ ਕਿਉਂ ਨਹੀਂ' - ਪ੍ਰੈੱਸ ਰਿਵੀਊ

ਬੀਜੇਪੀ ਦੀ 8 ਮੈਂਬਰੀ ਕਮੇਟੀ ਜੋ ਪੰਜਾਬ 'ਚ ਕਿਸਾਨਾਂ ਨਾਲ ਰਾਬਤਾ ਰੱਖ ਰਹੀ ਹੈ, ਦੇ ਚੇਅਰਮੈਨ ਸੁਰਜੀਤ ਕੁਮਾਰ ਜਿਆਨੀ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ।

ਸੁਰਜੀਤ ਕੁਮਾਰ ਜਿਆਨੀ ਅਕਾਲੀ-ਬੀਜੇਪੀ ਕਾਰਜਕਾਲ ਦੌਰਾਨ ਸੂਬੇ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।

ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਜੇ ਅੰਨਾ ਹਜ਼ਾਰੇ ਤੇ ਰਾਮਦੇਵ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਰੈਲੀਆਂ ਕਰ ਸਕਦੇ ਹਨ ਅਤੇ ਆਪਣਾ ਪੱਖ ਰੱਖ ਸਕਦੇ ਹਨ ਤਾਂ ਕਿਸਾਨ ਕਿਉਂ ਨਹੀਂ।"

ਇਹ ਵੀ ਪੜ੍ਹੋ

ਉਨ੍ਹਾਂ ਅੱਗ ਕਿਹਾ, "ਇਹ ਲੋਕਤੰਤਰ ਹੈ ਅਤੇ ਇਸ ਵਿੱਚ ਸਭ ਨੂੰ ਬੋਲਣ ਦਾ ਹੱਕ ਹੈ।"

ਜਿਆਨੀ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਕੀਤੀ ਬੈਰੀਕੇਡਿੰਗ ਅਤੇ ਪਾਣੀ ਦੀਆਂ ਬੋਛਾਰਾਂ ਤੇ ਅਥਰੂ ਗੈਸ ਦੇ ਗੋਲਿਆਂ ਦੀ ਕੀਤੀ ਵਰਤੋਂ 'ਤੇ ਇਤਰਾਜ਼ ਜਤਾਦਿਆਂ ਕਿਹਾ, "ਲੋਕਤੰਤਰ ਵਿੱਚ ਜਨਤਾ ਨਾਲ ਅਜਿਹਾ ਵਿਵਹਾਰ ਸਹੀ ਨਹੀਂ ਹੈ। ਉਹ ਕਿਸਾਨ ਹਨ ਅਤੇ ਉਨ੍ਹਾਂ ਨੂੰ ਖ਼ੇਤੀ ਕਾਨੂੰਨ 'ਤੇ ਸੁਣਿਆ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਜੋ ਵੀ ਕੀਤਾ ਗਿਆ ਹੈ, ਉਹ ਠੀਕ ਨਹੀਂ ਹੈ।"

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਬਾਬਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਗੱਲਬਾਤ ਕੀਤੀ ਹੈ।

"ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਵੀ ਗੱਲ ਹੋਈ ਹੈ ਅਤੇ ਮੈਂ ਉਨ੍ਹਾਂ ਨੂੰ ਸਾਰਾ ਫੀਡਬੈਕ ਦਿੱਤਾ ਹੈ।"

ਪਾਕਿਸਤਾਨ ਫੌਜ ਵਲੋਂ ਕੀਤੀ ਗਈ ਭਾਰੀ ਗੋਲਾਬਾਰੀ ਦੌਰਾਨ ਕਿਸਾਨ ਦੇ ਪੁੱਤਰ ਦੀ ਮੌਤ

ਪਾਕਿਸਤਾਨ ਫੌਜ ਵਲੋਂ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਵਿੱਚ ਕੰਟਰੋਲ ਰੇਖਾ ਨੇੜੇ ਕੀਤੀ ਭਾਰੀ ਗੋਲਾਬਾਰੀ ਦੌਰਾਨ ਭਾਰਤੀ ਫੌਜ ਦੇ ਦੋ ਜਵਾਨਾਂ ਦੀ ਜਾਨ ਚਲੀ ਗਈ।

ਇਸ ਗੋਲਬਾਰੀ ਵਿੱਚ ਰਾਈਫਲਮੈਨ ਸੁਖਬੀਰ ਸਿੰਘ ਅਤੇ ਨਾਇਕ ਪ੍ਰੇਮ ਬਹਾਦਰ ਖੱਤਰੀ ਗੰਭੀਰ ਜ਼ਖ਼ਮੀ ਹੋਏ ਅਤੇ ਬਾਅਦ ਵਿੱਚ ਦੋਹਾਂ ਨੇ ਹੀ ਦਮ ਤੋੜ ਦਿੱਤਾ।

ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ, ਮ੍ਰਿਤਕ ਸੁਖਬੀਰ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਛੋਟੇ ਕਿਸਾਨ ਕੁਲਵੰਤ ਸਿੰਘ ਦਾ ਪੁੱਤਰ ਸੀ।

ਰਾਈਫਲਮੈਨ ਸੁਖਬੀਰ ਸਿੰਘ 22 ਸਾਲਾਂ ਦੇ ਸਨ ਅਤੇ ਫੌਜ 'ਚ ਭਰਤੀ ਹੋਏ ਅਜੇ ਮਹਿਜ਼ 11 ਮਹੀਨੇ ਹੋਏ ਸਨ।

