ਜਦੋਂ ਭਾਰਤ ਵਿੱਚ ਬੰਦੀ ਬਣਾ ਕੇ ਰੱਖੇ ਗਏ ਸੀ ਚੀਨੀ ਮੂਲ ਦੇ 3000 ਲੋਕ

ਦੇਵਲੀ ਵਿੱਚ ਬੈਰਕ ਜਿੱਥੇ ਚੀਨੀ ਮੂਲ ਦੇ ਲੋਕਾਂ ਨੂੰ ਰੱਖਿਆ ਗਿਆ ਸੀ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, ਦੇਵਲੀ ਵਿੱਚ ਬੈਰਕ ਜਿੱਥੇ ਚੀਨੀ ਮੂਲ ਦੇ ਲੋਕਾਂ ਨੂੰ ਰੱਖਿਆ ਗਿਆ ਸੀ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਮਾਮਲਾ 19 ਨਵੰਬਰ 1962 ਦਾ ਹੈ। ਅਚਾਨਕ ਦੁਪਹਿਰ ਨੂੰ ਭਾਰਤੀ ਜਵਾਨਾਂ ਦਾ ਇੱਕ ਸਮੂਹ ਸ਼ਿਲਾਂਗ ਦੇ ਡੌਨ ਬੋਸਕੋ ਸਕੂਲ ਵਿਖੇ ਪਹੁੰਚਿਆ ਅਤੇ ਉਨ੍ਹਾਂ ਨੇ ਉੱਥੇ ਪੜ੍ਹਨ ਵਾਲੇ ਚੀਨੀ ਮੂਲ ਦੇ ਵਿਦਿਆਰਥੀਆਂ ਲਈ ਜਗ੍ਹਾ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿੱਚੋਂ ਇੱਕ 16 ਸਾਲਾਂ ਦੇ ਯਿੰਗ ਸ਼ੈਂਗ ਵੌਂਗ ਸੀ।

ਅਗਲੇ ਦਿਨ ਸ਼ਾਮ ਨੂੰ ਸਾਢੇ ਚਾਰ ਵਜੇ ਭਾਰਤੀ ਜਵਾਨਾਂ ਦੀ ਇੱਕ ਟੁਕੜੀ ਨੇ ਸ਼ਿੰਗ ਦੇ ਘਰ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ ਪਰਿਵਾਰ ਨੂੰ ਆਪਣੇ ਨਾਲ ਚੱਲਣ ਲਈ ਕਿਹਾ।

ਜਵਾਨਾਂ ਨੇ ਸ਼ਿੰਗ ਦੇ ਪਿਤਾ ਨੂੰ ਕਿਹਾ ਕਿ ਤੁਹਾਨੂੰ ਕੁਝ ਸਮਾਨ ਅਤੇ ਪੈਸੇ ਆਪਣੇ ਨਾਲ ਰੱਖਣੇ ਚਾਹੀਦੇ ਹਨ।

ਉਸ ਦਿਨ ਯਿੰਗ ਸ਼ੈਂਗ ਵੌਂਗ ਦੇ ਪੂਰੇ ਪਰਿਵਾਰ, ਜਿਸ ਵਿੱਚ ਉਨ੍ਹਾਂ ਦੇ ਮਾਪੇ, ਚਾਰ ਭਰਾ ਅਤੇ ਜੌੜੀਆਂ ਭੈਣਾਂ ਸਨ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਨ੍ਹਾਂ ਨੂੰ ਸ਼ਿਲਾਂਗ ਜੇਲ੍ਹ ਲਿਜਾਇਆ ਗਿਆ।

ਇਤਿਹਾਸ ਦੀ ਇਸ ਘਟਨਾ ਬਾਰੇ 'ਦਿ ਦੇਵਲੀ ਵਾਲਾਜ਼' ਨਾਮ ਦੀ ਕਿਤਾਬ ਦੇ ਲੇਖਕ ਦਿਲੀਪ ਡੀਸੂਜ਼ਾ ਦੱਸਦੇ ਹਨ, "ਭਾਰਤ ਅਤੇ ਚੀਨ ਵਿਚਾਲੇ 1962 ਵਿੱਚ ਲੜਾਈ ਹੋਈ ਸੀ। ਉਸ ਸਮੇਂ ਭਾਰਤ ਵਿੱਚ ਵਸਦੇ ਚੀਨੀ ਮੂਲ ਦੇ ਲੋਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਉਹ ਲੋਕ ਸਨ ਜੋ ਪੀੜ੍ਹੀਆਂ ਤੋਂ ਭਾਰਤ ਵਿੱਚ ਰਹਿ ਰਹੇ ਸਨ ਅਤੇ ਸਿਰਫ਼ ਭਾਰਤੀ ਭਾਸ਼ਾ ਬੋਲਦੇ ਸਨ।"

ਇਹ ਵੀ ਪੜ੍ਹੋ:

"ਭਾਰਤ ਦੇ ਤਤਕਾਲੀ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੇ 'ਡਿਫੈਂਸ ਆਫ਼ ਇੰਡੀਆ ਐਕਟ' 'ਤੇ ਦਸਤਖਤ ਕੀਤੇ ਸਨ। ਇਸ ਦੇ ਤਹਿਤ ਕਿਸੇ ਨੂੰ ਵੀ ਦੁਸ਼ਮਣ ਦੇਸ ਦੇ ਮੂਲ ਦਾ ਹੋਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਸੀ।"

"ਇਸ ਤੋਂ ਪਹਿਲਾਂ ਸਾਲ 1942 ਵਿੱਚ ਪਰਲ ਹਾਰਬਰ ਹਮਲੇ ਤੋਂ ਬਾਅਦ ਅਮਰੀਕਾ ਨੇ ਵੀ ਉੱਥੇ ਰਹਿੰਦੇ ਇੱਕ ਲੱਖ ਜਪਾਨੀ ਲੋਕਾਂ ਨੂੰ ਇਸੇ ਤਰ੍ਹਾਂ ਹਿਰਾਸਤ ਵਿੱਚ ਲਿਆ ਸੀ।"

ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਇੱਕ ਵਿਸ਼ੇਸ਼ ਟਰੇਨ ਵਿੱਚ ਚੜ੍ਹਾਇਆ ਗਿਆ

ਵੌਂਗ ਪਰਿਵਾਰ ਨੂੰ ਚਾਰ ਦਿਨ ਸ਼ਿਲਾਂਗ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਗੁਹਾਟੀ ਜੇਲ੍ਹ ਭੇਜ ਦਿੱਤਾ ਗਿਆ ਸੀ। ਉੱਥੇ ਪੰਜ ਦਿਨ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਲਿਜਾਇਆ ਗਿਆ।

ਉੱਥੇ ਇੱਕ ਟਰੇਨ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਇਹ ਰੇਲਗੱਡੀ ਮਾਕੁਮ ਸਟੇਸ਼ਨ ਤੋਂ ਸ਼ੁਰੂ ਹੋਈ ਸੀ।

ਉਸ ਰੇਲਗੱਡੀ ਵਿੱਚ ਹਿਰਾਸਤ ਵਿੱਚ ਲਏ ਗਏ ਸੈਂਕੜੇ ਚੀਨੀ ਮੂਲ ਦੇ ਲੋਕਾਂ ਵਿੱਚ 'ਦਿ ਦੇਵਲੀ ਵਾਲਾਜ਼' ਕਿਤਾਬ ਦੀ ਸਹਿ ਲੇਖਿਕਾ ਦੀ ਮਾਂ ਐਫਾ ਮਾ ਵੀ ਸੀ।

