ਕੈਪਟਨ ਅਮਰਿੰਦਰ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਨੇ ਇਸ ਮਾਮਲੇ ’ਚ ਚਾਰ ਸਾਲ ਮਗਰੋਂ ਮੁੜ ਸੰਮਨ ਭੇਜੇ

ਤਸਵੀਰ ਸਰੋਤ, ANI
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚਾਰ ਸਾਲਾਂ ਤੋਂ ਵੱਧ ਵਕਫ਼ੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਮੁੜ ਸੰਮਨ ਭੇਜੇ ਹਨ।
ਇਨ੍ਹਾਂ ਸੰਮਨਾਂ 'ਚ ਉਨ੍ਹਾਂ ਨੂੰ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਡੀ ਨੇ ਰਣਇੰਦਰ ਸਿੰਘ ਨੂੰ 21 ਜੁਲਾਈ 2016 ਨੂੰ ਜਾਂਚ ਲਈ ਸੱਦਿਆ ਸੀ।
ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੇਸ਼ ਮਤੇ ਨੂੰ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਹੈ ਤੇ ਪੰਜਾਬ ਸਰਕਾਰ ਨੇ ਆਪਣੇ ਹੀ ਤਿੰਨ ਖੇਤੀ ਬਿੱਲ ਵੀ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਵਾਏ ਹਨ।
ਇਹ ਵੀ ਪੜ੍ਹੋ:
ਕੀ ਹੈ ਪੂਰਾ ਮਾਮਲਾ?
ਰਣਇੰਦਰ ਸਿੰਘ ਵਿਰੁੱਧ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਕੇਸ ਚੱਲ ਰਿਹਾ ਹੈ। ਈਡੀ ਨੇ ਸਵਿਟਜ਼ਰਲੈਂਡ ਨੂੰ ਕਥਿਤ ਤੌਰ 'ਤੇ ਭੇਜੇ ਗਏ ਫੰਡ ਅਤੇ ਜਕਰਾਂਦਾ ਟਰੱਸਟ ਬਣਾਉਣ ਅਤੇ ਬ੍ਰਿਟਿਸ਼ ਵਰਜ਼ਨ ਆਈਲੈਂਡ 'ਚ ਪੈਸੇ ਦਾ ਕਥਿਤ ਤੌਰ 'ਤੇ ਲੈਣ-ਦੇਣ ਕਰਨ ਵਾਸਤੇ ਪੁੱਛ ਪੜਤਾਲ ਕੀਤੀ ਸੀ।
ਇਸ ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।
ਭਾਵੇਂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਹੈ।
ਰਣਇੰਦਰ ਸਿੰਘ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਮੰਨਿਆ ਹੈ ਕਿ ਈਡੀ ਵੱਲੋਂ ਸੰਮਨ ਜਾਰੀ ਹੋਏ ਹਨ ਤੇ ਕਿਹਾ ਹੈ ਕਿ ਉਹ ਇਨ੍ਹਾਂ ਦੀ ਪੜਤਾਲ ਕਰਨਗੇ ਅਤੇ ਆਪਣਾ ਕੇਸ ਰੱਖਣਗੇ।
ਈਡੀ ਨੇ 14 ਸਤੰਬਰ, 2020 ਨੂੰ ਲੁਧਿਆਣਾ ਅਦਾਲਤ ਵਿਚ ਇਕ ਅਰਜ਼ੀ ਦਾਇਰ ਕਰਕੇ ਉਨ੍ਹਾਂ ਤਿੰਨ ਫਾਈਲਾਂ ਨੂੰ ਘੋਖਣ ਲਈ ਅਦਾਲਤ ਕੋਲੋਂ ਇਜਾਜ਼ਤ ਮੰਗੀ ਸੀ ਜਿਹੜੇ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਆਮਦਨ ਟੈਕਸ ਵਿਭਾਗ ਵੱਲੋਂ ਕੀਤੇ ਗਏ ਹਨ।
ਅਦਾਲਤ ਨੇ ਇਸ ਦੀ ਇਜਾਜ਼ਤ ਦਿੰਦਿਆਂ ਕਿਹਾ ਸੀ ਕਿ ਉਹ 28 ਸਤੰਬਰ ਨੂੰ ਫਾਈਲਾਂ ਦੇਖ ਸਕਦੇ ਹਨ। ਇਸ 'ਤੇ ਇਤਰਾਜ਼ ਜਤਾਉਂਦਿਆਂ ਰਣਇੰਦਰ ਸਿੰਘ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ ਤੇ ਜਦੋਂ ਈਡੀ ਨੇ ਉਨ੍ਹਾਂ ਨੂੰ ਸੰਮਨ ਹੀ ਨਹੀਂ ਕੀਤਾ ਹੋਇਆ ਤਾਂ ਇਹ ਫਾਈਲਾਂ ਨਾ ਦਿਖਾਈਆਂ ਜਾਣ।
ਉਦੋਂ ਅਦਾਲਤ ਨੇ ਰਣਇੰਦਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 26 ਸਤੰਬਰ ਨੂੰ ਇਸ 'ਤੇ ਰੋਕ ਲਗਾ ਦਿੱਤੀ ਸੀ।
ਇਹ ਵੀ ਵੇਖੋ:












