ਸੋਨੂ ਪੰਜਾਬਣ: ਜਿਸਮਫਰੋਸ਼ੀ ਦੇ ਮਾਮਲੇ 'ਚ 24 ਸਾਲ ਦੀ ਸਜ਼ਾ ਪਾਉਣ ਵਾਲੀ ਔਰਤ ਦੀ ਪੂਰੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਚਿੰਕੀ ਸਿਨਹਾ
- ਰੋਲ, ਬੀਬੀਸੀ ਪੱਤਰਕਾਰ
ਛੇ ਸਾਲ ਪਹਿਲਾਂ ਦੀ ਗੱਲ ਹੈ। ਠੰਢ ਦੇ ਦਿਨ ਸਨ। ਬਹਾਦੁਰਗੜ੍ਹ ਵਿੱਚ ਬੱਸ ਤੋਂ ਉਤਰਦੇ ਹੀ 17 ਸਾਲ ਦੀ ਕੁੜੀ ਨੇ ਸਭ ਤੋਂ ਪਹਿਲਾਂ ਰਾਹ ਜਾਂਦੇ ਇੱਕ ਸ਼ਖ਼ਸ ਤੋਂ ਨਜ਼ਦੀਕੀ ਥਾਣੇ ਦਾ ਪਤਾ ਪੁੱਛਿਆ।
ਸਾਹਮਣੇ ਹੀ ਨਜਫਗੜ੍ਹ ਪੁਲਿਸ ਥਾਣਾ ਸੀ। 9 ਫਰਵਰੀ 2014 ਦੀ ਸਵੇਰ ਨੂੰ ਕੁੜੀ ਉਸ ਥਾਣੇ ਵਿੱਚ ਹਾਜ਼ਰ ਸੀ।
ਪੁਲਿਸ ਨੂੰ ਉਸਨੇ ਦੱਸਿਆ ਕਿ ਰੋਹਤਕ ਦੇ ਰਾਜਪਾਲ ਨਾਂ ਦੇ ਇੱਕ ਸ਼ਖ਼ਸ ਕੋਲ ਉਸਦੇ ਕੁਝ ਦਸਤਾਵੇਜ਼ ਹਨ, ਉਹ ਉਸਨੂੰ ਦਿਵਾ ਦਿਓ।
ਆਪਣੇ ਉੱਪਰ ਹੋਏ ਜ਼ੁਲਮ ਦੀ ਸਾਰੀ ਕਹਾਣੀ ਉਸਨੇ ਸਾਹਮਣੇ ਬੈਠੇ ਪੁਲਿਸ ਵਾਲਿਆਂ ਨੂੰ ਦੱਸ ਦਿੱਤੀ। ਕਿਵੇਂ ਉਸਨੂੰ ਕੈਦ ਵਿੱਚ ਰੱਖਿਆ ਗਿਆ। ਤਸੀਹੇ ਦਿੱਤੇ ਗਏ ਅਤੇ ਕਿਸ ਤਰ੍ਹਾਂ ਉਸਦਾ ਸ਼ੋਸ਼ਣ ਕੀਤਾ ਗਿਆ। ਪੁਲਿਸ ਵਾਲਾ ਸਭ ਕੁਝ ਆਪਣੀ ਡਾਇਰੀ ਵਿੱਚ ਨੋਟ ਕਰਦਾ ਰਿਹਾ।
ਆਪਣੀ ਹੱਡਬੀਤੀ ਸੁਣਾਉਂਦੇ ਹੋਏ ਉਸਨੇ ਸੋਨੂ ਪੰਜਾਬਣ ਦਾ ਨਾਂ ਲਿਆ ਅਤੇ ਕਿਹਾ ਕਿ ਉਸ ਤੋਂ ਜਿਸਮਫਰੋਸ਼ੀ ਕਰਾਉਣ ਵਾਲਿਆਂ ਵਿੱਚ ਉਹ ਵੀ ਸ਼ਾਮਿਲ ਸੀ। ਪੁਲਿਸ ਨੇ ਐੱਫਆਈਆਰ ਦਰਜ ਕਰ ਲਈ।
ਪੁਲਿਸ ਜਿਸ ਵਕਤ ਇਹ ਸ਼ਿਕਾਇਤ ਦਰਜ ਕਰ ਰਹੀ ਸੀ, ਉਸ ਵਕਤ ਦਿੱਲੀ ਦੀ ਖੂੰਖ਼ਾਰ ਸੈਕਸ ਰੈਕੇਟ ਸਰਗਨਾ ਸੋਨੂ ਪੰਜਾਬਣ ਹਿਰਾਸਤ ਵਿੱਚ ਸੀ।
ਕੁਝ ਮਹੀਨਿਆਂ ਦੇ ਬਾਅਦ ਸੋਨੂ ਦੀ ਸ਼ਿਕਾਰ ਉਹ ਕੁੜੀ ਗਾਇਬ ਹੋ ਗਈ, ਪਰ 2017 ਵਿੱਚ ਬਹੁਤ ਹੀ ਰਹੱਸਮਈ ਤਰੀਕੇ ਨਾਲ ਸਾਹਮਣੇ ਆ ਗਈ। ਸੋਨੂ ਪੰਜਾਬਣ ਫਿਰ ਗ੍ਰਿਫ਼ਤਾਰ ਕਰ ਲਈ ਗਈ।
ਇਸ ਤੋਂ ਤਿੰਨ ਸਾਲ ਬਾਅਦ ਦਿੱਲੀ ਦੀ ਇੱਕ ਅਦਾਲਤ ਨੇ ਉਸਨੂੰ ਫਿਰ ਦੋਸ਼ੀ ਠਹਿਰਾਇਆ ਅਤੇ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ:
ਖ਼ੁਦ ਨੂੰ ਸਤਾਈਆਂ ਹੋਈਆਂ ਕੁੜੀਆਂ ਦੀ ਰਹਿਨੁਮਾ ਦੱਸਦੀ ਹੈ…ਜੱਜ ਮੁਤਾਬਿਕ ਉਹ ਇੱਕ ਸੱਭਿਆ ਸਮਾਜ ਵਿੱਚ ਰਹਿਣ ਲਾਇਕ ਨਹੀਂ ਸੀ, ਪਰ ਦਿੱਲੀ ਵਿੱਚ ਆਪਣਾ ਰੈਕੇਟ ਚਲਾਉਣ ਵਾਲੀਆਂ ਲੜਕੀਆਂ ਦੀ ਇਹ 'ਦਲਾਲ' ਹਮੇਸ਼ਾ ਇਹ ਹੀ ਦਲੀਲ ਦਿੰਦੀ ਰਹੀ ਕਿ ਉਹ ਸਤਾਈਆਂ ਗਈਆਂ ਲੜਕੀਆਂ ਦੀ ਰਹਿਨੁਮਾ ਰਹੀ ਹੈ।
ਸੋਨੂ ਇਹ ਵੀ ਕਹਿੰਦੀ ਸੀ ਕਿ ਆਪਣੇ ਜਿਸਮ 'ਤੇ ਔਰਤਾਂ ਦਾ ਅਧਿਕਾਰ ਹੈ। ਉਨ੍ਹਾਂ ਨੂੰ ਇਸਨੂੰ ਵੇਚਣ ਦਾ ਹੱਕ ਹੈ। ਉਹ ਸਿਰਫ਼ ਇਸ ਕੰਮ ਵਿੱਚ ਮਦਦ ਕਰਦੀ ਸੀ।
ਆਖਿਰਕਾਰ ਅਸੀਂ ਸਾਰੇ ਵੀ ਤਾਂ ਕੁਝ ਨਾ ਕੁਝ ਵੇਚ ਹੀ ਰਹੇ ਹਾਂ-ਆਪਣਾ ਹੁਨਰ, ਸਰੀਰ, ਆਤਮਾ, ਪਿਆਰ ਅਤੇ ਹੋਰ ਪਤਾ ਨਹੀਂ ਕੀ-ਕੀ?
