ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਬਾਰੇ ਪੰਜਾਬੀ ਫਿਲਮ ਜਗਤ ਦੇ ਸਿਤਾਰਿਆਂ ਨੇ ਕੀ ਕਿਹਾ

"ਇਹ ਦੇਖ ਕੇ ਮੇਰਾ ਦਿਲ ਰੋਂਦਾ ਹੈ। ਕਿਸੇ ਚਮਤਕਾਰ ਲਈ ਅਰਦਾਸ ਕਰਦੀ ਹਾਂ।"

ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੇ ਜਾਣ ਦੀਆਂ ਕੁਝ ਤਸਵੀਰਾਂ ਇੰਸਟਾਗਰਾਮ 'ਤੇ ਪੋਸਟ ਕਰਨ ਦੇ ਨਾਲ ਇਹ ਲਿਖਦਿਆਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਦੁਖ ਜਤਾਇਆ ਹੈ।

26-27 ਨਵੰਬਰ ਦੇ ਕਿਸਾਨਾਂ ਦੇ ਦਿੱਲੀ ਚਲੋ ਸੱਦੇ ’ਤੇ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਦੇ ਦਿੱਲੀ ਪਹੁੰਚਣ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ।

ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ, ਪਾਣੀ ਦੀਆਂ ਬੁਛਾੜਾਂ ਹੋਈਆਂ ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ’ਤੇ ਪੰਜਾਬੀ ਫਿਲਮ ਜਗਤ ਦੀਆਂ ਹਸਤੀਆਂ ਨੇ ਪ੍ਰਤੀਕਿਰਿਆ ਦਿੱਤੀ ਹੈ।

ਇਸੇ ਤਰ੍ਹਾਂ ਪੰਜਾਬੀ ਫ਼ਿਲਮ ਜਗਤ ਦੀਆਂ ਹਸਤੀਆਂ ਨੇ ਕਿਸਾਨਾਂ ਦੀ ਹਿਮਾਇਤ ਵਿੱਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਹਾਲਾਂਕਿ ਕਈ ਸਿਤਾਰਿਆਂ ਨੇ ਇੱਕੋ ਹੀ ਤਸਵੀਰ ਸਾਂਝੀ ਕੀਤੀ ਹੈ।

ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਨੇ ਬੈਰੀਕੇਡਿੰਗ ਅਤੇ ਪਾਣੀ ਦੀਆਂ ਬੁਛਾੜਾਂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਇੰਸਟਾਗ੍ਰਾਮ 'ਤੇ ਲਿਖਿਆ, "ਬਾਬਾ ਭਲੀ ਕਰੇ, ਅੰਗ-ਸੰਗ ਸਹਾਈ ਹੋਵੇ।"

ਇਹ ਵੀ ਪੜ੍ਹੋ:

ਗਾਇਕਾ ਅਨਮੋਲ ਗਗਨ ਮਾਨ ਤਾਂ ਖੁਦ ਕਿਸਾਨਾਂ ਦੀ ਇਸ ਰੈਲੀ ਵਿੱਚ ਟਰੈਕਟਰ 'ਤੇ ਸਵਾਰ ਹੋ ਕੇ ਸ਼ਾਮਿਲ ਹੋਈ ਹੈ। ਉਨ੍ਹਾਂ ਨੇ ਇਸ ਦੀ ਇੱਕ ਵੀਡੀਓ ਅਤੇ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।

ਅਨਮੋਲ ਗਗਨ ਨੇ ਕਿਹਾ ਕਿ 'ਦਿੱਲੀ ਫ਼ਤਿਹ ਕਰਾਂਗੇ।'

ਅਦਾਕਾਰ ਸਿੰਮੀ ਚਾਹਲ ਨੇ ਵੀ ਇੰਸਟਾਗ੍ਰਾਮ ਸਟੋਰੀ 'ਤੇ ਕਿਸਾਨਾਂ ਦੇ ਦਿੱਲੀ ਚਲੋ ਮੁਹਿੰਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਕਿਸਾਨਾਂ ਦੀ ਹਿਮਾਇਤ ਵਿੱਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਉਨ੍ਹਾਂ ਇੰਸਟਾਗ੍ਰਾਮ 'ਤੇ ਲਿਖਿਆ, "ਚਿੜੀਆਂ ਨਾਲ ਮੈਂ ਬਾਜ ਲੜਾਵਾਂ..."

ਅਦਾਕਾਰਾ ਸਰਗੁਨ ਮਹਿਤਾ ਨੇ ਕਿਸਾਨਾਂ ਦੀ ਇੱਕ ਤਸਵੀਰ ਨਾਲ ਐਮੀ ਵਿਰਕ ਦੀ ਪੋਸਟ ਸਾਂਝੀ ਕੀਤੀ, "ਨਿਸ਼ਚੇ ਕਰ ਅਪਣੀ ਜੀਤ ਕਰੋ।"

ਅਦਾਕਾਰਾ ਨੀਰੂ ਬਾਜਵਾ ਨੇ ਵੀ ਕਿਸਾਨਾਂ ਦੀ ਹਿਮਾਇਤ ਵਿੱਚ ਲਿਖਿਆ, "ਨਿਸ਼ਚੇ ਕਰ ਅਪਣੀ ਜੀਤ ਕਰੋ।"

ਗਾਇਕਾ ਸੁਨੰਦਾ ਸ਼ਰਮਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਪੋਸਟ ਕੀਤਾ, "ਪੰਜੇ ਉੰਗਲਾਂ ਦੀ ਮੁੱਠੀ ਤਖ਼ਤ ਵੀ ਹਿਲਾ ਸਕਦੀ ਹੈ ਤੇ ਹੱਕ ਵੀ ਦਿਵਾ ਸਕਦੀ ਹੈ।"

ਗਾਇਕ ਅਮਰਿੰਦਰ ਗਿੱਲ ਨੇ ਕਿਸਾਨਾਂ ਦੀ ਇੱਕ ਤਸਵੀਰ ਸਾਂਝੀ ਕੀਤੀ।

ਗਾਇਕ ਹਾਰਡੀ ਸੰਧੂ ਨੇ ਬੈਰੀਕੇਡਿੰਗ ਤੇ ਪਾਣੀ ਦੀਆਂ ਬੁਛਾੜਾਂ ਵਾਲੀ ਤਸਵੀਰ ਨਾਲ ਲਿਖਿਆ, 'ਕਿਸਾਨ ਜ਼ਿੰਦਾਬਾਦ'।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)