''ਪਾਇਲਟ ਬਣਨ ਲਈ 60 ਲੱਖ ਖ਼ਰਚੇ, ਹੁਣ 3-4 ਹਜ਼ਾਰ ਵੀ ਮੰਗ ਕੇ ਗੁਜ਼ਾਰਾ ਚਲਾ ਰਹੇ ਹਾਂ''

ਤਸਵੀਰ ਸਰੋਤ, PUNIT PARANJPE
- ਲੇਖਕ, ਨਿਧੀ ਰਾਏ
- ਰੋਲ, ਬੀਬੀਸੀ ਪੱਤਰਰਕਾਰ
34 ਸਾਲਾਂ ਦੀ ਰਿਤਿਕਾ ਸ਼੍ਰੀਵਾਸਤਵ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹੈ। ਪਿਛਲੇ 9 ਸਾਲਾਂ ਤੋਂ ਉਹ ਐਵੀਏਸ਼ਨ ਖੇਤਰ ਵਿੱਚ ਕੰਮ ਕਰ ਰਹੀ ਸੀ ਪਰ ਫ਼ਿਲਹਾਲ ਉਸ ਕੋਲ ਨੌਕਰੀ ਨਹੀਂ ਹੈ।
ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਰਹਿਣ ਵਾਲੀ ਰਿਤਿਕਾ ਕੁਝ ਸਮੇਂ ਲਈ ਆਪਣੇ ਜੱਦੀ ਸ਼ਹਿਰ ਵਾਰਾਨਸੀ (ਉੱਤਰ ਪ੍ਰਦੇਸ਼) ਚਲੀ ਗਈ ਹੈ।
ਰਿਤਿਕਾ ਨੇ ਬੀਬੀਸੀ ਨੂੰ ਦੱਸਿਆ, "ਦਿੱਲੀ ਵਿੱਚ ਰਹਿਣ ਦਾ ਖ਼ਰਚਾ ਚੁੱਕਣ ਦੀ ਸਾਡੇ ਵਿੱਚ ਹਿੰਮਤ ਨਹੀਂ ਬਚੀ ਸੀ। ਬਚਤ ਕੀਤੇ ਹੋਏ ਪੈਸੇ ਖ਼ਤਮ ਹੋ ਗਏ ਸਨ। ਮੇਰੇ ਪਤੀ ਨੂੰ ਵੀ ਉਸ ਦੀ ਪੂਰੀ ਤਨਖ਼ਾਹ ਨਹੀਂ ਮਿਲ ਰਹੀ ਸੀ। ਉਨ੍ਹਾਂ ਨੂੰ ਆਪਣੀ ਤਨਖਾਹ ਦਾ 30 ਫ਼ੀਸਦ ਹੀ ਮਿਲ ਰਿਹਾ ਸੀ ਤੇ ਮਾਰਚ ਦੇ ਮਹੀਨੇ ਤੋਂ ਮੇਰੇ ਕੋਲ ਨੌਕਰੀ ਨਹੀਂ ਹੈ।"
ਇਹ ਵੀ ਪੜ੍ਹੋ
ਰਿਤਿਕਾ ਇੱਕ ਮੰਨੀ ਪ੍ਰਮੰਨੀ ਏਅਰਲਾਈਨ ਕੰਪਨੀ ਵਿੱਚ ਰੈਵੇਨਿਊ ਡਿਪਾਰਟਮੈਂਟ ਵਿੱਚ ਕੰਮ ਕਰਦੀ ਸੀ। ਮਾਰਚ ਮਹੀਨੇ ਵਿੱਚ ਇੱਕ ਦੂਸਰੀ ਏਅਰਲਾਈਨ ਜੁਆਇਨ ਕਰਨ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।
ਉਨ੍ਹਾਂ ਦੀ ਜੁਆਇਨ ਕਰਨ ਦੀ ਤਾਰੀਖ਼ 20 ਮਾਰਚ 2020 ਸੀ। ਪਰ ਕੋਰੋਨਾ ਮਹਾਂਮਾਰੀ ਕਾਰਣ ਇਹ ਪੇਸ਼ਕਸ਼ ਰੋਕ ਦਿੱਤੀ ਗਈ।
