ਗਰਭਵਤੀ ਪਤਨੀ ਨੂੰ ਪ੍ਰੀਖਿਆ ਦਿਵਾਉਣ ਲਈ ਸਕੂਟਰ ’ਤੇ 1200 ਕਿਲੋਮੀਟਰ ਦਾ ਸਫ਼ਰ ਇਨ੍ਹਾਂ ਮੁਸ਼ਕਿਲਾਂ ਨਾਲ ਕੀਤਾ

    • ਲੇਖਕ, ਰਵੀ ਪ੍ਰਕਾਸ਼
    • ਰੋਲ, ਰਾਂਚੀ ਤੋਂ, ਬੀਬੀਸੀ ਹਿੰਦੀ ਲਈ

ਧਨੰਜੇ ਹਾਂਸਦਾ ਅਤੇ ਸੋਨੀ ਹੇਂਬ੍ਰਮ ਹੁਣ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਸਕੂਟੀ ਤੋਂ ਤਕਰੀਬਨ 1200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੋਡਾ (ਝਾਰਖੰਡ) ਤੋਂ ਗਵਾਲੀਅਰ (ਮੱਧ ਪ੍ਰਦੇਸ਼) ਪਹੁੰਚੇ ਇਸ ਆਦਿਵਾਸੀ ਦੰਪਤੀ ਦੀ ਕਹਾਣੀ ਸੁਰਖ਼ੀਆਂ ਵਿਚ ਹੈ।

ਧਨੰਜੇ ਨੇ ਸਕੂਟੀ ਨਾਲ ਇਹ ਸਫ਼ਰ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੇ ਆਪਣੀ ਪਤਨੀ ਸੋਨੀ ਨੂੰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ (ਡੀਈਐਲਈਡੀ) ਦੀ ਪ੍ਰੀਖਿਆ ਦਵਾਉਣ ਲਈ ਗਵਾਲੀਅਰ ਪਹੁੰਚਣਾ ਸੀ।

ਜੇ ਇਹ ਕੋਈ ਆਮ ਦਿਨ ਹੁੰਦਾ ਤਾਂ ਉਹ ਜੱਸੀਡੀਹ (ਗੋਡਾ ਦਾ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ) ਤੋਂ ਦਿੱਲੀ ਲਈ ਯਾਤਰਾ ਰੇਲ ਦੁਆਰਾ ਪੂਰਾ ਕਰ ਲੈਂਦੇ। ਉੱਥੋਂ, ਇਕ ਹੋਰ ਟ੍ਰੇਨ ਉਨ੍ਹਾਂ ਨੂੰ ਗਵਾਲੀਅਰ ਪਹੁੰਚਾ ਦਿੰਦੀ। ਪਰ ਲੌਕਡਾਊਨ ਕਾਰਨ ਇਹ ਸੰਭਵ ਨਹੀਂ ਸੀ।

ਇੱਕ ਰੂਟ 'ਤੇ ਹਫ਼ਤੇ 'ਚ ਸਿਰਫ਼ ਇੱਕ ਟ੍ਰੇਨ ਚੱਲ ਰਹੀ ਹੈ। ਅਜਿਹੀ ਸਥਿਤੀ ਵਿੱਚ ਗਵਾਲੀਅਰ ਪਹੁੰਚਣ ਦਾ ਇੱਕੋ ਇੱਕ ਰਸਤਾ ਸੀ ਸੜਕ।

ਇਹ ਵੀ ਪੜ੍ਹੋ

ਕਾਰ ਜਾਂ ਕਿਸੇ ਹੋਰ ਸਵਾਰੀ ਨਾਲ ਇਹ ਸਫ਼ਰ ਮਹਿੰਗਾ ਪੈਣਾ ਸੀ। ਇਸ ਲਈ, ਧਨੰਜੇ ਅਤੇ ਸੋਨੀ ਨੇ ਸਕੂਟੀ ਤੋਂ ਗਵਾਲੀਅਰ ਜਾਣ ਦੀ ਯੋਜਨਾ ਬਣਾਈ। ਗਹਿਣੇ ਗਿਰਵੀ ਰੱਖਣ ਤੋਂ ਬਾਅਦ, ਉਨ੍ਹਾਂ ਨੇ ਵਿਆਜ 'ਤੇ ਦਸ ਹਜ਼ਾਰ ਰੁਪਏ ਉਧਾਰ ਲਏ ਅਤੇ ਫਿਰ ਇਹ ਸਫ਼ਰ ਸ਼ੁਰੂ ਕੀਤਾ।

