ਟਰੰਪ ਨੇ ਕਿਹਾ, 'ਵ੍ਹਾਈਟ ਹਾਊਸ ਦੇ ਬਾਹਰ ਗੋਲੀ ਚੱਲੀ'

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕਿਸੇ ਨੂੰ ਵ੍ਹਾਈਟ ਹਾਊਸ ਨੇੜੇ ਗੋਲੀ ਮਾਰੀ ਗਈ ਹੈ ਜਿਸ ਤੋਂ ਬਾਅਦ ਟਰੰਪ ਨੂੰ ਅਚਾਨਕ ਇੱਕ ਸੀਕਰੇਟ ਏਜੰਟ ਦੁਆਰਾ ਇੱਕ ਨਿਊਜ਼ ਕਾਨਫਰੰਸ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ।

ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ “ਚੰਗੀ ਤਰ੍ਹਾਂ ਕਾਬੂ ਹੇਠ” ਸੀ। ਉਨ੍ਹਾਂ ਦੀ ਸੁਰੱਖਿਆ ਦੇ ਘੇਰੇ ਦਾ ਇੱਕ ਮੈਂਬਰ ਪੱਤਰਕਾਰਾਂ ਨੂੰ ਟਿੱਪਣੀ ਦੌਰਾਨ ਸਟੇਜ 'ਤੇ ਚਲਾ ਗਿਆ ਸੀ ਅਤੇ ਉਨ੍ਹਾਂ ਦੇ ਕੰਨ ਵਿੱਚ ਕੁਝ ਕਿਹਾ ਸੀ।

ਟਰੰਪ ਨੇ ਕਿਹਾ, "ਕੀ ਹੋ ਰਿਹਾ ਹੈ" ਅਤੇ ਉਹ ਚਲੇ ਗਏ।

ਟਰੰਪ ਬੋਲ ਰਹੇ ਸਨ ਅਤੇ ਇਸੇ ਦੌਰਾਨ ਏਜੰਟ ਨੇ ਮੰਚ 'ਤੇ ਉਨ੍ਹਾਂ ਨੂੰ ਰੋਕਿਆ ਤੇ ਆਪਣੇ ਨਾਲ ਲੈ ਗਏ।

ਇਹ ਵੀ ਪੜ੍ਹੋ:-

ਜਦੋਂ ਤਕਰੀਬਨ ਨੌ ਮਿੰਟ ਬਾਅਦ ਟੰਰਪ ਪਰਤੇ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕੀ ਸੀਕਰੇਟ ਸਰਵਿਸ (ਯੂਐੱਸਐੱਸਐੱਸ) ਨੇ ਇੱਕ ਸ਼ਕੀ ਨੂੰ ਗੋਲੀ ਮਾਰੀ ਹੈ ਜੋ ਕਿ ਹਥਿਆਰਾਂ ਨਾਲ ਲੈਸ ਸੀ।

ਉਨ੍ਹਾਂ ਨੇ ਕਿਹਾ ਇਸ ਤੋਂ ਬਾਅਦ ਕਿਸੇ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਸਚਿਨ ਪਾਇਲਟ ਦੀ ਨਰਾਜ਼ਗੀ ਦੂਰ

ਰਾਜਸਥਾਨ ਵਿੱਚ ਕਾਂਗਰਸ ਸਰਕਾਰ 'ਤੇ ਮੰਡਰਾ ਰਿਹਾ ਸੰਕਟ ਫਿਲਹਾਲ ਟਲ ਗਿਆ ਹੈ।

ਟਾਈਮਜ਼ ਆਫ਼ ਇੰਡੀਆ ਮੁਤਾਬਕ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ਼ ਬਗਾਵਤ ਕਰਨ ਅਤੇ 18 ਵਿਧਾਇਕਾਂ ਨੂੰ ਨਾਲ ਲੈ ਕੇ ਜਾਣ ਦਾ ਦਾਅਵ ਕਰਨ ਤੋਂ ਇੱਕ ਮਹੀਨੇ ਬਾਅਦ ਸਚਿਨ ਪਾਇਲਟ ਨੇ ਫੈਸਲਾ ਬਦਲ ਲਿਆ ਹੈ ਅਤੇ ਘਰ ਵਾਪਸੀ ਹੋਈ ਹੈ।

ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣ ਤੋਂ ਬਾਅਦ ਕਿ ਉਨ੍ਹਾਂ ਦੇ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ, ਇਹ ਫੈਸਲਾ ਲਿਆ ਗਿਆ ਹੈ।

ਸਚਿਨ ਪਾਇਲਟ ਨੇ ਕਿਹਾ, "ਪਾਰਟੀ ਸਾਨੂੰ ਕੋਈ ਅਹੁਦਾ ਦਿੰਦੀ ਹੈ ਅਤੇ ਵਾਪਸ ਵੀ ਲੈ ਸਕਦੀ ਹੈ। ਮੈਂ ਕੋਈ ਵੀ ਅਹੁਦਾ ਨਹੀਂ ਚਾਹੁੰਦਾ ਪਰ ਮੈਂ ਆਪਣਾ ਆਤਮ-ਸਨਮਾਨ ਚਾਹੁੰਦਾ ਹਾਂ। ਮੈਂ 18-20 ਸਾਲ ਪਾਰਟੀ ਲਈ ਕੰਮ ਕੀਤਾ ਹੈ।"

ਇਹ ਵੀ ਪੜ੍ਹੋ:-

ਸ਼ਾਹ ਫੈਸਲ ਨੇ ਸਿਆਸਤ ਛੱਡਣ ਦਾ ਦਾਅਵਾ ਕੀਤਾ

ਪਿਛਲੇ ਸਾਲ ਦੇ ਸ਼ੁਰੂ ਵਿੱਚ ਜੰਮੂ-ਕਸ਼ਮੀਰ ਪੀਪਲਜ਼ ਮੂਵਮੈਂਟ (ਜੇਕੇਪੀਐਮ) ਦੀ ਸ਼ੁਰੂਆਤ ਕਰਨ ਵਾਲੇ ਆਈਏਐੱਸ ਟੌਪਰ ਸ਼ਾਹ ਫੈਸਲ ਨੇ ਜੇਕੇਪੀਐੱਮ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਸਿਆਸਤ ਛੱਡ ਦਿੱਤੀ ਹੈ।

ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਕਸ਼ਮੀਰ ਨੂੰ ਇੱਕ ਨਵੀਂ ਸਿਆਸੀ ਹਕੀਕਤ ਦਾ ਸਾਹਮਣਾ ਕਰਨਾ ਪਿਆ ਅਤੇ ਜਦੋਂ ਉਹ ਇਸ ਨੂੰ ਬਦਲਣ ਦੀ ਤਾਕਤ ਨਹੀਂ ਰੱਖਦੇ ਤਾਂ ਉਹ ਲੋਕਾਂ ਨੂੰ “ਨਾ ਪੂਰੇ ਹੋਣ ਵਾਲੇ ਸੁਪਨੇ” ਨਹੀਂ ਦਿਖਾਉਣਾ ਚਾਹੁੰਦੇ ਸੀ।

ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਫੈਸਲ ਨੇ ਇਹ ਵੀ ਕਿਹਾ ਕਿ ਇੱਕ ਧਾਰਨਾ ਬਣ ਗਈ ਸੀ ਕਿ ਉਹ ਦੇਸ਼ ਵਿਰੋਧੀ ਹਨ।

ਉਨ੍ਹਾਂ ਨੇ ਕਿਹਾ, “ਪਿਛਲੇ ਕੁਝ ਸਾਲਾਂ ਦੌਰਾਨ ਆਪਣੀਆਂ ਕੁਝ ਸਮੱਸਿਆਵਾਂ ਦੀ ਗੱਲ ਕਰਨ ਕਰਕੇ, ਇਹ ਧਾਰਨਾ ਬਣਾਈ ਗਈ ਕਿ ਮੈਂ ਦੇਸ਼-ਵਿਰੋਧੀ ਹਾਂ। ਮੇਰੇ ਕੁਝ ਬਿਆਨਾਂ ਕਾਰਨ ਮੈਂ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ ਕੀਤਾ ਜਿਨ੍ਹਾਂ ਦੀ ਮੇਰੇ ਪ੍ਰਤੀ ਚੰਗੀ ਭਾਵਨਾ ਸੀ। ਮੈਂ ਇਸ ਨੂੰ ਬਦਲਣਾ ਚਾਹੁੰਦਾ ਹਾਂ।”

ਸੁਪਰੀਮ ਕੋਰਟ ਨੇ ਪੁੱਛਿਆ, 'ਪਰਾਲੀ ਸਾੜਨ 'ਤੇ ਰੋਕ ਲਗਾਉਣ ਲਈ ਕੀ ਕਦਮ ਚੁੱਕੇ?'

