Air India Flight: ਮਰਨ ਵਾਲੇ 18 ਲੋਕਾਂ ਵਿੱਚੋਂ ਇੱਕ ਕੋਰੋਨਾਵਾਇਰਸ ਪੌਜ਼ਿਟਿਵ

ਕੇਰਲ ਦੇ ਕੈਲੀਕਟ ਏਅਰਪੋਰਟ ਉੱਤੇ ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਹਵਾਈ ਜਹਾਜ਼ ਹਵਾਈ ਪੱਟੀ ’ਤੇ ਫਿਸਲ ਗਿਆ ਹੈ। ਡੀਜੀਸੀਏ ਅਨੁਸਾਰ ਇਸ ਹਾਦਸੇ ਦੌਰਾਨ ਜਹਾਜ਼ ਦੇ ਦੋ ਟੁਕੜੇ ਹੋ ਗਏ ਹਨ।

ਇਸ ਹਾਦਸੇ ਵਿੱਚ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਦੋ ਪਾਇਲਟ ਹਨ।

ਕੈਬਿਨ ਕਰੂ ਦੇ ਚਾਰ ਮੈਂਬਰ ਸੁਰੱਖਿਅਤ ਹਨ।

ਮਰਨ ਵਾਲਿਆਂ ਵਿੱਚ ਇੱਕ ਕੋਰੋਨਾਵਾਇਰਸ ਪੌਜ਼ਿਟਿਵ

ਕੇਰਲ ਦੇ ਕੈਬਨਿਟ ਮੰਤਰੀ ਕੇਟੀ ਜਲੀਲ ਨੇ ਬੀਬੀਸੀ ਨੂੰ ਦੱਸਿਆ ਕਿ ਮਰਨ ਵਾਲੇ 18 ਲੋਕਾਂ ਵਿੱਚੋਂ ਅੱਠ ਦੇ ਟੈਸਟ ਦੇ ਨਤੀਜੇ ਮਿਲੇ ਹਨ। ਇਨ੍ਹਾਂ ਵਿੱਚ ਇੱਕ ਸ਼ਖ਼ਸ ਕੋਰੋਨਾਵਾਇਰਸ ਪੌਜ਼ਿਟਿਵ ਸੀ। ਬਾਕੀਆਂ ਦੇ ਟੈਸਟ ਦੇ ਨਤੀਜੇ ਆਉਣੇ ਹਨ।

ਕੇਰਲ ਦੀ ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਬਚਾਅਕਾਰਜ ਵਿੱਚ ਸ਼ਾਮਲ ਲੋਕਾਂ ਨੂੰ ਕੁਆਰੰਟੀਨ ਹੋਣ ਲਈ ਕਿਹਾ ਹੈ। ਇਨ੍ਹਾਂ ਸਭ ਦਾ ਟੈਸਟ ਕੀਤਾ ਜਾਏਗਾ।

ਇਹ ਵੀ ਪੜ੍ਹੋ

ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਕੋਝੀਕੋਡ ਪਹੁੰਚੇ ਅਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ।

ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।

ਪੁਰੀ ਨੇ ਕਿਹਾ, "ਇਹ ਜਹਾਜ਼ ਸਾਡੇ ਸਭ ਤੋਂ ਤਜ਼ਰਬੇਕਾਰ ਕਮਾਂਡਰ, ਕੈਪਟਨ ਦੀਪਕ ਸਾਠੇ ਉਡਾ ਰਹੇ ਸਨ। ਉਹ 27 ਵਾਰ ਇਸ ਏਅਰਪੋਰਟ 'ਤੇ ਲੈਡਿੰਗ ਕਰ ਚੁੱਕੇ ਸਨ।"

ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ 10 ਸਾਲ ਪਹਿਲਾਂ ਜਹਾਜ਼ ਨੂੰ ਅੱਗ ਲੱਗ ਗਈ ਸੀ। ਉਸ ਤੋਂ ਬਾਅਦ ਚੁੱਕੇ ਗਏ ਸੁਰੱਖਿਆ ਉਪਾਵਾਂ ਦੇ ਕਾਰਨ, ਇਸ ਹਾਦਸੇ ਵਿੱਚ ਮੌਤਾਂ ਘੱਟ ਹੋਈਆਂ ਹਨ।

ਹਾਦਸਾ ਹੋਇਆ ਕਿਵੇਂ?

ਡੀਜੀਸੀਏ ਅਨੁਸਾਰ ਜਹਾਜ਼ ਘੜੀਸਦਾ ਹੋਇਆ ਪੂਰਾ ਰਨਵੇ ਪਾਰ ਕਰ ਗਿਆ ਤੇ ਘਾਟੀ ਵਿੱਚ ਜਾ ਡਿੱਗਿਆ।

ਡੀਜੀਸੀਏ ਦਾ ਕਹਿਣਾ ਹੈ ਕਿ ਲੈਂਡਿੰਗ ਵੇਲੇ ਵਿਜ਼ੀਬਿਲਟੀ 2 ਹਜ਼ਾਰ ਮੀਟਰ ਸੀ। ਡੀਜੀਸੀਏ ਨੇ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ।

ਚਾਲਕ ਦਲ ਦੇ ਮੈਂਬਰਾਂ ਸਣੇ 191 ਯਾਤਰੀਆਂ ਨੂੰ ਦੁਬਈ ਤੋਂ ਲੈ ਕੇ ਆ ਰਿਹਾ ਇਹ ਜਹਾਜ਼ ਕਾਲੀਕਟ ਏਅਰਪੋਰਟ ਉੱਤੇ ਲੈਂਡ ਕਰਦਿਆਂ ਰਨਵੇ ਤੋਂ ਅੱਗੇ ਨਿਕਲ ਗਿਆ।

ਜਹਾਜ਼ ਹਾਦਸਾਗ੍ਰਸਤ ਤਾਂ ਹੋ ਗਿਆ ਪਰ ਬਚਾਅ ਇਹ ਰਹਿ ਗਿਆ ਕਿ ਇਸ ਵਿੱਚ ਅੱਗ ਨਹੀਂ ਲੱਗੀ।

ਟੇਬਲ ਟੌਪ ਰਨਵੇ 'ਤੇ ਵਿਵਾਦ

ਬੀਬੀਸੀ ਪੱਤਰਕਾਰ ਜਾਨਵੀ ਮੂਲੇ ਅਨੁਸਾਰ ਕੋਝੀਕੋਡ ਹਵਾਈ ਅੱਡਾ ਇੱਕ ਟੇਬਲ-ਟੌਪ ਰਨਵੇ ਹੈ। ਇਸ ਦਾ ਮਤਲਬ ਕਿ ਇਹ ਇੱਕ ਪਲਾਟੋ (ਪਠਾਰ) 'ਤੇ ਹੈ ਜਿਸ ਦੇ ਸਿਰੇ 'ਤੇ ਚੱਟਾਨ ਜਾਂ ਘਾਟੀ ਹੈ।

ਪਿਛਲੇ ਸਮੇਂ 'ਚ, ਮਾਹਰਾਂ ਨੇ ਇਸ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ, ਖ਼ਾਸਕਰ ਵਿਸ਼ਾਲ ਢਾਂਚੇ ਵਾਲੇ ਹਵਾਈ ਜਹਾਜ਼ਾਂ ਦੇ ਸੰਚਾਲਨ ਵਿੱਚ ਸ਼ਾਮਲ ਜੋਖ਼ਮ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ।

ਏਅਰਪੋਰਟ ਅਥਾਰਿਟੀ ਆਫ਼ ਇੰਡੀਆ (AAI) ਨੇ ਕੁਝ ਸਾਲ ਪਹਿਲਾਂ ਰਨਵੇਅ-ਐਂਡ ਸੁਰੱਖਿਆ ਖੇਤਰ ਇਸ ਵਿੱਚ ਜੋੜਿਆ ਵੀ ਸੀ, ਹਾਲਾਂਕਿ ਇਸ ਉਤੇ ਵੀ ਕੁਝ ਲੋਕਾਂ ਨੇ ਸਵਾਲ ਕੀਤਾ ਸੀ ਕਿ ਕੀ ਇਹ ਕਾਫ਼ੀ ਹੈ ਜਾਂ ਨਹੀਂ।

ਯਸ਼ਵੰਤ ਸ਼ੈਨੋਈ, ਜੋ ਇੱਕ ਵਕੀਲ ਅਤੇ ਹਵਾਈ ਸੁਰੱਖਿਆ ਲਈ ਲੜਨ ਵਾਲੇ ਕਾਰਕੁੰਨ ਹਨ, ਕਹਿੰਦੇ ਹਨ ਕਿ ਹਾਦਸਾ ਵਾਪਰਨ ਦੀ ਜਿਵੇਂ ਉਡੀਕ ਕੀਤੀ ਜਾ ਰਹੀ ਸੀ। ਉਹ ਹਾਦਸੇ ਦੇ ਸਹੀ ਕਾਰਨਾਂ ਬਾਰੇ ਦੱਸਣ ਤੋਂ ਗੁਰੇਜ਼ ਕਰ ਰਹੇ ਹਨ, ਪਰ ਦੱਸਦੇ ਹਨ ਕਿ ਕਿਉਂ ਇਸ ਹਾਦਸੇ ਨੇ ਉਨ੍ਹਾਂ ਨੂੰ ਹੈਰਾਨ ਨਹੀਂ ਕੀਤਾ।

ਉਹ ਕਹਿੰਦੇ ਹਨ, "ਕਿਸੇ ਵੀ ਏਅਰਪੋਰਟ ਲਈ, ਤੁਹਾਨੂੰ ਰਨਵੇਅ ਦੇ ਦੋਵੇਂ ਸਿਰੇ 'ਤੇ ਘੱਟੋ ਘੱਟ 150 ਮੀਟਰ ਦੀ ਜਗ੍ਹਾ ਰੱਖਣੀ ਚਾਹੀਦੀ ਹੈ। ਕੈਲੀਕਟ ਏਅਰਪੋਰਟ ਉਸ ਮਾਪਦੰਡ ਨੂੰ ਪੂਰਾ ਨਹੀਂ ਕਰਦਾ। ਇਹ ਵਿਆਪਕ-ਢਾਂਚੇ ਵਾਲੇ ਹਵਾਈ ਜਹਾਜ਼ਾਂ ਲਈ ਵੀ ਢੁੱਕਵਾਂ ਨਹੀਂ ਹੈ, ਅਸਲ ਵਿਚ, ਇਹ ਬਹੁਤ ਖ਼ਤਰਨਾਕ ਹੈ।"

ਉਨ੍ਹਾਂ ਕਿਹਾ, "ਪਰ ਉੱਥੋਂ ਉੱਡਣ ਵਾਲੀਆਂ ਹੱਜ ਦੀਆਂ ਉਡਾਣਾਂ ਵਿਸ਼ਾਲ ਢਾਂਚੇ ਵਾਲੀਆਂ ਹੁੰਦੀਆਂ ਹਨ। ਮੈਂ ਡੀਜੀਸੀਏ ਨੂੰ ਵਿਸ਼ੇਸ਼ ਤੌਰ 'ਤੇ ਇਸ ਬਾਰੇ ਨੋਟਿਸ ਲਿਆਉਣ ਲਈ ਬਹੁਤ ਸਾਰੀਆਂ ਈਮੇਲਾਂ ਲਿਖੀਆਂ ਸਨ, ਪਰ ਅਜੇ ਤੱਕ ਇਸ ਬਾਰੇ ਕੁਝ ਨਹੀਂ ਕੀਤਾ ਜਾ ਸਕਿਆ। ਇਸ ਲਈ ਇਹ ਹਾਦਸਾ ਮੈਨੂੰ ਹੈਰਾਨ ਨਹੀਂ ਕਰਦਾ। ਉਮੀਦ ਹੈ ਕਿ ਇਹ ਹਾਦਸਾ ਭਾਰਤ ਦੇ ਹਵਾਬਾਜ਼ੀ ਦੀਆਂ ਸਮੱਸਿਆਵਾਂ ਵੱਲ ਵਿਸ਼ਵ ਦਾ ਧਿਆਨ ਖਿੱਚੇਗਾ।"

ਉਹ ਕਹਿੰਦੇ ਹਨ, "ਏਅਰਪੋਰਟਾਂ ਲਈ ਆਈਸੀਏਓ (ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਆਰਗੇਨਾਈਜ਼ੇਸ਼ਨ) ਦੁਆਰਾ ਘੋਸ਼ਿਤ ਕੀਤੇ ਗਏ ਮਾਪਦੰਡ ਲਾਗੂ ਹੋਣੇ ਚਾਹੀਦੇ ਹਨ। ਹਰ ਦੇਸ਼ ਵਿਚ ਇਕ 'ਰੈਗੁਲੇਟਰ' ਹੁੰਦਾ ਹੈ ਜਿਸ ਨੂੰ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਲਾਇਸੈਂਸ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਮਾਪਦੰਡਾਂ ਨੂੰ ਏਅਰਪੋਰਟ ਵਲੋਂ ਪੂਰਾ ਕੀਤਾ ਜਾਵੇ।”

“ਭਾਰਤ ਵਿਚ ਡੀਜੀਸੀਏ ਇਸ ਦਾ ਇੰਚਾਰਜ ਹਾਂ। ਜੇ ਕੋਈ ਹਵਾਈ ਅੱਡਾ ਇਨ੍ਹਾਂ ਮਾਪਦੰਡਾਂ 'ਤੇ ਖਰੇ ਨਹੀਂ ਉਤਰਦਾ ਤਾਂ ਤੁਹਾਨੂੰ ਹਰ ਕਿਸੇ ਨੂੰ ਇਸ ਬਾਰੇ ਸੂਚਿਤ ਕਰਨਾ ਪਏਗਾ। ਇਸੇ ਲਈ ਸਿਰਫ ਤਜਰਬੇਕਾਰ ਪਾਇਲਟਾਂ ਨੂੰ ਅਜਿਹੇ ਹਵਾਈ ਅੱਡਿਆਂ ਤੋਂ ਟੇਕ-ਆਫ਼ ਜਾਂ ਲੈਂਡ ਕਰਨ ਦੀ ਆਗਿਆ ਹੁੰਦੀ ਹੈ।"

ਯਸ਼ਵੰਤ ਅੱਗੇ ਕਹਿੰਦੇ ਹਨ, "ਹਾਦਸੇ ਦਾ ਕਾਰਨਾਂ ਬਾਰੇ ਅਜੇ ਅੰਦਾਜ਼ਾ ਲਾਉਣਾ ਜਲਦਬਾਜ਼ੀ ਹੋਵੇਗਾ। ਪਰ ਬਰਸਾਤੀ ਮੌਸਮ ਮੁਸ਼ਕਲਾਂ ਨੂੰ ਵਧਾਉਂਦਾ ਹੈ, ਪਰ ਤੁਸੀਂ ਇਸ ਦਾ ਦੋਸ਼ ਮੌਸਮ 'ਤੇ ਨਹੀਂ ਦੇ ਸਕਦੇ। ਪਾਇਲਟਾਂ ਨੇ ਮਾੜੇ ਇਲਾਕਿਆਂ ਜਾਂ ਭੈੜੀਆਂ ਸਥਿਤੀਆਂ ਵਿਚ ਕੰਮ ਕੀਤਾ ਹੈ।"

ਹਾਦਸੇ ‘ਤੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਐਨਡੀਆਰਐਫ ਦੀ ਟੀਮ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਲਈ ਕਿਹਾ ਗਿਆ ਹੈ।

ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੁਲਿਸ ਅਤੇ ਫਾਇਰ ਕਰਮਚਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਟਵੀਟ ਕਰਕੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਅਤੇ ਡਾਕਟਰੀ ਸਹੂਲਤਾਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਇਸ ਘਟਨਾ' ਤੇ ਦੁੱਖ ਜ਼ਾਹਰ ਕੀਤਾ ਹੈ।

ਦੁਬਈ ਭਾਰਤੀ ਸਫ਼ਾਰਤਖਾਨੇ ਵੱਲੋਂ ਇਸ ਹਾਦਸੇ ਬਾਰੇ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ ਤੇ ਨਾਲ ਹੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਕਿ ਹਾਦਸੇ ਦੀ ਜਾਂਚ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਕ ਟੀਮ ਏਅਰ ਇੰਡੀਆ ਦੀ ਹੋਵੇਗੀ ਅਤੇ ਦੂਜੀ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਹੋਵੇਗੀ।

ਇਸ ਹਾਦਸੇ ਸੰਬੰਧੀ ਵਿਦੇਸ਼ ਮੰਤਰਾਲੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਹਾਦਸੇ ਸੰਬੰਧੀ ਜਾਣਕਾਰੀ 1800 118 797, +91 11 23012113, +91 11 23014104, +91 11 23017905 'ਤੇ ਮਿਲ ਸਕਦੀ ਹੈ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)