ਬਿਹਾਰ ਚੋਣ ਨਤੀਜੇ: ਬਦਹਾਲੀ 'ਚ ਲੱਖਾਂ ਮਜ਼ਦੂਰਾਂ ਦੀ ਵਾਪਸੀ ਤੋਂ ਬਾਅਦ ਵੀ ਭਾਜਪਾ ਦੀ ਜਿੱਤ ਦੇ ਕੀ ਕਾਰਨ ਹਨ

ਨੀਤੀਸ਼,ਮੋਦੀ ਅਤੇ ਉਧਵ ਠਾਕਰੇ

ਤਸਵੀਰ ਸਰੋਤ, Getty Images

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਨੇ ਜਿੱਤ ਹਾਸਿਲ ਕੀਤੀ ਹੈ। ਇਨ੍ਹਾਂ ਚੋਣਾਂ ਦਾ ਕੌਮੀ ਸਿਆਸਤ ਤੇ ਕੀ ਅਸਰ ਰਹੇਗਾ ਤੇ ਕਿਹੜੀ ਤੇ ਕੌਣ ਸਭ ਤੋਂ ਵੱਡਾ ਖਿਡਾਰੀ ਉਭਰਿਆ?

ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮੁਹੰਮਦ ਖ਼ਾਲਿਦ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਇਨ੍ਹਾਂ ਚੋਣਾਂ ਦਾ ਕੌਮੀ ਸਿਆਸਤ 'ਤੇ ਕੀ ਅਸਰ ਰਹੇਗਾ?

ਇਨ੍ਹਾਂ ਚੋਣਾਂ ਨਾਲ ਲੋਕ ਸਭਾ ਜਾਂ ਰਾਜ ਸਭਾ ਦੇ ਸਮੀਕਰਨਾਂ ਵਿੱਚ ਤਾਂ ਕੋਈ ਫ਼ਰਕ ਨਹੀਂ ਪਵੇਗਾ, ਪਰ ਇੱਕ ਚੀਜ਼ ਉੱਭਰ ਕੇ ਸਾਹਮਣੇ ਆਈ ਹੈ ਕਿ ਨਰਿੰਦਰ ਮੋਦੀ ਹਾਲੇ ਵੀ ਟੌਪ ਮੋਸਟ ਲੀਡਰ ਹਨ ਜੋ ਭਾਜਪਾ ਵਾਸਤੇ ਵੋਟ ਕੈਚ ਕਰਦੇ ਹਨ।

ਇਨ੍ਹਾਂ ਚੋਣਾਂ ਵਿੱਚ ਜੇ ਆਪਾਂ ਦੇਖੀਏ ਕਿ ਸੱਤਾ ਵਿਰੋਧੀ ਭਾਵਨਾ ਜ਼ਿਆਦਾ ਨਿਤੀਸ਼ ਦੇ ਉਲਟ ਦਿਖ ਰਹੀ ਹੈ, ਜਿਸ ਦੀਆਂ ਕਿ ਸੀਟਾਂ ਬਹੁਤ ਥੱਲੇ ਚਲੀਆਂ ਗਈਆਂ ਹਨ।

ਅਸੀਂ ਇਹ ਸੋਚ ਰਹੇ ਸੀ ਕਿ ਪ੍ਰਵਾਸੀ ਮਜ਼ਦੂਰ ਬਹੁਤ ਹੀ ਤਸੀਹੇ ਝੱਲ ਕੇ ਬਿਹਾਰ ਪਹੁੰਚੇ ਸਨ। ਬਿਹਾਰ ਵਿੱਚ ਸੱਤ ਤੋਂ ਅੱਠ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿੱਚ ਇੱਕ ਤੋਂ ਸਵਾ ਲੱਖ ਬੰਦਾ ਦੇਸ਼ ਦੇ ਵੱਖੋ-ਵੱਖ ਹਿੱਸਿਆਂ ਤੋਂ ਉੱਜੜ ਕੇ ਬਿਹਾਰ ਆਇਆ ਹੈ। ਤਾਂ ਅਸੀਂ ਸੋਚਿਆ ਕਿ ਹਰ ਘਰ ਦੇ ਵਿੱਚ ਇੱਕ ਅਜਿਹਾ ਮਜ਼ਦੂਰ ਹੋਵੇਗਾ ਅਤੇ ਜਦੋਂ ਉਹ ਆਪਣੀ ਕਹਾਣੀ ਸੁਣਾਏਗਾ ਤਾਂ ਉਸ ਦਾ ਅਸਰ ਭਾਜਪਾ ਦੀ ਵੋਟ ਉੱਪਰ ਪਵੇਗਾ।