ਸੋਨੀ ਸੱਤ ਮਹੀਨੇ ਦੀ ਗਰਭਵਤੀ ਹੈ। ਅਜਿਹੀ ਸਥਿਤੀ ਵਿਚ ਉਸ ਦਾ ਸਫ਼ਰ ਹੋਰ ਵੀ ਜ਼ਿਆਦਾ ਖ਼ਤਰਨਾਕ ਸੀ।

ਜੇ ਇਹ ਕਿਸੇ ਹਿੰਦੀ ਫਿਲਮ ਦੀ ਸਕ੍ਰਿਪਟ ਹੁੰਦੀ, ਤਾਂ ਇਹ ਕਹਾਣੀ ਸਿਰਫ਼ ਤਿੰਨ ਘੰਟਿਆਂ ਵਿਚ ਪੂਰੀ ਹੋ ਜਾਂਦੀ। ਪੌਪਕੋਰਨ ਅਤੇ ਡ੍ਰਿੰਕਸ ਲਈ 5-10 ਮਿੰਟ ਦਾ ਇੰਟਰਵਲ ਵੀ ਹੁੰਦਾ। ਕਿਉਂਕਿ, ਧਨੰਜੇ ਅਤੇ ਸੋਨੀ ਫਿਲਮਾਂ ਦੇ ਐਕਟਰ ਨਹੀਂ ਹਨ ਅਤੇ ਨਾ ਹੀ ਇਹ ਕਹਾਣੀ ਫਿਲਮੀ ਹੈ।

ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਇਸ ਸਫ਼ਰ ਨੂੰ ਪੂਰਾ ਕਰਨ ਵਿੱਚ ਤਿੰਨ ਦਿਨ ਲੱਗੇ। 28 ਅਗਸਤ ਦੀ ਸਵੇਰ ਨੂੰ ਇਹ ਜੋੜਾ ਗੋਡਾ ਦੇ ਗੰਗਟਾ ਬਸਤੀ ਤੋਂ ਨਿਕਲਿਆ ਅਤੇ 30 ਤਰੀਕ ਦੀ ਦੁਪਹਿਰ ਨੂੰ ਗਵਾਲੀਅਰ ਪਹੁੰਚਿਆ।

ਇਸ ਸਮੇਂ ਦੌਰਾਨ, ਦੋ ਰਾਤਾਂ ਸੜਕ ਕਿਨਾਰੇ ਬਤੀਤ ਕੀਤੀਆਂ। ਕਦੀ ਮੀਂਹ ਪੈਂਦਾ ਸੀ ਅਤੇ ਕਦੀ ਝੁਲਸ ਰਹੀ ਧੁੱਪ ਹੁੰਦੀ ਸੀ।

ਧਨੰਜੇ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ

ਧਨੰਜੇ ਹਾਂਸਦਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੀ ਪ੍ਰੀਖਿਆ ਕਿਸੇ ਵੀ ਹਾਲਤ ਵਿੱਚ ਕਰਵਾਉਣੀ ਸੀ।

ਉਹ ਕਹਿੰਦੇ ਹਨ, "ਬੱਸ ਇਸ ਜ਼ਿੱਦ ਨੇ ਹੀ ਸਾਨੂੰ ਤਾਕਤ ਦਿੱਤੀ ਅਤੇ ਅਸੀਂ ਸੜਕਾਂ 'ਤੇ ਚਲਦੇ ਗਏ। ਜ਼ਿੰਦਗੀ ਵਿਚ ਪਹਿਲੀ ਵਾਰ ਅਸੀਂ ਦੋ ਦਿਨਾਂ ਵਿਚ 3500 ਰੁਪਏ ਦਾ ਪੈਟਰੋਲ ਖਰੀਦਿਆ। ਅਸੀਂ ਗੱਲਾਂ ਕਰਦੇ ਰਹੇ ਅਤੇ ਸਕੂਟੀ ਚਲਾਉਂਦੇ ਰਹੇ। ਹੁਣ ਸੋਨੀ ਪ੍ਰੀਖ਼ਿਆ ਵਿਚ ਸ਼ਾਮਲ ਹੋ ਰਹੀ ਹੈ।