ਦਿਲੀਪ ਡਿਸੂਜ਼ਾ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, 'ਦਿ ਦੇਵਲੀ ਵਾਲਾਜ਼' ਨਾਮ ਦੀ ਕਿਤਾਬ ਦੇ ਲੇਖਕ ਦਿਲੀਪ ਡੀਸੂਜ਼ਾ ਨੇ ਚੀਨੀ ਲੋਕਾਂ ਨੂੰ ਬੰਦੀ ਬਣਾਉਣ ਦਾ ਜ਼ਿਕਰ ਕੀਤਾ ਹੈ

ਐਫਾ ਮਾ ਕਹਿੰਦੀ ਹੈ, "ਇਸ ਯਾਤਰਾ ਦੌਰਾਨ ਹਰ ਯਾਤਰੀ ਨੂੰ ਰੋਜ਼ਾਨਾ ਢਾਈ ਰੁਪਏ ਦੇ ਹਿਸਾਬ ਨਾਲ ਭੱਤਾ ਦਿੱਤਾ ਜਾਂਦਾ ਸੀ। ਬੱਚਿਆਂ ਨੂੰ ਸਵਾ ਰੁਪਏ ਰੋਜ਼ਾਨਾ ਹਿਸਾਬ ਨਾਲ ਪੈਸੇ ਮਿਲਦੇ ਸਨ। ਲਗਭਗ ਦੁਪਹਿਰ ਨੂੰ ਟਰੇਨ ਰਵਾਨਾ ਹੋਈ ਅਤੇ ਤਿੰਨ ਦਿਨਾਂ ਦਾ ਸਫ਼ਰ ਕਰਦੀ ਹੋਈ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਨੇੜੇ ਦੇਵਲੀ ਪਹੁੰਚੀ।”

"ਸਾਡੇ ਨਾਲ ਸਿਲੀਗੁੜੀ ਦੇ ਅੱਠ ਪੁਲਿਸ ਮੁਲਾਜ਼ਮ ਵੀ ਸਨ। ਉਨ੍ਹਾਂ ਨੇ ਸਾਨੂੰ ਚੇਤਾਵਨੀ ਦਿੱਤੀ ਕਿ ਅਸੀਂ ਨਾ ਤਾਂ ਡੱਬੇ ਦੇ ਦਰਵਾਜ਼ੇ ਦੇ ਕੋਲ ਜਾਈਏ ਅਤੇ ਨਾ ਹੀ ਪਲੇਟਫਾਰਮ 'ਤੇ ਉਤਰੀਏ। ਕੁਝ ਹੀ ਸਮੇਂ ਵਿੱਚ ਸਾਨੂੰ ਇਸ ਦਾ ਕਾਰਨ ਸਮਝ ਆ ਗਿਆ। ਕੁਝ ਸਟੇਸ਼ਨਾਂ 'ਤੇ ਜਦੋਂ ਟਰੇਨ ਰੁਕਦੀ, ਤਾਂ ਸਾਡੇ ਉੱਤੇ ਗੋਹਾ ਸੁੱਟਿਆ ਜਾਂਦਾ। "

ਟਰੇਨ ਉੱਤੇ ਲਿਖਿਆ ਗਿਆ ਐਨਿਮੀ ਟਰੇਨ

ਯਿੰਗ ਸ਼ੈਂਗ ਵੌਂਗ ਦੱਸਦੇ ਹਨ, "ਇੱਕ ਸਟੇਸ਼ਨ 'ਤੇ ਤਕਰੀਬਨ ਡੇਢ ਸੌ ਤੋਂ ਦੋ ਸੌ ਪਿੰਡ ਵਾਸੀ ਇਕੱਠੇ ਹੋ ਗਏ। ਉਨ੍ਹਾਂ ਦੇ ਹੱਥਾਂ ਵਿੱਚ ਚੱਪਲਾਂ ਸਨ ਅਤੇ ਉਹ 'ਚੀਨੀ ਵਾਪਸ ਜਾਓ' ਦੇ ਨਾਅਰੇ ਲਾ ਰਹੇ ਸਨ। ਉਨ੍ਹਾਂ ਨੇ ਸਾਡੀ ਰੇਲ 'ਤੇ ਚੱਪਲਾਂ ਨਾਲ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।"

ਜੌਏ ਮਾ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, 'ਦਿ ਦੇਵਲੀ ਵਾਲਾਜ਼' ਕਿਤਾਬ ਦੀ ਸਹਿ ਲੇਖਿਕਾ ਜੌਏ ਮਾ

"ਅਸੀਂ ਭੱਜੇ ਅਤੇ ਆਪਣੇ ਕੋਚਾਂ ਦੀਆਂ ਖਿੜਕੀਆਂ ਬੰਦ ਕਰ ਦਿੱਤੀਆਂ। ਅਸੀਂ ਹੈਰਾਨ ਸੀ ਕਿ ਭੀੜ ਨੂੰ ਕਿਵੇਂ ਪਤਾ ਲੱਗਿਆ ਕਿ ਇਸ ਰੇਲ ਗੱਡੀ ਵਿੱਚ ਚੀਨੀ ਲੋਕ ਸਨ? ਬਾਅਦ ਵਿੱਚ ਪਤਾ ਲੱਗਿਆ ਕਿ ਇਸ ਟ੍ਰੇਨ ਦੇ ਬਾਹਰ 'ਐਨੀਮੀ ਟ੍ਰੇਨ' ਲਿਖਿਆ ਹੋਇਆ ਸੀ।"

ਇਸ ਘਟਨਾ ਤੋਂ ਬਾਅਦ ਤੋਂ ਟਰੇਨ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੇਰ ਪਹਿਲਾਂ ਰੁਕਣ ਲੱਗ ਗਈ ਤਾਂ ਕਿ ਟਰੇਨ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਭੋਜਨ ਬਣਾਇਆ ਜਾ ਸਕੇ।

ਇਸ ਘਟਨਾ ਬਾਰੇ ਇੱਕ ਹੋਰ ਕਿਤਾਬ 'ਡੁਈਂਗ ਟਾਈਮ ਵਿਦ ਨਹਿਰੂ' ਲਿਖਣ ਵਾਲੀ ਯਿਨ ਮਾਰਸ਼ ਲਿਖਦੀ ਹੈ, '' ਮੇਰੇ ਪਿਤਾ ਜੀ ਦਾ ਮੰਨਣਾ ਸੀ ਕਿ ਹਰ ਸਟੇਸ਼ਨ 'ਤੇ ਟਰੇਨ ਰੁਕਣ ਦਾ ਇੱਕ ਕਾਰਨ ਸੀ ਤਾਂ ਜੋ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਦਿਖਾ ਸਕੇ ਕਿ ਉਹ ਚੀਨੀ ਲੋਕਾਂ ਨੂੰ ਭਾਰਤ 'ਤੇ ਹਮਲਾ ਕਰਨ ਦੀ ਸਜ਼ਾ ਦਿੰਦਿਆਂ, ਉਨ੍ਹਾਂ ਨੂੰ ਜੇਲ੍ਹ ਭੇਜ ਰਹੀ ਹੈ।"

ਕਿਤਾਬ- ਦਿ ਦੇਵਲੀ ਵਾਲਾਜ਼

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, ਕਿਤਾਬ- ਦਿ ਦੇਵਲੀ ਵਾਲਾਜ਼ ਵਿੱਚ ਉੱਥੇ ਰਹਿ ਚੁੱਕੇ ਲੋਕਾਂ ਦੇ ਤਜਰਬੇ ਹਨ