ਫ਼ੋਨ ਤੇ ਰਿਤਿਕਾ ਨੇ ਦੱਸਿਆ, "ਉਨ੍ਹਾਂ ਨੇ ਸਾਨੂੰ ਨੌਕਰੀ ਤੋਂ ਕੱਢਿਆ ਨਹੀਂ। ਉਨ੍ਹਾਂ ਨੇ ਕਿਹਾ ਹਾਲਾਤ ਠੀਕ ਹੋਣ 'ਤੇ ਉਹ ਸਾਨੂੰ ਵਾਪਸ ਕੰਮ 'ਤੇ ਬੁਲਾ ਲੈਣਗੇ। ਪਰ ਹੁਣ ਇਹ ਔਖਾ ਹੀ ਲੱਗ ਰਿਹਾ ਹੈ।"
ਰਿਤਿਕਾ ਦੇ ਪਤੀ ਇੱਕ ਚਾਰਟਡ ਪਲੇਨ ਕੰਪਨੀ ਵਿੱਚ ਕੰਮ ਕਰਦੇ ਹਨ। ਇਹ ਕੰਪਨੀ ਅਭਿਨੇਤਾਵਾਂ ਅਤੇ ਸਿਆਸੀ ਨੇਤਾਵਾਂ ਵਰਗੇ ਹਾਈ ਪ੍ਰੋਫ਼ਾਈਲ ਲੋਕਾਂ ਲਈ ਸਪੈਸ਼ਲ ਉਡਾਨ ਮੁਹੱਈਆ ਕਰਵਾਉਂਦੀ ਹੈ।

ਰਿਤਿਕਾ ਕਹਿੰਦੇ ਹਨ, "ਅਸੀਂ ਘਰ ਵਾਪਸ ਆ ਗਏ ਤਾਂਕਿ ਘੱਟੋ ਘੱਟ ਰੋਜ਼ ਦੇ ਦੂਸਰੇ ਖ਼ਰਚੇ ਤਾਂ ਘੱਟ ਕਰ ਸਕੀਏ।"
ਉਹ ਕਹਿੰਦੀ ਹੈ, "ਮੈਂ ਪਿਛਲੇ ਸੱਤ ਮਹੀਨਿਆਂ ਤੋਂ ਆਪਣੇ ਲਈ ਨੌਕਰੀ ਲੱਭ ਰਹੀ ਹਾਂ। ਮੈਂ ਜਿੱਥੇ ਵੀ ਜਾਂਦੀ ਹਾਂ ਮੈਨੂੰ ਕਿਹਾ ਜਾਂਦਾ ਹੈ ਮੇਰੇ ਕੋਲ ਸਿਰਫ਼ ਐਵੀਏਸ਼ਨ ਖੇਤਰ ਵਿੱਚ ਕੰਮ ਕਰਨ ਦਾ ਅਨੁਭਵ ਹੈ ਅਤੇ ਮੈਂ ਦੂਸਰੇ ਖੇਤਰਾਂ ਦੇ ਯੋਗ ਨਹੀਂ ਹਾਂ ਜਦਕਿ ਮੈਂ ਫ਼ਾਈਨਾਂਸ ਬੈਕਗਰਾਉਂਡ ਤੋਂ ਹਾਂ।"

ਤਸਵੀਰ ਸਰੋਤ, THE INDIA TODAY GROUP
ਬੁਰੀ ਤਰ੍ਹਾਂ ਪ੍ਰਭਾਵਿਤ ਪਾਇਲਟ
ਏਅਰ ਇੰਡੀਆਂ ਦੇ ਕੁਝ ਕਰਮਚਾਰੀਆਂ ਲਈ ਤਾਂ ਸਮੱਸਿਆ ਕੋਰੋਨਾ ਮਾਹਾਂਮਾਰੀ ਤੋਂ ਬਹੁਤ ਸਮਾਂ ਪਹਿਲਾਂ ਸ਼ੁਰੂ ਹੋ ਗਈ ਸੀ।
ਹੁਣ ਤੱਕ ਏਅਰ ਇੰਡੀਆਂ ਦੇ ਤਕਰੀਬਨ ਸੱਠ ਪਾਇਲਟ ਤਨਖਾਹ ਅਤੇ ਭੱਤਿਆਂ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾ ਚੁੱਕੇ ਹਨ। ਇੰਨਾਂ ਪਾਇਲਟਾਂ ਦਾ ਦਾਅਵਾ ਹੈ ਕਿ ਕੰਪਨੀ ਨੇ ਗ਼ਲਤ ਤਰੀਕੇ ਨਾਲ ਉਨ੍ਹਾਂ ਦਾ ਕੰਟਰੈਕਟ ਖ਼ਤਮ ਕੀਤਾ ਹੈ ਅਤੇ ਅਪ੍ਰੈਲ ਮਹੀਨੇ ਦੀ ਤਨਖ਼ਾਹ ਅਤੇ ਭੱਤੇ ਨਹੀਂ ਦਿੱਤੇ।
ਬੀਬੀਸੀ ਨੇ ਕੁਝ ਪਾਇਲਟਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਨਾਲ ਕਿਹਾ ਕਿ ਉਨ੍ਹਾਂ ਲਈ ਘਰ ਦਾ ਖ਼ਰਚਾ ਚਲਾਉਣਾ ਔਖਾ ਹੋ ਰਿਹਾ ਹੈ।