1 ਸਤੰਬਰ ਤੋਂ ਸ਼ੁਰੂ ਇਹ ਪ੍ਰੀਖਿਆ 11 ਤਰੀਕ ਤੱਕ ਚੱਲੇਗੀ। ਉਸ ਤੋਂ ਬਾਅਦ, ਉਹ ਗੋਡਾ ਵਾਪਸ ਆ ਜਾਣਗੇ। ਪਰ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਇਹ ਸਫ਼ਰ ਯਾਦ ਰਹੇਗਾ।"

ਧਨੰਜੇ ਹਾਂਸਦਾ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਅਸੀਂ ਸਵੇਰੇ 8 ਵਜੇ ਗੋਡਾ ਤੋਂ ਚੱਲੇ ਤਾਂ ਭਾਗਲਪੁਰ ਤੱਕ ਦੀ ਸੜਕ ਕਾਫ਼ੀ ਖਰਾਬ ਸੀ। ਸਕੂਟੀ ਹਿਚਕੋਲੇ ਖਾ ਰਹੀ ਸੀ ਤਾਂ ਡਰ ਵੀ ਲੱਗਿਆ ਕਿ ਸੋਨੀ ਨੂੰ ਕੁਝ ਹੋ ਨਾ ਜਾਵੇ। ਉਹ ਗਰਭਵਤੀ ਹੈ। ਸੜਕ ਦੇ ਟੋਇਆਂ ਵਿੱਚ ਪਾਣੀ ਭਰਿਆ ਹੋਇਆ ਸੀ। ਅੰਦਾਜ਼ਾ ਵੀ ਨਹੀਂ ਲੱਗ ਪਾ ਰਿਹਾ ਸੀ ਕਿ ਉਹ ਕਿਨ੍ਹੇਂ ਡੂੰਘੇ ਹਨ।"

ਉਨ੍ਹਾਂ ਅੱਗੇ ਦੱਸਿਆ, "ਅਸੀਂ ਕਿਸੇ ਤਰ੍ਹਾਂ ਭਾਗਲਪੁਰ ਪਹੁੰਚੇ। ਉਥੇ ਬੱਸ ਦਾ ਪਤਾ ਕੀਤਾ ਤਾਂ ਲਖਨਉ ਤੱਕ ਇੱਕ ਆਦਮੀ ਲਈ ਪੰਜ ਹਜ਼ਾਰ ਰੁਪਏ ਮੰਗ ਰਹੇ ਸੀ। ਫਿਰ ਅਸੀਂ ਫੈਸਲਾ ਕੀਤਾ ਕਿ ਹੁਣ ਸਕੂਟੀ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਹੈ। ਇਸੇ ਲਈ ਅਸੀਂ ਇਸ 'ਤੇ ਹੀ ਗਵਾਲੀਅਰ ਜਾਵਾਂਗੇ। ਕਿਉਂਕਿ ਸਾਡੇ ਕੋਲ ਜ਼ਿਆਦਾ ਪੈਸਾ ਨਹੀਂ ਸੀ।"

ਇਹ ਵੀ ਪੜ੍ਹੋ

"ਮੈਂ ਆਪਣੀ ਪਤਨੀ ਨੂੰ ਕਿਹਾ ਕਿ ਉਹ ਉਸ ਸਕੂਟੀ 'ਤੇ ਮੂੰਹ ਢੱਕ ਕੇ ਬੈਠੇ ਤਾਂ ਕਿ ਉਸਨੂੰ ਚੱਕਰ ਨਾ ਆਵੇ। ਭਾਗਲਪੁਰ ਵਿੱਚ ਸੜਕ ਕਿਨਾਰੇ ਹੜ੍ਹ ਦਾ ਪਾਣੀ ਸੀ। ਉੱਪਰੋਂ ਹਲਕੀ ਬਾਰਸ਼ ਹੋ ਰਹੀ ਸੀ।”

“ਸੜਕ 'ਤੇ ਲਗਾਤਾਰ ਚੱਲਣ ਕਾਰਨ ਉਸ ਦਾ ਪੇਟ ਵੀ ਦਰਦ ਹੋ ਰਿਹਾ ਸੀ। ਮੈਨੂੰ ਡਰ ਲੱਗਿਆ ਤਾਂ 28 ਦੀ ਰਾਤ ਨੂੰ ਮੁਜ਼ੱਫਰਪੁਰ ਦੇ ਇਕ ਲਾਜ ਵਿਚ ਰੁੱਕ ਗਏ। ਉਥੇ ਉਸ ਦੇ ਪੇਟ ਦੀ ਮਾਲਿਸ਼ ਕੀਤੀ ਤਾਂ ਦਰਦ 'ਚ ਕੁਝ ਫ਼ਰਕ ਪਿਆ।"

"ਅਗਲੀ ਸਵੇਰ ਅਸੀਂ 4 ਵਜੇ ਮੁੜ ਸਫ਼ਰ 'ਤੇ ਨਿਕਲ ਗਏ। ਸਾਡੇ ਕੱਪੜੇ ਵੀ ਮੀਂਹ ਵਿਚ ਭਿੱਜੇ ਹੋਏ ਸਨ। ਅਸੀਂ ਲਖਨਉ ਪਹੁੰਚਦੇ-ਪਹੁੰਚਦੇ ਕਾਫ਼ੀ ਥੱਕ ਗਏ ਸੀ। ਫਿਰ ਅਸੀਂ ਲੌਜ ਜਾਂ ਹੋਟਲ ਲੱਭਣ ਲੱਗੇ, ਪਰ ਹਾਈਵੇ ਉੱਤੇ ਕੁਝ ਨਹੀਂ ਮਿਲਿਆ। ਲਖਨਊ ਤੋਂ ਆਗਰਾ ਜਾਣ ਵਾਲੇ ਹਾਈਵੇਅ 'ਤੇ ਕੁਝ ਦੂਰ ਚੱਲਣ ਤੋਂ ਬਾਅਦ ਇਕ ਟੋਲ ਪਲਾਜ਼ਾ ਨੇੜੇ ਨਿੰਮ ਦੇ ਦਰੱਖ਼ਤ ਹੇਠਾਂ ਰੇਨਕੋਟ ਅਤੇ ਚਾਦਰਾਂ ਵਿਛਾ ਕੇ ਰਾਤ ਬਿਤਾਈ।"

"ਅਗਲੇ ਦਿਨ ਸਵੇਰੇ ਚਾਰ ਵਜੇ ਦੁਬਾਰਾ ਸਫ਼ਰ ਸ਼ੁਰੂ ਕਰਨਾ ਸੀ। ਤੇਜ਼ ਧੁੱਪ ਸੀ। ਬਹੁਤ ਗਰਮੀ ਲੱਗ ਰਹੀ ਸੀ। ਰਸਤੇ ਵਿਚ ਹੀ ਖਾਣਾ ਲਿਆ ਅਤੇ ਕਰੀਬ ਦੁਪਹਿਰ 2 ਵਜੇ ਗਵਾਲੀਅਰ ਪਹੁੰਚੇ। ਤਦ ਤਕ ਅਸੀਂ ਕਾਫ਼ੀ ਥੱਕ ਗਏ ਸੀ। ਪਰ ਗਵਾਲੀਅਰ ਪਹੁੰਚਦਿਆਂ ਹੀ ਮੇਰੀ ਪਤਨੀ ਦੀ ਸਿਹਤ ਵਿਗੜ ਗਈ। ਹਲਕਾ ਬੁਖਾਰ ਹੋ ਗਿਆ ਸੀ।"

"ਮੈਨੂੰ ਡਰ ਸੀ ਕਿ ਜੇਕਰ ਉਸ ਨੂੰ ਖਾਂਸੀ ਹੋ ਗਈ ਤਾਂ ਪਰੀਖਿਆ 'ਚ ਬੈਠਣ ਨਹੀਂ ਦੇਣਗੇ। ਉਹ ਕਹਿਣਗੇ ਕਿ ਕੋਰੋਨਾ ਹੋ ਗਿਆ। ਪਰ, ਦਵਾਈ ਲੈ ਕੇ ਭੋਜਨ ਕੀਤਾ ਅਤੇ ਗਰਮ ਪਾਣੀ ਪੀਤਾ ਤਾਂ ਉਸ ਦੀ ਤਬੀਅਤ ਠੀਕ ਹੋ ਗਈ।"

ਕੀ ਪਰਿਵਾਰ ਨੇ ਨਹੀਂ ਰੋਕਿਆ?

ਬੋਕਾਰੋ ਦੇ ਵਸਨੀਕ ਧਨੰਜੇ ਗੋਡਾ ਵਿੱਚ ਆਪਣੀ ਪਤਨੀ ਸੋਨੀ ਦੀ ਮਾਮੀ ਦੇ ਘਰ ਵਿਚ ਰਹਿੰਦੇ ਹਨ।

ਗੋਡਾ ਵਿਚ ਮੌਜੂਦ ਉਨ੍ਹਾਂ ਦੀ ਮਾਮੀ ਸੁਸ਼ੀਲਾ ਕਿਕਸੂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਧਨੰਜੇ ਨੂੰ ਸਕੂਟੀ 'ਤੇ ਜਾਣ ਤੋਂ ਮਨ੍ਹਾ ਕੀਤਾ ਸੀ, ਪਰ ਉਸਨੇ ਸਾਡੀ ਗੱਲ ਨਹੀਂ ਸੁਣੀ।"

ਉਨ੍ਹਾਂ ਦੱਸਿਆ, "ਧਨੰਜੇ ਨੇ ਦਲੀਲ ਦਿੱਤੀ ਸੀ ਕਿ ਉਸ ਕੋਲ ਗੱਡੀ ਰਾਹੀਂ ਗਵਾਲੀਅਰ ਜਾਣ ਲਈ ਪੈਸੇ ਨਹੀਂ ਹਨ। ਇਸ ਲਈ ਮਨ੍ਹਾ ਕਰਨ ਦੇ ਬਾਵਜੂਦ ਉਹ ਸਕੂਟੀ 'ਤੇ ਚਲੇ ਗਏ। ਹੁਣ ਉਹ ਦੋਵੇਂ ਸਹੀ-ਸਲਾਮਤ ਘਰ ਪਰਤ ਆਉਣ ਤਾਂ ਸਾਨੂੰ ਚੈਨ ਮਿਲੇਗਾ।"

ਕੀ ਹੁੰਦਾ ਜੇ ਪ੍ਰੀਖਿਆ ਛੁੱਟ ਜਾਂਦੀ

ਧਨੰਜੇ ਕਹਿੰਦੇ ਹਨ, "ਪ੍ਰੀਖਿਆ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਮੈਂ ਸਿਰਫ਼ ਤੀਜੀ ਜਮਾਤ ਤੱਕ ਪੜ੍ਹਿਆ ਹਾਂ। ਮੇਰੇ ਪਿਤਾ ਦੀ ਨੌਕਰੀ ਚਲੀ ਗਈ ਸੀ। ਮੈਂ ਪੰਜ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ ਇਸ ਲਈ, 14 ਸਾਲ ਦੀ ਉਮਰ ਵਿਚ ਘਰ ਛੱਡ ਕੇ ਨੌਕਰੀ ਲਈ ਚਲਾ ਗਿਆ ਸੀ। ਇਸ ਕਾਰਨ ਮੈਂ ਅੱਗੇ ਨਹੀਂ ਪੜ੍ਹ ਸਕਿਆ ਸੀ।"

ਉਨ੍ਹਾਂ ਦੱਸਿਆ,"ਮੇਰਾ ਵਿਆਹ ਪਿਛਲੇ ਸਾਲ ਹੋਇਆ ਸੀ, ਫਿਰ ਮੈਂ ਫੈਸਲਾ ਲਿਆ ਕਿ ਮੈਂ ਪੜ੍ਹ ਨਹੀਂ ਸਕਿਆ, ਪਰ ਆਪਣੀ ਪਤਨੀ ਦੀ ਪੜ੍ਹਾਈ ਪੂਰੀ ਕਰਾਵਾਂਗਾ। ਸੋਨੀ ਅਧਿਆਪਕ ਬਣਨਾ ਚਾਹੁੰਦੀ ਹੈ ਇਸ ਲਈ ਇਹ ਇਮਤਿਹਾਨ ਜ਼ਰੂਰੀ ਸੀ।"

ਹੁਣ ਧਨੰਜੇ ਕੀ ਕਰਨਗੇ?

