You’re viewing a text-only version of this website that uses less data. View the main version of the website including all images and videos.
Air India Flight: ਜਹਾਜ਼ ਉਤਰਨ ਤੋਂ ਬਾਅਦ ਵੀ ਨਹੀਂ ਰੁਕਿਆ, ਜ਼ਮੀਨ ਤੋਂ ਥੋੜ੍ਹਾ ਉੱਠਿਆ - ਯਾਤਰੀਆਂ ਦੀ ਹੱਡਬੀਤੀ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਹਿੰਦੀ ਲਈ
29 ਸਾਲਾ ਸ਼ਰਫੂਦੀਨ ਘਰ ਪਰਤਣ ਨੂੰ ਲੈ ਕੇ ਕਾਫ਼ੀ ਖੁਸ਼ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਉਹ ਪੰਜ ਘੰਟਿਆਂ ਵਿੱਚ ਆਪਣੇ ਘਰ ਪਹੁੰਚ ਜਾਵੇਗਾ।
ਪਰ ਜਦੋਂ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਸ਼ਾਮ 7.40 ਵਜੇ ਕੋਝੀਕੋਡ ਏਅਰਪੋਰਟ 'ਤੇ ਲੈਂਡ ਕੀਤਾ ਤਾਂ ਜਹਾਜ਼ ਰਨਵੇ ਤੋਂ ਖਿਸਕ ਗਿਆ ਅਤੇ ਦੋ ਟੁਕੜਿਆ ਵਿੱਚ ਵੰਡਿਆ ਗਿਆ। ਹਾਦਸੇ ਵਿੱਚ ਸ਼ਰਫੂਦੀਨ ਦੀ ਮੌਤ ਹੋ ਗਈ ਹੈ।
ਸ਼ੁੱਕਰਵਾਰ ਰਾਤੀ ਵਾਪਰੇ ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ।
ਤਸਵੀਰ ਵਿੱਚ ਮਾਂ ਅਮੀਨਾ ਸ਼ਰੀਨ ਦੀ ਗੋਦ ਵਿੱਚ ਬੈਠੀ ਸ਼ਰਫੂਦੀਨ ਦੀ ਦੋ ਸਾਲਾ ਬੇਟੀ ਫਾਤਿਮਾ ਇੱਜ਼ਾ ਹੈਰਾਨ ਹੈ ਕਿ ਇਹ ਹੋ ਕੀ ਰਿਹਾ ਹੈ। ਫਾਤਿਮਾ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਅੱਜ ਸਵੇਰੇ ਕੈਲੀਕਟ ਮੈਡੀਕਲ ਕਾਲਜ ਵਿੱਚ ਸਰਜਰੀ ਕਰਕੇ ਉਸ ਦੇ ਸਿਰ 'ਤੇ ਜੰਮ ਚੁੱਕੇ ਖ਼ੂਨ ਨੂੰ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ
ਉਸ ਦੇ ਚਾਚਾ ਹਾਨੀ ਹਸਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਡਾਕਟਰਾਂ ਨੇ ਕਿਹਾ ਕਿ ਉਹ ਹੁਣ ਠੀਕ ਹੈ। ਉਸ ਨੂੰ ਆਈਸੀਯੂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ।"
