ਕੋਰੋਨਾਵਾਇਰਸ : ਠੀਕ ਹੋਣ ਤੋਂ ਬਾਅਦ ਵੀ ਬਿਮਾਰ ਕਿਉਂ ਪੈ ਰਹੇ ਹਨ ਲੋਕ

ਤਸਵੀਰ ਸਰੋਤ, Getty Images
- ਲੇਖਕ, ਕਮਲੇਸ਼
- ਰੋਲ, ਬੀਬੀਸੀ ਪੱਤਰਕਾਰ
ਹਰਿਆਣਾ ਦੇ ਗੁਰੂਗ੍ਰਾਮ ਦੇ ਰਹਿਣ ਵਾਲੇ ਭਰਤ ਜੁਨੇਜਾ ਨੂੰ ਮਈ ਵਿੱਚ ਪਤਾ ਲੱਗਿਆ ਕਿ ਉਹ ਕੋਵਿਡ ਪੌਜ਼ਿਟਿਵ ਹਨ। ਉਨ੍ਹਾਂ ਦੇ ਲੱਛਣ ਗੰਭੀਰ ਸਨ ਇਸ ਲਈ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਹੋਣਾ ਪਿਆ।
ਕਈ ਦਿਨਾਂ ਤੋਂ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਏ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਥਕਾਵਟ, ਕਮਜ਼ੋਰੀ, ਸਾਹ ਲੈਣ ਵਿੱਚ ਤਕਲੀਫ਼ ਅਤੇ ਸਹੀ ਢੰਗ ਨਾਲ ਨੀਂਦ ਨਾ ਆਉਣ ਵਰਗੀਆਂ ਮੁਸ਼ਕਲਾਂ ਆਉਣ ਲੱਗੀਆਂ।
51 ਸਾਲ ਦੇ ਭਰਤ ਜੁਨੇਜਾ ਦੱਸਦੇ ਹਨ, ''ਮੈਨੂੰ ਲਗਭਗ 7 ਦਿਨਾਂ ਤੱਕ ਵੈਂਟੀਲੇਟਰ ਉੱਤੇ ਰਹਿਣਾ ਪਿਆ ਸੀ। ਇਸ ਤੋਂ ਬਾਅਦ 16 ਜੂਨ ਨੂੰ ਮੇਰੀ ਰਿਪੋਰਟ ਨੈਗੇਟਿਵ ਆ ਗਈ ਅਤੇ ਦੋ ਦਿਨਾਂ ਬਾਅਦ ਮੈਂ ਡਿਸਚਾਰਜ ਹੋ ਗਿਆ। ਪਰ ਇਸ ਤੋਂ ਬਾਅਦ ਵੀ ਮੈਨੂੰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗੀ ਅਤੇ ਚੱਕਰ ਆਉਣ ਲੱਗੇ।''
ਭਰਤ ਨੇ ਦੱਸਿਆ, ''ਮੈਂ ਪੌੜੀਆਂ ਚੜ੍ਹਨ ਵਿੱਚ ਔਕੜ ਮਹਿਸੂਸ ਕਰਨ ਲੱਗਿਆ ਅਤੇ ਮੈਨੂੰ ਛੇਤੀ ਗੁੱਸਾ ਆਉਣ ਲੱਗਿਆ ਸੀ। ਵੈਂਟੀਲੇਟਰ ਉੱਤੇ ਕਈ ਦਿਨਾਂ ਤੱਕ ਰਹਿਣ ਦੇ ਕਰਕੇ ਵੀ ਡਰਾਵਨੇ ਸੁਪਨੇ ਆ ਰਹੇ ਸਨ। ਡਾਕਟਰ ਨੇ ਦੱਸਿਆ ਇਹ ਪ੍ਰਕਿਰਿਆ ਦਾ ਹਿੱਸਾ ਹੈ, ਇਹ ਠੀਕ ਹੋ ਜਾਵੇਗਾ।''