ਲੇਕਿਨ ਵਾਪਸ ਪਹੁੰਚਨ ਤੋਂ ਬਾਅਦ ਉਸ ਨੂੰ ਰਾਸ਼ਨ ਪਾਣੀ ਮਿਲ ਗਿਆ ਤੇ ਉਸ ਨੇ ਆਪਣੇ ਉਜਾੜੇ ਦਾ ਗੁੱਸਾ ਨਿਤੀਸ਼ ਕੁਮਾਰ ਤੇ ਉਨ੍ਹਾਂ ਦੀ ਪਾਰਟੀ 'ਤੇ ਕੱਢਿਆ।

ਹੁਣ ਅਸੀਂ ਇਹ ਦੇਖ ਰਹੇ ਹਾਂ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਐੱਨਡੀਏ ਦੀ ਵੋਟ ਫ਼ੀਸਦ 5-5.8 ਫ਼ੀਸਦੀ ਘਟੀ ਹੈ। ਜਦਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਐਨਡੀਏ ਦਾ ਵੋਟ ਸ਼ੇਅਰ 12 ਫ਼ੀਸਦੀ ਘਟਿਆ ਹੈ।

ਇਸ ਦਾ ਮਤਲਬ ਇਹ ਹੋਇਆ ਕਿ ਉਸ ਖ਼ਿਲਾਫ ਰੋਸ ਤਾਂ ਹੈ ਪਰ ਉਸ ਦਾ ਸਭ ਤੋਂ ਜ਼ਿਆਦਾ ਭੁਗਤਾਨ ਸਮਝ ਲਓ ਨਿਤੀਸ਼ ਕੁਮਾਰ ਨੇ ਕੀਤਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦੇਖੋ 30-31 ਸਾਲ ਦੀ ਉਮਰ ਵਿੱਚ ਜੇ ਤੁਸੀਂ ਪੰਜ ਸਾਲਾਂ ਦੇ ਵਿੱਚ ਇਸ ਥਾਂ 'ਤੇ ਪਹੁੰਚ ਸਕਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਸਿਆਸੀ ਭਵਿੱਖ ਬਿਹਾਰ ਦਾ ਹੈ।

ਤੇਜਸਵੀ ਨੂੰ ਦੋ ਤਿੰਨ ਚੀਜ਼ਾਂ ਉੱਪਰ ਬਦਨਾਮ ਕੀਤਾ ਗਿਆ ਕਿ ਇਹ ਜੰਗਲ ਰਾਜ ਦਾ ਯੁਵਰਾਜ ਹੈ। ਦੂਜੀ ਗੱਲ ਜੇ ਤੁਸੀਂ ਜੰਗਲ ਰਾਜ ਤੁਸੀਂ ਦੋਬਾਰਾ ਲੈ ਕੇ ਆਉਣਾ ਹੈ ਤਾਂ ਤੇਜਸਵੀ ਨੂੰ ਵੋਟ ਪਾ ਦਿਓ। ਇਸ ਨਾਲ ਕੁਝ ਫਰਕ ਪਿਆ ਵੀ ਹੈ, ਖ਼ਾਸ ਕਰ ਕੇ ਆਖ਼ਰੀ ਗੇੜ ਦੀਆਂ ਵੋਟਾਂ ਵਿੱਚ। ਹਾਲਾਂਕਿ ਪਹਿਲਾਂ ਇਹੀ ਲਗਦਾ ਸੀ ਕਿ ਉਹ ਚੰਗੀਆਂ ਸੀਟਾਂ ਲੈ ਜਾਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਕਈ ਰੈਲੀਆਂ ਕੀਤੀਆਂ ਤੇ ਕਿਹਾ ਕਿ ਜੰਗਲ ਰਾਜ ਦੇ ਦੋ ਯੁਵਰਾਜ।

ਇਨ੍ਹਾਂ ਚੋਣਾਂ ਤੋਂ ਕੀ ਸੰਕੇਤ ਮਿਲਿਆ ਤੇ ਕੌ ਸਭ ਤੋਂ ਵੱਡਾ ਖਿਡਾਰੀ ਉਭਰਿਆ?