ਕਿਸੇ ਜਾਣਕਾਰ ਦੀ ਮਦਦ ਨਾਲ ਧਨੰਜੇ ਅਤੇ ਸੋਨੀ ਨੇ ਗਵਾਲੀਅਰ ਦੇ ਡੀਡੀ ਨਗਰ ਖੇਤਰ ਵਿੱਚ 15 ਦਿਨਾਂ ਦੇ ਲਈ ਕਿਰਾਏ ਉੱਤੇ ਇੱਕ ਕਮਰਾ ਲਿਆ ਹੈ। ਇਸ ਦੇ ਲਈ ਉਨ੍ਹਾਂ ਨੂੰ 1500 ਰੁਪਏ ਦੇਣੇ ਪੈਣਗੇ।

ਅੱਜਕੱਲ ਇਹ ਕਮਰਾ ਉਨ੍ਹਾਂ ਦਾ ਘਰ ਹੈ। 26 ਸਾਲਾ ਧਨੰਜੇ ਚਾਹੁੰਦੇ ਹਨ ਕਿ ਹੁਣ ਰੇਲ ਜਾਂ ਕਾਰ ਰਾਹੀਂ ਉਨ੍ਹਾਂ ਦੀ ਵਾਪਸੀ ਹੋਵੇ ਤਾਂ ਜੋ ਉਨ੍ਹਾਂ ਦੀ ਗਰਭਵਤੀ ਪਤਨੀ ਨੂੰ ਸਕੂਟੀ 'ਤੇ ਦੁਬਾਰਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੇ ਲਈ ਉਹ ਝਾਰਖੰਡ ਸਰਕਾਰ ਤੋਂ ਮਦਦ ਚਾਹੁੰਦੇ ਸਨ। ਪਰ ਧਨੰਜੇ ਨੇ ਹੁਣ ਬੀਬੀਸੀ ਨੂੰ ਜਾਣਕਾਰੀ ਦਿੱਤੀ ਹੈ ਕਿ ਅਡਾਨੀ ਸਮੂਹ ਨੇ ਉਨ੍ਹਾਂ ਦੀ ਵਾਪਸੀ ਲਈ ਫਲਾਈਟ ਦੀਆਂ ਟਿਕਟਾਂ ਦਾ ਪ੍ਰਬੰਧ ਕੀਤਾ ਹੈ।

ਗਵਾਲੀਅਰ ਦੇ ਡੀਐਮ ਨੇ ਮਦਦ ਕੀਤੀ

ਇਸ ਦੌਰਾਨ ਗਵਾਲੀਅਰ ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਹੈ। ਗਵਾਲੀਅਰ ਦੇ ਕੁਲੈਕਟਰ ਕੌਸ਼ਲੇਂਦਰ ਵਿਕਰਮ ਸਿੰਘ ਨੇ ਉਨ੍ਹਾਂ ਦੀ ਪੰਜ ਹਜ਼ਾਰ ਰੁਪਏ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਹੈ।

ਉਨ੍ਹਾਂ ਨੇ ਮੀਡੀਆ ਨੂੰ ਦੱਸਿਆ, "ਐਤਵਾਰ (6 ਸਤੰਬਰ) ਨੂੰ ਸੋਨੀ ਦੀ ਅਲਟਰਾਸਾਉਂਡ (ਯੂ.ਐੱਸ.ਜੀ.) ਜਾਂਚ ਕੀਤੀ ਜਾਏਗੀ ਤਾਂ ਜੋ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ। ਅਸੀਂ ਆਪਣੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਲਈ ਵੀ ਕਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਗਵਾਲੀਅਰ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਆਵੇ।

ਧਨੰਜੇ ਹਾਂਸਦਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਇਸ ਮਦਦ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਹੁਣ ਤੱਕ ਦੀ ਇਕੋ ਵਿੱਤੀ ਸਹਾਇਤਾ ਹੈ। ਸਾਨੂੰ ਇਸ ਨਾਲ ਰਾਹਤ ਮਿਲੀ ਹੈ। ਜੇ ਇਹ ਮਦਦ ਨਾ ਮਿਲਦੀ ਤਾਂ ਸਮੱਸਿਆ ਹੋਣੀ ਸੀ, ਕਿਉਂਕਿ ਘਰ ਤੋਂ ਲਿਆਏ ਪੈਸੇ ਲਗਭਗ ਖ਼ਤਮ ਹੋ ਗਏ ਹਨ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)