ਗਿਲਗਿਤ-ਬਲਤਿਸਤਾਨ ਨੂੰ ਸੂਬਾ ਬਣਾਉਣ ਦੇ ਇਮਰਾਨ ਖ਼ਾਨ ਦੇ ਫ਼ੈਸਲੇ ਦਾ ਭਾਰਤ ਨੇ ਕੀਤਾ ਵਿਰੋਧ - ਪ੍ਰੈੱਸ ਰਿਵੀਊ

ਭਾਰਤ ਸਰਕਾਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਗਿਲਗਿਤ-ਬਲਤਿਸਤਾਨ ਨੂੰ ਸੂਬੇ ਦਾ ਅਸਥਾਈ ਦਰਜਾ ਦੇਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਭਾਰਤ ਖੇਤਰ ਦੇ ਹਿੱਸੇ ਵਿੱਚ ਗ਼ੈਰ-ਕਾਨੂੰਨੀ ਅਤੇ ਜਬਰਨ ਭੌਤਿਕ ਬਦਲਾਅ ਕਰਨ ਦੀ ਪਾਕਿਸਤਾਨ ਸਰਕਾਰ ਦੀ ਕੋਸ਼ਿਸ਼ ਨੂੰ ਭਾਰਤ ਸਰਕਾਰ ਰੱਦ ਕਰਦੀ ਹੈ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, "ਮੈਂ ਇਸ ਗੱਲ ਨੂੰ ਦੁਹਾਰਉਂਦਾ ਹੈ ਕਿ ਅਖੌਤੀ ਗਿਲਗਿਤ-ਬਲਤਿਸਤਾਨ ਇਲਾਕਾ ਕਾਨੂੰਨੀ ਤੌਰ 'ਤੇ 1947 ਦੇ ਰਲੇਵੇਂ ਦੇ ਸਮਝੌਤੇ ਮੁਤਾਬਕ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦਾ ਅਟੁੱਟ ਹਿੱਸਾ ਹੈ।"

"ਇਨ੍ਹਾਂ ਭਾਰਤੀ ਖੇਤਰਾਂ ਦੀ ਸਥਿਤੀ ਨੂੰ ਬਦਲਣ ਦੀ ਮੰਗ ਦੀ ਬਜਾਇ, ਅਸੀਂ ਪਾਕਿਸਤਾਨ ਤੋਂ ਆਪਣੇ ਗ਼ੈਰ-ਕਾਨੂੰਨੀ ਕਬਜ਼ੇ ਦੇ ਤਹਿਤ ਸਾਰੇ ਖੇਤਰਾਂ ਨੂੰ ਤੁਰੰਤ ਖਾਲੀ ਕਰਨ ਦੀ ਅਪੀਲ ਕਰਦੇ ਹਨ।" ਪੂਰੀ ਖ਼ਬਰ ਪੜ੍ਹੋ

ਰੇਲ ਗੱਡੀਆਂ ਦੇ ਪੰਜਾਬ ਆਉਣ ਤੋਂ ਪਾਬੰਦੀ ਨਾ ਹਟੀ ਤਾਂ ਸੂਬੇ ਦੀ ਸੁਰੱਖਿਆ ਖ਼ਤਰੇ ਚ ਆ ਸਕਦੀ ਹੈ - ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਲਈ ਮਾਲੀ ਗੱਡੀਆਂ 'ਤੇ ਪਾਬੰਦੀ ਨਾ ਹਟਾਈ ਤਾਂ ਸਮੁੱਚੇ ਮੁਲਕ 'ਚ ਕੌਮੀ ਸੁਰੱਖਿਆ 'ਤੇ ਵੱਡਾ ਪ੍ਰਭਾਵ ਪਵੇਗਾ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਸ ਪੇਚੀਦਾ ਮਾਮਲੇ ਨੂੰ ਸਮੂਹਿਕ ਇੱਛਾ ਅਤੇ ਸੂਝ-ਬੂਝ ਨਾਲ ਸੁਲਝਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਰੇਲ ਆਵਾਜਾਈ ਬੰਦ ਹੋਣ ਕਰਕੇ ਪੰਜਾਬ ਤੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਵੀ ਪ੍ਰਭਾਵਿਤ ਹੋਣਗੇ।

ਇਸ ਤੋਂ ਇਲਾਵਾ ਕੈਟਪਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੌਮੀ ਸੁਰੱਖਿਆ ਖ਼ੁਰਾਕ ਵਿੱਚ ਯੋਗਦਾਨ ਨੂੰ ਦੇਖਦੇ ਹੋਏ, ਕਿਸਾਨਾਂ ਦੀ ਅਜਿਹੀ ਤੁਲਨਾ ਠੀਕ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਨਕਸਲਵਾਦ ਨਾਲ ਤੁਲਨਾ ਕਰ ਕੇ ਭਾਜਪਾ ਆਗੂਆਂ ਨੇ ਅੰਨਦਾਤਾ ਦਾ ਅਪਮਾਨ ਕੀਤਾ ਹੈ।

ਪੰਜਾਬ ਵਿੱਚ 3560 ਥਾਵਾਂ ਦੇ ਪਰਾਲੀ ਸਾੜਨ ਦੀਆਂ ਘਟਨਾਵਾਂ

ਪੰਜਾਬ ਵਿੱਚ ਇੱਕ ਨਵੰਬਰ ਨੂੰ 3560 ਥਾਵਾਂ 'ਤੇ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ਵਿੱਚ ਪਰਾਲੀ ਸਾੜੀ ਗਈ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪ੍ਰਾਪਤ ਅੰਕੜਿਆਂ ਮੁਤਾਬਕ ਝੋਨੇ ਦੇ ਸੀਜ਼ਨ ਦੌਰਾਨ 21 ਸਤੰਬਰ ਤੋਂ ਲੈ ਕੇ ਇੱਕ ਨਵੰਬਰ ਤੱਕ ਪੰਜਾਬ ਵਿੱਚ 33165 ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 34 ਫੀਸਦ ਵੱਧ ਹਨ।

ਪਿਛਲੇ ਸਾਲ ਇਸੇ ਵੇਲੇ ਤੱਕ 24,722 ਘਟਨਾਵਾਂ ਵਾਪਰੀਆਂ ਸਨ। ਸਰਕਾਰੀ ਅੰਕੜਿਆਂ ਮੁਤਾਬਕ ਸੰਗਰੂਰ, ਫਿਰੌਜ਼ਪੁਰ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੀਆਂ ਕ੍ਰਮਵਾਰ 593, 375, ਤੇ 373 ਘਟਨਾਵਾਂ ਇੱਕ ਹੀ ਦਿਨ ਵਿੱਚ ਵਾਪਰੀਆਂ ਹਨ।

ਇਸ ਤੋਂ ਬਾਅਦ ਮੁਕਤਸਰ, ਲੁਧਿਆਣਾ, ਪਟਿਆਲਾ ਤੇ ਮਾਨਸਾ 'ਚ ਕ੍ਰਮਵਾਰ 276, 267, 254 ਤੇ 247 ਥਾਵਾਂ 'ਤੇ ਪਰਾਲੀ ਨੂੰ ਅੱਗ ਲਗਾਈ ਹੈ।

ਕੋਰੋਨਾਵਾਇਰਸ: ਪੰਜਾਬ 'ਚ ਕੇਸਾਂ ਵਿੱਚ ਦਰਜ ਹੋਈ ਗਿਰਾਵਟ

ਭਾਰਤ ਵਿੱਚ ਪੰਜਾਬ ਵਿੱਚ ਲਗਾਤਾਰ ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਉੱਚੀ ਰਹੀ ਹੈ ਪਰ ਹੁਣ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ।

ਦਿ ਪ੍ਰਿੰਟ ਦੀ ਖ਼ਬਰ ਮੁਤਾਬਕ ਸੂਬੇ ਵਿੱਚ ਆਏ ਮਹੱਤਵਪੂਰਨ ਬਦਲਾਅ ਦੌਰਾਨ ਰੋਜ਼ਾਨਾ ਲਾਗ ਨਾਲ ਪੀੜਤ ਲੋਕਾਂ ਦੀ ਗਿਣਤੀ ਅਕਤੂਬਰ ਵਿੱਚ 670 'ਤੇ ਆ ਗਈ ਹੈ, ਜਦ ਕਿ ਸਤੰਬਰ ਵਿੱਚ ਇਹ 2000 ਤੋਂ ਵੱਧ ਰਹੀ।

ਕੋਵਿਡ ਪ੍ਰਬੰਧਨ ਨੂੰ ਲੈ ਕੇ ਸੂਬੇ ਦੇ ਨੌਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਕਿਹਾ, "ਪੰਜਾਬ ਵਿੱਚ ਡਿਗਦੀ ਕੋਵਿਡ ਮਰੀਜ਼ਾਂ ਦੀ ਗਿਣਤੀ ਰਾਹਤ ਦੇ ਰਹੀ ਹੈ। ਇੱਥੇ ਲਾਗ ਬਹੁਤ ਜ਼ਿਆਦਾ ਹੈ, ਉੱਥੇ ਵਾਇਰਸ ਦੀ ਚਰਮ ਸੀਮਾ ਤੋਂ ਬਾਅਦ ਗਿਰਾਵਟ ਨਜ਼ਰ ਆ ਰਹੀ ਹੈ।"

ਪੰਜਾਬ ਵਿੱਚ 1.33 ਲੱਖ ਪੌਜ਼ੀਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 4101 ਸਰਗਰਮ ਕੇਸ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)