ਤੇਜਸਵੀ ਯਾਦਵ ਬਿਨਾਂ ਆਪਣੇ ਬਾਪ ਦੀ ਛਤਰਛਾਇਆ ਤੋਂ ਹੀ ਇੰਨੀ ਛੋਟੀ ਉਮਰ (31 ਸਾਲ) ਦੇ ਵਿੱਚ ਹੀ ਮਹੱਤਵਪੂਰਨ ਅਤੇ ਸੂਝਵਾਨ ਲੀਡਰ ਬਣ ਕੇ ਉੱਭਰੇ ਹਨ ਜਿਨ੍ਹਾਂ ਨੂੰ ਲੋਕਾਂ ਦੀ ਨਬਜ਼ ਫੜ੍ਹਨੀ ਆਉਂਦੀ ਹੈ। ਜਿਵੇਂ ਕਿ ਬੇਰੁਜ਼ਗਾਰੀ ਦਾ ਮੁੱਦਾ ਉਨ੍ਹਾਂ ਨੇ ਚੁੱਕ ਲਿਆ।

ਦੂਜੀ ਗੱਲ, ਜਿਸ ਤਰ੍ਹਾਂ ਕਿ ਮਹਾਰਾਸ਼ਟਰ ਵਿੱਚ ਹੋਇਆ ਹੈ ਕਿ ਭਾਜਪਾ ਜੂਨੀਅਰ ਪਾਰਟਨਰ ਤੋਂ ਸੀਨੀਅਰ ਬਣ ਗਈ ਅਤੇ ਉਸ ਨੂੰ (ਸ਼ਿਵ ਸੈਨਾ) ਅੱਖਾਂ ਦਿਖਾਉਣ ਲੱਗ ਪਈ। ਅਜਿਹੀ ਹੀ ਸਥਿਤੀ ਹੋ ਸਕਦਾ ਹੈ ਕਿ ਬਿਹਾਰ ਵਿੱਚ ਵੀ ਹੋਵੇ।

ਆਉਣ ਵਾਲੇ ਦਿਨਾਂ ਵਿੱਚ ਜੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਜਬੂਰੀਵੱਸ ਸਿਆਸਤ ਵਿੱਚ ਬਹੁਤ ਜ਼ਿਆਦਾ ਥਾਂ ਭਾਜਪਾ ਨੂੰ ਦੇਣੀ ਪਵੇਗੀ। ਉਨ੍ਹਾਂ ਕੋਲ ਸੀਟਾਂ ਬਹੁਤ ਘੱਟ ਹਨ।

ਉਨ੍ਹਾਂ ਕੋਲ ਦੋ ਹੀ ਚੀਜ਼ਾਂ ਹੋਣਗੀਆਂ ਜਾਂ ਤਾਂ ਨਿਤੀਸ਼ ਤੇਜਸਵੀ ਯਾਦਵ ਨਾਲ ਜਾ ਰਲਣ, ਜਿਵੇਂ ਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ (ਜਿਵੇਂ ਸ਼ਿਵ ਸੈਨਾ ਨੇ ਐੱਨਸੀਪੀ ਨਾਲ ਹੱਥ ਸਿਲਾਇਆ)। ਦੂਸਰੇ ਜੇ ਉਹ ਮੁੱਖ ਮੰਤਰੀ ਤਾਂ ਬਣੇ ਰਹਿਣ ਪਰ ਭਾਜਪਾ ਦੇ ਥੱਲੇ ਲੱਗੇ ਰਹਿਣਾ ਪਵੇਗਾ।

ਤੀਜੀ ਗੱਲ ਇਨ੍ਹਾਂ ਚੋਣਾਂ ਵਿੱਚ ਇੱਕ ਗੈਰ-ਬਿਹਾਰੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ- ਉਹ ਹੈ, ਉਵੈਸੀ ਦੀ ਐੱਮਏਆਈਐੱਮਐੱਮ।