ਰੁੰਦੇ ਗਲੇ ਨਾਲ ਹਸਨ ਦੱਸਦੇ ਹਨ ਕਿ ਸ਼ਰਫੂਦੀਨ ਦੀ 23 ਸਾਲਾ ਪਤਨੀ ਅਮੀਨਾ ਨੇ ਸਵੇਰੇ ਪੰਜ ਵਜੇ ਆਪ੍ਰੇਸ਼ਨ ਵਿਚ ਜਾਣ ਤੋਂ ਪਹਿਲਾਂ ਉਸ ਨਾਲ ਗੱਲ ਕੀਤੀ ਸੀ।
ਉਹ ਦੱਸਦੇ ਹਨ, "ਉਸ ਦੇ ਦੋਵੇਂ ਹੱਥ ਅਤੇ ਦੋਵੇਂ ਲੱਤਾਂ ਬੁਰੀ ਤਰ੍ਹਾਂ ਜ਼ਖਮੀ ਹਨ। ਉਹ ਉਸ ਸਮੇਂ ਆਪ੍ਰੇਸ਼ਨ ਲਈ ਜਾ ਰਹੀ ਸੀ ਅਤੇ ਲਗਾਤਾਰ ਆਪਣੇ ਪਤੀ ਬਾਰੇ ਪੁੱਛ ਰਹੀ ਸੀ। ਅਸੀਂ ਉਸ ਨੂੰ ਕੁਝ ਨਹੀਂ ਦੱਸਿਆ।"
ਫਾਤਿਮਾ ਦਾ ਆਪ੍ਰੇਸ਼ਨ ਕੈਲੀਕਟ ਮੈਡੀਕਲ ਕਾਲਜ ਵਿੱਚ ਕੀਤਾ ਗਿਆ ਹੈ, ਜਦੋਂਕਿ ਅਮੀਨਾ ਦਾ ਆਪ੍ਰੇਸ਼ਨ ਮਾਲਾਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਿੱਚ ਹੋਇਆ ਹੈ।
ਹਸਨ ਨੇ ਦੱਸਿਆ ਕਿ ਸ਼ਰਫੂਦੀਨ ਦੁਬਈ ਵਿਚ ਇਕ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ।
'ਜਹਾਜ਼ ਦੇ ਅੰਦਰ ਹਫੜਾ-ਦਫੜੀ ਦਾ ਮਾਹੌਲ ਸੀ'
ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਕੋਝੀਕੋਡ ਦੇ ਕਾਰੀਪੁਰੀ ਏਅਰਪੋਰਟ 'ਤੇ ਲੈਂਡਿੰਗ ਕਰਨ ਵੇਲੇ ਰਨਵੇ ਤੋਂ ਖਿਸਕ ਗਈ ਅਤੇ ਘਾਟੀ ਵਿਚ ਜਾ ਡਿੱਗੀ।
ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਕੈਪਟਨ ਦੀਪਕ ਸਾਠੇ ਦੀ ਵੀ ਮੌਤ ਹੋ ਗਈ ਹੈ, ਉਹ ਭਾਰਤੀ ਹਵਾਈ ਸੈਨਾ ਦੇ ਤਜ਼ਰਬੇਕਾਰ ਪਾਇਲਟ ਸਨ।
ਜਹਾਜ਼ ਵਿਚ ਸਵਾਰ 46 ਸਾਲਾ ਜਯਾਮੋਲ ਜੋਸੇਫ਼ ਨੇ ਦੁਬਈ ਵਿਚ ਆਪਣੇ ਪਰਿਵਾਰਕ ਦੋਸਤ ਸਾਦਿਕ ਮੁਹੰਮਦ ਨੂੰ ਦੱਸਿਆ ਕਿ ਜਦੋਂ ਜਹਾਜ਼ ਉਤਰਨ ਤੋਂ ਬਾਅਦ ਵੀ ਰੁਕਿਆ ਨਹੀਂ ਸੀ ਅਤੇ ਜ਼ਮੀਨ ਤੋਂ ਥੋੜ੍ਹਾ ਜਿਹਾ ਫਿਰ ਉਠਿਆ, ਤਾਂ ਜਹਾਜ਼ ਵਿਚ ਹਫੜਾ-ਦਫੜੀ ਦਾ ਮਾਹੌਲ ਸੀ।
ਸਾਦਿਕ ਦੱਸਦੇ ਹਨ, "ਉਸਨੇ ਦੱਸਿਆ ਕਿ ਜਹਾਜ਼ ਦੇ ਪਹੀਏ ਦੁਬਾਰਾ ਉਡਾਣ ਭਰਨ ਤੋਂ ਪਹਿਲਾਂ ਤਕਰੀਬਨ ਜ਼ਮੀਨ ਨੂੰ ਛੂਹ ਚੁੱਕੇ ਸਨ। ਜਹਾਜ਼ ਦੇ ਅੰਦਰ ਹਫੜਾ-ਦਫੜੀ ਮੱਚ ਗਈ ਸੀ ਅਤੇ ਉਸਨੂੰ ਅਹਿਸਾਸ ਹੋਇਆ ਕਿ ਜਹਾਜ਼ ਘਾਟੀ ਵਿੱਚ ਡਿੱਗ ਚੁੱਕਾ ਹੈ।"