ਪਰ ਇਸ ਵਾਰ ਵੇਚਣ ਅਤੇ ਖਰੀਦਣ ਦੇ ਇਸ ਧੰਦੇ ਦੀ ਸ਼ਿਕਾਰ ਇੱਕ ਨਾਬਾਲਗ ਸੀ। ਸੋਨੂ ਪੰਜਾਬਣ ਨੂੰ ਜੇਲ੍ਹ ਭੇਜਣ ਦਾ ਫੈਸਲਾ ਦਿੰਦੇ ਹੋਏ ਜੱਜ ਪ੍ਰੀਤਮ ਸਿੰਘ ਨੇ ਕਿਹਾ, ''ਔਰਤ ਦੀ ਇੱਜ਼ਤ ਉਸਦੀ ਆਤਮਾ ਵਰਗੀ ਬੇਸ਼ਕੀਮਤੀ ਹੁੰਦੀ ਹੈ। ਦੋਸ਼ੀ ਗੀਤਾ ਅਰੋੜਾ ਉਰਫ਼ ਸੋਨੂ ਪੰਜਾਬਣ ਔਰਤ ਹੋਣ ਦੀਆਂ ਸਾਰੀਆਂ ਮਰਿਆਦਾਵਾਂ ਤੋੜ ਚੁੱਕੀ ਹੈ, ਕਾਨੂੰਨ ਤਹਿਤ ਉਹ ਸਖ਼ਤ ਤੋਂ ਸਖ਼ਤ ਸਜ਼ਾ ਦੀ ਹੱਕਦਾਰ ਹੈ।''

ਸੋਨੂ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਬਚਾਉਣ ਵਾਲੇ ਕਾਨੂੰਨ ਪੋਕਸੋ ਤਹਿਤ ਵੀ ਦੋਸ਼ੀ ਠਹਿਰਾਈ ਗਈ ਹੈ। ਜੱਜ ਪ੍ਰੀਤਮ ਸਿੰਘ ਨੇ ਸੋਨੂ 'ਤੇ 64 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ।
ਅਦਾਲਤ ਨੇ ਸੋਨੂ ਦੇ ਸਹਿ ਦੋਸ਼ੀ ਸੰਦੀਪ ਬੇਡਵਾਲ ਨੂੰ ਵੀ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਕਿਹਾ ਕਿ ਉਹ ਪੀੜਤ ਲੜਕੀ ਨੂੰ ਸੱਤ ਲੱਖ ਰੁਪਏ ਮੁਆਵਜ਼ਾ ਦੇਵੇ।
ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰੀ
ਸੋਨੂ ਪੰਜਾਬਣ ਖਿਲਾਫ਼ ਦਰਜ ਕੀਤੀ ਗਈ ਐੱਫਆਈਆਰ 2015 ਵਿੱਚ ਹੀ ਕ੍ਰਾਈਮ ਬ੍ਰਾਂਚ ਭੇਜ ਦਿੱਤੀ ਗਈ ਸੀ, ਪਰ 2017 ਵਿੱਚ ਜਦੋਂ ਕ੍ਰਾਈਮ ਵਿਭਾਗ ਦੇ ਡੀਸੀਪੀ ਭੀਸ਼ਮ ਸਿੰਘ ਨੇ ਕੇਸ ਆਪਣੇ ਹੱਥ ਵਿੱਚ ਲਿਆ ਤਾਂ 2014 ਵਿੱਚ ਗਾਂਧੀ ਨਗਰ ਤੋਂ ਘਰ ਛੱਡ ਕੇ ਨਿਕਲ ਚੁੱਕੀ ਲੜਕੀ ਨੂੰ ਲੱਭਣ ਲਈ ਇੱਕ ਟੀਮ ਬਣਾਈ ਗਈ।
ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾਉਣ ਦੇ ਬਾਅਦ ਹੀ ਉਹ ਲੜਕੀ ਗਾਇਬ ਹੋ ਗਈ ਸੀ। ਉਸਦੇ ਪਿਤਾ ਨੇ ਉਸ ਸਮੇਂ ਲੜਕੀ ਦੀ ਗੁੰਮਸ਼ੁਦਾ ਹੋਣ ਦੀ ਇੱਕ ਰਿਪੋਰਟ ਲਿਖਾਈ ਸੀ।
ਨਵੰਬਰ ਵਿੱਚ ਪੁਲਿਸ ਨੇ ਉਸ ਲੜਕੀ ਨੂੰ ਯਮੁਨਾ ਵਿਹਾਰ ਵਿੱਚੋਂ ਲੱਭ ਲਿਆ। ਉੱਥੇ ਉਹ ਆਪਣੇ ਕੁਝ ਦੋਸਤਾਂ ਨਾਲ ਰਹਿ ਰਹੀ ਸੀ।
ਉਸ ਦੌਰਾਨ ਸੋਨੂ ਪੰਜਾਬਣ 2014 ਦੇ ਇੱਕ ਮਕੋਕਾ ਕੇਸ ਵਿੱਚ ਸਬੂਤ ਦੀ ਅਣਹੋਂਦ ਵਿੱਚ ਬਚ ਚੁੱਕੀ ਸੀ, ਪਰ ਲੜਕੀ ਦਾ ਪਤਾ ਚੱਲਦੇ ਹੀ 25 ਦਸੰਬਰ 2017 ਵਿੱਚ ਸੋਨੂ ਨੂੰ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਸਜ਼ਾ ਸੁਣਾਏ ਜਾਣ ਦੇ ਦਿਨ ਸੋਨੂ ਪੰਜਾਬਣ ਨੇ ਇਕੱਠੀਆਂ ਬਹੁਤ ਸਾਰੀਆਂ ਦਰਦਨਿਵਾਰਕ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ, ਕੁਝ ਘੰਟਿਆਂ ਦੇ ਬਾਅਦ ਉਸਦੀ ਹਾਲਤ ਸਥਿਰ ਹੋ ਗਈ।
ਨਸ਼ੇ ਦੇ ਟੀਕੇ
ਮੁਕੱਦਮੇ ਦੀ ਸੁਣਵਾਈ ਦੌਰਾਨ ਆਪਣੀ ਗਵਾਹੀ ਵਿੱਚ ਲੜਕੀ ਨੇ ਕਿਹਾ ਸੀ, ਉਸਨੂੰ ਨਸ਼ੇ ਦੇ ਟੀਕੇ ਲਗਾਏ ਗਏ ਹਨ। ਭੀਸ਼ਮ ਸਿੰਘ ਨੇ ਕਿਹਾ, ''ਇਹ ਗਾਂ-ਮੱਝ ਦਾ ਦੁੱਧ ਉਤਾਰਨ ਲਈ ਦਿੱਤਾ ਜਾਣ ਵਾਲਾ ਟੀਕਾ ਸੀ। ਇਹ ਸਰੀਰ ਨੂੰ ਜਲਦੀ ਤਿਆਰ ਕਰ ਦਿੰਦਾ ਹੈ।''
ਪੁਲਿਸ ਦਾ ਕਹਿਣਾ ਹੈ ਕਿ ਜਿਸ ਲੜਕੀ ਦੀ ਸ਼ਿਕਾਇਤ 'ਤੇ ਸੋਨੂ ਪੰਜਾਬਣ ਨੂੰ ਸਜ਼ਾ ਹੋਈ,ਉਸਨੂੰ ਉਨ੍ਹਾਂ ਨੇ ਖਰੀਦਿਆ ਸੀ।

ਤਸਵੀਰ ਸਰੋਤ, Thinkstock
ਉਨ੍ਹਾਂ ਦੇ ਰੈਕੇਟ ਵਿੱਚ ਕਈ ਹਾਊਸ ਵਾਈਫ ਅਤੇ ਕਾਲਜ ਦੀਆਂ ਲੜਕੀਆਂ ਸਨ। ਉਨ੍ਹਾਂ ਔਰਤਾਂ ਦੀ ਜਿਸਮਫਰੋਸ਼ੀ ਲਈ ਉਹ ਸੁਵਿਧਾਵਾਂ ਪ੍ਰਦਾਨ ਕਰਦੀ ਸੀ ਅਤੇ ਬਦਲੇ ਵਿੱਚ ਕਮਿਸ਼ਨ ਲੈਂਦੀ ਸੀ।
ਸੋਨੂ ਪੰਜਾਬਣ ਇਨ੍ਹਾਂ ਲੜਕੀਆਂ ਨੂੰ ਵੇਚੇ ਜਾਣ ਤੱਕ ਕੈਦ ਵਿੱਚ ਰੱਖਦੀ ਸੀ। ਜੱਜ ਨੇ ਸੋਨੂ ਪੰਜਾਬਣ ਦੇ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਸਨੇ ਔਰਤ ਹੋਣ ਦੀਆਂ ਸਾਰੀਆਂ ਮਰਿਆਦਾਵਾਂ ਤੋੜ ਦਿੱਤੀਆਂ ਹਨ।
ਸੋਨੂ ਪੰਜਾਬਣ ਸੱਭਿਅਕ ਸਮਾਜ ਦੇ ਲਾਇਕ ਨਹੀਂ?
ਪੁਲਿਸ ਮੁਤਾਬਿਕ ਸੋਨੂ ਪੰਜਾਬਣ ਦੇ ਜ਼ੁਲਮ ਦਾ ਸ਼ਿਕਾਰ ਹੋਈ ਲੜਕੀ ਨੇ 2014 ਵਿੱਚ ਆਪਣੀ ਮਰਜ਼ੀ ਨਾਲ ਘਰ ਛੱਡਿਆ ਸੀ, ਉਹ ਨਸ਼ੇ ਦੀ ਆਦੀ ਸੀ।
ਸੁਣਵਾਈ ਦੇ ਬਾਅਦ ਫੈਸਲਾ ਸੁਣਾਉਣ ਦੌਰਾਨ ਅਲਪ੍ਰੈਕਸ ਨਾਂ ਦੀ ਦਵਾਈ ਦਾ ਜ਼ਿਕਰ ਆਇਆ ਸੀ। ਪੀੜਤਾ ਡਿਪਰੈਸ਼ਨ ਦੀ ਸ਼ਿਕਾਰ ਸੀ ਅਤੇ ਇਸ ਦਵਾਈ ਦਾ ਸੇਵਨ ਕਰਦੀ ਸੀ।

ਤਸਵੀਰ ਸਰੋਤ, ANI
ਲੰਬੇ ਵਕਤ ਤੱਕ ਗਾਇਬ ਰਹਿਣ ਦੇ ਬਾਅਦ ਜਦੋਂ ਉਹ ਮਿਲੀ ਤਾਂ ਉਸਦੀ ਕੌਂਸਲਿੰਗ ਕਰਵਾਈ। ਉਸਦੀ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਮਦਦ ਕੀਤੀ ਗਈ। ਉਸਦਾ ਵਿਆਹ ਵੀ ਹੋਇਆ।
ਉਸਦਾ ਇੱਕ ਬੱਚਾ ਹੈ ਅਤੇ ਹੁਣ ਉਹ ਆਪਣੇ ਮਾਂ-ਬਾਪ ਨਾਲ ਰਹਿੰਦੀ ਹੈ। ਵਿਆਹ ਤੋਂ ਬਾਅਦ ਉਸਦੇ ਸਹੁਰਿਆਂ ਨੇ ਉਸਨੂੰ ਛੱਡ ਦਿੱਤਾ ਸੀ।
ਉਹ ਲੜਕੀ ਫੋਨ 'ਤੇ ਗੱਲ ਨਹੀਂ ਕਰਦੀ ਹੈ, ਪਰ ਜਾਂਚ ਅਧਿਕਾਰੀ ਪੰਕਜ ਨੇਗੀ ਮੁਤਾਬਿਕ ਲੜਕੀ ਨੂੰ ਲੱਗ ਰਿਹਾ ਹੈ ਕਿ ਆਖਿਰਕਾਰ ਉਸਦੀ ਜਿੱਤ ਹੋਈ ਹੈ। ਉਹ ਰਾਹਤ ਮਹਿਸੂਸ ਕਰ ਰਹੀ ਹੈ।
ਸੋਨੂ ਪੰਜਾਬਣ ਨੂੰ ਮੈਂ ਪਹਿਲੀ ਵਾਰ 2011 ਵਿੱਚ ਦਿੱਲੀ ਦੀ ਇੱਕ ਅਦਾਲਤ ਵਿੱਚ ਦੇਖਿਆ ਸੀ।
ਗ੍ਰਿਫ਼ਤਾਰੀ ਦੇ ਸਮੇਂ 30 ਸਾਲ ਉਮਰ
ਸੋਨੂ ਪੰਜਾਬਣ ਦੇ ਮਾਮਲੇ ਦੇ ਜਾਂਚ ਅਧਿਕਾਰੀ ਕੈਲਾਸ਼ ਚੰਦ 2011 ਵਿੱਚ ਸਬ ਇੰਸਪੈਕਟਰ ਸਨ। ਮਹਿਰੌਲੀ ਥਾਣੇ ਵਿੱਚ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੇ ਸੋਨੂ ਪੰਜਾਬਣ ਨੂੰ ਫਸਾਉਣ ਲਈ ਜਾਲ ਬੁਣਿਆ ਸੀ।
ਕੈਲਾਸ਼ ਚੰਦ ਦੱਸਦੇ ਹਨ ਕਿ ਹਿਰਾਸਤ ਵਿੱਚ ਉਹ ਸੋਨੂ ਨਾਲ ਪੂਰੀ ਰਾਤ ਗੱਲ ਕਰਦੇ ਸਨ। ਪੰਜ ਦਿਨ ਤੱਕ ਸੋਨੂ ਨੂੰ ਥਾਣੇ ਵਿੱਚ ਰੱਖਿਆ ਗਿਆ ਸੀ। ਕੈਲਾਸ਼ ਚੰਦ ਸੋਨੂ ਲਈ ਸਿਗਰਟ, ਚਾਹ ਅਤੇ ਖਾਣਾ ਲਿਆਉਂਦੇ ਸਨ ਅਤੇ ਉਹ ਉਨ੍ਹਾਂ ਨੂੰ ਆਪਣੀ ਕਹਾਣੀ ਦੱਸਦੀ ਸੀ।
ਇਹ ਵੀ ਪੜ੍ਹੋ:
ਮਹਿਰੌਲੀ ਵਿੱਚ ਜਦੋਂ ਕੈਲਾਸ਼ ਚੰਦ ਨੇ ਸੋਨੂ ਪੰਜਾਬਣ ਨੂੰ ਫੜਿਆ ਸੀ ਤਾਂ ਉਸਦੀ ਖ਼ੂਬਸੂਰਤੀ ਦੇਖ ਕੇ ਹੈਰਾਨ ਰਹਿ ਗਿਆ। ਉਨ੍ਹਾਂ ਨੇ ਮੋਬਾਇਲ ਕੈਮਰੇ ਨਾਲ ਉਸਦੀ ਤਸਵੀਰ ਵੀ ਲਈ ਸੀ। ਹਾਲਾਂਕਿ ਹੁਣ ਉਹ ਧੁੰਦਲੀ ਹੋ ਚੁੱਕੀ ਹੈ।
2011 ਵਿੱਚ ਗ੍ਰਿਫ਼ਤਾਰੀ ਦੇ ਬਾਅਦ ਸੋਨੂ ਦੀ ਉਮਰ 30 ਸਾਲ ਸੀ। ਜਿਸਮਫਰੋਸ਼ੀ ਦੇ ਕੰਮ ਵਿੱਚ ਪਹਿਲੀ ਵਾਰ ਉਤਰਨ ਦੇ ਡੇਢ ਸਾਲ ਬਾਅਦ ਹੀ ਉਨ੍ਹਾਂ ਨੇ ਉਸਨੂੰ ਛੱਡ ਦਿੱਤਾ ਸੀ। ਉਦੋਂ ਤੱਕ ਉਹ ਆਪਣਾ ਸਿੰਡੀਕੇਟ ਚਲਾਉਣ ਲਈ ਨੈੱਟਵਰਕ ਬਣਾ ਚੁੱਕੀ ਸੀ।
ਪੁਲਿਸ ਮੁਤਾਬਿਕ ਉਨ੍ਹਾਂ ਨੇ ਇੱਕ ਡਾਇਰੀ ਵੀ ਬਰਾਮਦ ਕੀਤੀ ਸੀ ਜਿਸ ਵਿੱਚ ਸੋਨੂ ਦੇ ਗਾਹਕਾਂ ਅਤੇ ਸੰਪਰਕ ਦੇ ਲੋਕਾਂ ਦੇ ਨਾਂ ਸਨ। ਸੋਨੂ ਦੇ ਰੈਕੇਟ ਵਿੱਚ ਸ਼ਹਿਰ ਦੇ ਵੱਡੇ ਕਾਲਜਾਂ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਵੀ ਸਨ।

ਤਸਵੀਰ ਸਰੋਤ, Getty Creative
ਸੋਨੂ ਨੇ ਕੈਲਾਸ਼ ਚੰਦ ਨੂੰ ਕਿਹਾ ਸੀ ਕਿ ਜੇਕਰ ਤੁਹਾਡੇ ਕੋਲ ਵੇਚਣ ਲਈ ਸਰੀਰ ਦੇ ਇਲਾਵਾ ਕੁਝ ਵੀ ਨਹੀਂ ਹੈ ਤਾਂ ਇਸਨੂੰ ਜ਼ਰੂਰ ਵੇਚਣਾ ਚਾਹੀਦਾ ਹੈ।
ਪੁਲਿਸ ਨਾਲ ਗੱਲਬਾਤ ਵਿੱਚ ਅਕਸਰ ਉਹ ਤਰਕ ਦਿੰਦੀ ਸੀ ਕਿ ਜੇਕਰ ਉਹ ਅਤੇ ਉਸ ਵਰਗੀਆਂ ਔਰਤਾਂ ਨਾ ਹੋਣ ਤਾਂ ਪਤਾ ਨਹੀਂ ਕਿੰਨੇ ਰੇਪ ਹੋਣ।
ਆਪਣੀ ਪੁਰਾਣੀ ਨੋਟਬੁੱਕ ਵਿੱਚ ਮੈਨੂੰ ਪੁਲਿਸ ਨੂੰ ਸੁਣਾਈ ਸੋਨੂ ਪੰਜਾਬਣ ਦੀ ਇੱਕ ਕਹਾਣੀ ਮਿਲੀ ਸੀ। ਸੋਨੂ ਨੇ ਇੱਕ ਅਜਿਹੀ ਔਰਤ ਦਾ ਜ਼ਿਕਰ ਕੀਤਾ ਸੀ ਜਿਸਦਾ ਪਤੀ ਉਸਨੂੰ ਕੁੱਟਦਾ ਸੀ। ਉਸ ਨਾਲ ਜ਼ਬਰਦਸਤੀ ਸੈਕਸ ਕਰਦਾ ਸੀ।
ਕੈਲਾਸ਼ ਚੰਦ ਨੂੰ ਉਸਨੇ ਕਿਹਾ ਸੀ, ''ਆਖਿਰ ਉਸ ਔਰਤ ਦਾ ਕੀ ਕਸੂਰ ਹੈ। ਉਹ ਵਿਆਹੀ ਹੋਈ ਹੈ, ਇਸ ਲਈ ਆਪਣੀਆਂ ਸਾਰੀਆਂ ਇੱਛਾਵਾਂ ਅਤੇ ਖਹਾਇਸ਼ਾਂ ਨੂੰ ਦਬਾ ਦੇਵੇ। ਉਹ ਇੱਕ ਅਜਿਹੇ ਸ਼ਖ਼ਸ ਨਾਲ ਵਿਆਹ ਦੇ ਰਿਸ਼ਤੇ ਵਿੱਚ ਬੰਨ੍ਹੀ ਹੋਈ ਹੈ ਜੋ ਉਸਨੂੰ ਮਾਰਦਾ ਹੈ।
ਇਸ ਸਭ ਤੋਂ ਬਚਣ ਲਈ ਉਸ ਕੋਲ ਉਸਦਾ ਸਰੀਰ ਹੀ ਇਕਲੌਤਾ ਜ਼ਰੀਆ ਹੈ ਜਦੋਂਕਿ ਸਮਾਜ ਦੀਆਂ ਨਜ਼ਰਾਂ ਵਿੱਚ ਇਹ ਗਲਤ ਕੰਮ ਹੈ।''
ਪੁਲਿਸ ਦੱਸਦੀ ਹੈ, ''ਸੋਨੂ ਪੰਜਾਬਣ ਤੇਜ਼-ਤਰਾਰ ਸੀ। ਚੰਗੇ ਕੱਪੜੇ ਪਹਿਨਦੀ ਸੀ। 2017 ਵਿੱਚ ਉਹ ਇੱਕ ਵਾਰ ਫਿਰ ਫੜੀ ਗਈ। ਪੁਲਿਸ ਵਾਲਿਆਂ ਨੂੰ ਪਤਾ ਸੀ ਕਿ ਰਾਜ਼ ਪਤਾ ਕਰਨਾ ਹੈ ਤਾਂ ਸੋਨੂ ਦੀ ਚੰਗੀ ਖਾਤਿਰਦਾਰੀ ਕਰਨੀ ਹੋਵੇਗੀ। ਲਿਹਾਜ਼ਾ ਉਸ ਲਈ ਰੈੱਡਬੁਲ ਡਰਿੰਕ, ਸੈਂਡਵਿਚ, ਬਰਗਰ ਅਤੇ ਪੀਜ਼ਾ ਲਿਆਂਦਾ ਜਾਂਦਾ ਸੀ।
ਇਹ ਵੀ ਪੜ੍ਹੋ:
ਸੋਨੂ ਨੇ ਇਸ ਗੱਲ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਗਾਇਬ ਹੋਈਆਂ ਨਾਬਾਲਗ ਲੜਕੀਆਂ ਨੂੰ ਜਾਣਦੀ ਸੀ, ਪਰ ਇਸ ਵਾਰ ਕਿਸਮਤ ਨੇ ਉਸਦਾ ਸਾਥ ਨਹੀਂ ਦਿੱਤਾ।''
ਸੋਨੂ ਪੰਜਾਬਣ ਅਨੈਤਿਕ ਵਪਾਰ ਰੋਕਥਾਮ ਕਾਨੂੰਨ ਤਹਿਤ 2007 ਵਿੱਚ ਪ੍ਰੀਤ ਵਿਹਾਰ ਵਿੱਚ ਫੜੀ ਗਈ ਸੀ, ਜ਼ਮਾਨਤ 'ਤੇ ਰਹਿਣ ਦੌਰਾਨ 2008 ਵਿੱਚ ਉਹ ਇੱਕ ਵਾਰ ਫਿਰ ਪੁਰਾਣੇ ਅਪਰਾਧ ਵਿੱਚ ਫੜੀ ਗਈ ਸੀ।
2011 ਵਿੱਚ ਜਿਸਮਫਰੋਸ਼ੀ ਦੇ ਕਾਰੋਬਾਰ ਵਿੱਚ ਇੱਕ ਵਾਰ ਹੋਰ ਫੜੇ ਜਾਣ ਦੇ ਬਾਅਦ ਉਸ ਖ਼ਿਲਾਫ਼ ਮਕੋਕਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਸੋਨੂ ਦੀ ਨਜ਼ਰ ਵਿੱਚ ਜਿਸਮਫਰੋਸ਼ੀ ਜਨ ਸੇਵਾ
ਸੋਨੂ ਪੰਜਾਬਣ 2019 ਵਿੱਚ ਪੈਰੋਲ 'ਤੇ ਰਿਹਾਅ ਹੋਈ। ਉਸ ਦੌਰਾਨ ਉਸਨੇ ਆਪਣੇ ਤਮਾਮ ਟੀਵੀ ਇੰਟਰਵਿਊਜ਼ ਵਿੱਚ ਕਿਹਾ ਸੀ ਕਿ ਪੁਲਿਸ ਉਸਨੂੰ ਪਰੇਸ਼ਾਨ ਕਰ ਰਹੀ ਹੈ। ਕਿਸੇ ਵੀ ਲੜਕੀ ਨੇ ਔਨ-ਰਿਕਾਰਡ ਇਹ ਨਹੀਂ ਕਿਹਾ ਕਿ ਉਹ ਦਲਾਲ ਹੈ।

ਤਸਵੀਰ ਸਰੋਤ, iStock
ਉਹ ਅਜਿਹੀਆਂ ਔਰਤਾਂ ਨੂੰ ਸਹਾਰਾ ਦੇ ਰਹੀ ਹੈ ਜੋ ਆਪਣੇ ਖ਼ਰਾਬ ਵਿਆਹਾਂ ਤੋਂ ਬਚਣ ਦਾ ਰਸਤਾ ਤਲਾਸ਼ ਰਹੀਆਂ ਹਨ। 2013 ਵਿੱਚ ਆਈ ਫ਼ਿਲਮ 'ਫੁਕਰੇ' ਅਤੇ 2017 ਵਿੱਚ ਆਈ 'ਫੁਕਰੇ ਰਿਟਰਨ' ਵਿੱਚ ਭੋਲੀ ਪੰਜਾਬਣ ਦਾ ਕਿਰਦਾਰ ਉਸ ਦੀ ਹੀ ਕਹਾਣੀ ਤੋਂ ਪ੍ਰੇਰਿਤ ਸੀ।
ਸੋਨੂ ਪੰਜਾਬਣ ਜਦੋਂ ਮਕੋਕਾ ਵਿੱਚ ਫਸੀ ਸੀ ਤਾਂ ਆਰਐੱਮ ਤੁਫੈਲ ਨੇ ਉਸਦਾ ਕੇਸ ਲੜਿਆ ਸੀ ਅਤੇ ਬਰੀ ਵੀ ਕਰਾਇਆ ਸੀ। 24 ਸਾਲ ਦੀ ਸਜ਼ਾ ਦਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਕਿਹਾ, ਇਹ ਕਾਫ਼ੀ ਲੰਬਾ ਸਮਾਂ ਹੈ। ਇਸ ਕੇਸ ਵਿੱਚ ਉਨ੍ਹਾਂ ਨੇ ਸੋਨੂ ਦੀ ਪੈਰਵੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਫੈਸਲੇ ਖ਼ਿਲਾਫ਼ ਅਪੀਲ ਦਾਇਰ ਕਰਨਗੇ।
'ਸੋਨੂ ਨੂੰ ਕਾਫ਼ੀ ਲੰਬੀ ਸਜ਼ਾ ਦਿੱਤੀ ਗਈ ਹੈ'
ਪੂਰਬੀ ਅਤੇ ਦੱਖਣੀ ਦਿੱਲੀ ਵਿੱਚ ਕਰੋੜਾਂ ਰੁਪਏ ਦਾ ਸੈਕਸ ਰੈਕੇਟ ਚਲਾਉਣ ਵਾਲੀ ਸੋਨੂ ਪੰਜਾਬਣ 2011 ਵਿੱਚ ਮਕੋਕਾ ਤਹਿਤ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ ਖ਼ਬਰਾਂ ਵਿੱਚ ਰਹੀ ਹੈ।
ਅਖ਼ਬਾਰਾਂ ਵਿੱਚ ਉਸ ਬਾਰੇ ਜੋ ਖ਼ਬਰਾਂ ਛਪੀਆਂ ਹਨ, ਉਨ੍ਹਾਂ ਮੁਤਾਬਿਕ ਉਸਦਾ ਲਾਈਫ ਸਟਾਈਲ ਆਲੀਸ਼ਾਨ ਰਿਹਾ ਹੈ। ਉਸਦੇ ਕਈ ਪ੍ਰੇਮੀ ਅਤੇ ਘੱਟ ਤੋਂ ਘੱਟ ਚਾਰ ਪਤੀ ਰਹੇ ਹਨ। ਸਾਰੇ ਗੈਂਗਸਟਰ ਰਹੇ ਹਨ। ਇਨ੍ਹਾਂ ਵਿੱਚੋਂ ਕਈ ਪੁਲਿਸ ਐਨਕਾਊਂਟਰ ਵਿੱਚ ਮਾਰੇ ਜਾ ਚੁੱਕੇ ਹਨ।
ਸੋਨੂ ਨੇ ਇਨ੍ਹਾਂ ਸਬੰਧਾਂ ਨੂੰ 'ਵਿਆਹ' ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸਦਾ ਕਹਿਣਾ ਸੀ ਕਿ ਪੁਲਿਸ ਨੇ ਹੀ ਉਸਦਾ ਨਾਂ 'ਸੋਨੂ ਪੰਜਾਬਣ' ਰੱਖ ਦਿੱਤਾ ਸੀ। ਬਚਪਨ ਵਿੱਚ ਮਾਂ-ਬਾਪ ਉਸਨੂੰ ਸੋਨੂ ਨਾਂ ਨਾਲ ਬੁਲਾਉਂਦੇ ਸਨ, ਜਦੋਂਕਿ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਆਪਣੇ ਪਤੀਆਂ ਵਿੱਚੋਂ ਇੱਕ ਹੇਮੰਤ ਉਰਫ਼ ਸੋਨੂ ਦਾ ਨਾਂ ਲੈ ਲਿਆ ਸੀ।
ਜਾਂਚ ਅਧਿਕਾਰੀ ਪੰਕਜ ਨੇਗੀ ਕਹਿੰਦੇ ਹਨ, ''ਸੋਨੂ ਦੇ ਫੋਨ ਵਿੱਚ ਇਨ੍ਹਾਂ ਲੋਕਾਂ ਨਾਲ ਉਸਦੀ ਤਸਵੀਰ ਹੈ। ਇਨ੍ਹਾਂ ਵਿੱਚ ਉਹ ਸੰਧੂਰ ਲਾ ਕੇ ਉਨ੍ਹਾਂ ਨਾਲ ਖੜ੍ਹੀ ਹੈ। ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਤੀ-ਪਤਨੀ ਹਨ।''
ਗੀਤਾ ਮੱਗੂ ਤੋਂ ਲੈ ਕੇ ਸੋਨੂ ਪੰਜਾਬਣ ਤੱਕ ਦਾ ਸਫ਼ਰ
ਸੋਨੂ ਪੰਜਾਬਣ 1981 ਵਿੱਚ ਗੀਤਾ ਕਾਲੋਨੀ ਵਿੱਚ ਪੈਦਾ ਹੋਈ ਸੀ। ਉਸਦਾ ਨਾਂ ਸੀ ਗੀਤਾ ਮੱਗੂ। ਉਸਦੇ ਦਾਦਾ ਪਾਕਿਸਤਾਨ ਤੋਂ ਇੱਕ ਸ਼ਰਨਾਰਥੀ ਦੇ ਤੌਰ 'ਤੇ ਆਏ ਸਨ ਅਤੇ ਰੋਹਤਕ ਵਿੱਚ ਵੱਸ ਗਏ ਸਨ।
ਉਸਦੇ ਪਿਤਾ ਓਮ ਪ੍ਰਕਾਸ਼ ਦਿੱਲੀ ਚਲੇ ਗਏ ਸਨ ਅਤੇ ਆਟੋ ਰਿਕਸ਼ਾ ਚਲਾਉਂਦੇ ਸਨ।

ਤਸਵੀਰ ਸਰੋਤ, Press Association
ਉਨ੍ਹਾਂ ਦਾ ਪਰਿਵਾਰ ਪੂਰਬੀ ਦਿੱਲੀ ਦੀ ਗੀਤਾ ਕਾਲੋਨੀ ਵਿੱਚ ਰਹਿਣ ਲੱਗਿਆ ਸੀ। ਸੋਨੂ ਦੇ ਤਿੰਨ ਭਰਾ-ਭੈਣ ਸਨ-ਇੱਕ ਵੱਡੀ ਭੈਣ ਅਤੇ ਦੋ ਭਰਾ।
ਸੋਨੂ ਦੀ ਵੱਡੀ ਭੈਣ ਬਾਲਾ ਦਾ ਵਿਆਹ ਸਤੀਸ਼ ਉਰਫ਼ ਬੌਬੀ ਨਾਲ ਹੋਇਆ ਸੀ। ਸਤੀਸ਼ ਅਤੇ ਉਸਦੇ ਛੋਟੇ ਭਾਈ ਵਿਜੇ ਨੇ ਉਸ ਸ਼ਖ਼ਸ ਦਾ ਕਤਲ ਕਰ ਦਿੱਤਾ ਸੀ ਜਿਸ ਨਾਲ ਉਨ੍ਹਾਂ ਦੀ ਭੈਣ ਨਿਸ਼ਾ ਦਾ ਪ੍ਰੇ਼ਮ ਪ੍ਰਸੰਗ ਸੀ। ਦੋਵੇਂ ਇਸ ਮਾਮਲੇ ਵਿੱਚ ਜੇਲ੍ਹ ਚਲੇ ਗਏ ਸਨ। ਪੈਰੋਲ 'ਤੇ ਰਿਆਹ ਹੋਣ ਦੇ ਬਾਅਦ 1996 ਵਿੱਚ ਗੀਤਾ ਨੇ ਵਿਜੇ ਨਾਲ ਵਿਆਹ ਕਰ ਲਿਆ ਸੀ।
2011 ਵਿੱਚੋਂ ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਦੇ ਘਰ ਗਈ ਤਾਂ ਮੈਂ ਪਹਾੜਾਂ ਦੇ ਅੱਗੇ ਖੜ੍ਹੇ ਵਿਜੇ ਦੀ ਇੱਕ ਤਸਵੀਰ ਦੇਖੀ। ਪ੍ਰੇਮ ਵਿੱਚ ਪੈ ਕੇ ਉਸਨੇ ਵਿਜੇ ਨਾਲ ਵਿਆਹ ਕਰ ਲਿਆ ਸੀ। ਉਸ ਵਕਤ ਉਸਦੀ ਉਮਰ ਸਿਰਫ਼ 15 ਸਾਲ ਸੀ। ਇਸਦੇ ਬਾਅਦ ਉਨ੍ਹਾਂ ਦਾ ਇੱਕ ਬੇਟਾ ਹੋਇਆ। ਜਦੋਂ ਮੈਂ ਉਨ੍ਹਾਂ ਦੇ ਘਰ ਗਈ ਸੀ ਤਾਂ ਉਨ੍ਹਾਂ ਦਾ ਬੇਟਾ ਨੌਂ ਸਾਲ ਦਾ ਸੀ।
ਉਸ ਵਕਤ ਉਹ ਆਪਣੀ ਮਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਟੁਆਏ ਕਾਰ ਲੈ ਕੇ ਆਉਣ ਵਾਲੀ ਸੀ। ਉਸਦੀ ਮਾਂ ਨੇ ਕਿਹਾ ਸੀ ਕਿ ਉਹ ਕਦੇ-ਕਦੇ ਜੇਲ੍ਹ ਤੋਂ ਫੋਨ ਕਰਦੀ ਹੈ। ਹੁਣ ਉਹ 17 ਸਾਲ ਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਬਾਰੇ ਜਾਣਦਾ ਹੈ।
ਸੋਨੂ ਦੇ ਪਰਿਵਾਰ ਨੇ ਇੱਕ ਬੇਟੀ ਵੀ ਗੋਦ ਲਈ ਸੀ, ਪਰ ਵਿਜੇ ਦੀ ਮੌਤ ਤੋਂ ਬਾਅਦ ਗੋਦ ਦੇਣ ਵਾਲਾ ਪਰਿਵਾਰ ਉਸਨੂੰ ਲੈ ਗਿਆ ਸੀ। ਵਿਆਹ ਦੇ ਸੱਤ ਸਾਲ ਬਾਅਦ ਵਿਜੇ ਦੀ ਮੌਤ ਹੋ ਗਈ ਸੀ।
ਸੋਨੂ ਪੰਜਾਬਣ ਦੇ ਪਿਤਾ 2003 ਵਿੱਚ ਗੁਜ਼ਰ ਗਏ ਸਨ। ਉਸਦੇ ਬਾਅਦ ਉਸਨੇ ਪ੍ਰੀਤ ਵਿਹਾਰ ਵਿੱਚ ਇੱਕ ਬਿਊਟੀਸ਼ੀਅਨ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਸੀ। ਉੱਥੇ ਉਹ ਆਪਣੀ ਇੱਕ ਸਹਿਕਰਮੀ ਨੀਤੂ ਨੂੰ ਮਿਲੀ ਸੀ ਜਿਸਨੇ ਉਸਨੂੰ ਜਿਸਮਫਰੋਸ਼ੀ ਦੇ ਕਾਰੋਬਾਰ ਤੋਂ ਜਾਣੂ ਕਰਾਇਆ।

ਤਸਵੀਰ ਸਰੋਤ, PTI
ਸ਼ੁਰੂ ਵਿੱਚ ਆਪਣੇ ਇਸ ਕਾਰੋਬਾਰ ਲਈ ਉਸਨੇ ਵਾਤਾਵਰਣ ਕੰਪਲੈਕਸ ਵਿੱਚ ਬੀ ਬਲਾਕ ਵਿੱਚ ਕਮਰਾ ਲਿਆ। ਫਿਰ ਫਰੀਡਮ ਫਾਈਟਰ ਕਾਲੋਨੀ, ਮਾਲਵੀਆ ਨਗਰ ਅਤੇ ਸ਼ਿਵਾਲਿਕ ਵਿੱਚ ਕਿਰਾਏ 'ਤੇ ਅਪਾਰਟਮੈਂਟ ਲਿਆ। ਦਿੱਲੀ ਦੇ ਸੈਦੁਲਾਜਾਬ ਦੇ ਅਨੁਪਮ ਐਨਕਲੇਵ ਵਿੱਚ ਉਸਨੇ ਇੱਕ ਅਪਾਰਟਮੈਂਟ ਖਰੀਦਿਆ।
ਪੁਲਿਸ ਨਾਲ ਆਪਣੀ ਗੱਲਬਾਤ ਦੌਰਾਨ ਸੋਨੂ ਪੰਜਾਬਣ ਨੇ ਉਨ੍ਹਾਂ ਦਲਾਲਾਂ ਦੇ ਨਾਂ ਲਏ ਸਨ ਜੋ ਅਲੱਗ-ਅਲੱਗ ਇਲਾਕਿਆਂ ਦੇ ਇੰਚਾਰਜ ਸਨ।
ਹਾਲਾਂਕਿ ਉਨ੍ਹਾਂ ਵਿੱਚ ਆਪਸ ਵਿੱਚ ਮੁਕਾਬਲੇਬਾਜ਼ੀ ਸੀ, ਪਰ ਉਹ ਮਿਲ ਕੇ ਕੰਮ ਕਰਦੇ ਸਨ। ਜਿਵੇਂ ਜੇਕਰ ਕਿਸੇ ਇਲਾਕੇ ਵਿੱਚ ਸੋਨੂ ਪੰਜਾਬਣ ਦਾ ਕੋਈ ਗਾਹਕ ਹੈ ਅਤੇ ਉਸਨੂੰ ਉੱਥੇ ਕੋਈ ਲੜਕੀ ਨਹੀਂ ਮਿਲ ਰਹੀ ਹੈ ਤਾਂ ਉਹ ਦੂਜਿਆਂ ਨੂੰ ਇਸਦਾ ਇੰਤਜ਼ਾਮ ਕਰਨ ਲਈ ਕਹਿੰਦੀ ਸੀ। ਬਾਕੀ ਦਲਾਲ ਵੀ ਜ਼ਰੂਰਤ ਪੈਣ 'ਤੇ ਅਜਿਹਾ ਹੀ ਕਰਦੇ ਸਨ।
ਉਨ੍ਹਾਂ ਦੀ ਕਾਰ ਰਾਤ ਨੂੰ ਸ਼ਹਿਰ ਵਿੱਚ 500 ਕਿਲੋਮੀਟਰ ਤੱਕ ਦੌੜਦੀ ਸੀ। ਇਹ ਗੱਡੀ ਲੜਕੀਆਂ ਨੂੰ ਆਪਣੀ ਲੋਕੇਸ਼ਨ ਤੋਂ ਬਿਠਾਉਂਦੀ ਅਤੇ 'ਕਲਾਇੰਟ ਸਰਵਿਸ' ਲਈ ਅਲੱਗ-ਅਲੱਗ ਥਾਵਾਂ 'ਤੇ ਛੱਡਦੀ।
ਸੋਨੂ ਉਨ੍ਹਾਂ ਲੜਕੀਆਂ ਲਈ ਸਭ ਤੋਂ ਜ਼ਿਆਦਾ ਮਾਰਜਿਨ ਲੈਂਦੀ ਸੀ, ਜਿਨ੍ਹਾਂ ਨੂੰ ਉਹ ਆਪਣੀ ਕੈਦ ਵਿੱਚ ਰੱਖਦੀ ਸੀ।
ਦਿੱਲੀ ਦੇ ਇੱਕ ਹੋਰ ਹਾਈ ਪ੍ਰੋਫਾਈਲ ਦਲਾਲ ਇੱਛਾਧਾਰੀ ਬਾਬਾ ਇਸ ਵਕਤ ਤਿਹਾੜ ਜੇਲ੍ਹ ਵਿੱਚ ਹਨ।
ਕਿਹਾ ਜਾਂਦਾ ਹੈ ਕਿ ਸੋਨੂ ਨੇ ਪੁਲਿਸ ਨੂੰ ਸੁਰਾਗ ਦੇ ਕੇ ਤੇਜ਼-ਤਰਾਰ ਆਪੇ ਬਣੇ ਇੱਛਾਧਾਰੀ ਬਾਬੇ ਨੂੰ ਫੜਾਇਆ ਸੀ।
ਅਜੇ ਅਧੂਰੀ ਹੈ ਸੋਨੂ ਦੀ ਕਹਾਣੀ
ਸੋਨੂ ਪੰਜਾਬਣ ਨੂੰ ਮੈਂ ਜਦੋਂ ਮਿਲੀ ਸੀ ਤਾਂ ਉਹ 31 ਸਾਲ ਦੀ ਸੀ, ਹੁਣ 40 ਸਾਲ ਦੀ ਹੋ ਚੁੱਕੀ ਹੈ। ਜੇਲ੍ਹ ਤੋਂ ਨਿਕਲਦੇ ਸਮੇਂ ਉਹ 64 ਸਾਲ ਦੀ ਹੋ ਚੁੱਕੀ ਹੋਵੇਗੀ।
ਕਿਸੇ ਨੂੰ ਸ਼ਾਇਦ ਹੀ ਉਹ ਯਾਦ ਰਹੇਗੀ। ਕੁਝ ਦਿਨਾਂ ਦੇ ਬਾਅਦ ਦੁਨੀਆ ਖ਼ੁਦ ਵਿੱਚ ਮਸ਼ਰੂਫ ਹੋ ਜਾਵੇਗੀ।

ਬਹਰਹਾਲ, ਜਦੋਂ ਤੱਕ ਉਹ ਆਪਣੀ ਗੱਲ ਨਹੀਂ ਕਹਿੰਦੀ ਉਦੋਂ ਤੱਕ ਉਹ ਕਹਾਣੀ ਮੁਕੰਮਲ ਨਹੀਂ ਬਣਦੀ। ਅਜੇ ਤੱਕ ਪੁਲਿਸ ਫਾਈਲ ਵਿੱਚ ਲਿਖੀਆਂ ਗੱਲਾਂ, ਉਸ ਬਾਰੇ ਸੁਣਾਈਆਂ ਜਾਣ ਵਾਲੀਆਂ ਘਟਨਾਵਾਂ, ਲੋਕਾਂ ਦੀਆਂ ਧਾਰਨਾਵਾਂ ਅਤੇ ਫ਼ੈਸਲੇ ਹੀ ਇਸ ਕਹਾਣੀ ਦਾ ਪਲਾਟ ਬਣੇ ਹੋਏ ਹਨ।
ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












