ਵਿਆਹ ਤੋਂ ਬਾਅਦ ਫੋਟੋਸ਼ੂਟ ਕਰਵਾਉਣ ’ਤੇ ਇਹ ਜੋੜਾ ਸੋਸ਼ਲ ਮੀਡੀਆ ’ਤੇ ਨਫ਼ਰਤ ਦਾ ਸ਼ਿਕਾਰ ਕਿਉਂ ਹੋਇਆ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਨਵ-ਵਿਆਹੇ ਜੋੜੇ ਦਾ ਵਿਆਹ ਤੋਂ ਬਾਅਦ ਕਰਵਾਇਆ ਗਿਆ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਅਤੇ ਉਨ੍ਹਾਂ ਨੂੰ ਇਸ ਲਈ ਟਰੋਲ ਕੀਤਾ ਗਿਆ।

ਇਸ ਜੋੜੇ ਨੇ ਬੀਬੀਸੀ ਨੂੰ ਦੱਸਿਆ ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਨੇ ਤਸਵੀਰਾਂ ਨੂੰ ਨਹੀਂ ਹਟਾਇਆ, ਕਿਉਂਕਿ ਇਸ ਦਾ ਮਤਲਬ ਹੁੰਦਾ ਕਿ ਉਹ ਡਰ ਗਏ ਹਨ।

ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ ਚਿੱਟੇ ਸਿਲਕ ਕੇ ਕੱਪੜੇ ਵਿੱਚ ਲਿਪਟੇ ਹੋਏ ਲਕਸ਼ਮੀ ਅਤੇ ਹਰੁਸ਼ੀ ਕਾਰਤਿਕ ਇੱਕ-ਦੂਜੇ ਦੇ ਪਿੱਛੇ ਭੱਜਦਿਆਂ ਹੋਇਆ ਹੱਸ ਕੇ ਗਲੇ ਮਿਲ ਰਹੇ ਹਨ ਅਤੇ ਇੱਕ-ਦੂਜੇ ਦਾ ਪਿੱਛਾ ਕਰ ਰਹੇ ਹਨ।

ਇਸ ਜੋੜੇ ਦਾ ਵਿਆਹ ਸਤੰਬਰ ਮਹੀਨੇ ਵਿੱਚ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਫੋਟੋ ਸ਼ੂਟ ਕਰਵਾਉਣ ਦਾ ਫ਼ੈਸਲਾ ਲਿਆ ਸੀ, ਤਾਂ ਜੋ ਸਾਦੇ ਵਿਆਹ ਨੂੰ ਯਾਦਗਾਰ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ-

ਦੱਖਣੀ ਸੂਬੇ ਕੇਰਲਾ ਦੇ ਅਰਨਾਕੂਲਮ ਵਿੱਚ ਰਹਿਣ ਵਾਲੇ ਲਕਸ਼ਮੀ ਨੇ ਫੋਨ 'ਤੇ ਦੱਸਿਆ, "ਸਾਡਾ ਅਰੈਂਜ ਕਮ ਲਵ ਮੈਰਿਜ ਹੈ।"

"ਸਾਨੂੰ ਸਾਡੇ ਪਰਿਵਾਰ ਨੇ ਪਿਛਲੇ ਸਾਲ ਮਿਲਵਾਇਆ ਸੀ ਅਤੇ ਅਸੀਂ ਇੱਕ-ਦੂਜੇ ਨੂੰ ਮਿਲਣ ਲੱਗੇ ਅਤੇ ਸਾਨੂੰ ਪਿਆਰ ਹੋ ਗਿਆ।"

ਲਕਸ਼ਮੀ ਨੇ ਕਿਹਾ ਕਿ ਹਰੁਸ਼ੀ ਟੈਲੀਕਾਮ ਕੰਪਨੀ ਵਿੱਚ ਕਰਦੇ ਹਨ ਅਤੇ ਲਕਸ਼ਮੀ ਨੇ ਆਪਣੀ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀ ਡਿਗਰੀ ਮੁਕੰਮਲ ਕੀਤੀ ਹੈ।

ਲੌਕਡਾਊਨ ਕਰਕੇ ਵਿਆਹ ਸਾਦਾ ਹੋਇਆ

ਜੋੜੇ ਨੇ ਅਪ੍ਰੈਲ ਵਿੱਚ ਧੂਮਧਾਮ ਨਾਲ ਵਿਆਹ ਕਰਵਾਉਣਾ ਸੀ ਪਰ ਮਹਾਮਾਰੀ ਨੇ ਅੜਿੱਕਾ ਪਾ ਦਿੱਤਾ

ਮਾਰਚ ਵਿੱਚ ਭਾਰਤ ਵਿੱਚ ਕੋਰੋਵਾਇਰਸ ਕਰਕੇ ਸਖ਼ਤ ਲੌਕਡਾਊਨ ਲਾਗੂ ਕਰ ਦਿੱਤਾ ਅਤੇ ਬਿਮਾਰੀ ਦੀ ਰੋਕਥਾਮ ਲਈ ਇਕੱਠ 'ਤੇ ਪਾਬੰਦੀ ਲਗਾ ਦਿੱਤੀ।

ਜਦੋਂ ਹੌਲੀ-ਹੌਲੀ ਅਨਲੌਕਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਛੋਟੇ ਵਿਆਹ ਸਮਾਗਮਾਂ ਨੂੰ ਇਜਾਜ਼ਤ ਮਿਲ ਗਈ।

ਹੋਰ ਇੰਤਜ਼ਾਰ ਨਾ ਕਰਦਿਆਂ ਹਰੁਸ਼ੀ ਅਤੇ ਲਕਸ਼ਮੀ ਨੇ 16 ਸਤੰਬਰ ਨੂੰ ਕੋਲਮ ਵਿੱਚ ਇੱਕ ਮੰਦਿਰ 'ਚ ਸਾਦਾ ਵਿਆਹ ਕਰਵਾ ਲਿਆ।

"ਇਹ ਸਮਾਗਮ ਵਧੀਆ ਹੋ ਨਿੱਬੜਿਆ ਪਰ ਇਸ ਵਿੱਚ ਸਾਡੇ ਪਰਿਵਾਰ ਹੀ ਸ਼ਾਮਲ ਹੋ ਸਕੇ ਅਤੇ ਕੁਝ ਖ਼ਾਸ ਦੋਸਤ। ਪੁਲਿਸ ਨੇ ਸਾਨੂੰ 50 ਬੰਦਿਆਂ ਦੇ ਇਕੱਠ ਦੀ ਮਨਜ਼ੂਰੀ ਦਿੱਤੀ ਸੀ, ਬਹੁਤ ਸਾਰੀਆਂ ਪਾਬੰਦੀਆਂ ਸਨ।"

ਇਸ ਮਾਮੂਲੀ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਜੋੜੇ ਨੇ ਵਿਆਹ ਤੋਂ ਬਾਅਦ "ਯਾਦਗਾਰ" ਫੋਟੋਸ਼ੂਟ ਕਰਵਾਉਣ ਦਾ ਫ਼ੈਸਲਾ ਲਿਆ।

ਭਾਰਤ ਦੇ ਕਈ ਸੂਬਿਆਂ ਵਿੱਚ ਜੋੜਿਆਂ ਵੱਲੋਂ ਪ੍ਰੀ-ਵੈਡਿੰਗ ਸ਼ੂਟ ਯਾਨਿ ਵਿਆਹ ਤੋਂ ਪਹਿਲਾਂ ਫੋਟੋ ਸ਼ੂਟ ਕਰਵਾਉਣ ਦਾ ਰੁਝਾਨ ਹੈ।

ਹਰੁਸ਼ੀ ਚਾਹੁੰਦੇ ਸੀ ਕਿ ਉਨ੍ਹਾਂ ਦਾ ਪੋਸਟ-ਵੈਡਿੰਗ ਸ਼ੂਟ "ਰੁਮਾਂਟਿਕ ਅਤੇ ਇੰਟੀਮੇਟ" ਹੋਵੇ ਇਸ ਲਈ ਉਨ੍ਹਾਂ ਨੇ ਇੰਟਰਨੈੱਟ 'ਤੇ ਇਸ ਬਾਰੇ ਕੰਮ ਕੀਤਾ ਅਤੇ "ਸੋਚ ਸਮਝ" ਕੇ ਫ਼ੈਸਲਾ ਲਿਆ।

ਉਨ੍ਹਾਂ ਨੇ ਦੋਸਤ ਅਖਿਲ ਕਾਰਤੀਕਿਆਨ ਨੇ ਇਹ ਤਸਵੀਰਾਂ ਖਿੱਚੀਆਂ।

ਕਾਰਤਿਕ ਨੇ ਦੱਸਿਆ ਕਿ ਇਸ ਨੂੰ ਖਿੱਚਣ ਲੱਗਿਆਂ ਬਸ ਕੁਝ ਹੀ ਘੰਟੇ ਲੱਗੇ। ਉਨ੍ਹਾਂ ਨੇ ਹੋਟਲ ਦੇ ਹੀ ਜੋੜੇ ਦੇ ਕਮਰੇ ਵਿੱਚੋਂ ਇੱਕ ਚਾਦਰ ਲਈ ਅਤੇ ਚਾਹ ਦੇ ਬਗ਼ੀਚੇ ਵਿੱਚ ਇਹ ਤਸਵੀਰਾਂ ਖਿੱਚ ਲਈਆਂ।

ਲਕਸ਼ਮੀ ਦਾ ਕਹਿਣਾ ਹੈ, "ਇਹ ਬਹੁਤ ਮਜ਼ੇਦਾਰ ਸੀ, ਅਸੀਂ ਇਸ ਲਈ ਕਾਫੀ ਉਤਸ਼ਾਹਿਤ ਸੀ। ਇਹ ਸਾਡੇ ਹਨੀਮੂਨ ਦਾ ਹੀ ਹਿੱਸਾ ਸੀ। ਸਾਡਾ ਅਜੇ ਵਿਆਹ ਹੋਇਆ ਹੀ ਸੀ ਤੇ ਸਾਡੇ ਕੋਲ ਸਮਾਂ ਵੀ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਸਭ ਨਾਲ ਦਿੱਕਤ ਹੋਵੇਗੀ।

ਇਹ ਦਿੱਕਤ ਉਦੋਂ ਸ਼ੁਰੂ ਹੋਈ ਜਦੋਂ ਅਖਿਲ ਨੇ ਤਸੀਵਰਾਂ ਨੇ ਫੇਸਬੁੱਕ 'ਤੇ ਪਾਈਆਂ।

ਟਰੋਲ ਵਿੱਚ ਕਿਹਾ ਗਿਆ ਕਿ ਤਸਵੀਰਾਂ ਮਾੜੀਆਂ ਹਨ ਅਤੇ ਸ਼ਰਮਨਾਕ ਹਨ। ਕਈਆਂ ਨੇ ਤਾਂ ਕਿਹਾ ਹੈ ਇਹ ਪੋਰਨੋਗਰਾਫਿਕ ਹੈ ਅਤੇ ਕੋਡੰਮ ਦੇ ਇਸ਼ਤਿਹਾਰ ਲਈ ਹਨ। ਕਈਆਂ ਨੇ ਕਿਹਾ ਕਿ ਕਮਰੇ ਵਿੱਚ ਚਲੇ ਜਾਓ।

ਲਕਸ਼ਮੀ ਲਈ ਮਾੜੀ ਸ਼ਬਦਾਵਲੀ

ਲਕਸ਼ਮੀ ਨੇ ਕਿਹਾ, "ਸਾਨੂੰ ਦੋ ਦਿਨ ਤੱਕ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਿਹਾ ਕਿ ਅਸੀਂ ਅਸ਼ਲੀਲਤਾ ਪੇਸ਼ ਕੀਤੀ ਹੈ, ਉਨ੍ਹਾਂ ਨੇ ਪੁੱਛਿਆ ਕਿ ਅਸੀਂ ਅੰਦਰ ਕੱਪੜੇ ਪਹਿਨੇ ਹੋਏ ਹਨ ਜਾਂ ਨਹੀਂ, ਉਨ੍ਹਾਂ ਨੇ ਕਿਹਾ ਅਸੀਂ ਇਹ ਸਭ ਧਿਆਨ ਖਿੱਚਣ ਵਾਸਤੇ ਤੇ ਪਬਲੀਸਿਟੀ ਲਈ ਕੀਤਾ ਹੈ।"