ਉਵੈਸੀ ਦੀ ਪਾਰਟੀ ਦੀਆਂ 5 ਸੀਟਾਂ ਲੈ ਜਾਣ ਦਾ ਮਤਲਬ ਹੈ ਕਿ ਬਿਹਾਰ ਵਿੱਚ ਇੱਕ ਵੱਖਰੀ ਕਿਸਮ ਦੀ ਸਿਆਸਤ ਉੱਭਰੇਗੀ ਜੋ ਕਿ ਜਾਤੀਗਤ ਨਹੀਂ ਸਗੋਂ ਧਰਮ ਅਧਾਰਿਤ ਹੈ।

ਕਿਉਂਕਿ ਓਵੈਸੀ ਸਿੱਧਮ-ਸਿੱਧਾ ਮੁਸਲਿਮ ਵੋਟਰ ਨੂੰ ਖਿਚਦੇ ਹਨ। ਕਿਸ਼ਨਗੰਜ ਵਰਗੇ ਇਲਾਕਿਆਂ ਵਿੱਚ ਜਿਸ ਕਿਸਮ ਦਾ ਇਕੱਠ ਓਵੈਸੀ ਨੂੰ ਸੁਣਨ ਪਹੁੰਚਿਆ ਉਸ ਤੋਂ ਲੱਗ ਰਿਹਾ ਸੀ ਕਿ ਓਵੈਸੀ ਕੁਝ ਕਰਨਗੇ।

ਭਾਜਪਾ ਕਿਉਂ ਉਭਰੀ ਤੇ ਕਿਉਂ ਪੱਛੜ ਗਏ ਨਿਤੀਸ਼?

ਭਾਜਪਾ ਵੱਲੋਂ ਯੋਗੀ ਆਦਿਤਿਆਨਾਥ ਨੂੰ ਉੱਥੇ ਲੈ ਕੇ ਜਾਣਾ ਤੇ ਉਹ ਗੱਲਾਂ ਕਰਨੀਆਂ ਜਿਸ ਨਾਲ ਧਰੁਵੀਕਰਣ ਹੁੰਦਾ ਹੈ ਜਿਵੇਂ ਟ੍ਰਿਪਲ ਤਲਾਕ, ਧਾਰਾ 370 ਹਟਾਉਣ ਬਾਰੇ ਗੱਲ ਕਰਨੀ, ਇਹ ਸਭ ਬੀਜੇਪੀ ਆਰਐੱਸਐੱਸ ਦੇ ਕੋਰ ਵੋਟਰ ਨੂੰ ਇਹ ਦਸਦਾ ਹੈ ਕਿ ਜੇ ਅਸੀਂ ਆਏ ਤਾਂ ਇਹ ਸਾਰਾ ਕੁਝ ਕਰ ਸਕੇ ਇਸ ਲਈ ਸਾਨੂੰ ਵੋਟ ਪਾਓ।

ਇਹ ਵੀ ਪੜ੍ਹੋ:-

ਦੂਜੇ ਪਾਸੇ ਨਿਤੀਸ਼ ਨੂੰ ਉਨ੍ਹਾਂ ਨੇ ਆਪਣੇ ਨਾਲ ਤਾਂ ਰੱਖਿਆ ਕਿਉਂਕਿ ਉਹ ਕਾਫ਼ੀ ਕੰਮ ਮੁਸਲਿਮ ਕੇਂਦਰਿਤ ਵੀ ਕਰਦੇ ਰਹੇ ਹਨ।

ਐੱਨਆਰਸੀ ਵੇਲੇ ਵੀ ਬਿਹਾਰ ਵਿਧਾਨ ਸਭਾ ਨੇ ਇਸ ਦੇ ਖ਼ਿਲਾਫ਼ ਮਤਾ ਪਾਸ ਕੀਤਾ ਸੀ। ਹਾਲਾਂਕਿ ਉਹ ਐੱਨਡੀਏ ਦੇ ਨਾਲ ਸਨ।

ਭਾਜਪਾ ਚਾਹੁੰਦੀ ਸੀ ਕਿ ਨਿਤੀਸ਼ ਨੂੰ ਨਾਲ ਰੱਖਿਆ ਜਾਵੇ ਅਤੇ ਉਨ੍ਹਾਂ ਦੀਆਂ ਖਿੱਚੀਆਂ ਵੋਟਾਂ ਦਾ ਫ਼ਾਇਦਾ ਐੱਨਡੀਏ ਨੂੰ ਮਿਲੇਗਾ।

ਲੇਕਿਨ ਹੋਇਆ ਇਸ ਦਾ ਕੁਝ ਉਲਟ ਹੈ ਕਿ ਭਾਜਪਾ, ਨਿਤੀਸ਼ ਤੋਂ ਕਿਤੇ ਅੱਗੇ ਲੰਘ ਗਈ ਹੈ। ਇਸ ਤੋਂ ਬਾਅਦ ਨਿਤੀਸ਼ ਸ਼ਸ਼ੋਪੰਜ ਵਿੱਚ ਹੋਣਗੇ ਕਿ ਇਸ ਸਥਿਤੀ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਕੀ ਹੋਵੇਗੀ?

ਖੱਬੇ ਪੱਖੀ ਧਿਰਾਂ ਦੇ ਉਭਾਰ ਦੇ ਕੀ ਕਾਰਨ ਹਨ?

ਖੱਬੇ ਪੱਖੀ

ਤਸਵੀਰ ਸਰੋਤ, ARUN SANKAR

ਤਿੰਨੇ ਖੱਬੇ ਪੱਖੀ ਪਾਰਟੀਆਂ ਵਿੱਚੋਂ ਰੁਝਾਨਾਂ ਮੁਤਾਬਕ ਸੀਪੀਆਈ-ਐੱਮ-ਐੱਲ ਕਾਫ਼ੀ ਅੱਗੇ ਹੈ।

ਬਿਹਾਰ ਦਾ ਖੇਤਰ ਪਹਿਲਾਂ ਤੋਂ ਹੀ ਸੀਪੀਆਈ-ਐੱਮ-ਐੱਲ ਤੋਂ ਕਾਫ਼ੀ ਜ਼ਿਆਦਾ ਪ੍ਰਭਾਵਿਤ ਰਿਹਾ ਹੈ। ਬਿਹਾਰ ਵਿੱਚ ਨਕਸਲਬਾੜੀ ਲਹਿਰ ਵੀ ਬਿਹਾਰ ਵਿੱਚ ਸਰਗਰਮ ਰਹੀ ਹੈ।

ਨੈਸ਼ਨਲ ਸੀਨ ਵਿੱਚ ਅਜਿਹਾ ਲਗਦਾ ਸੀ ਕਿ ਸੀਪੀਆਈ ਅਤੇ ਸੀਪੀਆਈ-ਐੱਮ ਕਿਤੇ ਗਾਇਬ ਹੁੰਦੀਆਂ ਜਾ ਰਹੀਆਂ ਹਨ। ਲੇਕਿਨ ਇਹ ਬਿਲਕੁਲ ਇੱਕ ਵੱਖਰੇ ਕਿਸਮ ਦਾ ਫ਼ਤਵਾ ਸੀਪੀਆਈ-ਐੱਮ-ਐੱਲ ਨੂੰ ਮਿਲਿਆ ਹੈ।

ਜਿਸ ਕਾਰਨ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਸੀਟਾਂ ਉੱਪਰ ਵੀ ਚੋਣਾਂ ਲੜਨ।

ਇੱਕ ਗੱਲ ਹੋਰ ਚਿਰਾਗ ਪਾਸਵਾਨ ਨੇ ਜ਼ਿਆਦਾ ਨੁਕਸਾਨ ਜੇਡੀ-ਯੂ ਦਾ ਕੀਤਾ ਹੈ। ਚਿਰਾਗ ਪਾਸਵਾਨ ਇੱਕ ਵੋਟ-ਕਟੂਆ ਬਣ ਗਏ ਹਨ।

ਮੋਦੀ ਤੇ ਮਮਤਾ

ਤਸਵੀਰ ਸਰੋਤ, Sanajy das/bbc

ਬਿਹਾਰ ਚੋਣਾਂ ਦੇ ਨਤੀਜੇ ਪੱਛਮੀ ਬੰਗਾਲ ਦੀਆਂ ਚੋਣਾਂ ਉੱਪਰ ਅਸਰ ਪਾਉਣਗੇ?