ਅਖ਼ਬਾਰ ਨਾਲ ਗੱਲ ਕਰਦਿਆਂ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਨੇ ਕਿਹਾ, "ਮੈਂ ਤਾਂ ਬਸ 6 ਕਨਾਲ ਜ਼ਮੀਨ 'ਤੇ ਖੇਤੀ ਕਰਦਾ ਹਾਂ। ਸੁਖਬੀਰ ਤੋਂ ਹੀ ਸਾਰੀ ਆਸ ਸੀ। ਹੁਣ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਅੱਗੇ ਕੀ ਹੋਵੇਗਾ।"

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਐਕਸਗ੍ਰੇਸ਼ੀਆਂ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ

ਦੂਜੀ ਤਿਮਾਹੀ ਦੇ ਜੀਡੀਪੀ ਵਿੱਚ 7.5% ਦੀ ਗਿਰਾਵਟ

ਮੌਜੂਦਾ ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ਵਿੱਚ ਜੀਡੀਪੀ ਵਿੱਚ 7.5 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਤਕਨੀਕੀ ਤੌਰ 'ਤੇ ਇਹ ਮੰਦੀ ਦੀ ਪੁਸ਼ਟੀ ਕਰਦਾ ਹੈ।

ਬੀਬੀਸੀ ਨਿਊਜ਼ ਹਿੰਦੀ ਦੀ ਖ਼ਬਰ ਮੁਤਾਬਕ, ਜੀਡੀਪੀ ਦੇ ਅੰਕੜਿਆਂ ਦੇ ਆਉਣ ਤੋਂ ਪਹਿਲਾਂ, ਬਹੁਤ ਸਾਰੀਆਂ ਏਜੰਸੀਆਂ ਨੇ ਪੰਜ ਤੋਂ ਦਸ ਪ੍ਰਤੀਸ਼ਤ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ।

ਪਿਛਲੀ ਤਿਮਾਹੀ ਵਿੱਚ, ਜੀਡੀਪੀ ਵਿੱਚ ਲਗਭਗ 24 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਆਈ ਸੀ। ਜੀਡੀਪੀ ਦਾ ਇਹ ਅੰਕੜਾ ਸੰਪੂਰਨ ਲੌਕਡਾਊਨ ਤੋਂ ਬਾਅਦ ਆਇਆ ਸੀ।

ਮੌਜੂਦਾ ਤਿਮਾਹੀ ਵਿੱਚ ਉਦਯੋਗ ਖੇਤਰ ਵਿੱਚ 2.1 ਪ੍ਰਤੀਸ਼ਤ, ਮਾਈਨਿੰਗ ਖੇਤਰ ਵਿੱਚ 9.1 ਅਤੇ ਨਿਰਮਾਣ ਖੇਤਰ ਵਿੱਚ 8.6 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।

ਹਾਲਾਂਕਿ, ਖੇਤੀਬਾੜੀ ਸੈਕਟਰ ਅਤੇ ਨਿਰਮਾਣ ਖੇਤਰ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ ਹੈ। ਖੇਤੀਬਾੜੀ ਸੈਕਟਰ ਵਿੱਚ 3.4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਨਿਰਮਾਣ ਖੇਤਰ ਵਿੱਚ 0.6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਜੰਮੂ-ਕਸ਼ਮੀਰ 'ਚ ਚੋਣਾਂ ਅੱਜ, ਧਾਰਾ 370 ਹੱਟਣ ਤੋਂ ਬਾਅਦ ਪਹਿਲੀ ਵੋਟਿੰਗ

ਧਾਰਾ 370 ਹਟਾਏ ਜਾਣ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਅੱਜ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ।

ਕੋਰੋਨਾ, ਅੱਤਵਾਦ ਅਤੇ ਠੰਡ ਦੀਆਂ ਚੁਣੌਤੀਆਂ ਦੇ ਵਿਚਕਾਰ, ਜਮਹੂਰੀਅਤ ਦਾ ਇਹ ਤਿਉਹਾਰ ਜੰਮੂ-ਕਸ਼ਮੀਰ ਦੇ ਲੋਕਾਂ ਲਈ ਕਈ ਤਰੀਕਿਆਂ ਨਾਲ ਮਹੱਤਵਪੂਰਨ ਹੈ।

ਬਿਜ਼ਨੇਸ ਸਟੈਂਡਰਡ ਦੀ ਖ਼ਬਰ ਮੁਤਾਬ਼ਕ, ਵੋਟਿੰਗ ਦਾ ਪਹਿਲਾ ਪੜਾਅ ਸ਼ੁਰੂ ਹੋ ਚੁੱਕਿਆ ਹੈ। ਇਹ ਦੁਪਹਿਰ 2 ਵਜੇ ਤੱਕ ਰਹੇਗਾ।

ਇਨ੍ਹਾਂ 7 ਘੰਟਿਆਂ ਵਿੱਚ ਵੋਟਰ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੀਆਂ 43 ਸੀਟਾਂ ਲਈ 296 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ ਵਿਚੋਂ 25 ਸੀਟਾਂ ਕਸ਼ਮੀਰ ਵਿਚ ਅਤੇ 18 ਜੰਮੂ ਵਿਚ ਹਨ।

ਪੰਚ ਅਤੇ ਸਰਪੰਚ ਲਈ ਉਪ ਚੋਣਾਂ ਲਈ ਕੁੱਲ 1179 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 899 ਪੰਚ ਅਤੇ 280 ਉਮੀਦਵਾਰ ਸਰਪੰਚ ਦੇ ਅਹੁਦੇ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਇਸ ਤੋਂ ਇਲਾਵਾ 16 ਵਾਰਡਾਂ ਦੀਆਂ ਚੋਣਾਂ ਵੀ ਹੋਣੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)