ਪੇਸ਼ੇ ਤੋਂ ਇੰਜੀਨੀਅਰ ਭਰਤ ਜੁਨੇਜਾ ਦਾ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹਨ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਵੀ ਕਈ ਲੋਕ ਬਿਮਾਰ ਪੈ ਰਹੇ ਹਨ। ਉਨ੍ਹਾਂ ਵਿੱਚ ਸਾਹ ਲੈਣ 'ਚ ਦਿੱਕਤ, ਚੱਕਰ ਆਉਣਾ, ਥਕਾਵਟ, ਹਲਕਾ ਬੁਖ਼ਾਰ, ਜੋੜਾਂ 'ਚ ਦਰਦ ਅਤੇ ਉਦਾਸੀ ਵਰਗੇ ਲੱਛਣ ਸਾਹਮਣੇ ਆ ਰਹੇ ਹਨ। ਇਸ ਨੂੰ ਪੋਸਟ ਕੋਵਿਡ ਸਿੰਪਟਮ ਵੀ ਕਿਹਾ ਜਾਂਦਾ ਹੈ।
ਭਾਰਤ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਲੋਕਾਂ ਨੇ ਸੋਸ਼ਲ ਮੀਡੀਆ ਜਾਂ ਸਰਵੇ ਰਾਹੀਂ ਆਪਣੇ ਤਜਰਬੇ ਦੱਸੇ ਹਨ। ਹਾਲ ਹੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਉਣ ਦੇ ਤਿਨ ਦਿਨਾਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਹਸਪਤਾਲ ਵਿੱਚ ਭਰਤੀ ਕਰਨਾ ਪਿਆ ਸੀ। ਉਨ੍ਹਾਂ ਨੂੰ ਚੱਕਰ ਆਉਣ ਅਤੇ ਸਰੀਰ ਟੁੱਟਣ ਦੀ ਸ਼ਿਕਾਇਤ ਸੀ।
ਇਹ ਵੀ ਪੜ੍ਹੋ:
ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਇਸੇ ਮਹੀਨੇ ਪੋਸਟ-ਕੋਵਿਡ ਕਲੀਨਿਕ ਵੀ ਬਣਾਇਆ ਗਿਆ ਹੈ, ਜਿੱਥੇ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਵੀ ਪਰੇਸ਼ਾਨੀ ਮਹਿਸੂਸ ਕਰ ਰਹੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ।
ਡਾਕਟਰਾਂ ਮੁਤਾਬਕ ਅਜਿਹੇ ਕਈ ਮਰੀਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਕੋਰੋਨਾਵਾਇਰਸ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਲੱਛਣ ਕਾਇਮ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਪੈ ਰਹੀ ਹੈ।
ਪੋਸਟ ਕੋਵਿਡ ਲੱਛਣ ਕੀ ਹਨ?
ਦਿੱਲੀ ਦੇ ਵੈਸ਼ਾਲੀ 'ਚ ਮੈਕਸ ਹਸਪਤਾਲ ਦੇ ਪ੍ਰਿੰਸੀਪਲ ਕੰਸਲਟੈਂਟ ਡਾ. ਸ਼ਰਦ ਜੋਸ਼ੀ ਕਹਿੰਦੇ ਹਨ, ''ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਸਾਡੇ ਕੋਲ ਕਈ ਮਰੀਜ਼ ਆ ਰਹੇ ਹਨ। ਉਨ੍ਹਾਂ ਨੂੰ ਥਕਾਵਟ, ਸਾਹ ਲੈਣ ਵਿੱਚ ਤਕਲੀਫ਼, ਚੱਕਰ ਆਉਣਾ ਅਤੇ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਕਈ ਲੋਕਾਂ ਵਿੱਚ ਸਵਾਦ ਦਾ ਨਾ ਆਉਣਾ ਅਤੇ ਗ਼ਲੇ ਵਿੱਚ ਖ਼ਰਾਸ਼ ਦੀ ਦਿੱਕਤ ਵੀ ਬਣੀ ਰਹਿੰਦੀ ਹੈ।''

ਤਸਵੀਰ ਸਰੋਤ, SPL
ਜਿਸ ਮਰੀਜ਼ ਵਿੱਚ ਕੋਵਿਡ ਦੀ ਲਾਗ ਜਿੰਨੀ ਜ਼ਿਆਦਾ ਹੁੰਦੀ ਹੈ, ਉਸ 'ਚ ਠੀਕ ਹੋਣ ਤੋਂ ਬਾਅਦ ਲੱਛਣ ਵੀ ਜ਼ਿਆਦਾ ਹੀ ਦਿਖਦੇ ਹਨ। ਹਾਲਾਂਕਿ, ਕੋਵਿਡ ਦੇ ਹਲਕੇ-ਫ਼ੁਲਕੇ ਲਾਗ ਵਾਲੇ ਲੋਕਾਂ ਨੂੰ ਵੀ ਬਾਅਦ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ।
ਕਈ ਮਰੀਜ਼ਾਂ ਵਿੱਚ ਇਹ ਕਮਜ਼ੋਰੀ ਇੰਨੀ ਵੱਧ ਹੋ ਸਕਦੀ ਹੈ ਕਿ ਬੈੱਡ ਤੋਂ ਉੱਠ ਕੇ ਬਾਥਰੂਮ ਜਾਣ ਵਿੱਚ ਵੀ ਮੁਸ਼ਕਿਲ ਹੋਣ ਲੱਗੇ। ਡਾਕਟਰਾਂ ਮੁਤਾਬਕ ਜ਼ਰੂਰੀ ਨਹੀਂ ਕਿ ਇਹ ਲੱਛਣ ਹਰ ਮਰੀਜ਼ ਵਿੱਚ ਸਾਹਮਣੇ ਆਉਣ।
ਡਾ. ਜੋਸ਼ੀ ਮੁਤਾਬਕ ਜਿੰਨੇ ਵੀ ਗੰਭੀਰ ਲੱਛਣ ਵਾਲੇ ਮਰੀਜ਼ ਉਨ੍ਹਾਂ ਕੋਲ ਆ ਰਹੇ ਹਨ, ਉਨ੍ਹਾਂ ਵਿੱਚੋਂ 30 ਤੋਂ 35 ਫੀਸਦੀ ਮਰੀਜ਼ਾਂ ਵਿੱਚ ਠੀਕ ਹੋਣ ਤੋਂ ਬਾਅਦ ਇਹ ਸਮੱਸਿਆ ਆ ਰਹੀ ਹੈ।
30 ਫੀਸਦੀ ਹਲਕੇ-ਫ਼ੁਲਕੇ ਲਾਗ ਵਾਲੇ ਮਰੀਜ਼ਾਂ ਵਿੱਚ ਕਮਜ਼ੋਰੀ ਆ ਰਹੀ ਹੈ। ਕੁਝ ਮਰੀਜ਼ ਅਜਿਹੇ ਹਨ, ਜਿਨ੍ਹਾਂ ਦੇ ਐਕਸਰੇ ਵਿੱਚ ਚੰਗਾ ਸੁਧਾਰ ਦਿਖਦਾ ਹੈ ਪਰ ਪਲਮਨਰੀ ਫੰਕਸ਼ਨ ਟੈਸਟ ਕਰਨ 'ਤੇ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਫ਼ੇਫ਼ੜਿਆਂ ਦੀ ਕਾਰਜ ਸਮਰੱਥਾ ਵਿੱਚ 50 ਫੀਸਦੀ ਤੱਕ ਕਮੀ ਆਈ ਹੈ।
ਬ੍ਰਿਟੇਨ ਦੇ ਨਾਰਥ ਬ੍ਰਿਸਟਲ ਐੱਨਐੱਚਐੱਸ ਦੇ ਇੱਕ ਅਧਿਐਨ ਮੁਤਾਬਕ ਡਿਸਚਾਰਜ ਹੋਏ 110 ਮਰੀਜ਼ਾਂ ਵਿੱਚੋਂ 81 ਨੂੰ ਸਾਹ ਲੈਣ ਵਿੱਚ ਦਿੱਕਤ, ਵਾਰ-ਵਾਰ ਬੇਹੋਸ਼ੀ ਅਤੇ ਜੋੜਾਂ ਵਿੱਚ ਦਰਦ ਦੀ ਪਰੇਸ਼ਾਨੀ ਹੋਈ ਹੈ। ਅਜਿਹੇ ਮਰੀਜ਼ ਘੱਟ ਸਨ, ਜਿਨ੍ਹਾਂ ਨੂੰ ਫੇਫੜਿਆਂ ਦੀ ਗੰਭੀਰ ਸਮੱਸਿਆ ਹੋਵੇ ਜਾਂ ਉਨ੍ਹਾਂ ਦੀ ਕਾਰਜ ਸਮਰੱਖਾ ਵਿੱਚ ਕਮੀ ਆਈ ਹੋਵੇ। ਇਹ ਰਿਸਰਚ ਦੇ ਸ਼ੁਰੂਆਤੀ ਨਤੀਜੇ ਹਨ।
ਪਲਮਨਰੀ ਫ਼ਾਇਬ੍ਰੋਸਿਸ
ਕੋਵਿਡ-19 ਦੇ ਮਰੀਜ਼ਾਂ ਵਿੱਚ ਇੱਕ ਵੱਡੀ ਸਮੱਸਿਆ ਪਲਮਨਰੀ ਫ਼ਾਇਬ੍ਰੋਸਿਸ ਨੂੰ ਲੈ ਕੇ ਆ ਰਹੀ ਹੈ, ਜੋ ਫ਼ੇਫੜਿਆਂ ਨਾਲ ਜੁੜੀ ਹੈ।
ਡਾ. ਸ਼ਰਦ ਜੋਸ਼ੀ ਦੱਸਦੇ ਹਨ, ''ਜਿਨ੍ਹਾਂ ਲੋਕਾਂ ਵਿੱਚ ਕੋਵਿਡ-19 ਦੇ ਲਾਗ ਦੇ ਕਾਰਨ ਐਕਿਊਟ ਰੇਸਪਿਰੇਟਰੀ ਡਿਸਟ੍ਰੈੱਸ ਸਿੰਡਰੋਮ (ARDS) ਹੋ ਜਾਂਦਾ ਹੈ ਭਾਵ ਫੇਫੜੇ ਠੀਕ ਤਰੀਕੇ ਕੰਮ ਨਹੀਂ ਕਰਦੇ, ਉਨ੍ਹਾਂ ਵਿੱਚ ਪਲਮਨਰੀ ਫਾਇਬ੍ਰੋਸਿਸ ਦੀ ਦਿੱਕਤ ਹੋ ਸਕਦੀ ਹੈ। ਪਲਮਨਰੀ ਫਾਇਬ੍ਰੋਸਿਸ ਵਿੱਚ ਫੇਫੜਿਆਂ ਦੀ ਆਕਸੀਜਨ ਲੈਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਅਜਿਹੇ ਮਰੀਜ਼ਾਂ ਨੂੰ ਸਾਹ ਫੁੱਲਣ ਦੀ ਪਰੇਸ਼ਾਨੀ ਲੰਬੇ ਵਕਤ ਤੱਕ ਰਹਿ ਸਕਦੀ ਹੈ। ਜ਼ਿਆਦਾ ਗੰਭੀਰ ਹਾਲਤ ਵਿੱਚ ਘਰ 'ਚ ਆਕਸੀਜਨ ਵੀ ਲੈਣੀ ਪੈ ਸਕਦੀ ਹੈ।''
''ਕੋਵਿਡ-19 ਦੇ ਜਿਹੜੇ ਮਰੀਜ਼ਾਂ 'ਚ ARDS ਦੇਖਿਆ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਫ਼ੀਸਦੀ ਵਿੱਚ ਜ਼ਿੰਦਗੀ ਭਰ ਦੇ ਲ਼ਈ ਫੇਫੜਿਆਂ ਸਬੰਧੀ ਪਰੇਸ਼ਾਨੀ ਬਣੀ ਰਹਿ ਸਕਦੀ ਹੈ। ਉਨ੍ਹਾਂ ਦੇ ਫ਼ੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਅੱਗੇ ਵੀ ਕਿਸੇ ਹੋਰ ਲਾਗ ਦੀ ਚਪੇਟ ਵਿੱਚ ਆ ਸਕਦੇ ਹਨ। ਇਨ੍ਹਾਂ ਨੂੰ ਲੰਬੇ ਵਕਤ ਲਈ ਆਪਣਾ ਇਲਾਜ ਕਰਵਾਉਣਾ ਪਏਗਾ।''


ਡਾਕਟਰ ਕਹਿੰਦੇ ਹਨ ਕਿ ਪਲਮਨਰੀ ਫ਼ਾਇਬ੍ਰੋਸਿਸ ਵਿੱਚ ਬਹੁਤ ਚੰਗੀ ਪ੍ਰਤਿਕਿਰਿਆ ਨਹੀਂ ਹੈ। ਦੂਜੇ ਵਾਇਰਸ ਜਿਵੇਂ ਸਾਰਸ ਜਾਂ ਐੱਚ1 ਐੱਨ1 ਵਿੱਚ ਠੀਕ ਹੋਣ ਤੋਂ ਬਾਅਦ ਵੀ ਪਲਮਨਰੀ ਫ਼ਾਇਬ੍ਰੋਸਿਸ ਹੋਣਾ ਇਨਾਂ ਆਮ ਅਤੇ ਵਿਸਥਾਰ ਵਾਲਾ ਨਹੀਂ ਸੀ। ਕੋਵਿਡ-19 ਵਿੱਚ ਅਜਿਹੇ ਦੁੱਗਣੇ ਮਾਮਲੇ ਮਿਲ ਰਹੇ ਹਨ।
ਇਸ ਤੋਂ ਇਲਾਵਾ ਕੋਰੋਨਾਵਾਇਰਸ ਠੀਕ ਹੋਣ ਤੋਂ ਬਾਅਦ ਮਰੀਜ਼ ਦੇ ਨਿਊਰੋ ਸਿਸਟਮ ਉੱਤੇ ਵੀ ਅਸਰ ਪੈਂਦਾ ਹੈ।

ਤਸਵੀਰ ਸਰੋਤ, Getty Images
ਫੋਰਟਿਸ ਮੈਮੋਰਿਅਲ ਰਿਸਰਚ ਇੰਸਟੀਚਿਊਟ, ਗੁਰੂਗ੍ਰਾਮ ਵਿੱਚ ਨਿਊਰੋਲੌਜੀ ਦੇ ਮੁਖੀ ਡਾ. ਪ੍ਰਵੀਣ ਗੁਪਤਾ ਕਹਿੰਦੇ ਹਨ, ''ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਨਸਾਂ ਵਿੱਚ ਲਕਵਾ ਹੋ ਸਕਦਾ ਹੈ, ਕਦੇ-ਕਦੇ ਇਹ ਦਿਮਾਗ ਉੱਤੇ ਵੀ ਅਸਰ ਕਰਦਾ ਹੈ, ਜਿਸ ਨਾਲ ਯਾਦ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਕੋਵਿਡ ਵਿੱਚ ਆਈਸੋਲੇਸ਼ਨ ਤੋਂ ਬਾਅਦ ਘਬਰਾਹਟ ਹੋ ਸਕਦੀ ਹੈ। ਇਸ ਨੂੰ ਪੋਸਟ ਡਿਜ਼ੀਜ਼ ਸਟ੍ਰੈੱਸ ਡਿਸਆਰਡਰ ਕਹਿੰਦੇ ਹਨ। ਜਿਨ੍ਹਾਂ ਮਰੀਜ਼ਾਂ ਵਿੱਚ ਦਿਮਾਗ 'ਚ ਸੋਜ ਜਾਂ ਫੇਫੜਿਆਂ ਦੀ ਗੰਭੀਰ ਸਮੱਸਿਆ ਹੁੰਦੀ ਹੈ ਉਨ੍ਹਾਂ ਵਿੱਚ ਬਾਅਦ 'ਚ ਵੱਧ ਲੱਛਣ ਦੇਖਣ ਨੂੰ ਮਿਲਦੇ ਹਨ ਨਹੀਂ ਤਾਂ ਕਮੋਜ਼ਰੀ ਅਤੇ ਚੱਕਰ ਆਉਣਾ ਸਭ ਤੋਂ ਆਮ ਲੱਛਣ ਹਨ।''
ਬਿਮਾਰੀ ਠੀਕ ਹੋਣ 'ਤੇ ਵੀ ਲੱਛਣ ਕਿਉਂ?
ਡਾਕਟਰਾਂ ਮੁਤਾਬਕ ਅਜਿਹਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਅਜਿਹਾ ਦੂਜੇ ਵਾਇਰਸਾਂ ਦੇ ਮਾਮਲਿਆਂ 'ਚ ਵੀ ਹੁੰਦਾ ਹੈ।
ਇਸ ਦੇ ਕਾਰਨ ਨੂੰ ਲੈ ਕੇ ਡਾ. ਸ਼ਰਦ ਜੋਸ਼ੀ ਨੇ ਦੱਸਿਆ, ''ਵਾਇਰਸ ਤੋਂ ਲੜਨ ਲਈ ਸਰੀਰ ਵਿੱਚ ਬਣੇ ਐਂਟੀਜਨ ਇਮੀਊਨ ਸਿਸਟਮ ਵਿੱਚ ਇਸ ਤਰ੍ਹਾਂ ਦੇ ਬਦਲਾਅ ਕਰ ਦਿੰਦੇ ਹਨ, ਜਿਸ ਨਾਲ ਇਮੀਊਨ ਸਿਸਟਮ ਜ਼ਿਆਦਾ ਪ੍ਰਤਿਕਿਰਿਆ ਕਰਨ ਲਗਦਾ ਹੈ। ਇਸ ਕਾਰਨ ਬੁਖ਼ਾਰ, ਸਰੀਰ ਦਾ ਟੁੱਟਣਾ ਅਤੇ ਹੋਰ ਕਈ ਸਮੱਸਿਆਵਾਂ ਹੋਣ ਲਗਦੀਆਂ ਹਨ। ਸਰੀਰ ਵਿੱਛ ਇਨਫਲੇਮੇਟ੍ਰੀ ਰਿਐਕਸ਼ਨ ਹੋਣ ਲਗਦਾ ਹੈ ਜੋ ਪੂਰੇ ਸਰੀਰ ਉੱਤੇ ਪ੍ਰਭਾਵ ਪਾਉਂਦਾ ਹੈ। ਅਜਿਹੇ 'ਚ ਵਾਇਰਸ ਖ਼ਤਮ ਹੋਣ ਤੋਂ ਬਾਅਦ ਵੀ ਇਨਫਲੇਮੇਟ੍ਰੀ ਸੈਲ ਅਤੇ ਕੈਮੀਕਲ ਬਣੇ ਰਹਿੰਦੇ ਹਨ। ਇਮੀਊਨ ਸਿਸਟਮ ਦੀ ਇਸ ਪ੍ਰਤਿਕਿਰਿਆ ਦੇ ਕਾਰਨ ਹੀ ਲੱਛਣ ਕਾਇਮ ਰਹਿੰਦੇ ਹਨ।''
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਇਹ ਸਾਵਧਾਨੀਆਂ ਵਰਤੋ
ਕੋਰੋਨਾਵਾਇਰਸ ਤੋਂ ਠੀਕ ਹੋ ਜਾਣ ਤੋਂ ਬਾਅਦ ਕਿਸੇ ਵਿਅਕਤੀ ਵਿੱਚ 30 ਤੋਂ 40 ਦਿਨਾਂ ਤੱਕ ਐਂਟੀ ਬੌਡੀ ਬਣੀ ਰਹਿੰਦੀ ਹੈ। ਅਜਿਹੇ ਵਿੱਚ ਉਸ ਦੇ ਕੋਰੋਨਾ ਨਾਲ ਲਾਗ਼ ਹੋਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ।

ਤਸਵੀਰ ਸਰੋਤ, yegoraleyev
ਫ਼ਿਰ ਵੀ ਡਾਕਟਰ ਪੂਰੀ ਤਰ੍ਹਾਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹਨ।
ਡਾ. ਜੋਸ਼ੀ ਦਾ ਕਹਿਣਾ ਹੈ ਕਿ ਤੁਹਾਡਾ ਸਰੀਰ ਇੱਕ ਵਾਇਰਸ ਨਾਲ ਲੜ ਕੇ ਜਿੱਤਿਆ ਹੈ। ਤੁਹਾਡੇ ਇਮੀਊਨ ਸਿਸਟਮ ਉੱਤੇ ਪਹਿਲਾਂ ਤੋਂ ਹੀ ਦਬਾਅਦ ਸੀ। ਅਜਿਹੇ ਵਿੱਚ ਆਪਣੇ ਖਾਣ-ਪੀਣ ਦਾ ਧਿਆਨ ਰੱਖੋ।
ਮਾਸਕ, ਹਾਈਜੀਨ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੈ ਸਾਵਧਾਨੀਆਂ ਵਰਤੋ। ਅਜਿਹਾ ਨਾ ਕਰਨ ਉੱਤੇ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਹੋਰ ਇਨਫ਼ੈਕਸ਼ਨ ਹੋ ਜਾਵੇ ਅਤੇ ਪਹਿਲਾਂ ਤੋਂ ਕਮਜ਼ੋਰ ਸਰੀਰ ਉੱਤੇ ਇਸ ਦਾ ਗੰਭੀਰ ਅਸਰ ਹੋ ਜਾਵੇ।
ਜੇ ਕੋਵਿਡ ਠੀਕ ਹੋਣ ਤੋਂ ਬਾਅਦ ਵੀ ਕੋਈ ਦਿੱਕਤ ਹੋ ਰਹੀ ਹੋਵੇ, ਤਾਂ ਡਾਕਟਰ ਨੂੰ ਜ਼ਰੂਰ ਦਿਖਾਓ।

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