ਸਾਦਿਕ ਦੱਸਦੇ ਹਨ, "ਜ਼ਿਆਦਾਤਰ ਯਾਤਰੀ ਜਾਣਦੇ ਸਨ ਕਿ ਜਹਾਜ਼ ਦੇ ਨਾਲ ਕੀ ਹੋ ਰਿਹਾ ਸੀ। ਕਰੈਸ਼ ਹੋਣ ਤੋਂ ਬਾਅਦ ਉਸਨੇ ਆਪਣਾ ਫੋਨ ਚਾਲੂ ਕੀਤਾ। ਦੂਸਰੇ ਯਾਤਰੀ ਵੀ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕਾਲ ਕਰ ਰਹੇ ਸਨ। ਇਸੇ ਤਰ੍ਹਾਂ ਉਸ ਨੇ ਵੀ ਸਾਨੂੰ ਕਾਲ ਕੀਤਾ।"
ਜਯਾਮੋਲ ਜੋਸੇਫ਼ ਦੁਬਈ ਵਿਚ ਆਪਣੇ ਪਰਿਵਾਰਕ ਦੋਸਤਾਂ ਨੂੰ ਮਿਲਣ ਅਤੇ ਘੁੰਮਣ ਲਈ ਗਈ ਸੀ। ਉਸ ਦੀ ਦੋਸਤ ਵੀ ਕੈਲੀਕਟ ਤੋਂ ਹੈ।
ਉਸਨੇ ਮਾਰਚ ਵਿਚ ਕੇਰਲਾ ਪਰਤਣਾ ਸੀ। ਪਰ ਲੌਕਡਾਊਨ ਦੌਰਾਨ ਹਵਾਈ ਜਹਾਜ਼ ਦੇ ਸੰਚਾਲਨ 'ਤੇ ਰੋਕ ਦੇ ਕਾਰਨ ਉਸ ਨੂੰ ਕਈ ਮਹੀਨਿਆਂ ਲਈ ਉੱਥੇ ਰਹਿਣਾ ਪਿਆ।
ਸਾਦਿਕ ਦੱਸਦੇ ਹਨ, "ਖੁਸ਼ਕਿਸਮਤੀ ਨਾਲ ਉਹ ਠੀਕ ਹੈ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਉਹ 31ਵੀਂ ਕਤਾਰ ਵਿਚ ਬੈਠੀ ਹੋਈ ਸੀ। ਉਸਦੀ ਨੱਕ 'ਤੇ ਮਾਮੂਲੀ ਸੱਟ ਲੱਗੀ ਹੈ ਅਤੇ ਇਸ ਸਮੇਂ ਉਹ ਹਸਪਤਾਲ ਵਿਚ ਡਾਕਟਰਾਂ ਦੀ ਦੇਖ-ਰੇਖ ਵਿਚ ਹੈ।"
26 ਸਾਲਾ ਦੇ ਅਫ਼ਸਲ ਪਾਰਾ ਦੀ ਵੀ ਚੰਗੀ ਕਿਸਮਤ ਸੀ। ਇਸ ਹਵਾਈ ਜਹਾਜ਼ ਤੋਂ ਵਾਪਸ ਪਰਤਣ ਵਾਲਿਆਂ ਵਿੱਚ ਉਸਦਾ ਨਾਮ ਵੀ ਸੀ, ਪਰ ਉਹ ਜਹਾਜ਼ 'ਤੇ ਚੜ੍ਹ ਨਹੀਂ ਸਕਿਆ ਸੀ।
ਉਸਦੇ ਚਚੇਰੇ ਭਰਾ ਸ਼ਾਮੀਲ ਮੁਹੰਮਦ ਦੱਸਦੇ ਹਨ, "ਉਸ ਕੋਲ ਏਅਰਪੋਰਟ ਪਹੁੰਚਣ ਲਈ ਪੈਸੇ ਨਹੀਂ ਸਨ। ਉਸ ਦਾ ਵੀਜ਼ਾ ਰੱਦ ਹੋ ਗਿਆ ਸੀ ਕਿਉਂਕਿ ਉਸਨੇ 500 ਦਿਰਹਮ ਦਾ ਜ਼ੁਰਮਾਨਾ ਨਹੀਂ ਅਦਾ ਕੀਤਾ ਸੀ। ਉਸ ਕੋਲ ਪੰਜ ਮਹੀਨਿਆਂ ਤੋਂ ਕੋਈ ਕੰਮ ਨਹੀਂ ਸੀ। ਇਸ ਲਈ ਉਸ ਕੋਲ ਪੈਸੇ ਨਹੀਂ ਸਨ।"
ਵੰਦੇ ਭਾਰਤ ਮੁਹਿੰਮ ਤਹਿਤ ਵਾਪਸ ਆਉਣ ਵਾਲੇ ਘੱਟੋ ਘੱਟ ਅੱਧੇ ਯਾਤਰੀ ਉਹ ਹਨ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ ਜਾਂ ਜਿਨ੍ਹਾਂ ਦਾ ਵੀਜ਼ਾ ਰੱਦ ਹੋ ਗਿਆ ਹੈ। ਬਾਕੀ ਉਹ ਲੋਕ ਹਨ ਜੋ ਕੋਰੋਨਾ ਕਾਰਨ ਹੋਏ ਲੌਕਡਾਊਨ ਕਾਰਨ ਦੁਬਈ ਵਿੱਚ ਫਸੇ ਹੋਏ ਸਨ।
ਇਹ ਵੀਡੀਓਜ਼ ਵੀ ਦੇਖੋ: