ਨਿਕਿਤਾ ਤੋਮਰ ਕਤਲ ਕੇਸ : ‘ਸਾਡੀ ਬੇਟੀ ਮਰ ਗਈ, ਪਰ ਉਸ ਨੇ ਧਰਮ ਨਹੀਂ ਬਦਲਿਆ’

    • ਲੇਖਕ, ਚਿੰਕੀ ਸਿਨਹਾ
    • ਰੋਲ, ਬੀਬੀਸੀ ਲਈ

ਵਾਰਦਾਤ ਤੋਂ ਤੀਜੇ ਦਿਨ ਲੋਕਾਂ ਵਿਚਕਾਰ ਉੱਠ ਰਹੀ ਆਵਾਜ਼ ਬਿਲਕੁਲ ਸਾਫ਼ ਸੁਣਾਈ ਦੇ ਰਹੀ ਸੀ-'ਜਾਂ ਤਾਂ ਮੁਲਜ਼ਮ ਨੂੰ ਫਾਂਸੀ ਦਿਓ, ਜਾਂ ਫਿਰ ਉਸ ਦਾ ਐਨਕਾਊਂਟਰ ਕਰ ਦਿਓ।'

ਫਰੀਦਾਬਾਦ ਦੇ ਨਹਿਰੂ ਕਾਲਜ ਵਿੱਚ ਪੜ੍ਹਨ ਵਾਲੀ ਕੰਚਨ ਡਾਗਰ ਨੇ ਕਿਹਾ ਕਿ 'ਕਾਤਲ ਨਾਲ ਉਹੀ ਹੋਣਾ ਚਾਹੀਦਾ ਹੈ, ਜਿਵੇਂ ਯੋਗੀ ਦੇ ਰਾਜ ਵਿੱਚ ਹੁੰਦਾ ਹੈ।'

ਕੰਚਨ, ਸੱਜੇਪੱਖੀ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਜੁੜੀ ਹੋਈ ਹੈ।

ਕੰਚਨ ਨੇ ਪੁਰਜ਼ੋਰ ਆਵਾਜ਼ ਵਿੱਚ ਨਾਅਰਾ ਲਗਾਇਆ, 'ਗੋਲੀ ਮਾਰੋ ਸਾ0%ਆਂ ਨੂੰ…...ਲਵ ਜਿਹਾਦ ਮੁਰਦਾਬਾਦ।'

ਇਹ ਵੀ ਪੜ੍ਹੋ:

ਕੰਚਨ ਨਾਲ ਹਰਿਆਣਾ ਦੇ ਬੱਲਭਗੜ੍ਹ ਸਥਿਤ ਅਗਰਵਾਲ ਕਾਲਜ ਦੇ ਸਾਹਮਣੇ ਇਕੱਠੇ ਹੋਏ ਦੂਜੇ ਵਿਦਿਆਰਥੀਆਂ ਨੇ ਵੀ ਇਹੀ ਨਾਅਰਾ ਦੁਹਰਾਇਆ। ਉਹ ਵੀਰਵਾਰ ਦਾ ਦਿਨ ਸੀ।

ਸੋਮਵਾਰ ਨੂੰ ਇਸੇ ਅਗਰਵਾਲ ਕਾਲਜ ਦੇ ਬਾਹਰ 21 ਸਾਲ ਦੀ ਇੱਕ ਵਿਦਿਆਰਥਣ ਨੂੰ ਸ਼ਰ੍ਹੇਆਮ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਕਤਲ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਹਾਲਾਂਕਿ ਕਾਲਜ ਦੇ ਬਾਹਰ ਇਕੱਠੇ ਹੋਏ ਵਿਦਿਆਰਥੀਆਂ ਨੂੰ ਨਾ ਤਾਂ ਪੁਲਿਸ 'ਤੇ ਭਰੋਸਾ ਹੈ ਅਤੇ ਨਾ ਹੀ ਨਿਆਂਪਾਲਿਕਾ 'ਤੇ ਯਕੀਨ ਹੈ।

ਉਨ੍ਹਾਂ ਨੂੰ ਇਸ ਘਟਨਾ ਦੇ ਇਨਸਾਫ ਦਾ ਇੱਕ ਹੀ ਤਰੀਕਾ ਮਨਜ਼ੂਰ ਹੈ ਕਿ ਦੋਸ਼ੀ ਦਾ ਐਨਕਾਊਂਟਰ ਕਰਕੇ ਹੀ ਮ੍ਰਿਤਕ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਇਨਸਾਫ ਦਿਵਾਇਆ ਜਾ ਸਕਦਾ ਸੀ।

ਕੰਚਨ ਡਾਗਰ ਨੇ ਸਵਾਲੀਆ ਅੰਦਾਜ਼ ਵਿੱਚ ਕਿਹਾ ਕਿ, “ਗੋਲੀ ਮਾਰਨ ਵਾਲਾ ਮੁਸਲਮਾਨ ਹੈ, ਮਰਨ ਵਾਲੀ ਵਿਦਿਆਰਥਣ ਹਿੰਦੂ ਸੀ। ਮੁਲਜ਼ਮ ਦਾ ਪਰਿਵਾਰ ਉਸ ਲੜਕੀ 'ਤੇ ਧਰਮ ਬਦਲ ਕੇ ਮੁਸਲਮਾਨ ਬਣਨ ਦਾ ਦਬਾਅ ਬਣਾ ਰਿਹਾ ਸੀ।”

“ਭਾਰਤ ਵਿੱਚ ਲਵ ਜਿਹਾਦ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜੇਕਰ ਕੋਈ ਲੜਕੀ ਨਾਂਹ ਕਰ ਦਿੰਦੀ ਹੈ ਤਾਂ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਜੇਕਰ ਉਹ ਹਾਂ ਕਰਦੀ ਹੈ ਤਾਂ ਫਿਰ ਉਸ ਦੀ ਲਾਸ਼ ਸੂਟਕੇਸ ਵਿੱਚ ਮਿਲਦੀ ਹੈ। ਅਸੀਂ ਅਜਿਹੇ ਬਹੁਤ ਸਾਰੇ ਮਾਮਲਿਆਂ ਬਾਰੇ ਪੜ੍ਹਿਆ ਹੈ। ਕੀ ਨਿਯਮ ਕਾਨੂੰਨ ਸਿਰਫ਼ ਸਾਡੇ ਲਈ ਹਨ? ਅਤੇ ਉਨ੍ਹਾਂ ਦਾ ਕੀ?''

ਵੀਡੀਓ: ਨਿਕਿਤਾ ਦੇ ਕਤਲ ਵਾਲੇ ਦਿਨ ਕੀ ਹੋਇਆ ਸੀ

'ਉਨ੍ਹਾਂ ਦਾ' ਤੋਂ ਕੰਚਨ ਦਾ ਮਤਲਬ ਸੀ-ਕਾਂਗਰਸ ਪਾਰਟੀ ਅਤੇ ਮੁਸਲਮਾਨ। ਕੰਚਨ ਨਾਲ ਮੌਜੂਦ ਇੱਕ ਹੋਰ ਵਿਦਿਆਰਥਣ ਗਾਇਤਰੀ ਰਾਠੌੜ ਨੇ ਇੱਕ ਹੋਰ ਕਦਮ ਅੱਗੇ ਜਾਂਦੇ ਹੋਏ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਉੁਸ ਨੂੰ ਦਸ ਦਿਨ ਦੇ ਅੰਦਰ ਫਾਂਸੀ ਦੇ ਦਿੱਤੀ ਜਾਵੇ, ਜਾਂ ਉਸ ਦਾ ਉਸ ਤਰ੍ਹਾਂ ਦਾ ਹੀ ਐਨਕਾਊਂਟਰ ਕਰ ਦਿੱਤਾ ਜਾਵੇ, ਜਿਵੇਂ ਯੋਗੀ ਦੀ ਸਰਕਾਰ ਵਿੱਚ ਹੁੰਦਾ ਹੈ, ਬੇਸ਼ੱਕ ਹੀ ਉਹ ਗ਼ੈਰ-ਕਾਨੂੰਨੀ ਕਿਉਂ ਨਾ ਹੋਵੇ।''

ਸੋਮਵਾਰ ਦੀ ਦੁਪਹਿਰ ਨੂੰ ਬੱਲਭਗੜ੍ਹ ਦੇ ਅਗਰਵਾਲ ਕਾਲਜ ਦੇ ਬਾਹਰ ਜਿਸ ਵਿਦਿਆਰਥਣ ਨੂੰ ਗੋਲੀ ਮਾਰ ਦਿੱਤੀ ਗਈ ਸੀ, ਉਸ ਦਾ ਨਾਂ ਨਿਕਿਤਾ ਤੋਮਰ ਸੀ।

ਉਸ ਦਿਨ ਨਿਕਿਤਾ ਜਿਵੇਂ ਹੀ ਕਾਲਜ ਦੇ ਬਾਹਰ ਨਿਕਲੀ, ਉਦੋਂ ਹੀ ਤੌਸੀਫ਼ ਨਾਂ ਦੇ ਨੌਜਵਾਨ ਨੇ ਕਥਿਤ ਤੌਰ ’ਤੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤੀ। ਨਿਕਿਤਾ, ਤੌਸੀਫ਼ ਨੂੰ ਜਾਣਦੀ ਸੀ। ਦੋਵੇਂ ਫਰੀਦਾਬਾਦ ਦੇ ਰਾਵਲ ਇੰਟਰਨੈਸ਼ਨਲ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਉਸ ਦਿਨ ਨਿਕਿਤਾ ਦੀ ਮਾਂ ਉਸ ਨੂੰ ਲੈਣ ਲਈ ਕਾਲਜ ਜਾ ਹੀ ਰਹੀ ਸੀ ਕਿ ਉਨ੍ਹਾਂ ਦੇ ਪਿਤਾ ਕੋਲ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਸ ਕੇਸ ਦੇ ਕੁਝ ਤੱਥ ਇਸ ਤਰ੍ਹਾਂ ਹਨ ਕਿ ਇੱਕ ਨੌਜਵਾਨ ਨੇ ਕਾਲਜ ਦੇ ਬਾਹਰ ਇੱਕ ਵਿਦਿਆਰਥਣ ਨੂੰ ਦੇਸੀ ਕੱਟੇ ਨਾਲ ਗੋਲੀ ਮਾਰ ਦਿੱਤੀ ਅਤੇ ਉਸ ਦੇ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਗੱਲ ਦੀ ਤਸਦੀਕ ਸੜਕ ਦੇ ਦੂਜੇ ਪਾਸੇ ਸਥਿਤ ਡੀਏਵੀ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਤੋਂ ਹੁੰਦੀ ਹੈ।

ਇਸ ਦੇ ਇਲਾਵਾ ਬਾਕੀ ਸਾਰੀਆਂ ਗੱਲਾਂ, ਲੋਕਾਂ ਦੀ ਸੋਚ, ਉਨ੍ਹਾਂ ਦੇ ਅਨੁਮਾਨ ਅਤੇ ਖੌਫ ਇਕੱਠੇ ਹੋ ਗਏ ਹਨ ਜਿਸ ਵਿੱਚ ਇੱਕ ਸਮੁਦਾਏ ਦੇ ਲੋਕ, ਦੂਜੇ ਸਮੁਦਾਏ ਦੇ ਮੈਂਬਰਾਂ ਨੂੰ ਆਪਣੇ ਤੋਂ ਅਲੱਗ ਦੱਸਦੇ ਹਨ। ਉਨ੍ਹਾਂ ਨੂੰ ਬਾਰੇ ਬੁਰਾ ਭਲਾ ਕਹਿੰਦੇ ਹਨ। ਉਨ੍ਹਾਂ ਦਾ ਬੁਰਾ ਅਕਸ ਪੇਸ਼ ਕਰਦੇ ਹਨ ਜਿਸ ਨਾਲ ਇਹ ਸਾਬਤ ਹੋਵੇ ਕਿ ਦੂਜਾ ਪੱਖ ਉਨ੍ਹਾਂ ਤੋਂ ਬਿਲਕੁਲ ਅਲਹਿਦਾ ਹੈ।

ਕਿਸੇ ਇੱਕ ਸਮੁਦਾਏ ਨੂੰ ਆਪਣੇ ਤੋਂ ਅਲੱਗ ਦੱਸਣਾ ਇਸ ਸੋਚ 'ਤੇ ਆਧਾਰਿਤ ਹੈ ਕਿ ਉਹ ਸਮੁਦਾਏ, ਦੂਜਿਆਂ ਦੀ ਹੋਂਦ ਲਈ ਖਤਰਾ ਹੈ। ਇਸ ਸੋਚ ਨੂੰ ਮੀਡੀਆ ਅਤੇ ਰਾਜਨੇਤਾ ਖੂਬ ਹੱਲਾਸ਼ੇਰੀ ਦਿੰਦੇ ਹਨ।

'ਲਵ ਜਿਹਾਦ' ਜਿਸ ਦੀ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ

ਭਾਰਤ ਦੇ ਮੌਜੂਦਾ ਕਾਨੂੰਨਾਂ ਵਿੱਚ 'ਲਵ ਜਿਹਾਦ' ਦੀ ਕੋਈ ਪਰਿਭਾਸ਼ਾ ਤੈਅ ਨਹੀਂ ਕੀਤੀ ਗਈ ਹੈ। ਹੁਣ ਤੱਕ ਕਿਸੇ ਵੀ ਕੇਂਦਰੀ ਏਜੰਸੀ ਨੇ 'ਲਵ ਜਿਹਾਦ' ਵਰਗੀ ਕਿਸੇ ਘਟਨਾ ਦਾ ਜ਼ਿਕਰ ਵੀ ਨਹੀਂ ਕੀਤਾ ਹੈ।

ਇਹ ਗੱਲ ਖੁਦ ਕੇਂਦਰ ਸਰਕਾਰ ਨੇ ਇਸ ਸਾਲ ਫਰਵਰੀ ਵਿੱਚ ਸੰਸਦ ਨੂੰ ਦੱਸੀ ਸੀ ਅਤੇ ਇਸ ਬਿਆਨ ਜ਼ਰੀਏ ਦਰਅਸਲ, ਕੇਂਦਰ ਸਰਕਾਰ ਨੇ ਅਧਿਕਾਰਕ ਤੌਰ 'ਤੇ ਖੁਦ ਨੂੰ ਸੱਜੇ ਪੱਖੀ ਸੰਗਠਨਾਂ ਦੇ 'ਲਵ ਜਿਹਾਦ' ਵਾਲੇ ਦਾਅਵਿਆਂ ਤੋਂ ਅਲੱਗ ਕਰ ਲਿਆ ਸੀ। ਜਦੋਂਕਿ ਦੇਸ਼ ਦੇ ਕਈ ਸੱਜੇ ਪੱਖੀ ਸੰਗਠਨ, ਮੁਸਲਿਮ ਨੌਜਵਾਨਾਂ ਅਤੇ ਹਿੰਦੂ ਲੜਕੀਆਂ ਦੇ ਸਬੰਧਾਂ ਨੂੰ 'ਲਵ ਜਿਹਾਦ' ਕਹਿ ਕੇ ਨਿਸ਼ਾਨਾ ਬਣਾਉਂਦੇ ਰਹੇ ਹਨ।

ਭਾਰਤ ਦੇ ਸੰਵਿਧਾਨ ਦੀ ਧਾਰਾ-25 ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਧਰਮ ਨੂੰ ਮੰਨਣ, ਆਪਣੀ ਆਸਥਾ ਦੇ ਅਨੁਰੂਪ ਇਬਾਦਤ ਕਰਨ ਅਤੇ ਆਪਣੇ ਧਰਮ ਦਾ ਪ੍ਰਚਾਰ-ਪਸਾਰ ਕਰਨ ਦੀ ਆਜ਼ਾਦੀ ਦਿੰਦੀ ਹੈ।

ਸ਼ਰਤ ਬਸ ਇਹ ਹੈ ਕਿ ਕਿਸੇ ਦੀਆਂ ਧਾਰਮਿਕ ਗਤੀਵਿਧੀਆਂ ਨਾਲ ਨੈਤਿਕਤਾ, ਸਮਾਜਿਕ ਸਦਭਾਵਨਾ ਅਤੇ ਕਿਸੇ ਦੀ ਸਿਹਤ ਨੂੰ ਨੁਕਸਾਨ ਨਾ ਪਹੁੰਚੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਦੂਜੀਆਂ ਜਾਂਚ ਏਜੰਸੀਆਂ ਨੇ ਕੇਰਲ ਵਿੱਚ ਦੋ ਅਲੱਗ-ਅਲੱਗ ਧਰਮਾਂ ਦੇ ਲੋਕਾਂ ਵਿਚਕਾਰ ਵਿਆਹ ਦੀਆਂ ਕਈ ਘਟਨਾਵਾਂ ਦੀ ਜਾਂਚ ਕੀਤੀ ਸੀ। ਇਸ ਵਿੱਚ ਸਾਲ 2018 ਵਿੱਚ ਬਹੁਤ ਚਰਚਿਤ ਹੋਏ ਹਾਦੀਆ ਦੇ ਨਿਕਾਹ ਦਾ ਮਾਮਲਾ ਵੀ ਸ਼ਾਮਲ ਸੀ।

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ 25 ਸਾਲ ਦੀ ਹਾਦੀਆ, ਆਪਣੇ ਪਤੀ ਨਾਲ ਰਹਿਣ ਲਈ ਆਜ਼ਾਦ ਹੈ। ਸਰਵਉੱਚ ਅਦਾਲਤ ਨੇ ਇਸ ਮਾਮਲੇ ਵਿੱਚ ਕੇਰਲ ਹਾਈ ਕੋਰਟ ਦੇ ਉਸ ਫੈਸਲੇ ਨੂੰ ਵੀ ਰੱਦ ਕਰ ਦਿੱਤਾ ਸੀ ਜਿਸ ਵਿੱਚ ਹਾਦੀਆ ਦੇ ਪਿਤਾ ਦੀ ਅਰਜ਼ੀ 'ਤੇ ਇੱਕ ਮੁਸਲਿਮ ਨੌਜਵਾਨ ਨਾਲ ਉਸ ਦੇ ਨਿਕਾਹ ਨੂੰ ਕਾਨੂੰਨੀ ਤੌਰ 'ਤੇ ਅਵੈਧ ਐਲਾਨ ਦਿੱਤਾ ਗਿਆ ਸੀ।

ਇਸ ਸਭ ਦੇ ਦਰਮਿਆਨ ਕਰਣੀ ਸੈਨਾ ਦੇ ਪ੍ਰਮੁੱਖ ਸੂਰਜਪਾਲ ਅਮੂ ਜੋ ਨਿਕਿਤਾ ਤੋਮਰ ਦੇ ਘਰ ਵੀ ਪਹੁੰਚੇ ਸਨ, ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਰਕਾਰ ਇਸ ਬਾਰੇ ਵਿੱਚ ਕੀ ਕਹਿੰਦੀ ਹੈ ਅਤੇ 'ਲਵ ਜਿਹਾਦ' ਨੂੰ ਲੈ ਕੇ ਅਦਾਲਤ ਨੇ ਕੀ ਫੈਸਲਾ ਸੁਣਾਇਆ। ਉਨ੍ਹਾਂ ਲਈ ਤਾਂ ਇਹ ਘਟਨਾ ਇੱਕ ਮੌਕਾ ਸੀ।

ਕਰਣੀ ਸੈਨਾ ਦੇ ਨੇਤਾ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਨਾਲ-ਨਾਲ ਹੋਰ ਇਲਾਕਿਆਂ ਤੋਂ ਨਿਕਿਤਾ ਤੋਮਰ ਦੇ ਘਰ ਫਰੀਦਾਬਾਦ ਪਹੁੰਚੇ ਸਨ। ਉਹ 'ਮੁਸਲਮਾਨਾਂ ਨੂੰ ਪਾਕਿਸਤਾਨ ਭੇਜੋ' ਦੇ ਨਾਅਰੇ ਲਗਾ ਰਹੇ ਸਨ ਅਤੇ ਉਹ ਇਸ ਮਾਮਲੇ ਵਿੱਚ ਆਪਣੇ ਤਰੀਕੇ ਨਾਲ ਇਨਸਾਫ਼ ਕਰਨਾ ਚਾਹੁੰਦੇ ਹਨ।

ਸੂਰਜਪਾਲ ਅਮੂ ਨੇ ਐਲਾਨ ਕੀਤਾ ਕਿ ਕਰਣੀ ਸੈਨਾ ਦੀ ਆਪਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਹੈ ਅਤੇ ਇਹ ਟੀਮ ਦੇਸ਼ ਭਰ ਵਿੱਚ 'ਲਵ ਜਿਹਾਦ' ਦੇ ਮਾਮਲਿਆਂ ਦਾ ਪਤਾ ਲਗਾਏਗੀ ਅਤੇ ਆਪਣੇ ਅੰਦਾਜ਼ ਵਿੱਚ 'ਇਨਸਾਫ਼' ਕਰੇਗੀ।

ਸੂਰਜਪਾਲ ਅਮੂ ਨੇ ਕਿਹਾ, ''ਤੁਸੀਂ ਕਿਸ ਕਾਨੂੰਨ ਦੀ ਗੱਲ ਕਰ ਰਹੇ ਹੋ? ਮੁਸਲਮਾਨਾਂ ਦੇ ਲੜਕੇ ਆਪਣੇ ਨਾਂ ਬਦਲ ਕੇ ਮਾਸੂਮ ਹਿੰਦੂ ਲੜਕੀਆਂ ਨੂੰ ਫਸਾ ਰਹੇ ਹਨ। ਅਸੀਂ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।''

ਪੂਰੇ ਕੇਸ ਨੂੰ ਦਿੱਤਾ ਗਿਆ 'ਲਵ ਜਿਹਾਦ' ਦਾ ਐਂਗਲ

ਜਿੱਥੋਂ ਤੱਕ ਨਿਕਿਤਾ ਦਾ ਮਾਮਲਾ ਹੈ, ਤਾਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਾਲ 2018 ਵਿੱਚ ਤੌਸੀਫ਼ ਖਿਲਾਫ਼ ਕੀਤੀ ਗਈ ਸ਼ਿਕਾਇਤ ਨੂੰ ਵਾਪਸ ਲੈ ਲਿਆ ਸੀ। ਇਸ ਵਿੱਚ ਉਨ੍ਹਾਂ ਨੇ ਤੌਸੀਫ਼ 'ਤੇ ਨਿਕਿਤਾ ਨੂੰ ਅਗਵਾ ਕਰਨ ਦਾ ਇਲਜ਼ਾਮ ਲਗਾਇਆ ਸੀ। ਬਾਅਦ ਵਿੱਚ ਦੋਵੇਂ ਪਰਿਵਾਰਾਂ ਵਿਚਕਾਰ ਇੱਕ ਸਮਝੌਤਾ ਹੋਇਆ ਜਿਸ ਵਿੱਚ ਤੈਅ ਕੀਤਾ ਗਿਆ ਕਿ ਤੌਸੀਫ਼ ਹੁਣ ਨਿਕਿਤਾ ਨੂੰ ਪਰੇਸ਼ਾਨ ਨਹੀਂ ਕਰੇਗਾ, ਪਰ ਤੌਸੀਫ਼ ਦੀਆਂ ਹਰਕਤਾਂ ਬੰਦ ਨਹੀਂ ਹੋਈਆਂ।

ਉਹ ਨਿਕਿਤਾ ਨੂੰ ਪਰੇਸ਼ਾਨ ਕਰਦਾ ਰਿਹਾ। ਇਸੀ ਵਜ੍ਹਾ ਨਾਲ ਨਿਕਿਤਾ ਨੂੰ ਕਾਲਜ ਛੱਡਣ ਲਈ ਉਸ ਦੀ ਮਾਂ ਨਾਲ ਜਾਂਦੀ ਹੁੰਦੀ ਸੀ ਤਾਂ ਕਿ ਉਨ੍ਹਾਂ ਦੀ ਬੇਟੀ ਮਹਿਫੂਜ਼ ਰਹੇ। ਉਸ ਨੂੰ ਤੌਸੀਫ਼ ਤੋਂ ਕੋਈ ਦਿੱਕਤ ਨਾ ਹੋਵੇ।

ਹਾਲਾਂਕਿ ਬਾਅਦ ਵਿੱਚ ਨਿਕਿਤਾ ਦੀ ਮਾਂ ਨੇ ਬੇਟੀ ਨੂੰ ਕਾਲਜ ਛੱਡਣ ਜਾਣ ਅਤੇ ਵਾਪਸ ਲੈ ਆਉਣਾ ਬੰਦ ਦਰ ਦਿੱਤਾ। ਉਨ੍ਹਾਂ ਨੂੰ ਲੱਗਿਆ ਕਿ ਹੁਣ ਉਨ੍ਹਾਂ ਦੀ ਬੇਟੀ ਨੂੰ ਤੌਸੀਫ਼ ਤੰਗ ਨਹੀਂ ਕਰਦਾ।

ਨਿਕਿਤਾ ਦੇ ਮਾਪਿਆਂ ਨੇ ਤੌਸੀਫ਼ ਖਿਲਾਫ਼ ਕੀਤੀ ਗਈ ਸ਼ਿਕਾਇਤ ਨੂੰ ਵਾਪਸ ਲੈ ਲਿਆ ਸੀ। ਉਸ ਦੀ ਇੱਕ ਵਜ੍ਹਾ ਇਹ ਸੀ ਕਿ ਲੜਕੀ ਵਾਲੇ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਬਦਨਾਮੀ ਹੋਣ ਦਾ ਜ਼ਿਆਦਾ ਡਰ ਸੀ।

ਇਸ ਨਾਲ ਉਨ੍ਹਾਂ ਦੀ ਬੇਟੀ ਦੇ ਵਿਆਹ ਵਿੱਚ ਅੜਚਣਾਂ ਆਉਣ ਦਾ ਡਰ ਸੀ ਅਤੇ ਹੁਣ ਇਸ ਕੇਸ ਵਿੱਚ ਛੇੜਖਾਨੀ ਦਾ ਮਾਮਲਾ ਹਟਾ ਕੇ, ਪੂਰੇ ਕੇਸ ਨੂੰ 'ਲਵ ਜਿਹਾਦ' ਦਾ ਐਂਗਲ ਦੇ ਦਿੱਤਾ ਗਿਆ ਹੈ।

ਇਸੀ ਤਰ੍ਹਾਂ ਉੱਤਰ ਪ੍ਰਦੇਸ਼ ਦੇ ਹਾਥਰਸ ਬਲਾਤਕਾਰ ਕਾਂਡ ਵਿੱਚ ਪੀੜਤ ਲੜਕੀ ਦੇ ਪਰਿਵਾਰ ਨੇ ਵਾਰ-ਵਾਰ ਇਹ ਗੱਲ ਕਹੀ ਸੀ ਕਿ ਉਨ੍ਹਾਂ ਨੇ ਬੇਟੀ ਨਾਲ ਬਲਾਤਕਾਰ ਦੀ ਸ਼ਿਕਾਇਤ ਸਿਰਫ਼ ਇਸ ਲਈ ਨਹੀਂ ਕੀਤੀ ਸੀ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣੀ ਬੇਟੀ ਦੀ ਬਦਨਾਮੀ ਦਾ ਡਰ ਸੀ ਜਿਸ ਦਾ ਦਾਗ ਉਨ੍ਹਾਂ ਨੂੰ ਜੀਵਨ ਭਰ ਝੱਲਣਾ ਪੈਂਦਾ।

ਪਰ, ਨਿਕਿਤਾ ਦੇ ਮਾਮਲੇ 'ਤੇ ਨਾਰਾਜ਼ਗੀ ਪ੍ਰਗਟਾ ਰਹੀਆਂ ਵਿਦਿਆਰਥਣਾਂ ਨੇ ਸਹੂਲਤ ਦੇ ਹਿਸਾਬ ਨਾਲ ਸਿਲੈਕਟਿਵ ਰੁਖ਼ ਅਪਣਾਇਆ ਹੋਇਆ ਸੀ।

ਉਨ੍ਹਾਂ ਨੇ ਪਹਿਲਾਂ ਹੀ ਇਹ ਤੈਅ ਕਰ ਲਿਆ ਕਿ ਨਿਕਿਤਾ ਦੀ ਹੱਤਿਆ ਅਸਲ ਵਿੱਚ 'ਲਵ ਜਿਹਾਦ' ਹੈ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਇਸ ਜੁਮਲੇ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ, ਪਰ ਨਿਕਿਤਾ ਦੇ ਕਾਲਜ ਅਤੇ ਉਸ ਦੇ ਘਰ ਦੇ ਬਾਹਰ ਇਹ ਨਾਅਰੇਬਾਜ਼ੀ ਜਾਰੀ ਰਹੀ।

ਮੌਤ ਦੇ ਬਾਅਦ ਹੁਣ 'ਦਲੇਰ'

ਹਰਿਆਣਾ ਦੇ ਸੋਹਨਾ ਰੋਡ 'ਤੇ ਸਥਿਤ ਇਹ ਇੱਕ ਮੱਧ ਵਰਗੀ ਸੁਸਾਇਟੀ ਹੈ। ਇੱਥੇ ਹੀ ਨਿਕਿਤਾ, ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਉਨ੍ਹਾਂ ਦਾ ਮਕਾਨ ਗਰਾਊਂਡ ਫਲੋਰ 'ਤੇ ਹੈ ਜਿਸ ਵਿੱਚ ਦੋ ਕਮਰੇ ਹਨ।

ਘਰ 'ਤੇ ਆਉਣ-ਜਾਣ ਵਾਲਿਆਂ ਦੇ ਬੈਠਣ ਲਈ ਬਾਹਰ ਇੱਕ ਤੰਬੂ ਲਗਾ ਕੇ ਉਸ ਵਿੱਚ ਗੱਦੇ ਰੱਖ ਦਿੱਤੇ ਗਏ ਸਨ। ਦੂਰ-ਦੂਰ ਤੋਂ ਅਲੱਗ-ਅਲੱਗ ਸੰਗਠਨਾਂ ਦੇ ਲੋਕ ਨਿਕਿਤਾ ਦੇ ਘਰ ਪਹੁੰਚ ਰਹੇ ਸਨ। ਨਿਕਿਤਾ ਦੇ ਮਾਂ-ਬਾਪ ਨਾਲ ਬੇਟੀ ਦੇ ਕਤਲ 'ਤੇ ਅਫ਼ਸੋਸ ਪ੍ਰਗਟਾ ਰਹੇ ਸਨ ਕਿਉਂਕਿ 'ਉਸ ਲੜਕੀ ਨੇ ਆਪਣਾ ਮਜ਼ਹਬ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਸੀ।

ਹੁਣ ਨਿਕਿਤਾ ਨੂੰ ਉਸ ਦੀ ਮੌਤ ਦੇ ਬਾਅਦ ਇੱਕ ਨਾਇਕਾ, ਇੱਕ 'ਦਲੇਰ ਲੜਕੀ' ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ 'ਕਤਲ ਦਾ ਬਦਲਾ ਰਾਜਪੂਤ ਲੈਣ ਵਾਲੇ ਹਨ।'

ਲਗਭਗ 50 ਸਾਲ ਦੀ ਸਵਦੇਸ਼ੀ, ਉਸੀ ਸੁਸਾਇਟੀ ਦੇ ਗੁਆਂਢ ਵਾਲੇ ਬਲਾਕ ਵਿੱਚ ਰਹਿੰਦੀ ਹੈ। ਉਹ ਨਿਕਿਤਾ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, ''ਮੈਂ ਉਸ ਨੂੰ ਜਾਣਦੀ ਸੀ। ਉਹ ਬਹੁਤ ਪਿਆਰੀ ਲੜਕੀ ਸੀ। ਇਨਸਾਫ਼ ਜ਼ਰੂਰ ਹੋਣਾ ਚਾਹੀਦਾ ਹੈ। ਮੁਲਜ਼ਮ ਨੂੰ ਉਸੀ ਜਗ੍ਹਾ 'ਤੇ ਖੜ੍ਹਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਇਹੀ ਇਨਸਾਫ਼ ਹੋਵੇਗਾ।'

ਮਹਿੰਦਰ ਠਾਕੁਰ, ਦਿੱਲੀ ਤੋਂ ਨਿਕਿਤਾ ਦੇ ਘਰ ਪਹੁੰਚੇ ਸਨ। ਹਮਦਰਦੀ ਜਤਾਉਣ ਲਈ ਮਹਿੰਦਰ ਨੇ ਕਿਹਾ ਕਿ “ਉਹ ਨਿਕਿਤਾ ਦੀ ਬਿਰਾਦਰੀ ਤੋਂ ਹੀ ਹਨ।' ਉਨ੍ਹਾਂ ਨੇ ਕਿਹਾ, ''ਜੇਕਰ ਕਾਨੂੰਨ ਨੇ ਉਸ ਨੂੰ ਸਜ਼ਾ ਨਹੀਂ ਦਿੱਤੀ ਤਾਂ ਅਸੀਂ ਦੇਵਾਂਗੇ।”

ਇੱਕ ਕੌਮ ਤੋਂ ਬਦਲਾ ਲੈਣ ਦਾ ਪ੍ਰਣ

“ਠਾਕੁਰਾਂ ਦਾ ਕੋਈ ਵੀ ਲੜਕਾ ਉਸ ਨੂੰ ਮਾਰ ਦੇਵੇਗਾ। ਇਹ ਜ਼ਰੂਰ ਹੋਵੇਗਾ। ਅਸੀਂ ਰਾਜਪੂਤ ਹਾਂ। ਉਹ ਜ਼ਿੰਦਾ ਨਹੀਂ ਬਚੇਗਾ, ਉਸ ਦੀ ਮੌਤ ਹੋਵੇਗੀ।''

ਇੱਕ ਕੌਮ ਤੋਂ ਬਦਲਾ ਲੈਣ ਦਾ ਪ੍ਰਣ ਹਰੀਆਂ ਦੀਵਾਰਾਂ ਵਾਲੇ ਇਸ ਅਪਾਰਟਮੈਂਟ ਦੇ ਲਿਵਿੰਗ ਰੂਮ ਦੇ ਅੰਦਰ ਇੱਕ ਨਿਊਜ਼ ਚੈਨਲ ਦੀ ਰਿਪੋਰਟਰ ਨੇ ਨਿਕਿਤਾ ਦੀ ਮਾਂ ਨੂੰ ਫੜ ਕੇ ਰੱਖਿਆ ਹੋਇਆ ਸੀ।

ਕੈਮਰੇ ਲਾ ਦਿੱਤੇ ਗਏ ਸਨ ਅਤੇ ਰਿਪੋਰਟਰ ਨੇ ਨਿਕਿਤਾ ਦੀ ਮਾਂ ਦੇ ਵਾਲ ਠੀਕ ਕੀਤੇ। ਫਿਰ ਉਸ ਦੇ ਪਿਤਾ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਆ ਕੇ ਬੈਠ ਜਾਣ।

ਉਸ ਤੋਂ ਬਾਅਦ ਰਿਪੋਰਟਰ ਨੇ ਕੈਮਰੇ ਵੱਲ ਰੁਖ਼ ਕਰਕੇ ਕਿਹਾ ਕਿ ਕੀ ਇੱਕ ਲੜਕੀ ਦਾ ਬਾਪ ਬਦਲਾ ਨਹੀਂ ਲਏਗਾ। ਇਸ ਦੇ ਬਾਅਦ ਉਹ 'ਲਵ ਜਿਹਾਦ' 'ਤੇ ਕਾਫ਼ੀ ਦੇਰ ਤੱਕ ਆਪਣੀ ਗੱਲ ਕਹਿੰਦੀ ਰਹੀ। ਉਸ ਰਿਪੋਰਟਰ ਨੇ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਔਰਤਾਂ ਆਪਣੀ ਇੱਜ਼ਤ ਲਈ ਖੜ੍ਹੀਆਂ ਹੋਣ ਅਤੇ 'ਲਵ ਜਿਹਾਦ' ਦਾ ਡਟ ਕੇ ਮੁਕਾਬਲਾ ਕਰਨ।

ਵੀਡੀਓ: ਇਨ੍ਹਾਂ ਦੇ ਪਿਆਰ ਨੇ ਜਾਤ ਨੂੰ ਹਰਾਇਆ

ਇਹ ਕਮਰਾ ਹੁਣ ਦੂਜੇ ਸਮੁਦਾਏ ਨੂੰ ਨਿਸ਼ਾਨਾ ਬਣਾਉਣ ਦਾ ਅੱਡਾ ਬਣ ਚੁੱਕਿਆ ਸੀ। ਉੱਥੇ ਬਾਹਰ ਦਾ ਮਾਹੌਲ ਹੋਰ ਵੀ ਹਿੰਸਕ ਹੋ ਗਿਆ ਸੀ। ਮੁਸਲਿਮ ਸਮੁਦਾਏ ਦੇ ਬਾਈਕਾਟ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਸਬਕ ਸਿਖਾਉਣ ਲਈ ਪਾਕਿਸਤਾਨ ਭੇਜ ਦੇਣ ਦੇ ਨਾਅਰੇ ਲਗਾਏ ਜਾ ਰਹੇ ਸਨ।

ਮੌਕੇ 'ਤੇ ਮੌਜੂਦ ਪੁਲਿਸ ਵਾਲੇ ਥੋੜ੍ਹੀ ਦੂਰੀ ਬਣਾ ਕੇ ਖੜ੍ਹੇ ਸਨ। ਕੁਝ ਲੋਕ ਨੌਜਵਾਨਾਂ ਨੂੰ ਪੁੱਛ ਰਹੇ ਸਨ ਕਿ ਕੀ ਉਹ ਇੱਕ ਹਿੰਦੂ ਲੜਕੀ ਦੇ ਕਤਲ ਦਾ ਬਦਲਾ ਲੈਣ ਨੂੰ ਤਿਆਰ ਹਨ? ਅਤੇ ਪੁਲਿਸ ਵਾਲੇ ਬਸ ਤਮਾਸ਼ਬੀਨ ਬਣੇ ਹੋਏ ਸਨ।

ਮੇਜ਼ 'ਤੇ ਉਨ੍ਹਾਂ ਨੇ ਨਿਕਿਤਾ ਦੀ ਤਸਵੀਰ ਲਗਾ ਦਿੱਤੀ ਸੀ ਜਿਸ 'ਤੇ ਫੁੱਲਾਂ ਦੀ ਮਾਲਾ ਚੜ੍ਹਾ ਦਿੱਤੀ ਗਈ ਸੀ। ਤਸਵੀਰ ਵਿੱਚ ਨਿਕਿਤਾ ਨੀਲੇ ਰੰਗ ਦੇ ਜੰਪਰ ਵਿੱਚ ਸੀ। ਤਸਵੀਰ ਵਿੱਚ ਉਸ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਰਾਹਟ ਸੀ।

ਇੱਥੇ ਹੀ ਘੁੰਡ ਕੱਢ ਕੇ ਆ ਰਹੀਆਂ ਔਰਤਾਂ ਇਕੱਠੀਆਂ ਹੋ ਕੇ ਨਿਕਿਤਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੀਆਂ ਸਨ। ਨਿਕਿਤਾ ਦੀ ਮਾਂ ਵਿਜਯਵਤੀ ਅਕਸਰ ਰੋਣ ਲੱਗਦੀ ਸੀ। ਉਹ ਵਾਰ-ਵਾਰ ਇਹ ਦੁਹਰਾ ਰਹੀ ਸੀ ਕਿ ਉਸ ਦੀ ਬੇਟੀ ਬਹੁਤ ਬਹਾਦਰ ਸੀ।

ਉਸ ਕੋਲ ਆਪਣੀ ਬੇਟੀ ਵਰਗਾ ਸਾਹਸ ਨਹੀਂ ਹੈ। ਜੇਕਰ ਕੋਈ ਉਸ ਨੂੰ ਬੰਦੂਕ ਦੀ ਨੋਕ 'ਤੇ ਗੱਡੀ ਵਿੱਚ ਬੈਠਣ ਨੂੰ ਕਹਿੰਦਾ, ਤਾਂ ਉਹ ਜ਼ਰੂਰ ਬੈਠ ਜਾਂਦੀ।

ਵਿਜਯਵਤੀ ਦੀ ਭੈਣ ਗੀਤਾ ਦੇਵੀ ਵਾਰ-ਵਾਰ ਇਹ ਕਹਿ ਰਹੀ ਸੀ ਕਿ, 'ਮੇਰੀ ਭਾਣਜੀ ਨੇ ਹਿੰਦੂ ਧਰਮ ਲਈ ਆਪਣੀ ਜਾਨ ਦੇ ਦਿੱਤੀ। ਜੇਕਰ ਉਹ ਉਸ ਦਿਨ ਕਾਰ ਵਿੱਚ ਬੈਠ ਜਾਂਦੀ ਤਾਂ ਫਿਰ ਉਸ ਦੀ ਮਾਂ ਆਪਣੀ ਬੇਟੀ ਦੀ ਇਸ ਕਾਇਰਤਾ ਨਾਲ ਕਿਵੇਂ ਜ਼ਿੰਦਗੀ ਬਿਤਾਉਂਦੀ।'

ਗੀਤਾ ਦੇਵੀ ਨੇ ਵਿਜਯਵਤੀ ਨੂੰ ਦਿਲਾਸਾ ਦਿਵਾਉਂਦੇ ਹੋਏ ਕਿਹਾ ਕਿ, 'ਭੈਣ ਹੁਣ ਤੁਸੀਂ ਇਸ ਫਖ਼ਰ ਨਾਲ ਜੀ ਸਕਦੇ ਹੋ ਕਿ ਤੁਹਾਡੀ ਬੇਟੀ ਬਹੁਤ ਬਹਾਦਰ ਸੀ।'

ਮਾਂ ਕਹਿ ਰਹੀ ਸੀ ਕਿ ਨਿਕਿਤਾ ਨੇਵੀ ਲੈਫਟੀਨੈਂਟ ਬਣਨਾ ਚਾਹੁੰਦੀ ਸੀ ਅਤੇ ਉਸ ਨੇ 15 ਦਿਨ ਪਹਿਲਾਂ ਹੀ ਭਰਤੀ ਦੀ ਪ੍ਰੀਖਿਆ ਦਿੱਤੀ ਸੀ। ਇਮਤਿਹਾਨ ਦੇਣ ਦੇ ਬਾਅਦ ਉਸ ਨੂੰ ਯਕੀਨ ਸੀ ਕਿ ਉਹ ਚੁਣ ਲਈ ਜਾਵੇਗੀ।

ਮਾਸੀ ਗੀਤਾ ਨੇ ਕਿਹਾ ਕਿ, ''ਉਹ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਸੀ।''

ਮਾਂ ਨੇ ਕਿਹਾ ਕਿ ਬੇਟੀ ਨੂੰ ਸਕੂਲ ਜਾਣਾ ਬਹੁਤ ਚੰਗਾ ਲਗਦਾ ਸੀ। ਉਹ ਰੁਕਦੀ ਹੀ ਨਹੀਂ ਸੀ। ਰਾਜ ਸਰਕਾਰ ਅਤੇ 'ਲਵ ਜਿਹਾਦ' ਦੇ ਐਂਗਲ ਦੀ ਜਾਂਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ 2018 ਵਿੱਚ ਨਿਕਿਤਾ ਦੇ ਪਰਿਵਾਰ ਨੇ ਤੌਸੀਫ਼ ਖਿਲਾਫ਼ ਜੋ ਐੱਫਆਈਆਰ ਕਰਾਈ ਸੀ। ਉਸ ਦੀ ਵੀ ਜਾਂਚ ਕਰਨ ਦੀ ਜ਼ਰੂਰਤ ਹੈ।

ਇਸ ਮਾਮਲੇ ਦੀ ਤਫਤੀਸ਼ ਲਈ ਬਣੀ ਐੱਸਆਈਟੀ ਪੁਰਾਣੀ ਐੱਫਆਈਆਰ ਦੀ ਵੀ ਜਾਂਚ ਕਰੇਗੀ। ਅਨਿਲ ਵਿਜ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਜਾਂਚ 'ਲਵ ਜਿਹਾਦ' ਦੇ ਐਂਗਲ ਤੋਂ ਵੀ ਕੀਤੇ ਜਾਣ ਦੀ ਜ਼ਰੂਰਤ ਹੈ।

ਵਿਜ ਨੇ ਸੰਕੇਤ ਦਿੱਤਾ ਕਿ 2018 ਵਿੱਚ ਕਾਂਗਰਸ ਨੇ ਨਿਕਿਤਾ ਦੇ ਪਰਿਵਾਰ 'ਤੇ ਦਬਾਅ ਬਣਾ ਕੇ ਤੌਸੀਫ਼ ਖਿਲਾਫ਼ ਅਗਵਾ ਦਾ ਉਹ ਕੇਸ ਵਾਪਸ ਕਰਾਇਆ ਸੀ ਜਿਸ ਨੂੰ ਫਰੀਦਾਬਾਦ ਵਿੱਚ 1860 ਦੇ ਇੰਡੀਅਨ ਪੀਨਲ ਕੋਡ ਤਹਿਤ ਦਰਜ ਕੀਤਾ ਗਿਆ ਸੀ।

ਉਹ ਐੱਫਆਈਆਰ 2 ਅਗਸਤ 2018 ਨੂੰ ਦਰਜ ਕਰਾਈ ਗਈ ਸੀ ਜਿਸ ਵਿੱਚ ਨਿਕਿਤਾ ਦੇ ਪਿਤਾ ਮੂਲਚੰਦ ਤੋਮਰ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਦੀ 18 ਸਾਲ ਦੀ ਬੇਟੀ ਨੂੰ ਅਗਰਵਾਲ ਕਾਲਜ ਦੇ ਬਾਹਰ ਤੋਂ ਅਗਵਾ ਕਰ ਲਿਆ ਗਿਆ ਸੀ।

ਮੂਲਚੰਦ ਨੇ ਆਪਣੀ ਐੱਫਆਈਆਰ ਵਿੱਚ ਤੌਸੀਫ਼ ਨੂੰ ਮੁਲਜ਼ਮ ਬਣਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਨਿਕਿਤਾ ਦੀ ਮਾਂ ਨੂੰ ਅਭਿਸ਼ੇਕ ਨਾਂ ਦੇ ਇੱਕ ਵਿਅਕਤੀ ਦਾ ਫੋਨ ਆਇਆ ਸੀ ਜਿਸ ਨੇ ਦੱਸਿਆ ਕਿ ਨਿਕਿਤਾ ਨੇ ਉਸ ਨੂੰ ਫੋਨ ਕਰਕੇ ਬੋਲਿਆ ਕਿ ਤੌਸੀਫ਼ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਅਭਿਸ਼ੇਕ ਇਹ ਗੱਲ ਨਿਕਿਤਾ ਦੇ ਘਰਵਾਲਿਆਂ ਨੂੰ ਦੱਸ ਦੇਵੇ।

ਨਿਕਿਤਾ ਦੇ ਘਰ ਪਹੁੰਚੇ ਜੋ ਲੋਕ ਉਸ ਨੂੰ ਸ਼ਰਧਾਂਜਲੀ ਦੇ ਰਹੇ ਸਨ। ਉਸ ਨੂੰ ਯਾਦ ਕਰਦੇ ਹੋਏ ਵਾਰ-ਵਾਰ ਧਰਮ ਪਰਿਵਰਤਨ ਖਿਲਾਫ਼ ਉਸ ਦੀ ਜ਼ਿੱਦ ਨੂੰ ਸਲਾਮ ਕਰ ਰਹੇ ਸਨ। ਉਸ ਵਿੱਚ ਕੋਈ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਨੂੰ ਇਕਤਰਫ਼ਾ ਪਿਆਰ ਕਰਨ ਵਾਲਾ ਇੱਕ ਨੋਜਵਾਨ ਲਗਾਤਾਰ ਉਸ ਦਾ ਪਿੱਛਾ ਕਰਦਾ ਰਿਹਾ ਸੀ।