ਦਿ ਟ੍ਰਿਬਿਊਨ ਮੁਤਾਬਕ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਪੁੱਛਿਆ ਹੈ ਕਿ ਉਹ ਦੱਸਣ ਪਰਾਲੀ ਸਾੜਨ ਨੂੰ ਰੋਕਣ ਲਈ ਕੀ ਕਦਮ ਚੁੱਕੇ ਗਏ ਹਨ।

ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਸਵਾਲ ਕੀਤੇ।

ਉਨ੍ਹਾਂ ਨੇ ਜਵਾਬ ਵਿੱਚ ਕਿਹਾ ਕਿ ਛੋਟੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਸੀ ਪਰ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸੂਬਾ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ।

'ਬਿਨਾ ਪ੍ਰੀਖਿਆ ਦੇ ਡਿਗਰੀ ਨਹੀਂ'

ਹਿੰਦੁਸਤਾਨ ਟਾਈਮਜ਼ ਮੁਤਾਬਕ ਯੂਜੀਸੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਆਖਿਰੀ ਸਾਲ ਦੀਆਂ ਪ੍ਰੀਖਿਆਵਾਂ ਬਿਨਾਂ ਵਿਦਿਆਰਥੀਆਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਇਕੱਲਿਆਂ ਹੀ ਇਹ ਫ਼ੈਸਲਾ ਕਰਨ ਦਾ ਅਧਿਕਾਰ ਹੈ ਕਿ ਪ੍ਰੀਖਿਆਵਾਂ ਹੋ ਸਕਦੀਆਂ ਹਨ ਜਾਂ ਨਹੀਂ। ਸੂਬਾ ਸਰਕਾਰਾਂ ਪ੍ਰੀਖਿਆਵਾਂ ਨੂੰ ਰੱਦ ਨਹੀਂ ਕਰ ਸਕਦੀਆਂ, ਇਹ ਅਧਿਕਾਰ ਯੂਜੀਸੀ ਦਾ ਹੈ।

ਯੂਜੀਸੀ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦਿੱਲੀ ਅਤੇ ਮਹਾਰਾਸ਼ਟਰ ਸਰਕਾਰਾਂ ਵੱਲੋਂ ਕੋਵਿਡ-19 ਕਾਰਨ ਅੰਤਮ ਸਾਲ/ਟਰਮੀਨਲ ਸਮੈਸਟਰ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਜਵਾਬ ਵਿੱਚ ਸਰਬਉੱਚ ਅਦਾਲਤ ਨੂੰ ਇਹ ਕਿਹਾ।

ਮਹਿਤਾ ਨੇ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੂੰ ਕਿਹਾ, “ਸੂਬੇ ਪ੍ਰੀਖਿਆਵਾਂ ਕਿਵੇਂ ਰੱਦ ਕਰ ਸਕਦੇ ਹਨ ਜਦੋਂ ਯੂਜੀਸੀ ਨੂੰ ਡਿਗਰੀਆਂ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ? ਵਿਦਿਆਰਥੀ ਬਿਨਾਂ ਪ੍ਰੀਖਿਆਵਾਂ ਦਿੱਤੇ ਡਿਗਰੀਆਂ ਪ੍ਰਾਪਤ ਨਹੀਂ ਕਰ ਸਕਦੇ। ਅਜਿਹੀਆਂ ਡਿਗਰੀਆਂ ਨੂੰ ਯੂਜੀਸੀ ਦੁਆਰਾ ਮਾਨਤਾ ਨਹੀਂ ਦਿੱਤੀ ਜਾਏਗੀ, ਇਹ ਕਾਨੂੰਨ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)