You’re viewing a text-only version of this website that uses less data. View the main version of the website including all images and videos.
MS Dhoni: ਮਹਿੰਦਰ ਸਿੰਘ ਧੋਨੀ ਬਾਰੇ ਜਾਣੋ 10 ਖ਼ਾਸ ਗੱਲਾਂ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਧੋਨੀ ਨੇ ਇੰਸਟਾਗਰਾਮ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ।
ਮਹਿੰਦਰ ਸਿੰਘ ਧੋਨੀ ਨੇ ਇੰਸਟਗ੍ਰਾਮ ਤੇ ਲਿਖਿਆ ਹੈ, ''ਤੁਹਾਡੇ ਲੋਕਾਂ ਦੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ। ਸ਼ਾਮ 7.29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ।''
ਉਨ੍ਹਾਂ ਨੇ ਆਪਣੀ ਇਸ ਪੋਸਟ ਵਿੱਚ ਆਪਣੇ ਕਰੀਅਰ ਦੇ ਸਾਰੇ ਉਤਰਾਅ ਚੜ੍ਹਾਅ ਨੂੰ ਖ਼ੂਬਸੂਰਤ ਅੰਦਾਜ਼ ਵਿੱਚ ਦਿਖਾਇਆ ਹੈ।
ਇਹ ਵੀ ਪੜ੍ਹੋ-
'ਮੈਂ ਪਲ ਦੋ ਪਲ ਕਾ ਸ਼ਾਇਰ ਹੂੰ... 'ਕਹਿ ਕੇ ਵਿਦਾਈ
ਮਹਿੰਦਰ ਸਿੰਘ ਧੋਨੀ ਨੇ ਆਪਣੇ ਇਸ ਪੋਸਟ ਵਿੱਚ ਆਪਣੇ ਕਰੀਅਰ ਦੇ ਸਾਰੇ ਉਤਰਾਅ ਚੜਾਅ ਨੂੰ 'ਮੈਂ ਪਲ ਦੋ ਪਲ ਕਾ ਸ਼ਾਇਰ ਹੂੰ' ਗਾਣੇ ਨਾਲ ਦਿਖਾਇਆ।
ਇਸਦੇ ਨਾਲ ਹੀ ਪਿਛਲੇ 15-16 ਸਾਲਾਂ ਤੋਂ ਭਾਰਤੀ ਕ੍ਰਿਕਟ ਵਿੱਚ ਚੱਲਦਾ ਆ ਰਿਹਾ ਧੋਨੀ ਦਾ ਕ੍ਰਿਸ਼ਮਾਈ ਯੁੱਗ ਖ਼ਤਮ ਹੋ ਗਿਆ ਹੈ। ਉਹ ਭਾਰਤੀ ਕ੍ਰਿਕਟ ਦੇ ਸਭ ਤੋਂ ਸਫ਼ਲ ਕਪਤਾਨ ਰਹੇ।
ਮਹਿੰਦਰ ਸਿੰਘ ਧੋਨੀ ਇਸ ਤੋਂ ਪਹਿਲਾਂ ਸਾਲ 2014 ਵਿੱਚ ਟੈਸਟ ਕ੍ਰਿਕਟ ਤੋਂ ਸਨਿਆਸ ਲੈ ਚੁੱਕੇ ਹਨ।
ਮਹਿੰਦਰ ਸਿੰਘ ਧੋਨੀ ਬਾਰੇ ਖ਼ਾਸ 10 ਗੱਲਾਂ
- ਮਹਿੰਦਰ ਸਿੰਘ ਧੋਨੀ ਇਕਲੌਤੇ ਕਪਤਾਨ ਹਨ ਜਿਨ੍ਹਾਂ ਨੇ ਤਿੰਨੋਂ ਵੱਡੀਆਂ ਆਈਸੀਸੀ ਟਰਾਫੀਆਂ ਜਿੱਤੀਆਂ ਹਨ। ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਆਈਸੀਸੀ ਵਰਲਡ-ਟੀ -20 (2007 ਵਿੱਚ), ਕ੍ਰਿਕਟ ਵਰਲਡ ਕੱਪ (2011 ਵਿੱਚ) ਅਤੇ ਆਈਸੀਸੀ ਚੈਂਪੀਅਨਜ਼ ਟਰਾਫੀ (2013 ਵਿੱਚ) ਜਿੱਤੀ ਹੈ।
- ਧੋਨੀ ਦਾ ਪਹਿਲਾ ਪਿਆਰ ਫੁਟਬਾਲ ਰਿਹਾ ਹੈ। ਉਹ ਆਪਣੇ ਸਕੂਲ ਦੀ ਟੀਮ ਵਿੱਚ ਗੋਲਕੀਪਰ ਸਨ। ਉਨ੍ਹਾਂ ਦਾ ਫੁੱਟਬਾਲ ਪ੍ਰਤੀ ਪਿਆਰ ਜ਼ਾਹਿਰ ਹੁੰਦਾ ਰਿਹਾ ਹੈ। ਉਹ ਇੰਡੀਅਨ ਸੁਪਰ ਲੀਗ ਵਿੱਚ ਚੇਨਈਯਨ ਐਫਸੀ ਟੀਮ ਦੇ ਮਾਲਕ ਵੀ ਹਨ। ਫੁੱਟਬਾਲ ਤੋਂ ਬਾਅਦ ਉਨ੍ਹਾਂ ਨੂੰ ਬੈਡਮਿੰਟਨ ਨੂੰ ਬਹੁਤ ਪਸੰਦ ਸੀ।
- ਇਨ੍ਹਾਂ ਖੇਡਾਂ ਤੋਂ ਇਲਾਵਾ ਧੋਨੀ ਨੂੰ ਮੋਟਰ ਰੇਸਿੰਗ ਦਾ ਵੀ ਬਹੁਤ ਸ਼ੌਂਕ ਰਿਹਾ ਹੈ। ਉਨ੍ਹਾਂ ਨੇ ਮੋਟਰ ਰੇਸਿੰਗ ਵਿੱਚ ਮਾਹੀ ਰੇਸਿੰਗ ਟੀਮ ਨਾਮ ਦੀ ਇੱਕ ਟੀਮ ਵੀ ਖਰੀਦੀ।
- ਮਹਿੰਦਰ ਸਿੰਘ ਧੋਨੀ ਆਪਣੇ ਹੇਅਰ ਸਟਾਈਲ ਲਈ ਵੀ ਮਸ਼ਹੂਰ ਰਹੇ ਹਨ। ਕਦੇ ਲੰਬੇ ਵਾਲਾਂ ਲਈ ਜਾਣੇ ਜਾਂਦੇ ਧੋਨੀ ਸਮੇਂ-ਸਮੇਂ 'ਤੇ ਹੇਅਰ ਸਟਾਈਲ ਬਦਲਦੇ ਰਹਿੰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਧੋਨੀ ਫਿਲਮ ਸਟਾਰ ਜੌਨ ਅਬਰਾਹਿਮ ਦੇ ਵਾਲਾਂ ਦੇ ਦਿਵਾਨੇ ਰਹੇ ਹਨ।
- ਮਹਿੰਦਰ ਸਿੰਘ ਧੋਨੀ ਨੂੰ ਸਾਲ 2011 ਵਿੱਚ ਭਾਰਤੀ ਫੌਜ ਵਿੱਚ ਆਨਰੇਰੀ ਲੈਫਟੀਨੈਂਟ ਕਰਨਲ ਬਣਾਇਆ ਗਿਆ ਸੀ। ਧੋਨੀ ਕਈ ਵਾਰ ਕਹਿ ਚੁੱਕੇ ਹਨ ਕਿ ਭਾਰਤੀ ਫੌਜ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੇ ਬਚਪਨ ਦਾ ਸੁਪਨਾ ਸੀ।