ਤਸਵੀਰ ਸਰੋਤ, HINDUSTAN TIMES
ਇੱਕ ਪਾਇਲਟ ਨੇ ਕਿਹਾ, "ਤੁਸੀਂ ਕਹਿੰਦੇ ਹੋ ਕਿ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਅਸੀਂ ਦਸੰਬਰ ਵਿੱਚ ਹੀ ਅਸਤੀਫ਼ਾ ਦੇ ਦਿੱਤਾ ਸੀ ਪਰ ਏਅਰ ਇੰਡੀਆ ਨੇ ਕਿਹਾ ਕਿ ਅਸੀਂ ਨੌਕਰੀ ਨਾ ਛੱਡੀਏ। ਉਨ੍ਹਾਂ ਨੇ ਸਾਡੀ ਤਨਖ਼ਾਹ ਵੀ ਵਧਾ ਦਿੱਤੀ ਪਰ ਅਸਲ ਵਿੱਚ ਅਜਿਹਾ ਨਹੀਂ ਹੋਇਆ ਅਤੇ ਕੋਰੋਨਾ ਕਰਕੇ ਲੌਕਡਾਊਨ ਲੱਗ ਗਿਆ। ਹੁਣ ਉਨ੍ਹਾਂ ਨੇ ਸਾਨੂੰ ਬਰਖ਼ਾਸਤ ਕਰ ਦਿੱਤਾ ਹੈ। "
ਉਹ ਕਹਿੰਦੇ ਹਨ, "ਮੈਂ ਪਾਇਲਟ ਬਣਨ ਲਈ 60-70 ਲੱਖ ਰੁਪਏ ਖ਼ਰਚ ਕੀਤੇ ਹਨ। ਇਸ ਲਈ ਟ੍ਰੇਨਿਗ ਦੋ ਤਿੰਨ ਸਾਲ ਦੀ ਹੁੰਦੀ ਹੈ। ਪਇਲਟ ਦੀ ਨੌਕਰੀ ਮਿਲਣਾ ਸੌਖਾ ਨਹੀਂ ਹੈ। ਏਵੀਏਸ਼ਨ ਖੇਤਰ ਦੀ ਤਰ੍ਹਾਂ ਨਹੀਂ ਹੈ। ਇਥੇ ਲੋਕ ਸੌਖਿਆਂ ਹੀ ਨੌਕਰੀਆਂ ਨਹੀਂ ਬਦਲ ਸਕਦੇ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਸਾਡੇ ਕੋਲ ਬੇਹੱਦ ਸੀਮਤ ਵਿਕਲਪ ਹਨ ਅਤੇ ਜੇ ਪੂਰਾ ਸੈਕਟਰ ਹੀ ਫ਼ਿਲਹਾਲ ਔਖੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਸਾਨੂੰ ਨੌਕਰੀ ਨਹੀਂ ਮਿਲੇਗੀ।"
ਅਦਾਲਤ ਦਾ ਰੁਖ਼ ਕਰਨ ਵਾਲੇ ਪਾਇਲਟ ਨੇ ਦੱਸਿਆ, "ਦਰਅਸਲ ਹੁਣ ਤੱਕ ਟ੍ਰੇਨਿੰਗ ਲਈ ਲਏ ਗਏ ਲੋਨ ਦਾ ਭੁਗਤਾਨ ਕਰ ਰਹੇ ਹਾਂ। ਬੈਂਕ ਆਪਣਾ ਪੈਸਾ ਵਾਪਸ ਮੰਗ ਰਿਹਾ ਹੈ। ਉਹ ਸਾਡੇ ਘਰ ਆ ਕੇ ਸਾਡੇ ਤੋਂ ਲੋਨ ਦੇ ਪੈਸੇ ਮੰਗ ਰਹੇ ਹਨ। ਮੈਂ ਉਨ੍ਹਾਂ ਦੇ ਪੈਸੇ ਕਿਵੇਂ ਮੋੜਾਂਗਾ? ਇਹ ਸਭ ਬਹੁਤ ਤਣਾਅ ਭਰਿਆ ਹੈ। ਮੈਨੂੰ ਨਹੀਂ ਪਤਾ ਕਿ ਉਹ ਕਦੋਂ ਮੇਰੀ ਕਾਰ ਚੁੱਕ ਕੇ ਲੈ ਜਾਣਗੇ। ਸੱਚ ਕਹਾਂ ਤਾਂ ਮੈਂ ਘਰ ਚਲਾਉਣ ਲਈ ਦੋ ਤਿੰਨ ਹਜ਼ਾਰ ਰੁਪਏ ਤੱਕ ਉਧਾਰ ਲੈ ਰਿਹਾ ਹਾਂ। ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਗਈ ਹੈ, ਮੈਨੂੰ ਹੁਣ ਰਾਤਾਂ ਨੂੰ ਨੀਂਦ ਨਹੀਂ ਆਉਂਦੀ।"

ਕਿਨ੍ਹੀਂ ਗੰਭੀਰ ਹੈ ਸਮੱਸਿਆ
ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸੀਏਸ਼ਨ ਦੇ ਸਕੱਤਰ ਪ੍ਰਵੀਨ ਕੀਰਤੀ ਕਹਿੰਦੇ ਹਨ ਕਿ ਕੋਰੋਨਾ ਮਹਾਂਮਾਰੀ ਨੇ ਪਾਇਲਟਾਂ ਨੂੰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਪ੍ਰਵੀਨ ਨੇ ਬੀਬੀਸੀ ਨੂੰ ਦੱਸਿਆ, "ਬਹੁਤੇ ਕਰਮਚਾਰੀ ਚਾਹੁੰਦੇ ਹਨ ਕਿ ਉਹ ਪ੍ਰਾਵੀਡੈਂਟ ਫ਼ੰਡ ਵਿੱਚ ਪਏ ਆਪਣੇ ਪੈਸਿਆਂ ਦਾ ਇਸਤੇਮਾਲ ਕਰਨ ਪਰ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਇਸ ਲਈ ਬਹੁਤ ਸਾਰੇ ਨਿਯਮ ਹਨ।"
ਉਹ ਕਹਿੰਦੇ ਹਨ ਕਿ ਇੰਡੀਗੋ ਤੋਂ ਇਲਾਵਾ ਸ਼ਾਇਦ ਹੀ ਕਿਸੇ ਹੋਰ ਏਅਰਲਾਈਨ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਤੋਂ ਪਹਿਲਾਂ ਉਨ੍ਹਾਂ ਦੀ ਬਿਹਤਰੀ ਲਈ ਕੁਝ ਸੋਚਿਆ ਹੋਵੇ। ਇੰਡੀਗੋ ਨੇ ਜਿਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ, ਉਨ੍ਹਾਂ ਦੇ ਪਰਿਵਾਰਾਂ ਲਈ ਸਿਹਤ ਬੀਮਾ ਦਿੱਤਾ ਅਤੇ ਉਨ੍ਹਾਂ ਨੂੰ ਅਡਵਾਂਸ ਵਿੱਚ ਦੋ ਤਿੰਨ ਮਹੀਨੇ ਦੀ ਤਨਖ਼ਾਹ ਵੀ ਦਿੱਤੀ।
ਇੰਟਰਨੈਸ਼ਨਲ ਏਅਰ ਟ੍ਰਾਸਪੋਰਟ ਅਸੋਸੀਏਸ਼ਨ (ਆਈਏਟੀਏ) ਦੇ ਇੱਕ ਮੁਲਾਂਕਣ ਮੁਤਾਬਿਕ ਦੇਸ ਵਿੱਚ ਏਵੀਏਸ਼ਨ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਤਕਰੀਬਨ 30ਲੱਖ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।
ਕੇਅਰ ਰੇਟਿੰਗ ਵਿੱਚ ਖੋਜ ਵਿਸ਼ਲੇਸ਼ਕ ਉਰਵਿਸ਼ਾ ਜਗਸ਼ੇਠ ਕਹਿੰਦੇ ਹਨ," ਕੰਮ ਚਲਦਾ ਰੱਖਣ ਲਈ ਅਤੇ ਬਹੀ ਖਾਤਾ ਦਰੁਸਤ ਰੱਖਣ ਲਈ ਏਅਰਲਾਈਨ ਕੰਪਨੀਆਂ ਦੇ ਕੋਲ ਇੱਕ ਹੀ ਉਪਾਅ ਰਹਿ ਗਿਆ ਹੈ ਕਿ ਆਪਣੀਆਂ ਉਡਾਨ ਸੇਵਾਂਵਾਂ ਨੂੰ ਸੰਤੁਲਿਤ ਕਰਨ ਅਤੇ ਜਾਂ ਫ਼ਿਰ ਉਨਾਂ ਵਿੱਚ ਕਟੌਤੀ ਕਰਨ।"
ਉਹ ਸਮਝਦੇ ਹਨ ਕਿ ਏਅਰਲਾਈਨ ਕੰਪਨੀਆਂ ਦੇ ਮਾਲੀਏ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ। ਨਾਲ ਹੀ ਕੰਪਨੀਆਂ ਲਈ ਏਵੀਏਸ਼ਨ ਫ਼ੀਊਲ, ਏਅਰਪੋਰਟ ਨੈਵੀਗੇਸ਼ਨ ਚਾਰਜ, ਪਾਰਕਿੰਗ, ਮੇਨਟੇਨੈਂਸ ਦੇ ਖ਼ਰਚਿਆਂ ਵਿੱਚ ਕਿਸੇ ਤਰ੍ਹਾਂ ਦੀ ਕਟੌਤੀ ਕਰਨਾ ਔਖਾ ਹੈ। ਅਜਿਹੇ ਵਿੱਚ ਜਿਸ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਉਹ ਹੈ ਤਨਖਾਹ ਅਤੇ ਕਰਮਚਾਰੀਆਂ ਦੇ ਭੱਤੇ।
ਉਰਵਸ਼ੀ ਜਗਸ਼ੇਠ ਕਹਿੰਦੇ ਹਨ, "ਵਿਮਾਨ ਉਦਯੋਗ ਵਿੱਚ ਹਾਲੇ ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਇਹ ਕਿਹਾ ਨਹੀਂ ਜਾ ਸਕਦਾ ਕਿ ਸਾਰੇ ਕਰਮਚਾਰੀ ਬਿਹਤਰ ਸਥਿਤੀ ਵਿੱਚ ਹੋਣਗੇ। ਆਉਣ ਵਾਲੇ ਦਿਨਾਂ ਵਿੱਚ ਜੇ ਬਿਜ਼ਨੈਸ ਨਹੀਂ ਵੱਧਦਾ ਤਾਂ ਹੋਰ ਲੋਕਾਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ ਹਨ।"
ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਤਸਵੀਰ ਸਰੋਤ, Nurphoto/getty
ਮਹਾਂਮਾਰੀ ਤੋਂ ਪਹਿਲਾਂ ਵੀ ਮੁਸੀਬਤਾਂ ਘੱਟ ਨਹੀਂ ਸਨ
ਪਰ ਇਹ ਨਹੀਂ ਕਿ ਹਵਾਬਾਜ਼ੀ ਖੇਤਰ ਲਈ ਮੁਸ਼ਕਲਾਂ ਕੋਰੋਨਾ ਮਹਾਂਮਾਰੀ ਕਾਰਨ ਆਈਆਂ ਹਨ। ਕੋਰੋਨਾ ਮਹਾਂਮਾਰੀ ਦੇ ਦਸਤਕ ਦੇਣ ਤੋਂ ਪਹਿਲਾਂ ਹੀ ਇਹ ਸੈਕਟਰ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਸੀ।
ਵਿੱਤੀ ਸਾਲ 2020 ਵਿਚ ਇਕ ਤੋਂ ਬਾਅਦ ਇਕ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਉਦਯੋਗ ਦੀ ਸਮਰੱਥਾ ਅਤੇ ਵਿਕਾਸ ਅਤੇ ਲੋਕਾਂ ਦੀ ਯਾਤਰਾ ਨੂੰ ਪ੍ਰਭਾਵਤ ਕੀਤਾ।
ਜੈੱਟ ਏਅਰਵੇਜ਼ ਨੇ ਇਸ ਸਾਲ ਕੰਮਕਾਜ ਬੰਦ ਕਰ ਦਿੱਤੇ, ਬੋਇੰਗ ਮੈਕਸ 737 ਜਹਾਜ਼ ਨੂੰ ਫਲਾਈਟ ਕਟਰੋਲ ਸਾੱਫਟਵੇਅਰ ਵਿਚ ਤਕਨੀਕੀ ਰੁਕਾਵਟ ਕਾਰਨ ਉਡਾਣ ਤੋਂ ਰੋਕਿਆ ਗਿਆ, ਏਅਰਬੱਸ ਏ 320 ਨਿਓਜ਼ ਦੇ ਪ੍ਰੈਟ ਐਂਡ ਵਿਟਨੀ ਇੰਜਣ ਵਿੱਚ ਸਮੱਸਿਆ ਕਾਰਨ ਇਨ੍ਹਾਂ ਜਹਾਜ਼ਾਂ ਦੇ ਉੱਡਣ 'ਤੇ ਰੋਕ ਲਗਾ ਦਿੱਤੀ ਗਈ।
ਵਿੱਤੀ ਸਾਲ 2020 ਵਿਚ ਐਵਿਏਸ਼ਨ ਟਰਬਾਈਨ ਬਾਲਣ ਦੀਆਂ ਕੀਮਤਾਂ ਵਿਚ ਥੋੜ੍ਹੀ ਗਿਰਾਵਟ ਆਈ ਅਤੇ ਉਮੀਦ ਕੀਤੀ ਜਾਂਦੀ ਸੀ ਕਿ ਉਦਯੋਗ ਨੂੰ ਇਸਦਾ ਫਾਇਦਾ ਹੋਏਗਾ। ਪਰ ਯਾਤਰੀਆਂ ਲਈ ਟਿਕਟਾਂ ਦੀਆਂ ਕੀਮਤਾਂ ਘੱਟ ਰੱਖਣ ਦੀ ਚੁਣੌਤੀ ਦੇ ਕਾਰਨ ਕੰਪਨੀਆਂ ਨੂੰ ਕੁਝ ਹਿੱਸਿਆਂ ਵਿੱਚ ਨੁਕਸਾਨ ਝੱਲਣਾ ਪਿਆ।
ਮਾਹਰ ਮੰਨਦੇ ਹਨ ਕਿ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਦੇ ਦੇਸ਼ਾਂ ਦੀ ਆਰਥਿਕਤਾ ਦੇ ਨਾਲ ਨਾਲ ਏਅਰਲਾਈਨਾਂ ਦੇ ਕੰਮ ਕਰਨ ਦੇ ਤਰੀਕੇ, ਯਾਤਰਾ ਅਤੇ ਸੈਰ-ਸਪਾਟਾ ਉੱਤੇ ਵੱਡਾ ਪ੍ਰਭਾਵ ਪਾਇਆ ਹੈ। ਮਹਾਂਮਾਰੀ ਦੇ ਬਾਅਦ ਵੀ, ਹਵਾਬਾਜ਼ੀ ਖੇਤਰ ਨੂੰ ਇਸ ਝਟਕੇ ਨੂੰ ਦੂਰ ਕਰਨ ਲਈ ਅਜੇ ਵੀ ਬਹੁਤ ਸਮਾਂ ਲਵੇਗਾ।
ਦੇਸ਼ ਵਿਚ ਉਡਾਣਾਂ ਇਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਪਰ ਜਿਸ ਤਰ੍ਹਾਂ ਇਹ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਉਹ ਲੋਕਾਂ ਦੀ ਯਾਤਰਾ ਨੂੰ ਪ੍ਰਭਾਵਤ ਕਰ ਰਿਹਾ ਹੈ।

ਤਸਵੀਰ ਸਰੋਤ, Nurphoto/getty
ਉਦਯੋਗ ਦੇ ਸਾਹਮਣੇ ਚੁਣੌਤੀਆਂ
ਯਾਤਰੀਆਂ ਦੀ ਗਿਣਤੀ ਇਸ ਸਮੇਂ ਹਵਾਬਾਜ਼ੀ ਖੇਤਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ। ਇਕ ਆਈਸੀਆਰਏ ਦੀ ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2020-21 ਵਿੱਚ 25 ਮਈ 2020 ਤੋਂ 30 ਸਤੰਬਰ 2020 ਦੇ ਵਿੱਚ, ਘਰੇਲੂ ਯਾਤਰੀਆਂ ਦੀ ਗਿਣਤੀ 110 ਲੱਖ ਸੀ।
ਵਿੱਤੀ ਸਾਲ 2020 ਵਿਚ ਇਸ ਸਮੇਂ ਯਾਤਰੀਆਂ ਦੀ ਗਿਣਤੀ 702 ਲੱਖ ਸੀ। ਯਾਨੀ ਇਕ ਸਾਲ ਵਿਚ ਯਾਤਰੀਆਂ ਦੀ ਗਿਣਤੀ ਵਿਚ 84.2 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮਹਾਂਮਾਰੀ ਦੇ ਦੌਰ ਵਿਚ, ਘਰੇਲੂ ਯਾਤਰੀਆਂ ਦੀ ਗਿਣਤੀ ਦਾ ਸਿੱਧਾ ਉਦਯੋਗ 'ਤੇ ਅਸਰ ਪਿਆ ਹੈ, ਇਸ ਤੋਂ ਇਲਾਵਾ ਦੁਨੀਆ ਦੇ ਹੋਰ ਦੇਸ਼ਾਂ ਦੀ ਆਰਥਿਕਤਾ ਦੇ ਝਟਕੇ ਵੀ ਉਦਯੋਗ ਨੂੰ ਪ੍ਰਭਾਵਤ ਕਰਨ ਜਾ ਰਹੇ ਹਨ।
ਇਹ ਮੰਨਿਆ ਜਾਂਦਾ ਹੈ ਕਿ ਆਰਥਿਕ ਮੁਸ਼ਕਲਾਂ ਦੇ ਕਾਰਨ, ਘੱਟ ਲੋਕ ਯਾਤਰਾ ਕਰਨਗੇ ਅਤੇ ਮਹਾਂਮਾਰੀ ਦੇ ਅੰਤ ਤੋਂ ਬਾਅਦ, ਸਿਰਫ ਇੱਕ ਹੌਲੀ ਰਿਕਵਰੀ ਦੀ ਉਮੀਦ ਕੀਤੀ ਜਾ ਸਕਦੀ ਹੈ।
ਅਜਿਹੀਆਂ ਕੰਪਨੀਆਂ, ਜੋ ਕਿ ਇੱਕ ਮਜਬੂਤ ਵਿੱਤੀ ਸਥਿਤੀ ਵਿੱਚ ਹਨ, ਕੁਝ ਸਮੇਂ ਵਿੱਚ ਇਸ ਮੁਸ਼ਕਲ ਸਮੇਂ ਤੋਂ ਬਾਹਰ ਆਉਣ ਦੇ ਯੋਗ ਹੋ ਸਕਦੀਆਂ ਹਨ, ਪਰ ਜਿਹੜੀਆਂ ਕੰਪਨੀਆਂ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ, ਉਨ੍ਹਾਂ ਲਈ ਬਚਾਅ ਦਾ ਵੀ ਸੰਕਟ ਪੈਦਾ ਹੋ ਸਕਦਾ ਹੈ।
ਕਾੱਪਾ-ਸੈਂਟਰ ਫਾਰ ਐਵੀਏਸ਼ਨ ਵਿੱਚ ਦੱਖਣੀ ਭਾਰਤ ਦੇ ਸੀਈਓ ਕਪਿਲ ਕੌਲ ਨੇ ਬੀਬੀਸੀ ਨੂੰ ਦੱਸਿਆ, "ਪੂਰਾ ਉਦਯੋਗ ਇਸ ਸਮੇਂ ਮੁਸ਼ਕਲ ਸਥਿਤੀ ਵਿੱਚ ਹੈ।"
ਉਹ ਕਹਿੰਦੇ ਹਨ, "ਹੌਲੀ ਹੌਲੀ ਮੰਗ ਵੱਧ ਰਹੀ ਹੈ ਪਰ ਫਿਲਹਾਲ ਇਹ ਕਾਫ਼ੀ ਨਹੀਂ ਹੈ। ਸੈਕਟਰ ਵਿੱਚ ਵਿਕਾਸ ਦੀ ਕੋਈ ਸੰਭਾਵਨਾ ਨਹੀਂ ਹੈ ਜਿਵੇਂ ਕਿ ਵਪਾਰ ਲਈ ਯਾਤਰਾ ਜਾਂ ਸੈਰ ਸਪਾਟੇ ਲਈ ਯਾਤਰਾ। ਵਿੱਤੀ ਸਾਲ 2022 ਦੇ ਅੰਤ ਤੱਕ ਕੋਈ ਵਿਸਥਾਰ ਨਹੀਂ ਹੋਇਆ ਹੈ। ਕੋਈ ਉਮੀਦ ਨਹੀਂ ਹੈ। "

ਤਸਵੀਰ ਸਰੋਤ, Getty Images
ਸਰਕਾਰ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ?
ਅੰਤਰਰਾਸ਼ਟਰੀ ਯਾਤਰਾ ਸ਼ੁਰੂ ਕਰਨ ਲਈ, ਭਾਰਤ ਸਰਕਾਰ ਨੇ ਇਸ ਸਮੇਂ ਏਅਰ ਬੱਬਲ ਰਾਹੀਂ 13 ਦੇਸ਼ਾਂ ਦੇ ਨਾਲ ਯਾਤਰਾ ਸ਼ੁਰੂ ਕੀਤੀ ਹੈ।
ਪਰ ਮਾਹਰ ਮੰਨਦੇ ਹਨ ਕਿ ਮੌਜੂਦਾ ਸਮੇਂ ਹਵਾਬਾਜ਼ੀ ਕੰਪਨੀਆਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਦੀ ਵਿੱਤੀ ਸਥਿਤੀ ਹੈ।
ਦੁਬਾਰਾ ਆਪਣੇ ਪੈਰਾਂ 'ਤੇ ਖੜੇ ਹੋਣ ਲਈ, ਹਵਾਬਾਜ਼ੀ ਕੰਪਨੀਆਂ ਨੂੰ ਸਿੱਧੇ ਕ੍ਰੈਡਿਟ ਦੇ ਨਾਲ ਨਾਲ ਕ੍ਰੈਡਿਟ ਲਾਈਨਾਂ ਅਤੇ ਸਰਕਾਰੀ ਸਹਾਇਤਾ ਨਾਲ ਲੋਨ ਦੀ ਜ਼ਰੂਰਤ ਹੈ।
ਉਰਵੀਸ਼ਾ ਜਗਸ਼ੇਥ ਦਾ ਕਹਿਣਾ ਹੈ, "ਇਹ ਕੰਪਨੀਆਂ ਏਅਰਪੋਰਟ ਪਾਰਕਿੰਗ ਫੀਸ ਅਤੇ ਨੈਵੀਗੇਸ਼ਨ ਸੇਵਾ ਵਿੱਚ ਤਿੰਨ ਮਹੀਨਿਆਂ ਦੀ ਛੂਟ ਦੇ ਕੇ ਆਪਣੇ ਪੈਸੇ ਦੀ ਬਚਤ ਕਰਨ ਵਿੱਚ ਕੁਝ ਸਹਾਇਤਾ ਪ੍ਰਾਪਤ ਕਰ ਸਕਦੀਆਂ ਹਨ। ਨਾਲ ਹੀ ਇਨ੍ਹਾਂ ਕੰਪਨੀਆਂ ਨੂੰ ਵਿੱਤੀ ਸਹਾਇਤਾ ਦੀ ਲੋੜ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