ਛੇੜਖਾਨੀ ਅਤੇ ਪਿੱਛਾ ਕਰਨਾ ਇੱਕ ਅਪਰਾਧ ਹੈ ਅਤੇ ਦੇਸ਼ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਕਿਸੇ ਦੇ ਮੁਹੱਬਤ ਦੇ ਪ੍ਰਸਤਾਵ ਨੂੰ ਠੁਕਰਾਉਣ ਦੀ ਭਾਰੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ।

ਵੀਡੀਓ: ਤਨਿਸ਼ਕ ਦੀ ਹਿੰਦੂ-ਮੁਸਲਿਮ ਪਰਿਵਾਰ ਦੀ ਮਸ਼ਹੂਰੀ ਉੱਪਰ ਛਿੜਿਆ ਵਿਵਾਦ

ਪ੍ਰੇਮ ਪ੍ਰਸਤਾਵ ਠੁਕਰਾਉਣ ਦਾ ਖ਼ਮਿਆਜ਼ਾ ਭੁਗਤ ਦੀਆਂ ਔਰਤਾਂ ਜਨਵਰੀ 2020 ਤੱਕ ਦੇ ਨੈਸ਼ਨਲ ਕਰਾਈਮ ਰਿਕਾਰਡਜ਼ ਬਿਓਰੋ (NCRB) ਦੇ ਅੰਕੜੇ ਕਹਿੰਦੇ ਹਨ ਕਿ ਸਾਲ 2018 ਵਿੱਚ ਹਰ 55 ਮਿੰਟ ਵਿੱਚ ਪਿੱਛਾ ਕਰਨ ਦਾ ਇੱਕ ਕੇਸ ਦੇਸ਼ ਵਿੱਚ ਕਿਧਰੇ ਨਾ ਕਿਧਰੇ ਦਰਜ ਹੁੰਦਾ ਹੈ।

ਉਸ ਸਾਲ ਛੇੜਖਾਨੀ ਅਤੇ ਪਿੱਛਾ ਕਰਨ ਦੇ 9 ਹਜ਼ਾਰ, 438 ਮਾਮਲੇ ਦਰਜ ਕੀਤੇ ਗਏ ਸਨ ਜੋ ਸਾਲ 2014 ਵਿੱਚ ਦਰਜ ਕੀਤੇ ਗਏ ਅਜਿਹੇ ਮਾਮਲਿਆਂ ਤੋਂ ਦੁੱਗਣੇ ਜ਼ਿਆਦਾ ਸਨ।

NCRB ਦੇ ਅੰਕੜੇ ਕਹਿੰਦੇ ਹਨ ਕਿ ਪਿੱਛਾ ਕਰਨ ਅਤੇ ਛੇੜਖਾਨੀ ਦੇ ਇਨ੍ਹਾਂ 9438 ਕੇਸਾਂ ਵਿੱਚੋਂ ਸਿਰਫ਼ 29.6 ਪ੍ਰਤੀਸ਼ਤ ਕੇਸਾਂ ਵਿੱਚ ਹੀ ਸਜ਼ਾ ਹੋਈ।

ਪਿੱਛਾ ਕਰਨ ਦੀਆਂ ਘਟਨਾਵਾਂ ਨੂੰ ਅਕਸਰ ਪੀੜਤਾ ਦੇ ਜਿਨਸੀ ਅਪਰਾਧਾਂ ਦੀਆਂ ਦੂਜੀਆਂ ਸ਼ਿਕਾਇਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਗੱਲ ਹਾਥਰਸ ਵਾਲੇ ਮਾਮਲੇ ਵਿੱਚ ਵੀ

ਦੇਖੀ ਗਈ ਸੀ। ਜਿੱਥੇ ਲੜਕੀ ਦੇ ਕਿਰਦਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਭਾਰਤ ਵਿੱਚ ਅਜਿਹੀਆਂ ਕਈ ਘਟਨਾਵਾਂ ਹੋਈਆਂ ਹਨ ਜਿੱਥੇ ਔਰਤਾਂ ਨੂੰ ਕਿਸੇ ਇਨਸਾਨ ਦੇ ਪ੍ਰੇਮ ਪ੍ਰਸਤਾਵ ਨੂੰ ਨਕਾਰਨ ਦਾ ਹਰਜਾਨਾ ਐਸਿਡ ਅਟੈਕ ਵਰਗੇ ਘਿਨੌਣੇ ਜੁਰਮ ਸਹਿ ਕੇ ਭੁਗਤਣਾ ਪਿਆ ਹੈ ਕਿਉਂਕਿ ਮਰਦ ਕਿਸੇ ਔਰਤ ਵੱਲੋਂ ਨਕਾਰਨ ਨੂੰ ਸਹਿਣ ਕਰਨ ਅਤੇ ਆਪਣੀਆਂ ਸੀਮਾਵਾਂ ਦਾ ਸਨਮਾਨ ਕਰ ਪਾਉਣ ਵਿੱਚ ਅਸਫਲ ਰਹੇ।

ਖ਼ਬਰਾਂ ਮੁਤਾਬਿਕ ਨਿਕਿਤਾ ਦੇ ਕਤਲ ਦਾ ਦੋਸ਼ੀ ਤੌਸੀਫ਼ ਦੋ ਦਿਨ ਪਹਿਲਾਂ ਕਾਲਜ ਗਿਆ ਸੀ ਪਰ ਉਦੋਂ ਉਹ ਨਿਕਿਤਾ ਨੂੰ ਨਹੀਂ ਮਿਲ ਸਕਿਆ ਸੀ।

ਨਿਕਿਤਾ ਦੇ ਕਤਲ ਦੇ ਬਾਅਦ ਉਸ ਦੇ ਪਰਿਵਾਰ ਨੇ ਜੋ ਐੱਫਆਈਆਰ ਦਰਜ ਕਰਾਈ ਹੈ। ਉਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਤੌਸੀਫ਼ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰ ਰਿਹਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਤੌਸੀਫ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਨਿਕਿਤਾ ਨੂੰ ਪਿਆਰ ਕਰਦਾ ਸੀ, ਪਰ ਜਦੋਂ ਨਿਕਿਤਾ ਨੇ ਉਸ ਦਾ ਫੋਨ ਸੁਣਨਾ ਬੰਦ ਕਰ ਦਿੱਤਾ, ਤਾਂ ਉਸ ਨੇ ਨਿਕਿਤਾ ਨੂੰ 'ਸਬਕ ਸਿਖਾਉਣ' ਦਾ ਫੈਸਲਾ ਕੀਤਾ।

ਪੁਲਿਸ ਹੁਣ ਨਿਕਿਤਾ ਦੇ ਪਰਿਵਾਰ ਦੇ ਉਸ ਇਲਜ਼ਾਮ ਦੀ ਵੀ ਜਾਂਚ ਕਰ ਰਹੀ ਹੈ ਕਿ ਤੌਸੀਫ਼ ਅਤੇ ਉਸ ਦਾ ਪਰਿਵਾਰ ਨਿਕਿਤਾ 'ਤੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਨ ਅਤੇ ਨਿਕਾਹ ਕਰਨ ਦਾ ਦਬਾਅ ਬਣਾ ਰਿਹਾ ਸੀ। ਵੀਰਵਾਰ ਨੂੰ ਮੂਲਚੰਦ ਤੋਮਰ ਨੇ ਇਨ੍ਹਾਂ ਦੋਸ਼ਾਂ ਨੂੰ ਦੁਹਰਾਇਆ।

ਵੀਡੀਓ: ਮਸਜਿਦ ਵਿੱਚ ਹਿੰਦੂ ਜੋੜੇ ਦਾ ਵਿਆਹ

ਬੀਬੀਸੀ ਕੋਲ ਐੱਫਆਈਆਰ ਦੀਆਂ ਜੋ ਕਾਪੀਆਂ ਮੌਜੂਦ ਹਨ, ਉਸ ਵਿੱਚ ਹੁਣ ਤੱਕ ਤਾਂ ਨਿਕਿਤਾ 'ਤੇ ਧਰਮ ਪਰਿਵਰਤਨ ਦਾ ਦਬਾਅ ਬਣਾਉਣ ਦੀ ਕੋਈ ਗੱਲ ਦਰਜ ਨਹੀਂ ਕੀਤੀ ਗਈ ਹੈ।

ਹੁਣ ਜੋ ਮਾਹੌਲ ਬਣਾਇਆ ਜਾ ਰਿਹਾ ਹੈ, ਉਹ ਇਹੀ ਹੈ ਕਿ ਨਿਕਿਤਾ ਆਪਣੇ ਧਰਮ ਦਾ ਬਚਾਅ ਕਰ ਰਹੀ ਸੀ, ਉਹ ਇੱਕ ਹਿੰਦੂ ਲੜਕੀ ਸੀ ਅਤੇ ਇਸਲਾਮ ਕਬੂਲ ਕਰਨ ਨੂੰ ਤਿਆਰ ਨਹੀਂ ਸੀ।

ਲੜਕੀ ਦੀ ਮਾਸੀ ਦਾ ਕਹਿਣਾ ਸੀ ਕਿ, ''ਨਿਕਿਤਾ ਤਾਂ ਤੌਸੀਫ਼ ਦੀਆਂ ਧਮਕੀਆਂ ਦੇ ਬਾਵਜੂਦ ਆਪਣਾ ਮਜ਼ਹਬ ਬਦਲਣ ਨੂੰ ਰਾਜ਼ੀ ਨਹੀਂ ਹੋਈ। ਉਸ ਨੇ ਆਪਣਾ ਧਰਮ ਬਚਾ ਲਿਆ, ਇਸ ਲਈ ਅੱਜ ਉਸ ਦੀ ਚੌਖਟ 'ਤੇ ਇੰਨੇ ਲੋਕ ਇਕੱਠੇ ਹੋ ਰਹੇ ਹਨ।''

ਨਿਕਿਤਾ ਦੀ ਮਾਂ ਨੇ ਵੀ ਆਪਣੀ ਕਮਜ਼ੋਰ ਆਵਾਜ਼ ਵਿੱਚ ਇਹੀ ਗੱਲ ਦੁਹਰਾਈ ਅਤੇ ਕਿਹਾ ਕਿ 'ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਹੈ, ਤੌਸੀਫ਼ ਦਾ ਐਨਕਾਊਂਟਰ ਚਾਹੀਦਾ ਹੈ।'

'ਲਵ ਜਿਹਾਦ' ਦੀ ਜਾਂਚ ਦਾ ਹਾਲ

ਲਵ ਜਿਹਾਦ ਦੇ ਜੁਮਲੇ ਨੇ ਪਹਿਲੀ ਵਾਰ ਸਾਲ 2009 ਵਿੱਚ ਦੇਸ਼ ਭਰ ਵਿੱਚ ਸੁਰਖੀਆਂ ਬਟੋਰੀਆਂ ਸਨ। ਉਦੋਂ ਕੇਰਲ ਵਿੱਚ ਜ਼ਬਰਨ ਧਰਮ ਪਰਿਵਰਤਨ ਕਰਾਉਣ ਦੇ ਇਲਜ਼ਾਮ ਲੱਗੇ ਸਨ ਅਤੇ ਉਸ ਦੇ ਬਾਅਦ ਕਰਨਾਟਕ ਵਿੱਚ ਵੀ ਇਹੀ ਦੋਸ਼ ਲਗਾਏ ਗਏ ਸਨ।

ਹਾਲਾਂਕਿ ਲਗਭਗ ਦੋ ਸਾਲ ਦੀ ਜਾਂਚ ਦੇ ਬਾਅਦ ਸਾਲ 2012 ਵਿੱਚ ਕੇਰਲ ਪੁਲਿਸ ਨੇ ਕਿਹਾ ਸੀ ਕਿ 'ਲਵ ਜਿਹਾਦ' ਦਾ ਸ਼ੋਰ ਬੇਵਜ੍ਹਾ ਹੀ ਮਚਾਇਆ ਜਾ ਰਿਹਾ ਹੈ। ਵਿਆਹ ਲਈ ਧਰਮ ਪਰਿਵਰਤਨ ਕਰਨ ਦੇ ਇਲਜ਼ਾਮਾਂ ਵਿੱਚ ਕੋਈ ਦਮ ਨਹੀਂ ਹੈ।

ਸਤੰਬਰ 2014 ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਆਪਣੀ ਜਾਂਚ ਵਿੱਚ ਦੇਖਿਆ ਸੀ ਕਿ ਉਨ੍ਹਾਂ ਕੋਲ 'ਲਵ ਜਿਹਾਦ' ਯਾਨੀ ਵਿਆਹ ਲਈ ਧਰਮ ਪਰਿਵਰਤਨ ਦੇ ਜਿਨ੍ਹਾਂ ਛੇ ਮਾਮਲਿਆਂ ਦੀ ਸ਼ਿਕਾਇਤ ਕੀਤੀ ਗਈ ਸੀ, ਉਨ੍ਹਾਂ ਵਿੱਚੋਂ ਪੰਜ ਵਿੱਚ ਕੋਈ ਦਮ ਨਹੀਂ ਹੈ, ਪਰ ਇਹ ਸਿਰਫ਼ ਕੁਝ ਤੱਥ ਹਨ।

ਮੌਜੂਦਾ ਮਾਹੌਲ ਵਿੱਚ ਧਰਮ ਪਰਿਵਰਤਨ ਅਤੇ 'ਲਵ ਜਿਹਾਦ' ਦੇ ਇਲਜ਼ਾਮ ਲਗਾਉਣ ਦੀ ਨਵੀਂ ਜ਼ਮੀਨ ਤਿਆਰ ਹੋ ਗਈ ਹੈ।

ਨਿਕਿਤਾ ਦੇ ਪਿਤਾ ਮੂਲ ਚੰਦ ਤੋਮਰ ਕਹਿੰਦੇ ਹਨ, ''ਜਦੋਂ ਸਾਡੇ 'ਤੇ ਇਹ ਪੁਰਾਣਾ ਕੇਸ ਵਾਪਸ ਲੈਣ ਦਾ ਦਬਾਅ ਬਣਾਇਆ ਗਿਆ ਸੀ, ਤਾਂ ਉਸ ਦੇ ਬਾਅਦ ਅਸੀਂ ਇੱਥੋਂ ਚਲੇ ਜਾਣਾ ਚਾਹੁੰਦੇ ਸੀ।''

ਮੂਲਚੰਦ ਨੇ ਇਹ ਬੋਲਿਆ ਤਾਂ ਰਿਪੋਰਟਰ ਨੇ ਉਨ੍ਹਾਂ ਨੂੰ ਕਿਹਾ ਕਿ, ''ਤੁਸੀਂ ਕਿਉਂ ਇਹ ਜਗ੍ਹਾ ਛੱਡ ਕੇ ਜਾਓਗੇ? ਤੁਹਾਡੇ ਨਾਲ ਤਾਂ ਪੂਰਾ ਮੀਡੀਆ ਹੈ।''

ਇਸ ਦੇ ਬਾਅਦ ਉਸ ਰਿਪੋਰਟਰ ਨੇ ਆਪਣੇ ਦਰਸ਼ਕਾਂ ਨੂੰ ਜਜ਼ਬਾਤੀ ਅਪੀਲ ਕਰਦੇ ਹੋਏ ਕਿਹਾ ਕਿ, ''ਉਹ ਸਮਝਣ ਕਿ ਨਿਕਿਤਾ ਦਾ ਪਰਿਵਾਰ ਇੱਥੇ ਕਿਸ ਮੁਸ਼ਕਿਲ ਵਿੱਚ ਰਹਿ ਰਿਹਾ ਹੈ, ਹਿੰਦੂਆਂ ਦੀ ਬਹੁਸੰਖਿਆ ਆਬਾਦੀ ਵਾਲੇ ਦੇਸ਼ ਵਿੱਚ ਇੱਕ ਹਿੰਦੂ ਪਰਿਵਾਰ ਹੀ ਖਤਰੇ ਵਿੱਚ ਹੈ।'' ਰਿਪੋਰਟਰ ਨੇ ਕਿਹਾ ਕਿ, ''ਹੁਣ ਸਾਨੂੰ ਹੀ ਮਾਮਲੇ ਨੂੰ ਆਪਣੇ ਹੱਥ ਵਿੱਚ ਲੈਣਾ ਪਵੇਗਾ।''

ਕੌਣ ਹੈ ਤੌਸੀਫ਼

ਤੌਸੀਫ਼ ਦਾ ਸਬੰਧ ਇੱਕ ਸਿਆਸੀ ਖ਼ਾਨਦਾਨ ਨਾਲ ਹੈ। ਤੌਸੀਫ਼ ਦੇ ਦਾਦਾ ਚੌਧਰੀ ਕਬੀਰ ਅਹਿਮਦ ਹਰਿਆਣਾ ਦੇ ਨੂੰਹ ਤੋਂ ਸਾਲ 1975 ਵਿੱਚ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਚੁਣੇ ਗਏ ਸਨ।

1982 ਵਿੱਚ ਵੀ ਤੌਸੀਫ਼ ਦੇ ਦਾਦਾ ਕਾਂਗਰਸ ਦੀ ਟਿਕਟ 'ਤੇ ਹਰਿਆਣਾ ਦੀ ਤਵਾਡੂ ਸੀਟ ਤੋਂ ਵਿਧਾਇਕ ਚੁਣੇ ਗਏ ਸਨ।

ਹਰਿਆਣਾ ਦੇ ਇੱਕ ਕਾਂਗਰਸੀ ਵਰਕਰ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਉਦੋਂ ਤੋਂ ਤੌਸੀਫ਼ ਦਾ ਖ਼ਾਨਦਾਨ ਕੋਈ ਵੀ ਚੋਣ ਨਹੀਂ ਹਾਰਿਆ ਹੈ, ਹਾਲਾਂਕਿ ਇਹ ਇਲਜ਼ਾਮ ਬੇਬੁਨਿਆਦ ਹਨ ਕਿ ਕਾਂਗਰਸ ਇਸ ਮਾਮਲੇ ਵਿੱਚ ਮੁਲਜ਼ਮ ਦੀ ਮਦਦ ਕਰ ਰਹੀ ਹੈ।

ਕਾਂਗਰਸ ਦੀ ਹਰਿਆਣਾ ਪ੍ਰਦੇਸ਼ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਵੀ ਮੰਗਲਵਾਰ ਨੂੰ ਨਿਕਿਤਾ ਦੇ ਪਰਿਵਾਰ ਨੂੰ ਮਿਲਣ ਪਹੁੰਚੀ ਸੀ। ਉਨ੍ਹਾਂ ਨੇ ਕਿਹਾ ਸੀ ਕਿ 'ਇਸ ਅਪਰਾਧ ਨਾਲ ਕਾਂਗਰਸ ਦਾ ਕੀ ਸੰਬੰਧ ਹੈ?

ਤੌਸੀਫ਼ ਦੇ ਚਾਚਾ ਜਾਵੇਦ ਅਹਿਮਦ ਪਿਛਲੇ ਸਾਲ ਹਰਿਆਣਾ ਵਿਧਾਨ ਸਭਾ ਚੋਣ ਵਿੱਚ ਬੀਐੱਸਪੀ ਦੀ ਟਿਕਟ 'ਤੇ ਮੈਦਾਨ ਵਿੱਚ ਉਤਰੇ ਸਨ, ਪਰ ਉਹ ਚੋਣ ਹਾਰ ਗਏ ਸਨ।

ਤੌਸੀਫ਼ ਦੀ ਭੈਣ ਹਰਿਆਣਾ ਪੁਲਿਸ ਵਿੱਚ ਡੀਐੱਸਪੀ ਤਾਰਿਕ ਹੁਸੈਨ ਨਾਲ ਵਿਆਹੀ ਹੋਈ ਹੈ। ਸੋਹਨਾ ਵਿੱਚ ਜਾਵੇਦ ਅਹਿਮਦ ਦਾ ਲਾਲ ਪੱਥਰ ਨਾਲ ਬਣਿਆ ਵਿਸ਼ਾਲ ਬੰਗਲਾ ਹੈ। ਦੁਪਹਿਰ ਦੇ ਵਕਤ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਕੁਝ ਮਜ਼ਦੂਰ ਕੰਮ 'ਤੇ ਲੱਗੇ ਹੋਏ ਸਨ, ਕੁਝ ਬਣ ਰਿਹਾ ਸੀ।

ਬਾਅਦ ਵਿੱਚ ਜਦੋਂ ਜਾਵੇਦ ਅਹਿਮਦ ਉੱਥੇ ਪਹੁੰਚੇ ਤਾਂ ਕਿਹਾ ਕਿ ਤੌਸੀਫ਼ ਦੀ ਅੰਮੀ ਬਿਮਾਰ ਹੈ ਅਤੇ ਉਸ ਦੇ ਪਿਤਾ ਇੱਥੇ ਨਹੀਂ ਹਨ। ਨਾਲ ਹੀ ਇੱਕ ਹੋਰ ਵੱਡਾ ਮਕਾਨ ਸੀ ਜੋ ਲਾਲ ਪੱਥਰਾਂ ਨਾਲ ਹੀ ਬਣਿਆ ਹੋਇਆ ਸੀ। ਜਾਵੇਦ ਅਹਿਮਦ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਵੱਡੇ ਭਰਾ ਦਾ ਮਕਾਨ ਹੈ ਅਤੇ ਉਹ ਖੇਤੀ ਕਰਦੇ ਹਨ।

ਤੌਸੀਫ਼ ਨੂੰ ਬੱਲਭਗੜ੍ਹ ਪੜ੍ਹਨ ਲਈ ਭੇਜਿਆ ਗਿਆ ਸੀ ਕਿਉਂਕਿ ਹਰਿਆਣਾ ਦੇ ਮੇਵਾਤ ਇਲਾਕੇ ਵਿੱਚ ਚੰਗੇ ਸਕੂਲ ਨਹੀਂ ਹਨ ਅਤੇ ਉਸ ਸਮੇਂ ਕੋਈ ਹੋਰ ਵਿਕਲਪ ਵੀ ਨਹੀਂ ਸੀ। ਉੱਥੇ ਸਕੂਲ ਵਿੱਚ ਉਸ ਦੀ ਮੁਲਾਕਾਤ ਨਿਕਿਤਾ ਨਾਲ ਹੋਈ ਅਤੇ ਦੋਵਾਂ ਵਿੱਚ ਜਾਣ ਪਛਾਣ ਹੋ ਗਈ।

ਤੌਸੀਫ਼ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੇ

ਜਾਵੇਦ ਅਹਿਮਦ ਨੇ ਕਿਹਾ, ''ਮੈਂ ਹੁਣ ਇਸ ਬਾਰੇ ਹੋਰ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡੇ 'ਤੇ ਹੁਣ ਕੌਣ ਯਕੀਨ ਕਰੇਗਾ। ਅਸੀਂ ਤਾਂ ਮੁਸਲਮਾਨ ਠਹਿਰੇ, ਦੋਵੇਂ ਇਕੱਠੇ ਪੜ੍ਹਦੇ ਸਨ ਅਤੇ ਉਹ ਉਸ ਨੂੰ ਮੈਸੇਜ ਕਰਨ ਜਾਂ ਫੋਨ ਕਰਨ ਲਈ ਭਲਾਂ ਆਪਣਾ ਨਾਮ ਕਿਉਂ ਬਦਲੇਗਾ? ਸਾਨੂੰ ਇਸ ਘਟਨਾ 'ਤੇ ਬਹੁਤ ਅਫ਼ਸੋਸ ਹੈ। ਅਸੀਂ ਸਮਝ ਸਕਦੇ ਹਾਂ ਕਿ ਲੜਕੀ ਦੇ ਮਾਂ-ਬਾਪ 'ਤੇ ਕੀ ਬੀਤ ਰਹੀ ਹੋਵੇਗੀ। ਜਦੋਂ ਪੁਲਿਸ ਨੇ ਸਾਨੂੰ ਫੋਨ ਕੀਤਾ ਤਾਂ ਅਸੀਂ ਤੌਸੀਫ਼ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਸੀ।''

ਚਾਚਾ ਕਹਿੰਦੇ ਹਨ, ''ਤੌਸੀਫ਼ ਇੱਕ ਭਲਾ ਲੜਕਾ ਸੀ। ਉਹ ਨਾ ਸਿਗਰਟ ਪੀਂਦਾ ਸੀ ਅਤੇ ਨਾ ਹੀ ਸ਼ਰਾਬ ਨੂੰ ਕਦੇ ਹੱਥ ਲਗਾਇਆ। ਪਰ ਹੁਣ ਮੈਂ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ। ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।''

ਹਾਲਾਂਕਿ ਜਾਵੇਦ ਅਹਿਮਦ ਨੇ ਇਹ ਜ਼ਰੂਰ ਕਿਹਾ ਕਿ ਇਸ ਨੂੰ 'ਲਵ ਜਿਹਾਦ' ਦਾ ਮਾਮਲਾ ਬਣਾਇਆ ਜਾ ਰਿਹਾ ਹੈ ਤਾਂ ਕਿ ਪੂਰੇ ਮਾਮਲੇ ਨੂੰ ਹਿੰਦੂ-ਮੁਸਲਿਮ ਵਿਵਾਦ ਵਿੱਚ ਤਬਦੀਲ ਕੀਤਾ ਜਾ ਸਕੇ।

ਜਾਵੇਦ ਅਹਿਮਦ ਪੁੱਛਦੇ ਹਨ, ''ਲਵ ਜਿਹਾਦ ਕੀ ਹੈ? ਕੀ ਤੁਸੀਂ ਮੈਨੂੰ ਦੱਸ ਸਕਦੇ ਹੋ? ਬਹੁਤ ਸਾਰੇ ਹਿੰਦੂ ਲੜਕੇ ਵੀ ਮੁਸਲਿਮ ਲੜਕੀਆਂ ਨਾਲ ਵਿਆਹ ਕਰਦੇ ਹਨ। ਦੋਵੇਂ ਭਾਈਚਾਰਿਆਂ ਵਿੱਚ ਬਹੁਤ ਸਾਰੇ ਸਬੰਧ ਅਜਿਹੇ ਹਨ। ਆਖਿਰ ਦੋਵੇਂ ਸਮੁਦਾਇਆਂ ਦੇ ਲੋਕ ਆਪਸ ਵਿੱਚ ਵਿਆਹ ਕਿਉਂ ਨਹੀਂ ਕਰ ਸਕਦੇ?''

ਜਦੋਂ ਤੁਸੀਂ ਨਿਕਿਤਾ ਦੇ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਲੜਕੀ ਦੀ ਤਸਵੀਰ 'ਤੇ ਲਟਕ ਰਹੀ ਮਾਮਲਾ ਨਜ਼ਰ ਆਉਂਦੀ ਹੈ।

ਉਹ ਲੜਕੀ ਜਿਸ ਨੂੰ ਸਕੂਲ ਜਾਣਾ ਅਤੇ ਪੜ੍ਹਨਾ ਬਹੁਤ ਚੰਗਾ ਲੱਗਦਾ ਸੀ, ਜੋ ਆਪਣੀ ਮਾਂ ਲਈ ਖਾਣਾ ਪਕਾਉਂਦੀ ਸੀ ਅਤੇ ਜੋ ਬਹੁਤ ਸਾਰੀਆਂ ਦੂਜੀਆਂ ਲੜਕੀਆਂ ਦੀ ਤਰ੍ਹਾਂ ਕੱਪੜੇ ਦੀ ਗੁੱਡੀ ਆਪਣੇ ਕੋਲ ਰੱਖਦੀ ਸੀ, ਉਹ ਅਜਿਹੀ ਲੜਕੀ ਸੀ ਜਿਸ ਦੇ ਹਜ਼ਾਰਾਂ ਖੁਆਬ ਸਨ।

ਜੋ ਕਿਸੇ ਵੀ ਆਮ ਲੜਕੀ ਦੇ ਹੁੰਦੇ ਹਨ, ਉਸ ਲੜਕੀ ਨਾਲ ਵੀ ਉਹੀ ਛੇੜਖਾਨੀ ਅਤੇ ਪਿੱਛਾ ਕਰਨ ਦੀ ਘਟਨਾ ਹੋਈ ਸੀ ਜੋ ਬਹੁਤ ਸਾਰੀਆਂ ਲੜਕੀਆਂ ਦੀ ਜ਼ਿੰਦਗੀ ਵਿੱਚ ਹੁੰਦੀ ਹੈ।

ਪਰ ਹੁਣ ਉਹ ਅਜਿਹੀ ਲੜਕੀ ਬਣ ਗਈ ਹੈ ਜਿਸ ਦੀ ਜ਼ਿੰਦਗੀ ਅਤੇ ਮੌਤ 'ਤੇ ਅਜਿਹੇ ਲੋਕਾਂ ਦਾਕਬਜ਼ਾ ਹੋ ਗਿਆ ਹੈ ਜਿਨ੍ਹਾਂ ਦਾ ਉਸ ਨਾਲ ਕੋਈ ਵਾਸਤਾ ਨਹੀਂ ਸੀ। ਠੀਕ ਉਸ ਤਰ੍ਹਾਂ ਹੀ ਜਿਵੇਂ ਕਿਸੇ ਹੋਰ ਆਮ ਲੜਕੀ ਨਾਲ ਹੁੰਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ: ਏਸ਼ੀਆ 'ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)