ਪੱਛਮੀ ਬੰਗਾਲ ਵਿੱਚ ਜਾ ਕੇ ਸਥਾਨਕ ਲੀਡਰਸ਼ਿਪ ਨੂੰ ਚੁਣੌਤੀ ਦੇਣਾ ਕਿਸੇ ਲੀਡਰ ਲਈ ਬੜੀ ਮੁਸ਼ਕਲ ਗੱਲ ਹੈ, ਪਰ ਭਾਜਪਾ ਉੱਥੇ ਵੀ ਵੋਟਰਾਂ ਦਾ ਧਰੁਵੀਕਰਣ ਕਰਨ ਦੀ ਕੋਸ਼ਿਸ਼ ਕਰੇਗੀ।

ਇਸ ਦੀ ਵਜ੍ਹਾ ਹੈ ਕਿ ਜੇ ਕਿਸੇ ਸੂਬੇ ਵਿੱਚ ਜੰਮੂ-ਕਸ਼ਮੀਰ ਤੋਂ ਬਾਅਦ ਸਭ ਤੋਂ ਜ਼ਿਆਦਾ ਮੁਸਲਿਮ ਵਸੋਂ ਕਿਤੇ ਹੈ ਤਾਂ ਉਹ ਹੈ- ਪੱਛਮੀ ਬੰਗਾਲ ਹੈ, ਲਗਭਗ 25 ਫ਼ੀਸਦੀ।

ਇਸ ਲਈ ਜਿਵੇਂ ਇਨ੍ਹਾਂ ਨੇ ਕੌਮੀ ਪੱਧਰ 'ਤੇ ਇੱਕ ਸੰਵਾਦ ਸਿਰਜਿਆ ਕਿ ਕਾਂਗਰਸ ਮੁਸਲਮਾਨਾਂ ਦਾ ਤੁਸ਼ਟੀਕਰਣ ਕਰਦੀ ਹੈ, ਉਸੇ ਤਰ੍ਹਾਂ ਇਹ ਕਹਿ ਰਹੇ ਹਨ ਕਿ ਮਮਤਾ ਬੈਨਰਜੀ ਮੁਸਲਮਾਨਾਂ ਦਾ ਤੁਸ਼ਟੀਕਰਣ ਕਰ ਰਹੇ ਹਨ।

ਉਸ ਧਰੁਵੀਕਰਣ ਦਾ ਅਸਰ ਪੱਛਮੀ ਬੰਗਾਲ ਦੀਆਂ ਵੋਟਾਂ ਉੱਪਰ ਪਏਗਾ ਪਰ ਬਹੁਤੀ ਸੌਖੀ ਜਿੱਤ ਜਾਂ ਕੇਕ ਵਾਕ ਨਹੀਂ ਹੋਵੇਗੀ।

ਖੇਤੀ ਬਿਲਾਂ ਖ਼ਿਲਾਫ਼ ਕਿਸਾਨਾਂ ਵਿੱਚ ਰੋਹ ਸਮੁੱਚੇ ਦੇਸ਼ ਵਿੱਚ ਹੈ।

ਇਸ ਲਈ ਜੇ ਬਿਹਾਰ ਵਿੱਚ ਐੱਨਡੀਏ ਦੀ ਵੋਟ ਇੱਕ ਸਾਲ ਵਿੱਚ 12 ਫ਼ੀਸਦੀ ਡਿੱਗ ਸਕਦੀ ਹੈ ਤਾਂ ਇਸ ਦਾ ਅਸਰ ਗੁਆਂਢੀ ਸੂਬੇ ਉੱਪਰ ਵੀ ਪੈਣਾ ਲਾਜ਼ਮੀ ਹੈ।

ਮੋਦੀ, ਸ਼ਾਹ ਤੇ ਨੱਢਾ ਦਾ ਪੋਸਟਰ

ਤਸਵੀਰ ਸਰੋਤ, TWITTER@BJP4DELHI

ਕੀ ਭਾਜਪਾ ਜੋੜੀਦਾਰ ਪਾਰਟੀ ਉੱਪਰ ਭਾਰੂ ਪੈ ਗਈ?

