You’re viewing a text-only version of this website that uses less data. View the main version of the website including all images and videos.
JEE ਤੇ NEET ਦੇ ਪੇਪਰ ਟਾਲਣ ਬਾਰੇ ਗ੍ਰੇਟਾ ਮਗਰੋਂ ਸੋਨੂੰ ਸੂਦ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਕੀ ਕਿਹਾ
ਭਾਰਤ ਵਿੱਚ IIT-JEE ਅਤੇ NEET ਦੀ ਪ੍ਰੀਖਿਆ ਕਰਵਾਈ ਜਾਵੇ ਜਾਂ ਨਹੀਂ ਇਸ ਨੂੰ ਲੈ ਕੇ ਵਿਦਿਆਰਥੀਆਂ, ਸਰਕਾਰ ਅਤੇ ਅਦਾਲਤ ਦਾ ਰੁੱਖ ਵੱਖ ਵੱਖ ਹੈ।
ਵਿਦਿਆਰਥੀਆਂ ਦੇ ਹੱਕ ਵਿੱਚ ਹੁਣ ਅਦਾਕਾਰ ਸੋਨੂੰ ਸੂਦ ਵੀ ਨਿੱਤਰ ਆਏ ਹਨ।
ਕੋਰੋਨਾਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਵਿਦਿਆਰਥੀਆਂ ਸਣੇ ਕਈ ਸਿਆਸੀ ਦਲਾਂ ਨੇ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਟਾਲਣ ਦੀ ਲਗਾਤਾਰ ਮੰਗ ਕਰ ਰਹੇ ਹਨ।
ਵਿਦਿਆਰਥੀਆਂ ਦਾ ਤਰਕ ਹੈ ਕਿ ਲੱਖਾਂ ਸਟੂਡੈਂਟ ਸੈਂਟਰਾਂ ਉੱਤੇ ਜਦੋਂ ਜਾਣਗੇ ਤਾਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਿਵੇਂ ਹੋਵੇਗੀ ਅਤੇ ਬਿਮਾਰੀ ਦੇ ਫੈਲਾਅ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ।
ਦੁਜਾ ਸਭ ਤੋਂ ਵੱਡਾ ਸਵਾਲ ਹੈ ਕਿ ਕੋਰੋਨਾਵਾਇਰਸ ਕਾਰਨ ਟਰਾਂਸਪੋਰਟ ਤੇ ਆਵਾਜਾਹੀ ਦੇ ਸਾਧਨ ਚੰਗੀ ਤਰ੍ਹਾਂ ਨਹੀਂ ਚੱਲ ਰਹੇ ਤਾਂ ਵਿਦਿਆਰਥੀ ਸੈਂਟਰਾਂ ਤੱਕ ਪਹੁੰਚਣਗੇ ਕਿਵੇਂ।
ਇਸ ਮੁੱਦੇ ਨੂੰ ਲੈ ਕੇ ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਕੇ ਹੈਸ਼ਟੈਗ ਵੀ ਟਰੈਂਡ ਹੋਏ।
ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੀ ਭਾਰਤ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰ ਆਈ ਹੈ।
ਗ੍ਰੇਟਾ ਥਨਬਰਗ ਨੇ ਵੀ ਵਿਦਿਆਰਥੀਆਂ ਦੀ ਹਮਾਇਤ ਵਿੱਚ ਟਵਿੱਟਰ 'ਤੇ #PostponeJEE_NEETinCOVID ਅਭਿਆਨ ਚਲਾਇਆ ਹੈ
ਸੋਨੂੰ ਸੂਦ ਵੀ ਆਏ ਵਿਦਿਆਰਥੀਆਂ ਦੇ ਹੱਕ ਵਿੱਚ
ਅਦਾਕਾਰ ਸੋਨੂੰ ਸੂਦ ਨੇ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਚੁੱਕੀ ਹੈ।
ਸੋਨੂੰ ਸੂਦ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਕਾਰਨ ਮੀਡੀਆ ਵਿੱਚ ਚਰਚਾ ਜਾ ਵਿਸ਼ਾ ਬਣੇ ਸਨ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ, ''ਮੇਰੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਨੀਟ ਅਤੇ ਜੇਈਈ ਦੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਜਾਣ। ਕੋਰੋਨਾਵਾਇਰਸ ਦੇ ਦੌਰ ਵਿੱਚ ਵਿਦਿਆਰਥੀਆਂ ਦੀ ਜ਼ਿੰਦਗੀਆਂ ਖ਼ਤਰੇ ਵਿੱਚ ਨਹੀਂ ਪਾਉਣੀਆਂ ਚਾਹੀਦੀਆਂ।''
5 ਨੁਕਤਿਆਂ ਰਾਹੀਂ ਸਮਝੋ ਰੌਲਾ
- ਹੜ੍ਹ ਪ੍ਰਭਾਵਿਤ ਸੂਬਿਆਂ ਅਸਾਮ, ਬਿਹਾਰ, ਗੁਜਰਾਤ, ਛੱਤੀਸਗੜ੍ਹ, ਕੇਰਲ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਦਾਖਲਾ ਪ੍ਰੀਖਿਆਵਾਂ ਟਾਲਣ ਦੀ ਮੰਗ ਕਰ ਰਹੇ ਹਨ।
- ਇਹ ਪ੍ਰੀਖਿਆਵਾਂ ਸਤੰਬਰ ਵਿੱਚ ਹੋਣ ਵਾਲੀਆਂ ਹਨ। ਇਨ੍ਹਾਂ ਦੀ ਮਿਤੀ ਅੱਗੇ ਵਧਾਉਣ ਨੂੰ ਲੈ ਕੇ 11 ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ 'ਜ਼ਿੰਦਗੀ ਰੁਕ ਨਹੀਂ ਸਕਦੀ' ਕਹਿ ਕੇ ਖ਼ਾਰਿਜ ਕਰ ਦਿੱਤਾ ਸੀ। ਭਾਰਤ ਦੇ ਸਿੱਖਿਆ ਮੰਤਰੀ ਵੀ ਪ੍ਰੀਖਿਆਵਾਂ ਅੱਗੇ ਵਧਾਉਣ ਦੇ ਹੱਕ ਵਿੱਚ ਨਹੀਂ ਹਨ।
- ਇਹ ਪ੍ਰੀਖਿਆਵਾਂ 1 ਤੋਂ 6 ਸਤੰਬਰ ਦੇ ਵਿਚਾਲੇ ਹੋਣੀਆਂ ਹਨ। IIT ਲਈ 11 ਲੱਖ ਅਤੇ NEET ਲਈ 16 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਕੋਰੋਨਾ ਕਰਕੇ ਇਹ ਤਰੀਕਾਂ ਪਹਿਲਾਂ ਵੀ ਟਲ ਚੁੱਕੀਆਂ ਹਨ।
- ਸਰਕਾਰ ਦੀ ਗਾਈਡਲਾਈਨ ਮੁਤਾਬਕ ਆਈਆਈਟੀ ਲਈ 600 ਸੈਂਟਰ ਬਣਾਏ ਗਏ ਹਨ ਜੋ ਪਹਿਲਾਂ 450 ਸਨ। ਨੀਟ ਲਈ 4000 ਸੈਂਟਰ ਹਨ ਜੋ ਪਹਿਲਾਂ 2500 ਸਨ।
- ਇੱਕ ਹਫ਼ਤੇ ਦੇ ਅੰਦਰ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੀ ਜਾਣਕਾਰੀ ਵਿਸਥਾਰ ਵਿੱਚ ਦਿੱਤੀ ਜਾਵੇਗੀ।