ਲਕਸ਼ਮੀ ਨੇ ਦੱਸਿਆ ਕਿ ਜ਼ਿਆਦਾਤਰ ਅਪਸ਼ਬਦ ਉਨ੍ਹਾਂ ਲਈ ਵਰਤੇ ਗਏ ਸਨ।

ਉਹ ਕਹਿੰਦੀ ਹੈ, "ਇਹ ਮੇਰੇ ਲਈ ਸੱਚਮੁੱਚ ਭਿਆਨਕ ਸੀ। ਉਨ੍ਹਾਂ ਨੇ ਮੈਨੂੰ ਹਰੁਸ਼ੀ ਨਾਲੋਂ ਜ਼ਿਆਦਾ ਪਰੇਸ਼ਾਨ ਕੀਤਾ। ਉਹ ਮੈਨੂੰ ਪੋਰਨ ਫਿਲਮਾਂ ਵਿੱਚ ਕੰਮ ਕਰਨ ਲਈ ਕਹਿ ਰਹੇ ਸਨ।"

"ਟਰੋਲ ਕਰਨ ਵਾਲਿਆਂ ਵਿੱਚ ਕਈ ਔਰਤਾਂ ਵੀ ਸਨ। ਉਨ੍ਹਾਂ ਨੇ ਮੇਰੀਆਂ ਪਹਿਲੀਆਂ ਤਸਵੀਰਾਂ ਦੇਖੀਆਂ ਜਿੱਥੇ ਮੈਂ ਮੇਕਅੱਪ ਵੀ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੇ ਉਸ ਨਾਲ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਇਨ੍ਹਾਂ ਤਸਵੀਰਾਂ ਵਿੱਚ ਕਿੰਨੀ ਬੁਰੀ ਲੱਗ ਰਹੀ ਹੈ।"

ਪਰ ਕੁਝ ਦਿਨਾਂ ਬਾਅਦ ਜੋੜੇ ਨੂੰ ਲੋਕਾਂ ਨੇ ਫੋਨ ਕਰਨੇ ਸ਼ੁਰੂ ਕੀਤੇ ਅਤੇ ਕਾਰਤਿਕ ਨੂੰ ਸਮਰਥਨ ਵੀ ਦੇਣਾ ਸ਼ੁਰੂ ਕੀਤਾ।

ਕਈਆਂ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਸ਼ਾਨਦਾਰ, ਸੋਹਣੀਆਂ ਦੱਸਿਆ ਅਤੇ ਆਲੋਚਨਾਤਮਕ ਕੰਮੈਂਟਸ ਨੂੰ ਅਣਗੌਲਿਆਂ ਕਰਨ ਲਈ ਕਿਹਾ।

ਇੱਕ ਔਰਤ ਨੇ ਕਿਹਾ ਕਿ ਉਸ ਨੂੰ ਯਾਦ ਹੈ ਜਦੋਂ ਵਿਆਹੇ ਹੋਏ ਜੋੜੇ ਨੂੰ ਹੱਥ ਫੜਨ ਲਈ ਵੀ ਸ਼ਰਮਿੰਦਾ ਕੀਤਾ ਜਾਂਦਾ ਸੀ ਅਤੇ ਕਾਰਤਿਕ ਨੂੰ ਕਿਹਾ ਕਿ ਇਨ੍ਹਾਂ ਕੰਮੈਂਟਸ ਨੂੰ ਅਣਗੌਲਿਆਂ ਕਰੋ ਅਤੇ ਖੁਸ਼ ਰਹੋ।

ਲਕਸ਼ਮੀ ਨੇ ਦੱਸਿਆ, "ਸਾਨੂੰ ਨਹੀਂ ਪਤਾ ਕਿ ਟਰੋਲ ਕਰਨ ਵਾਲੇ ਅਤੇ ਸਾਡੀ ਆਲੋਚਨਾ ਕਰਨ ਵਾਲੇ ਕੌਣ ਸਨ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਹੱਕ ਵਿੱਚ ਭੁਗਤਣ ਵਾਲੇ ਕੌਣ ਸਨ ਪਰ ਇਸ ਨਾਲ ਸਾਨੂੰ ਖੁਸ਼ੀ ਮਿਲੀ।"

ਰਿਸ਼ਤੇਦਾਰਾਂ ਦਾ ਸਾਹਮਣਾ

ਇਹ ਸਿਰਫ਼ ਸੋਸ਼ਲ ਮੀਡੀਆ ਟਰੋਲਸ ਨਹੀਂ ਸਨ, ਜੋੜੇ ਨੂੰ ਰੂੜੀਵਾਦੀ ਸੋਚ ਵਾਲੇ ਰਿਸ਼ਤੇਦਾਰਾਂ ਦਾ ਵੀ ਸਾਹਮਣਾ ਕਰਨਾ ਪਿਆ।

ਲਕਸ਼ਮੀ ਨੇ ਕਿਹਾ, "ਪਹਿਲਾਂ ਸਾਡੇ ਮਾਪੇ ਵੀ ਹੈਰਾਨ ਰਹਿ ਗਏ ਪਰ ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਅਸੀਂ ਅਜਿਹਾ ਕਿਉਂ ਕੀਤਾ ਹੈ ਤਾਂ ਉਹ ਸਮਝ ਗਏ ਤੇ ਸਾਡਾ ਸਾਥ ਵੀ ਦਿੱਤਾ। ਪਰ ਸਾਡੇ ਕਈ ਰਿਸ਼ਤੇਦਾਰਾਂ ਨੇ ਸਾਡੇ 'ਤੇ ਇਲਜ਼ਾਮ ਲਗਾਏ ਕਿ ਅਸੀਂ ਪੱਛਮੀ ਅਸਰ ਕਬੂਲ ਕੀਤਾ ਹੈ।"

"ਉਨ੍ਹਾਂ ਨੇ ਫੋਨ ਕੀਤਾ ਅਤੇ ਪੁੱਛਿਆ ਕਿ ਸਾਨੂੰ ਇਸ ਦੀ ਕੀ ਲੋੜ ਸੀ? ਉਨ੍ਹਾਂ ਨੇ ਕਿਹਾ ਕੀ ਆਪਣਾ ਸੱਭਿਆਚਾਰ ਭੁੱਲ ਗਏ ਹਨ।"

ਕਈਆਂ ਨੇ ਉਨ੍ਹਾਂ ਨੂੰ ਤਸਵੀਰਾਂ ਨੂੰ ਹਟਾਉਣ ਲਈ ਕਿਹਾ ਅਤੇ ਲਕਸ਼ਮੀ ਤੇ ਹਰੁਸ਼ੀ ਨੂੰ ਪਰਿਵਾਰ ਦੇ ਵਟਸਐਪ ਗਰੁੱਪ ਤੋਂ ਬਾਹਰ ਕਰ ਦਿੱਤਾ ਗਿਆ।

ਪਰ ਜੋੜੇ ਨੇ ਕਿਹਾ ਕਿ ਉਹ ਦ੍ਰਿੜ ਸਨ ਕਿ ਉਨ੍ਹਾਂ ਤਸਵੀਰਾਂ ਨੂੰ ਨਹੀਂ ਹਟਾਉਣਗੇ।

ਲਕਸ਼ਮੀ ਨੇ ਦੱਸਿਆ, "ਜੇ ਅਸੀਂ ਅਜਿਹਾ ਕਰਦੇ ਤਾਂ ਉਹ ਸਾਨੂੰ ਦੋਸ਼ੀ ਮੰਨਿਆ ਜਾਂਦਾ ਕਿ ਅਸੀਂ ਕੁਝ ਗ਼ਲਤ ਕੀਤਾ ਹੈ। ਪਰ ਅਸੀਂ ਕੁਝ ਗ਼ਲਤ ਨਹੀਂ ਕੀਤਾ। ਅਸੀਂ ਅੰਦਰ ਕੱਪੜੇ ਵੀ ਪਹਿਨੇ ਹੋਏ ਸਨ।"

ਉਸ ਨੇ ਦੱਸਿਆ ਪਹਿਲਾਂ ਤਾਂ "ਸਾਡੇ ਲਈ ਆਲੋਚਨਾ ਨਾਲ ਨਜਿੱਠਣਾ ਮੁਸ਼ਕਲ ਲੱਗ ਰਿਹਾ ਸੀ ਪਰ ਹੁਣ ਸਾਨੂੰ ਪਰਵਾਹ ਨਹੀਂ। ਸਾਨੂੰ ਪਤਾ ਹੈ ਕਿ ਸੁਸਾਇਟੀ ਕਿਵੇਂ ਦੀ ਹੈ ਅਤੇ ਸਾਨੂੰ ਇਸ ਦੇ ਨਾਲ ਹੀ ਰਹਿਣਾ ਸਿੱਖਣਾ ਹੋਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)