ਇੱਕ ਗੱਲ ਤਾਂ ਸਾਫ਼ ਹੈ ਕਿ ਭਾਜਪਾ ਉਨ੍ਹਾਂ ਸੂਬਿਆਂ ਵਿੱਚ ਵੀ ਮਜ਼ਬੂਤ ਹੋ ਕੇ ਉਭਰ ਰਹੀ ਹੈ ਜਿੱਥੇ ਖੇਤਰੀ ਪਾਰਟੀਆਂ ਮੌਜੂਦ ਹਨ।

ਜਿਵੇਂ ਕਿਸੇ ਸਮੇਂ ਕਾਂਗਰਸ ਖੇਤਰੀ ਸਿਆਸੀ ਪਾਰਟੀਆਂ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਸੀ। ਉਹੀ ਕੰਮ ਹੁਣ ਭਾਜਪਾ ਕਰ ਰਹੀ ਹੈ।

ਅਕਾਲੀ ਦਲ ਦਾ ਹਾਲ ਦੇਖ ਲਓ, ਸ਼ਿਵ ਸੇਨਾ ਦਾ ਹਾਲ ਦੇਖ ਲਓ। ਜਿਹੜੀ ਵੀ ਖੇਤਰੀ ਪਾਰਟੀ ਭਾਜਪਾ ਨਾਲ ਮਿਲ ਕੇ ਚੋਣਾਂ ਲੜਦੀ ਹੈ, ਉਹ ਆਪਣਾ ਵਜੂਦ ਖ਼ਤਮ ਕਰ ਲੈਂਦੀ ਹੈ ਪਰ ਭਾਜਪਾ ਉਸ ਦੇ ਸਿਰ ਉੱਪਰ ਮਜ਼ਬੂਤ ਹੋ ਰਹੀ ਹੈ।

ਜਿਵੇਂ ਅਸੀਂ ਦੇਖਦੇ ਹਾਂ ਕਿ ਕਿਵੇਂ ਅਮਿਤ ਸ਼ਾਹ ਤੇ ਮੋਦੀ ਗੁਜਰਾਤ ਵਿੱਚੋਂ ਨਿਕਲੇ ਅਤੇ ਕਿਵੇਂ ਭਾਜਪਾ ਇੱਕ ਸਿਆਸੀ ਪਾਰਟੀ ਵਜੋਂ ਹੇਠਾਂ ਵੱਲ ਗਈ ਹੈ ਅਤੇ ਦੋ-ਤਿੰਨ ਬੰਦੇ ਮੁੱਖ ਹਨ।

ਜਿਵੇਂ ਇੰਦਰਾ ਗਾਂਧੀ ਵੇਲੇ ਕਿਹਾ ਜਾਂਦਾ ਸੀ ਕਿ 'ਇੰਦਰਾ ਇਜ਼ ਦਾ ਓਨਲੀ ਮੈਨ ਇਨ ਦਾ ਕੈਬਨਿਟ' ਤਾਂ ਉਹੀ ਹਾਲ ਹੁਣ ਭਾਜਪਾ ਦਾ ਹੈ।

ਭਾਵੇਂ ਪਾਰਟੀ ਹੋਵੇ ਤੇ ਭਾਵੇਂ ਕੈਬਨਿਟ, ਜੋ ਲਿਖ ਕੇ ਆ ਜਾਵੇ ਉਹੀ ਕਰ ਲਿਆ ਜਾਂਦਾ ਹੈ। ਜੇ ਕਿਹਾ ਜਾਵੇ ਕਿ ਕੋਈ ਤੰਦਰੁਸਤ ਡੀਬੇਟ ਉੱਥੇ ਹੁੰਦੀ ਹੈ, ਅਜਿਹਾ ਨਹੀਂ ਹੈ।

ਤੇਜਸਵੀ ਯਾਦਵ ਅਤੇ ਰਾਹੁਲ ਗਾਂਧੀ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਕਾਂਗਰਸ ਖ਼ੁਦ ਨੂੰ ਧਰਮ ਨਿਰਪੱਖ ਪਾਰਟੀ ਵਜੋਂ ਪੇਸ਼ ਕਰਦੀ ਰਹੀ ਹੈ ਅਤੇ ਜਿੱਥੇ ਵੋਟਰਾਂ ਕੋਲ ਅਜਿਹੀਆਂ ਪਾਰਟੀਆਂ ਦਾ ਬਦਲ ਹੈ, ਉਨਾਂ ਸੂਬਿਆਂ ਵਿੱਚ ਕਾਂਗਰਸ ਕਮਜ਼ੋਰ ਹੁੰਦੀ ਰਹੀ ਹੈ।

ਇਨ੍ਹਾਂ ਚੋਣਾਂ ਤੋਂ ਬਾਅਦ ਕਾਂਗਰਸ ਨੂੰ ਕੀ ਸੁਨੇਹਾ ਮਿਲਦਾ ਹੈ?