ਮਾਰਸ਼ ਅੱਗੇ ਲਿਖਦੇ ਹਨ, "ਸ਼ਾਮ ਨੂੰ ਮੇਰੇ ਪਿਤਾ ਟਰੇਨ ਅਟੈਂਡੇਂਟ ਤੋਂ ਕੁਝ ਪਰਾਂਠੇ ਲੈ ਕੇ ਆਏ। ਅਸੀਂ ਹੋਰ ਪਰਾਂਠੇ ਖਾਣਾ ਚਾਹੁੰਦੇ ਸੀ ਪਰ ਉਨ੍ਹਾਂ ਕੋਲ ਰਾਸ਼ਨ ਨਹੀਂ ਸੀ ਅਤੇ ਸਾਡੇ ਸਾਰਿਆਂ ਕੋਲ ਸਿਰਫ਼ ਪਰਾਂਠਾ ਹੀ ਆਇਆ। ਫਿਰ ਸਾਨੂੰ ਚਾਹ ਦਿੱਤੀ ਗਈ ਪਰ ਸਵਾਦ ਇੰਨਾ ਮਾੜਾ ਸੀ ਕਿ ਅਸੀਂ ਇਸਨੂੰ ਬਿਨਾਂ ਪੀਤੇ ਹੀ ਛੱਡ ਦਿੱਤਾ।"

ਤੇਜ਼ ਠੰ ਵਿੱਚ ਗਰਮ ਕੱਪੜਿਆਂ ਤੋਂ ਬਿਨਾਂ ਰਾਤ ਕੱਟੀ

ਤਿੰਨ ਦਿਨਾਂ ਬਾਅਦ ਟਰੇਨ ਰਾਤ ਨੂੰ ਦੇਵਲੀ ਪਹੁੰਚੀ। ਪ੍ਰਸ਼ਾਸਨ ਨੇ ਕੈਂਪ ਦੇ ਬਾਹਰ ਇੱਕ ਮੇਜ਼ ਲਾਇਆ ਹੋਇਆ ਸੀ ਜਿੱਥੇ ਹਰ ਵਿਅਕਤੀ ਦੇ ਵੇਰਵੇ ਲਿਖੇ ਜਾ ਰਹੇ ਸਨ ਕਿ ਉਨ੍ਹਾਂ ਕੋਲ ਕਿੰਨੀ ਨਕਦੀ ਜਾਂ ਸੋਨਾ ਸੀ।

ਸਾਰੇ ਕੈਦੀਆਂ ਨੂੰ ਨੰਬਰ ਅਤੇ ਸ਼ਨਾਖਤੀ ਕਾਰਡ ਦਿੱਤੇ ਗਏ। ਉਨ੍ਹਾਂ ਨੂੰ ਚਾਹ ਅਤੇ ਬ੍ਰੈਡ ਦਿੱਤੀ ਗਈ ਪਰ ਬ੍ਰੈਡ ਇੰਨੀ ਸਖ਼ਤ ਸੀ ਕਿ ਇਸਨੂੰ ਚਾਹ ਵਿੱਚ ਡੁਬੋ ਕੇ ਹੀ ਖਾਧਾ ਜਾ ਸਕਦਾ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦਿਲੀਪ ਡੀਸੂਜ਼ਾ ਦਾ ਕਹਿਣਾ ਹੈ, "ਉੱਥੇ ਫੌਜੀ ਟੈਂਟ ਲਗਾਏ ਗਏ ਸਨ। ਉਹ ਨਵੰਬਰ ਦਾ ਮਹੀਨਾ ਸੀ। ਉੱਥੇ ਰਹਿਣ ਵਾਲੇ ਕੈਦੀ ਠੰਢ ਵਿੱਚ ਕੰਬ ਰਹੇ ਸੀ। ਉਨ੍ਹਾਂ ਕੋਲ ਗਰਮ ਕੱਪੜੇ ਨਹੀਂ ਸਨ।"

"ਚੱਲਦੇ ਸਮੇਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਨਾਲ ਸਿਰਫ਼ ਇੱਕ ਜੋੜਾ ਕੱਪੜੇ ਲੈ ਕੇ ਚੱਲਣ। ਉਹ ਬਹੁਤ ਥੱਕੇ ਹੋਏ ਸੀ ਇਸ ਲਈ ਠੰਢ ਦੇ ਬਾਵਜੂਦ ਉਨ੍ਹਾਂ ਦੀ ਅੱਖ ਲੱਗ ਗਈ ਸੀ। ਫਿਰ ਅੱਧੀ ਰਾਤ ਦੇ ਆਸਪਾਸ ਔਰਤਾਂ ਦੀ ਅਵਾਜ਼ ਸੁਣਾਈ ਦਿੱਤੀ -" ਸੱਪ! ਸੱਪ!' ਸਾਰੇ ਲੋਕ ਉੱਠ ਕੇ ਬੈਠ ਗਏ।"

ਅੱਧਪੱਕੇ ਚੌਲ ਅਤੇ ਸੜੀਆਂ ਸਬਜ਼ੀਆਂ

ਇਸ ਕੈਂਪ ਵਿੱਚ ਖਾਣਾ ਬਣਾਉਣ ਦਾ ਠੇਕਾ ਬਾਹਰੀ ਲੋਕਾਂ ਨੂੰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇੰਨੇ ਸਾਰੇ ਲੋਕਾਂ ਲਈ ਖਾਣਾ ਪਕਾਉਣ ਦਾ ਕੋਈ ਤਜਰਬਾ ਨਹੀਂ ਸੀ। ਸ਼ੁਰੂ ਵਿੱਚ ਅੱਧੇ ਪਕਾਏ ਹੋਏ ਚੌਲ ਅਤੇ ਸੜੀਆਂ ਹੋਈਆਂ ਸਬਜ਼ੀਆਂ ਪਰੋਸੀਆਂ ਜਾਂਦੀਆਂ ਸਨ।

ਕਿਊ ਪਾਓ ਚੇਨ ਅਤੇ ਉਨ੍ਹਾਂ ਦੀ ਮਾਂ ਅੰਤੇਰੀ ਦਾ ਪਛਾਣ ਪੱਤਰ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, ਦੇਵਲੀ ਕੈਂਪ ਵਿੱਚ ਬਣਾਏ ਗਏ ਕਿਓ ਪਾਓ ਚੇਨ ਅਤੇ ਉਨ੍ਹਾਂ ਦੀ ਮਾਂ ਅੰਤੇਰੀ ਦੇ ਪਛਾਣ ਪੱਤਰ। ਦੋਹਾਂ ਵਿੱਚ ਹੀ ਨਾਮ ਦੇ ਸਪੈਲਿੰਗ ਗਲਤ ਲਿਖੇ ਗਏ ਹਨ

ਇਹ ਸਿਲਸਿਲਾ ਤਕਰੀਬਨ ਦੋ ਮਹੀਨੇ ਚੱਲਿਆ। ਬਾਅਦ ਵਿੱਚ ਜਦੋਂ ਲੋਕ ਨਰਾਜ਼ ਹੋਣ ਲੱਗੇ ਤਾਂ ਕਮਾਂਡੈਂਟ ਨੇ ਹਰ ਪਰਿਵਾਰ ਨੂੰ ਰਾਸ਼ਨ ਦੇਣ ਦਾ ਪ੍ਰਬੰਧ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਖਾਣਾ ਖੁਦ ਬਣਾਉਣ।

ਅੰਡੇ, ਮੱਛੀ ਅਤੇ ਮੀਟ ਵੀ ਕਈ ਵਾਰ ਹਫਤਾਵਾਰੀ ਰਾਸ਼ਨਾਂ ਵਿੱਚ ਦਿੱਤੇ ਜਾਂਦੇ ਸਨ।

'ਦਿ ਦੇਵਲੀ ਵਾਲਾਜ਼' ਕਿਤਾਬ ਦੀ ਸਹਿ ਲੇਖਿਕਾ ਜੌਏ ਮਾ ਦਾ ਕਹਿਣਾ ਹੈ, "ਹਰ ਵਿਅਕਤੀ ਨੂੰ ਹਰ ਮਹੀਨੇ ਪੰਜ ਰੁਪਏ ਦਿੱਤੇ ਜਾਂਦੇ ਸਨ ਜਿਨ੍ਹਾਂ ਨੂੰ ਉਹ ਸਾਬਣ, ਟੂਥਪੇਸਟ ਅਤੇ ਨਿੱਜੀ ਸਮਾਨ ਲੈਣ ਲਈ ਖਰਚ ਕਰ ਸਕਦੇ ਸਨ। ਕੁਝ ਪਰਿਵਾਰ ਉਸ ਪੈਸੇ ਦੀ ਬਚਤ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਭਵਿੱਖ ਵਿੱਚ ਉਨ੍ਹਾਂ ਨਾਲ ਕੀ ਵਾਪਰੇਗਾ। "

ਯਿਨ ਸ਼ੈਂਗ ਵੌਂਗ ਕਹਿੰਦੇ ਹਨ, "ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਲੰਘ ਜਾਂਦਾ ਸੀ ਪਰ ਮੇਰੇ ਤੋਂ ਰਾਤ ਨਹੀਂ ਕੱਟਦੀ ਸੀ। ਮੈਂ ਹਨੇਰੇ ਵਿੱਚ ਬਿਸਤਰੇ 'ਤੇ ਪਏ ਅਸਮਾਨ ਨੂੰ ਦੇਖਦਾ ਸੀ ਪਰ ਨੀਂਦ ਆਉਣ ਦਾ ਨਾਮ ਨਹੀਂ ਲੈਂਦੀ ਸੀ। ਮੈਂ ਬੱਸ ਸੋਚਦਾ ਹੁੰਦਾ ਸੀ ਕਿ ਮੈਂ ਇੱਥੋਂ ਕਦੋਂ ਛੁਟ ਕੇ ਘਰ ਜਾਵਾਂਗਾ?"

ਅਖਬਾਰਾਂ ਵਿੱਚ ਮੋਰੀਆਂ

ਯਿਨ ਸ਼ੈਂਗ ਵੌਂਗ ਅੱਗੇ ਕਹਿੰਦੇ ਹਨ, "ਗਰਮੀ ਤੋਂ ਬਚਣ ਲਈ ਮੈਂ ਅਤੇ ਮੇਰੇ ਦੋਸਤ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਬੋਰੀਆਂ ਨੂੰ ਗਿੱਲਾ ਕਰਕੇ ਟੰਗਦੇ ਸੀ ਜਿਸ ਨਾਲ ਕਮਰੇ ਵਿੱਚ ਹਨੇਰਾ ਅਤੇ ਥੋੜ੍ਹੀ ਠੰਡਕ ਹੋ ਜਾਂਦੀ ਸੀ। ਇੱਥੇ ਇੱਕ ਚੀਜ਼ ਦੀ ਘਾਟ ਨਹੀਂ ਸੀ - ਪਾਣੀ। ਬੋਰੀਆਂ ਨੂੰ ਗਿੱਲਾ ਕਰਕੇ ਸਾਨੂੰ ਲੱਗਦਾ ਸੀ ਕਿ ਅਸੀਂ ਆਪਣੀ ਜ਼ਿੰਦਗੀ ਸੁਧਾਰਨ ਲਈ ਕੁਝ ਤਾਂ ਕਰ ਰਹੇ ਹਾਂ। "

2010 ਵਿੱਚ ਲਈ ਗਈ ਇਸ ਤਸਵੀਰ ਵਿੱਚ ਦੇਵਲੀ ਵਿੱਚ ਬਣੇ ਬੈਰਕ ਕੁਝ ਇਸ ਤਰ੍ਹਾਂ ਦਿਖੇ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, 2010 ਵਿੱਚ ਲਈ ਗਈ ਇਸ ਤਸਵੀਰ ਵਿੱਚ ਦੇਵਲੀ ਵਿੱਚ ਬਣੇ ਬੈਰਕ ਕੁਝ ਇਸ ਤਰ੍ਹਾਂ ਦਿਖੇ

ਕੈਂਪ ਵਿੱਚ ਮਨੋਰੰਜਨ ਦਾ ਇੱਕੋ ਇੱਕ ਸਾਧਨ ਹੁੰਦਾ ਸੀ - ਹਿੰਦੀ ਫਿਲਮਾਂ ਦਾ ਪ੍ਰਦਰਸ਼ਨ। ਉੱਥੇ ਹਿੰਦੀ ਫਿਲਮਾਂ ਦਿਖਾਉਣ ਲਈ ਮੈਦਾਨਾਂ ਵਿੱਚ ਸਕ੍ਰੀਨ ਲਗਾਈ ਜਾਂਦੀ ਸੀ ਅਤੇ ਕੈਦੀ ਉਨ੍ਹਾਂ ਦੇ ਕਮਰਿਆਂ ਤੋਂ ਬਿਸਤਰੇ ਕੱਢ ਕੇ ਲੈ ਆਉਂਦੇ ਸੀ ਅਤੇ ਉਨ੍ਹਾਂ 'ਤੇ ਬੈਠਕੇ ਫਿਲਮ ਦੇਖਦੇ ਸੀ।

ਜੌਏ ਦਾ ਕਹਿਣਾ ਹੈ, "ਰਿਕ੍ਰਿਏਸ਼ਨ ਰੂਮ ਵਿੱਚ ਅਖ਼ਬਾਰ ਤਾਂ ਆਉਂਦੇ ਹੀ ਸੀ ਪਰ ਉਨ੍ਹਾਂ ਵਿੱਚ ਮੋਰੀਆਂ ਹੁੰਦੀਆਂ ਸੀ ਕਿਉਂਕਿ ਚੀਨ ਨਾਲ ਸਬੰਧਤ ਸਿਆਸੀ ਖ਼ਬਰਾਂ ਕੱਟ ਕੇ ਅਖਬਾਰ ਤੋਂ ਵੱਖ ਕਰ ਦਿੱਤੀਆਂ ਜਾਂਦੀਆਂ ਸਨ। ਅਸੀਂ ਪੋਸਟਕਾਰਡਾਂ 'ਤੇ ਅੰਗਰੇਜ਼ੀ ਵਿੱਚ ਚਿੱਠੀਆਂ ਲਿਖਦੇ ਸੀ। ਸਾਨੂੰ ਪਤਾ ਲੱਗਿਆ ਸੀ ਕਿ ਲਿਫ਼ਾਫ਼ੇ ਵਿੱਚ ਭੇਜੇ ਗਏ ਪੱਤਰ ਦੇਰ ਨਾਲ ਪਹੁੰਚਦੇ ਸਨ ਕਿਉਂਕਿ ਉਨ੍ਹਾਂ ਨੂੰ ਸੈਂਸਰ ਲਈ ਦਿੱਲੀ ਭੇਜਿਆ ਜਾਂਦਾ ਸੀ।"

ਬੁੱਢੇ ਊਠ ਦਾ ਮੀਟ ਪਰੋਸਿਆ

ਦੇਵਲੀ ਕੈਂਪ ਵਿੱਚ ਰਹਿਣ ਵਾਲੇ ਇੱਕ ਹੋਰ ਬੰਦੀ ਸਟੀਵਨ ਵੈਨ ਦਾ ਕਹਿਣਾ ਹੈ, "ਅਧਿਕਾਰੀਆਂ ਨੇ ਕੈਂਪ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਾ ਤਾਂ ਕੋਈ ਭਾਂਡੇ ਦਿੱਤੇ ਅਤੇ ਨਾ ਹੀ ਮੱਗ ਜਾਂ ਚੱਮਚੇ। ਅਸੀਂ ਜਾਂ ਤਾਂ ਬਿਸਕੁੱਟ ਦੇ ਟੀਨ ਦੇ ਡੱਬਿਆਂ ਵਿੱਚ ਆਪਣਾ ਖਾਣਾ ਖਾਂਦੇ ਸੀ ਜਾਂ ਪੱਤਿਆਂ 'ਤੇ।"

"ਅਸੀਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਰਸੋਈਏ ਚੌਲ ਨੂੰ ਬਿਨਾ ਧੋਤੇ ਬੋਰੀ ਵਿੱਚੋਂ ਕੱਢ ਕੇ ਸਿੱਧਾ ਪਤੀਲਿਆਂ ਵਿੱਚ ਉਬਾਲਣ ਲਈ ਪਾ ਦਿੰਦੇ ਸੀ। ਕਿਉਂਕਿ ਬਹੁਤ ਸਾਰੇ ਲੋਕਾਂ ਲਈ ਭੋਜਨ ਬਣਦਾ ਸੀ। ਇਸ ਲਈ ਅਕਸਰ ਜਾਂ ਤਾਂ ਅੱਧਾ ਪਕਾਇਆ ਜਾਂਦਾ ਸੀ ਜਾਂ ਸੜ ਜਾਂਦਾ ਸੀ।"

ਚੀਨੀ ਸਰਕਾਰ ਨੇ ਕੈਂਪ ਵਿੱਚ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਸਮਾਨ ਭੇਜਿਆ ਸੀ ਉਸ ਵਿੱਚ ਇਹ ਮਗ ਵੀ ਸੀ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, ਚੀਨੀ ਸਰਕਾਰ ਨੇ ਕੈਂਪ ਵਿੱਚ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਸਮਾਨ ਭੇਜਿਆ ਸੀ ਉਸ ਵਿੱਚ ਇਹ ਮਗ ਵੀ ਸੀ

ਯਿਮ ਮਾਰਸ਼ ਲਿਖਦੇ ਹਨ, "ਕਿਉਂਕਿ ਲੋਕ ਲਾਈਨਾਂ ਵਿੱਚ ਖੜ੍ਹੇ ਹੋ ਕੇ ਆਪਣੇ ਖਾਣੇ ਦੀ ਉਡੀਕ ਕਰਦੇ ਸੀ, ਇਸ ਲਈ ਰਸੋਈਏ ਸਮੇਂ ਤੋਂ ਪਹਿਲਾਂ ਚੁੱਲ੍ਹੇ ਤੋਂ ਖਾਣਾ ਉਤਾਰ ਲੈਂਦੇ ਸਨ। ਕਈ ਵਾਰ ਅਸੀਂ ਭੋਜਨ ਲੈਣ ਤੋਂ ਬਾਅਦ ਦੁਬਾਰਾ ਉਸ ਨੂੰ ਉਬਾਲਦੇ ਸੀ।"

"ਇੱਕ ਵਾਰ ਜਦੋਂ ਸਾਨੂੰ ਰਾਸ਼ਨ ਵਿੱਚ ਮੀਟ ਕਰੀ ਮਿਲੀ ਪਰ ਉਹ ਮਾਂਸ ਇੰਨਾ ਸਖ਼ਤ ਸੀ ਕਿ ਸਾਨੂੰ ਲੱਗਿਆ ਜਿਵੇਂ ਪੁਰਾਣਾ ਚਮੜਾ ਖਾ ਰਹੇ ਹਾਂ। ਬਾਅਦ ਵਿੱਚ ਸਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਸਾਨੂੰ ਪੁਰਾਣੇ ਬੁੱਢੇ ਊਠ ਦਾ ਮਾਂਸ ਖੁਆਇਆ ਗਿਆ ਸੀ। ਜਦੋਂ ਅਸੀਂ ਇਸਦਾ ਵਿਰੋਧ ਕੀਤਾ ਉਸ ਤੋਂ ਬਾਅਦ ਸਾਨੂੰ ਊਠ ਦਾ ਮਾਸ ਦੇਣਾ ਬੰਦ ਕਰ ਦਿੱਤਾ।"

ਦੇਵਲੀ ਕੈਂਪ ਵਿੱਚ ਰਹਿਣ ਵਾਲੇ ਇੱਕ ਹੋਰ ਸ਼ਖ਼ਸ ਮਾਈਕਲ ਚੇਂਗ ਦੱਸਦੇ ਹਨ, "ਮੈਂ ਕੈਂਪ ਵਿੱਚ ਮਿਲਣ ਵਾਲੇ ਖਾਣੇ ਦਾ ਸਵਾਦ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਉਹ ਲੋਕ ਖਾਣੇ ਵਿੱਚ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਦੇ ਸੀ। ਹਾਲੇ ਵੀ ਜਦੋਂ ਮੈਂ ਆਪਣੇ ਕਿਸੇ ਦੋਸਤ ਕੋਲ ਖਾਣੇ 'ਤੇ ਜਾਂਦਾ ਹਾਂ ਅਤੇ ਉਹ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਦੇ ਹਨ ਤਾਂ ਮੈਨੂੰ ਦੇਵਲੀ ਕੈਂਪ ਵਿੱਚ ਕੱਟੇ ਆਪਣੇ ਦਿਨ ਯਾਦ ਆ ਜਾਂਦੇ ਹਨ।"

ਦਾਰਜਲਿੰਗ ਵਿੱਚ ਲਈ ਗਈ ਤਸਵੀਰ ਵਿੱਚ ਕਿਊ ਪਾਓ ਚੇਨ ਆਪਣੇ ਦਾਦਾ ਦੇ ਨਾਲ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, ਦਾਰਜਲਿੰਗ ਵਿੱਚ ਲਈ ਗਈ ਤਸਵੀਰ ਵਿੱਚ ਕਿਊ ਪਾਓ ਚੇਨ ਆਪਣੇ ਦਾਦਾ ਦੇ ਨਾਲ

"ਜਦੋਂ ਅਸੀਂ ਆਪਣਾ ਖਾਣਾ ਖੁਦ ਬਣਾਉਣ ਲੱਗੇ ਤਾਂ ਮੈਂ ਦੂਰ ਜਾ ਕੇ ਲਕੜਾਂ ਚੁੱਣ ਕੇ ਲਿਆਂਦਾ ਸੀ। ਪਰ ਕੁਝ ਹੀ ਦਿਨਾਂ ਵਿੱਚ ਹੀ ਉੱਥੋਂ ਦੀਆਂ ਸਾਰੀਆਂ ਲਕੜਾਂ ਖ਼ਤਮ ਹੋ ਗਈਆਂ ਸਨ। ਫਿਰ ਅਸੀਂ ਰੁੱਖਾਂ ਦੀਆਂ ਜੜ੍ਹਾਂ ਬਾਲਣ ਲਈ ਲਿਆਉਣ ਲੱਗੇ। ਅਸੀਂ ਆਪਣੀ ਗੁਲੇਲ ਨਾਲ ਕਈ ਪੰਛੀ ਵੀ ਮਾਰਦੇ ਸੀ ਤਾਂਕਿ ਅਸੀਂ ਉਨ੍ਹਾਂ ਨੂੰ ਖਾ ਸਕੀਏ।"

ਇਹ ਵੀ ਪੜ੍ਹੋ:

ਭਾਂਡੇ ਮਾਂਝਨ ਨਾਲ ਚਮੜੀ ਹੋਈ ਖ਼ਰਾਬ

ਮਾਰਸ਼ਾ ਯਿਨ ਲਿਖਦੀ ਹੈ, "ਮੇਰੇ ਘਰ ਵਾਲਿਆਂ ਨੇ ਮੈਨੂੰ ਭਾਂਡੇ ਮਾਂਝਨ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਸਾਡੇ ਕੋਲ ਭਾਂਡੇ ਸਾਫ਼ ਕਰਨ ਲਈ ਸਾਬਣ ਨਹੀਂ ਸੀ। ਮੈਂ ਭਾਰਤੀ ਫਿਲਮਾਂ ਵਿੱਚ ਪਿੰਡ ਦੀਆਂ ਔਰਤਾਂ ਨੂੰ ਸਵਾਹ ਨਾਲ ਭਾਂਡੇ ਮਾਂਝਦੇ ਦੇਖਿਆ ਸੀ। ਮੈਂ ਵੀ ਇਹੀ ਤਰੀਕਾ ਅਪਣਾਇਆ ਅਤੇ ਮੇਰੇ ਭਾਂਡੇ ਚਮਕਣ ਲੱਗੇ।"

ਦਾਰਜੀਲਿੰਗ ਵਿਚ ਲਈ ਗਈ ਇਸ ਤਸਵੀਰ ਵਿਚ ਕਿਯੂ ਪਾਓ ਚੇਨ ਆਪਣੀ ਮਾਂ ਅੰਤੇਰੀ ਅਤੇ ਭੈਣਾਂ ਨਾਲ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, ਦਾਰਜੀਲਿੰਗ ਵਿਚ ਲਈ ਗਈ ਇਸ ਤਸਵੀਰ ਵਿਚ ਕਿਯੂ ਪਾਓ ਚੇਨ ਆਪਣੀ ਮਾਂ ਅੰਤੇਰੀ ਅਤੇ ਭੈਣਾਂ ਨਾਲ

"ਪਰ ਜਦੋਂ ਬਾਅਦ ਵਿੱਚ ਮੈਨੂੰ ਕੈਂਪ ਤੋਂ ਛੱਡਿਆ ਗਿਆ ਤਾਂ ਮੇਰੇ ਹੱਥ ਦੀ ਚਮੜੀ ਖਰਾਬ ਹੋ ਗਈ ਸੀ। ਮੇਰੇ ਹੱਥਾਂ ਤੋਂ ਚਮੜੀ ਪਿਆਜ਼ ਦੇ ਛਿਲਕਿਆਂ ਵਾਂਗ ਡਿੱਗਣ ਲੱਗੀ। ਕਈ ਸਾਲਾਂ ਦੇ ਇਲਾਜ ਤੋਂ ਬਾਅਦ ਮੇਰੀ ਬੀਮਾਰੀ ਠੀਕ ਹੋਈ।"

ਲਾਲ ਬਹਾਦੁਰ ਸ਼ਾਸਤਰੀ ਦਾ ਦੇਵਲੀ ਕੈਂਪ ਦਾ ਦੌਰਾ

ਪਖਾਨਿਆਂ ਦੀ ਕੋਈ ਛੱਤ ਨਹੀਂ ਹੁੰਦੀ ਸੀ ਅਤੇ ਕਈ ਵਾਰ ਉਨ੍ਹਾਂ ਨੂੰ ਵਗਦੇ ਪਾਣੀ ਦੇ ਵਿਚਕਾਰ ਹੀ ਉੱਥੇ ਜਾਣਾ ਪੈਂਦਾ ਸੀ। ਰੋਜ਼ ਨਾਸ਼ਤੇ ਤੋਂ ਬਾਅਦ ਉਨ੍ਹਾਂ ਦਾ ਇੱਕ ਹੀ ਮਨੋਰੰਜਨ ਹੁੰਦਾ ਸੀ ਫੁਟਬਾਲ ਖੇਡਣਾ। ਦਿਲਚਸਪ ਗੱਲ ਇਹ ਸੀ ਕਿ ਪੂਰੇ ਕੈਂਪ ਵਿੱਚ ਇੱਕ ਹੀ ਫੁੱਟਬਾਲ ਸੀ।

ਕਬਰੀਸਤਾਨ

ਤਸਵੀਰ ਸਰੋਤ, Joy Ma

ਤਸਵੀਰ ਕੈਪਸ਼ਨ, ਦੇਵਲੀ ਕੈਂਪ ਵਿਚ ਰਹਿੰਦੇ ਬਹੁਤ ਸਾਰੇ ਲੋਕਾਂ ਨੂੰ ਨੇੜਲੇ ਕਬਰਸਤਾਨ ਵਿਚ ਦਫ਼ਨਾਇਆ ਗਿਆ ਸੀ

ਜੌਏ ਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਐਫ਼ਾ ਮਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ 1963 ਵਿੱਚ ਭਾਰਤ ਦੇ ਤਤਕਾਲੀ ਗ੍ਰਹਿ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇਵਲੀ ਕੈਂਪ ਵਿੱਚ ਆਏ ਸਨ। ਜਦੋਂ ਸਾਨੂੰ ਉਨ੍ਹਾਂ ਨਾਲ ਮਿਲਵਾਇਆ ਗਿਆ ਤਾਂ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਕਿਹਾ ਜੋ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ ਉਹ ਇਕ ਪਾਸੇ ਖੜ੍ਹੇ ਹੋ ਜਾਣ ਅਤੇ ਜਿਹੜੇ ਲੋਕ ਚੀਨ ਜਾਣਾ ਚਾਹੁੰਦੇ ਹਨ ਉਹ ਦੂਜੇ ਪਾਸੇ ਖੜ੍ਹੇ ਹੋਣ।

“ਮੇਰੇ ਪਿਤਾ ਅਤੇ ਮੇਰੀ ਮਾਤਾ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਨਾਲ ਖੜ੍ਹੇ ਹੋ ਗਏ ਸੀ ਪਰ ਉਸ ਤੋਂ ਬਾਅਦ ਕੁਝ ਨਹੀਂ ਹੋਇਆ। ਕੁਝ ਮਹੀਨਿਆਂ ਬਾਅਦ ਮੇਰੀ ਮਾਂ ਨੇ ਕੈਂਪ ਦੇ ਕਮਾਂਡੈਂਟ ਆਰਐਚ ਰਾਵ ਤੋਂ ਪੁੱਛਿਆ ਕਿ ਗ੍ਰਹਿ ਮੰਤਰੀ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਜਿਹੜੇ ਲੋਕ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ।”

ਕਮਾਂਡਰ ਨੇ ਥੋੜ੍ਹਾ ਸੋਚਕੇ ਜਵਾਬ ਦਿੱਤਾ, "ਤੁਸੀਂ ਕਿਹਾ ਸੀ ਕਿ ਤੁਸੀਂ ਭਾਰਤ ਵਿੱਚ ਰਹਿਣਾ ਚਾਹੁੰਦੇ ਹੋ। ਜਿਸ ਧਰਤੀ 'ਤੇ ਤੁਸੀਂ ਖੜ੍ਹੇ ਹੋ, ਉਹ ਵੀ ਭਾਰਤ ਹੈ।"

ਜੰਗਬੰਦੀਆਂ ਨੂੰ ਵੀ ਰੱਖਿਆ ਗਿਆ ਸੀ ਦੇਵਲੀ ਕੈਂਪ ਵਿੱਚ

ਇਨ੍ਹਾਂ ਬੰਦੀਆਂ ਵਿੱਚੋਂ ਜ਼ਿਆਦਾਤਰ ਨੇ ਜੇਲ੍ਹ ਵਿੱਚ ਕਰੀਬ ਚਾਰ ਸਾਲ ਬਿਤਾਏ। ਜਿੱਥੇ ਕੁਝ ਲੋਕਾਂ ਦੀ ਮੌਤ ਇਸ ਕੈਂਪ ਵਿੱਚ ਹੋਈ, ਉੱਥੇ ਹੀ ਜੌਏ ਮਾ ਵਰਗੇ ਕੁਝ ਬੱਚੇ ਵੀ ਪੈਦਾ ਹੋਏ।

ਨਾ ਹੀ ਚੀਨੀ ਸਰਕਾਰ ਨੇ ਉਨ੍ਹਾਂ ਦੀ ਪਰਵਾਹ ਕੀਤੀ ਅਤੇ ਭਾਰਤ ਸਰਕਾਰ ਵੀ ਉਨ੍ਹਾਂ ਨੂੰ ਉੱਥੇ ਰੱਖਣ ਤੋਂ ਬਾਅਦ ਭੁੱਲ ਹੀ ਗਈ।

ਰਫ਼ੀਕ ਇਲਿਆਸ ਨੇ ਪੱਕੇ ਤੌਰ 'ਤੇ ਇਸ ਪੂਰੇ ਮਾਮਲੇ 'ਤੇ 'ਬਿਓਂਡ ਬਾਰਬਡ ਵਾਇਰਜ਼: ਏ ਡਿਸਟੈਂਟ ਡਾਨ' ਨਾਮ ਦੀ ਇੱਕ ਦਸਤਾਵੇਜ਼ੀ ਫਿਲਮ ਬਣਾਈ। 1931 ਤੋਂ ਹੀ ਬ੍ਰਿਟਿਸ਼ ਸਰਕਾਰ ਦੇਵਲੀ ਕੈਂਪ ਦੀ ਵਰਤੋਂ ਰਾਜਨੀਤਿਕ ਕੈਦੀਆਂ ਨੂੰ ਰੱਖਣ ਲਈ ਕਰਦੀ ਰਹੀ ਸੀ।

40 ਦੇ ਦਹਾਕੇ ਵਿੱਚ ਜੈਪ੍ਰਕਾਸ਼ ਨਰਾਇਣ, ਸ਼੍ਰੀਪਦ ਅਮ੍ਰਿਤ ਡਾਂਗੇ, ਜਵਾਹਰ ਲਾਲ ਨਹਿਰੂ ਅਤੇ ਬੀਟੀ ਰਾਣਾਦਿਵੇ ਨੂੰ ਇੱਥੇ ਕੈਦੀ ਬਣਾ ਕੇ ਰੱਖਿਆ ਗਿਆ ਸੀ। ਦੂਜੀ ਵਿਸ਼ਵ ਜੰਗ ਵਿੱਚ ਜਰਮਨ, ਜਾਪਾਨੀ ਅਤੇ ਇਟਾਲੀਅਨ ਜੰਗਬੰਦੀਆਂ ਨੂੰ ਵੀ ਇੱਥੇ ਰੱਖਿਆ ਗਿਆ।

1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਭੱਜੇ ਦਸ ਹਜ਼ਾਰ ਸਿੰਧੀਆਂ ਨੂੰ ਵੀ ਕੁਝ ਦਿਨਾਂ ਲਈ ਇੱਥੇ ਰੱਖਿਆ ਗਿਆ ਸੀ।

1957 ਵਿੱਚ ਇਸ ਨੂੰ ਸੀਆਰਪੀਐੱਫ਼ ਨੂੰ ਦੇ ਦਿੱਤਾ ਗਿਆ ਅਤੇ ਇੱਥੇ ਇਸ ਦੀਆਂ ਦੋ ਬਟਾਲੀਅਨਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ। 1980 ਵਿੱਚ ਇਸ ਨੂੰ ਸੀਆਈਐੱਸਐੱਫ ਨੂੰ ਦੇ ਦਿੱਤਾ ਗਿਆ। 1984 ਤੋਂ ਇਹ ਸੀਆਈਐੱਸਐਫ਼ ਦੇ ਭਰਤੀ ਕੇਂਦਰ ਵਜੋਂ ਕੰਮ ਕਰ ਰਿਹਾ ਹੈ।

ਕੁਝ ਕੈਦੀ ਮਜਬੂਰੀ ਵਿੱਚ ਚੀਨ ਗਏ

ਕੁਝ ਦਿਨਾਂ ਵਿੱਚ ਚੀਨ ਨੂੰ ਪਤਾ ਲੱਗ ਗਿਆ ਕਿ ਭਾਰਤ ਨੇ ਚੀਨੀ ਮੂਲ ਦੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਦੇਵਲੀ ਵਿੱਚ ਰੱਖਿਆ ਹੋਇਆ ਹੈ। ਚੀਨ ਨੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ ਬੁਲਾਉਣਾ ਚਾਹੁੰਦਾ ਹੈ।

ਕਈ ਕੈਦੀਆਂ ਨੇ ਇਸ ਮਤੇ ਨੂੰ ਸਵੀਕਾਰ ਕਰ ਲਿਆ ਅਤੇ ਚੀਨ ਚਲੇ ਗਏ। ਬਹੁਤ ਸਾਰੇ ਲੋਕ ਚੀਨ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਇੱਕ ਅਫ਼ਵਾਹ ਫੈਲ ਗਈ ਸੀ ਕਿ ਚੀਨ ਵਿੱਚ ਸੋਕਾ ਪੈ ਗਿਆ ਹੈ।

ਕੈਂਪ ਦਾ ਇੱਕ ਪਰਿਵਾਰ

ਤਸਵੀਰ ਸਰੋਤ, Joy Ma

ਬਹੁਤ ਸਾਰੇ ਲੋਕ ਇਸ ਲਈ ਵੀ ਚੀਨ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਪਹਿਲਾਂ ਉਨ੍ਹਾਂ ਨੇ ਕਮਿਊਨਿਸਟ ਸਰਕਾਰ ਦਾ ਵਿਰੋਧ ਕਰਕੇ ਤਾਈਵਾਨ ਦੀ ਸਰਕਾਰ ਦਾ ਸਮਰਥਨ ਕੀਤਾ ਸੀ।

ਪਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਭਾਰਤ ਵਿੱਚ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ ਤਾਂ ਉਨ੍ਹਾਂ ਨੇ ਬੇਮਨ ਨਾਲ ਚੀਨ ਜਾਣ ਦਾ ਫੈਸਲਾ ਕੀਤਾ।

ਇਨ੍ਹਾਂ ਲੋਕਾਂ ਦੀਆਂ ਬਹੁਤ ਸਾਰੀਆਂ ਪੀੜ੍ਹੀਆਂ ਭਾਰਤ ਵਿੱਚ ਰਹਿੰਦੀਆਂ ਸਨ ਅਤੇ ਉਹ ਸਿਰਫ਼ ਭਾਰਤੀ ਭਾਸ਼ਾਵਾਂ ਹਿੰਦੀ, ਬੰਗਾਲੀ ਜਾਂ ਨੇਪਾਲੀ ਬੋਲਦੇ ਸਨ। ਅਜਿਹੀ ਸਥਿਤੀ ਵਿੱਚ ਚੀਨ ਉਨ੍ਹਾਂ ਲਈ ਉੰਨਾ ਹੀ ਵਿਦੇਸ਼ੀ ਦੇਸ ਸੀ ਜਿੰਨਾ ਭਾਰਤ ਲਈ ਕੋਈ ਅਫਰੀਕੀ ਦੇਸ।

ਭਾਰਤ ਸਰਕਾਰ ਤੋਂ ਮੁਆਫੀ ਦੀ ਮੰਗ

ਜਦੋਂ ਇਹ ਲੋਕ ਜੇਲ੍ਹ ਤੋਂ ਛੁੱਟੇ ਤਾਂ ਆਪਣੇ ਪੁਰਾਣੇ ਘਰ ਪਹੁੰਚੇ ਪਰ ਉਨ੍ਹਾਂ 'ਤੇ ਹੋਰ ਲੋਕਾਂ ਨੇ ਕਬਜ਼ਾ ਕਰ ਲਿਆ ਸੀ। ਬਹੁਤ ਸਾਰੇ ਹੋਰ ਲੋਕਾਂ ਨੇ ਕਨੇਡਾ, ਅਮਰੀਕਾ ਅਤੇ ਹੋਰ ਦੇਸਾਂ ਵਿੱਚ ਵੱਸਣ ਦਾ ਫੈਸਲਾ ਕੀਤਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪਰਿਵਾਰ ਅਜੇ ਵੀ ਟੋਰਾਂਟੋ, ਕਨੇਡਾ ਵਿੱਚ ਰਹਿੰਦੇ ਹਨ।

ਦੇਵਲੀ ਕੈਂਪ

ਤਸਵੀਰ ਸਰੋਤ, Joy Ma

ਉਨ੍ਹਾਂ ਨੇ 'ਐਸੋਸੀਏਸ਼ਨ ਆਫ਼ ਇੰਡੀਆ ਦੇਵਲੀ ਕੈਂਪ ਇੰਟਰਨੀਜ਼ 1962' ਦੇ ਨਾਮ ਹੇਠ ਇੱਕ ਸੰਸਥਾ ਬਣਾਈ ਹੈ।

ਸਾਲ 2017 ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਕਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਸਰਕਾਰ ਤੋਂ ਇਸ ਮਾੜੇ ਵਤੀਰੇ ਲਈ ਮੁਆਫੀ ਦੀ ਮੰਗ ਰੱਖੀ।

'ਦਿ ਦੇਵਲੀ ਵਾਲਾਜ਼' ਕਿਤਾਬ ਦੇ ਲੇਖਕ ਦਿਲੀਪ ਡਿਸੂਜ਼ਾ ਦੱਸਦੇ ਹਨ, "ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਿਆਂ ਇੱਕ ਪੱਤਰ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।”

“ਉਹ ਲੋਕ ਉਹ ਚਿੱਠੀ ਹਾਈ ਕਮਿਸ਼ਨ ਦੇ ਗੇਟ 'ਤੇ ਚਿਪਕਾ ਕੇ ਵਾਪਸ ਪਰਤ ਆਏ। ਉਨ੍ਹਾਂ ਸਾਰੇ ਲੋਕਾਂ ਨੇ ਇੱਕੋ ਜਿਹੀ ਟੀ-ਸ਼ਰਟ ਪਾਈ ਹੋਈ ਸੀ ਜਿਸ 'ਤੇ ਦੇਵਲੀ ਕੈਂਪ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ।"

ਇਹ ਵੀ ਪੜ੍ਹੋ:

ਵਾਪਸ ਪਰਤਦਿਆਂ ਸੰਗਠਨ ਦੇ ਲੋਕਾਂ ਨੇ ਯਿਨ ਸ਼ੈਂਗ ਵੌਂਗ ਨੂੰ ਇੱਕ ਗਾਣਾ ਗਾਉਣ ਦੀ ਬੇਨਤੀ ਕੀਤੀ ਸੀ। ਇਸ ਲਈ ਉਨ੍ਹਾਂ ਨੇ ਸੋਚਿਆ ਕਿ ਉਹ ਕੋਈ ਚੀਨੀ ਗੀਤ ਗਾਉਣਗੇ।

ਪਰ ਫਿਰ ਯਿੰਗ ਸ਼ੈਂਗ ਵੌਂਗ ਨੇ 'ਦਿਲ ਅਪਣਾ ਅਤੇ ਪ੍ਰੀਤ ਪਰਾਈ', ਫਿਲਮ ਦਾ ਗੀਤ "ਅਜੀਬ ਦਾਸਤਾਨ ਹੈ ਯੇ, ਕਹਾਂ ਸ਼ੁਰੂ ਕਹਾਂ ਖਤਮ" ਗਾਣਾ ਸ਼ੁਰੂ ਕਰ ਦਿੱਤਾ।

ਇਹ ਸੁਣਦਿਆਂ ਹੀ ਕਈ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਦਿਲੀਪ ਦੱਸਦੇ ਹਨ, "ਦੋ ਕਾਰਨ ਸਨ। ਇੱਕ ਇਹ ਹੈ ਕਿ ਇੱਕ ਚੀਨੀ ਭਾਰਤੀ, ਜਿਸ ਨੇ ਕਈ ਦਹਾਕੇ ਪਹਿਲਾਂ ਦੁਖਦਾਈ ਹਾਲਤਾਂ ਵਿੱਚ ਭਾਰਤ ਛੱਡ ਦਿੱਤਾ ਸੀ, ਓਟਾਵਾ ਤੋਂ ਟੋਰਾਂਟੋ ਜਾਂਦੇ ਹੋਏ ਚੱਲਦੀ ਬੱਸ ਵਿੱਚ ਇੱਕ ਪੁਰਾਣਾ ਹਿੰਦੀ ਗੀਤ ਗਾ ਰਿਹਾ ਹੈ।"

"ਦੂਜਾ ਮੈਨੂੰ ਅਹਿਸਾਸ ਹੋਇਆ ਕਿ ਚੀਨੀਆਂ ਦੀ ਸ਼ਕਲ ਅਤੇ ਰੰਗ ਬਾਰੇ ਮੇਰੀ ਧਾਰਨਾ ਉਹੀ ਸੀ ਜਿਸਨੇ ਇੱਕ ਵਾਰ ਵੌਂਗ ਅਤੇ ਉਨ੍ਹਾਂ ਹਜ਼ਾਰਾਂ ਚੀਨੀਆਂ ਨੂੰ ਦੇਵਲੀ ਦੇ ਹਿਰਾਸਤੀ ਕੈਂਪ ਵਿੱਚ ਭੇਜ ਦਿੱਤਾ ਸੀ। ਉਨ੍ਹਾਂ ਦੀ ਇੱਕੋ ਗਲਤੀ ਇਹ ਸੀ ਕਿ ਉਹ ਚੀਨੀਆਂ ਵਾਂਗ ਦਿਖਾਈ ਦਿੰਦੇ ਸਨ।"

ਇਹ ਵੀਡੀਓ ਵੀ ਦੇਖੋ

ਗਲਵਾਨ ਘਾਟੀ 'ਚ ਮਰੇ 20 ਭਾਰਤੀ ਜਵਾਨਾਂ ਦੀ ਹਰ ਮਹੀਨੇ ਮਦਦ ਕਰੇਗਾ ਇਹ ਪੰਜਾਬੀ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਦਿਹਾੜੀ ਦੇ ਨਾਲ-ਨਾਲ ਪੜ੍ਹਾਈ ਕਰ ਅੱਵਲ ਆਈ ਜਸਪ੍ਰੀਤ ਦੀ ਜ਼ਿੰਦਗੀ ਬਦਲਾਅ ਦੇ ਰਾਹ 'ਤੇ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਵਿੱਚ ਲੋਕ ਹਸਪਤਾਲਾਂ ਤੋਂ ਕਿਉਂ ਡਰੇ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)