- ਸਾਲ 2015 ਵਿੱਚ ਆਗਰਾ ਵਿੱਚ ਸਥਿਤ ਭਾਰਤੀ ਫੌਜ ਦੇ ਪੈਰਾ ਰੈਜੀਮੈਂਟ ਤੋਂ ਪੈਰਾ ਜੰਪ ਲਗਾਉਣ ਵਾਲੇ ਉਹ ਪਹਿਲੇ ਖਿਡਾਰੀ ਬਣੇ। ਪੈਰਾ ਟਰੂਪਰ ਟਰੇਨਿੰਗ ਸਕੂਲ ਤੋਂ ਸਿਖਲਾਈ ਲੈਣ ਤੋਂ ਬਾਅਦ ਉਨ੍ਹਾਂ ਨੇ ਲਗਭਗ 15,000 ਫੁੱਟ ਦੀ ਉਚਾਈ ਤੋਂ ਪੰਜ ਛਾਲਾਂ ਮਾਰੀਆਂ ਜਿਨ੍ਹਾਂ ਵਿੱਚੋਂ ਇੱਕ ਛਾਲ ਰਾਤ ਨੂੰ ਮਾਰੀ ਸੀ।
- ਮਹਿੰਦਰ ਸਿੰਘ ਧੋਨੀ ਮੋਟਰਸਾਈਕਲਾਂ ਦੇ ਬਹੁਤ ਵੱਡੇ ਦੀਵਾਨੇ ਹਨ। ਉਨ੍ਹਾਂ ਕੋਲ ਦੋ ਦਰਜਨ ਆਧੁਨਿਕ ਮੋਟਰਸਾਈਕਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾਰਾਂ ਵਿੱਚ ਵੀ ਬਹੁਤ ਦਿਲਚਸਪੀ ਹੈ। ਉਨ੍ਹਾਂ ਕੋਲ ਹਮਰ ਵਰਗੀਆਂ ਕਈ ਮਹਿੰਗੀਆਂ ਕਾਰਾਂ ਹਨ।
- ਮਹਿੰਦਰ ਸਿੰਘ ਧੋਨੀ ਦਾ ਨਾਮ ਕਈ ਹਾਈ ਪ੍ਰੋਫਾਈਲ ਅਭਿਨੇਤਰੀਆਂ ਦੇ ਨਾਲ ਜੁੜਿਆ ਰਿਹਾ ਹੈ ਪਰ ਉਨ੍ਹਾਂ ਨੇ 4 ਜੁਲਾਈ, 2010 ਨੂੰ ਦੈਹਰਾਦੂਨ ਦੀ ਸਾਕਸ਼ੀ ਰਾਵਤ ਨਾਲ ਵਿਆਹ ਕਰਵਾ ਲਿਆ। ਧੋਨੀ ਅਤੇ ਸਾਕਸ਼ੀ ਦੀ ਇੱਕ ਧੀ ਵੀ ਹੈ ਜਿਸ ਦਾ ਨਾਮ ਜੀਵਾ ਹੈ।
- ਧੋਨੀ ਨੂੰ ਬਤੌਰ ਕ੍ਰਿਕਟਰ ਪਹਿਲੀ ਨੌਕਰੀ ਭਾਰਤੀ ਰੇਲਵੇ ਵਿੱਚ ਟਿਕਟ ਕੁਲੈਕਟਰ ਦੇ ਤੌਰ 'ਤੇ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਏਅਰ ਇੰਡੀਆ ਵਿੱਚ ਨੌਕਰੀ ਕੀਤੀ। ਇਸ ਤੋਂ ਬਾਅਦ ਉਹ ਐੱਨ ਸ਼੍ਰੀਨਿਵਾਸਨ ਦੀ ਕੰਪਨੀ ਇੰਡੀਆ ਸੀਮੈਂਟਸ ਵਿੱਚ ਅਧਿਕਾਰੀ ਬਣ ਗਏ।
- ਐੱਮਐੱਸ ਧੋਨੀ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕ੍ਰਿਕਟਰ ਰਹੇ ਹਨ। ਟੈਸਟ ਤੋਂ ਸਨਿਆਸ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਔਸਤਨ ਆਮਦਨ 150 ਤੋਂ 190 ਕਰੋੜ ਰੁਪਏ ਸਾਲਾਨਾ ਸੀ।