2015 ਦੀਆਂ ਚੋਣਾਂ ਵੀ ਮਹਾਗਠਬੰਧਨ ਨੇ ਲੜੀਆਂ ਸਨ। ਉਸ ਵਿੱਚ ਆਰਜੇਡੀ ਸੀ, ਕਾਂਗਰਸ ਸੀ ਅਤੇ ਨਿਤੀਸ਼ ਕੁਮਾਰ ਸਨ, ਭਾਜਪਾ ਨਹੀਂ ਸੀ।

ਇਸ ਵਾਰ ਵੀ ਮਹਾਗਠਬੰਧਨ ਹੈ ਲੇਕਿਨ ਇਸ ਵਿੱਚ ਜੇਡੀਯੂ ਨਹੀਂ ਹੈ, ਆਰਜੇਡੀ, ਕਾਂਗਰਸ ਤੇ ਸੀਪੀਆਈ, ਸੀਪੀਆਈ-ਐੱਮ ਹੈ।

ਜਿੱਥੇ ਤੱਕ ਕਾਂਗਰਸ ਦਾ ਬੇਸ ਦਲਿਤ ਅਤੇ ਮੁਸਲਿਮ ਸਨ।

ਮੁਸਲਿਮ ਕਾਂਗਰਸ ਤੋਂ ਖਿਸਕ ਗਿਆ ਜਿਸ ਨੂੰ ਖੇਤਰੀ ਪਾਰਟੀਆਂ ਜਿਵੇਂ- ਆਰਜੇਡੀ ਨੇ ਬੋਚ ਲਿਆ। ਦਲਿਤ ਵੋਟ ਵੀ ਖਿਸਕ ਕੇ ਬੀਐੱਸਪੀ ਕੋਲ ਚੱਲੀ ਗਈ ਹੈ।

ਕਾਂਗਰਸ ਦਾ ਮੁੱਖ ਅਧਾਰ ਗੁਆਚ ਚੁੱਕਿਆ ਹੈ ਅਤੇ ਉਸ ਨੂੰ ਪਿੱਛਲੱਗੂ ਪਾਰਟੀ ਬਣ ਕੇ ਹੀ ਰਹਿਣਾ ਪਵੇਗਾ।

ਤੇਜਸਵੀ ਯਾਦਵ ਆਪਣੇ ਪਿਤਾ ਲਾਲੂ ਦਾ ਸਹਾਰਾ ਲਏ ਬਿਨਾਂ ਵੱਡੇ ਲੀਡਰ ਬਣ ਕੇ ਉੱਭਰੇ ਹਨ।

ਅਜਿਹੇ ਵਿੱਚ ਕਾਂਗਰਸ ਲਈ ਸੰਦੇਸ਼ ਇਹ ਹੈ ਕਿ ਜੇ ਉਸ ਨੇ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਹੈ ਤਾਂ ਉਸ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ। ਉਸ ਨੂੰ ਪਰਿਵਾਰਵਾਦ ਵਿੱਚੋਂ ਨਿਕਲਣਾ ਪਵੇਗਾ।

ਇਸ ਇਲਾਕੇ ਵਿੱਚ ਭਾਜਪਾ ਆਰਐੱਸਐੱਸ 1947 ਤੋਂ ਵੋਟਾਂ ਨੂੰ ਹਿੰਦੂ-ਮੁਸਲਿਮ ਵਿੱਚ ਵੰਡਣ ਵਿੱਚ ਲੱਗੀ ਹੋਈ ਸੀ, ਜਿਸ ਵਿੱਚ ਉਹ ਕਾਮਯਾਬ ਹੋਈ ਹੈ।

ਕਾਂਗਰਸ ਦੀਆਂ ਆਪਣੀਆਂ ਗਲਤੀਆਂ ਵੀ ਹਨ। ਉਹ ਇਹ ਸਮਝ ਬੈਠੀ ਕਿ ਸਾਡੇ ਤੋਂ ਇਲਾਵਾ ਹੋਰ ਕੋਈ ਸੱਤਾ ਵਿੱਚ ਆ ਹੀ ਨਹੀਂ ਸਕਦਾ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)