You’re viewing a text-only version of this website that uses less data. View the main version of the website including all images and videos.
ਬਾਲੀਵੁੱਡ ਵਿੱਚ ਪਰਿਵਾਰਵਾਦ ਬਾਰੇ ਸ਼ੁਰੂ ਹੋਈ ਬਹਿਸ ਕੀ ਫਿਲਮੀ ਹਸਤੀਆਂ ਦੀ ਆਪਸੀ ਲੜਾਈ ਬਣ ਕੇ ਰਹਿ ਗਈ ਹੈ
ਸੋਸ਼ਲ ਮੀਡੀਆ ਖ਼ਾਸ ਤੌਰ ਉੱਤੇ ਟਵਿੱਟਰ ’ਤੇ ਨੈਪੋਟਿਜ਼ਮ ਯਾਨਿ ਕਿ ਪਰਿਵਾਰਵਾਦ ਸ਼ਬਦ ਤੁਸੀਂ ਕਾਫੀ ਸੁਣਿਆ ਜਾਂ ਪੜ੍ਹਿਆ ਹੋਵੇਗਾ।
ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਇਸ ਸ਼ਬਦ ਦੀ ਚਰਚਾ ਲਗਾਤਾਰ ਬਣੀ ਹੋਈ ਹੈ।
ਹਿਮਾਚਲ ਦੀ ਕੁੜੀ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਨਿੱਜੀ ਟੀਵੀ ਚੈਨਲ ਅਤੇ ਵੈੱਬ ਚੈਨਲ ਨੂੰ ਹਾਲ ਹੀ ਵਿੱਚ ਦਿੱਤੇ ਇੰਟਰਵਿਊ ਦੌਰਾਨ ਵੀ ਬਾਲੀਵੁੱਡ ਵਿੱਚ ਪਰਿਵਾਰਵਾਦ ਅਤੇ ਬਾਹਰੀ ਹੋਣ ਦਾ ਮੁੱਦਾ ਚੁੱਕਿਆ।
ਇਹ ਵੀ ਪੜ੍ਹੋ:-
ਇਸ ਦੇ ਨਾਲ ਹੀ ਕੰਗਨਾ ਨੇ ਅਦਾਕਾਰਾ ਤਾਪਸੀ ਪੰਨੂ ਅਤੇ ਸਵਰਾ ਭਾਸਕਰ ਨੂੰ ‘ਬੀ ਗ੍ਰੇਡ ਅਦਾਕਾਰਾ’ ਕਰਾਰ ਦਿੱਤਾ।
ਇਸ ਸਭ ਦੇ ਬਾਅਦ ਤਾਂ ਕਈ ਨਾਮੀ ਚਿਹਰੇ ਇਸ ਲੜਾਈ ਵਿੱਚ ਸ਼ਾਮਿਲ ਹੋ ਗਏ।
ਕੰਗਨਾ ਦੇ ਬਿਆਨ ’ਤੇ ਤਾਪਸੀ ਪੰਨੂ ਤੇ ਸਵਰਾ ਭਾਸਕਰ ਦਾ ਜਵਾਬ
ਤਾਪਸੀ ਪੰਨੂ ਨੇ ਟਵੀਟ ਕੀਤਾ, “ਮੈਂ ਸੁਣਿਆ ਹੈ ਕਿ 12ਵੀਂ ਅਤੇ 10ਵੀਂ ਕਲਾਸ ਦੇ ਨਤੀਜੇ ਆਉਣ ਤੋਂ ਬਾਅਦ ਸਾਡੇ ਵੀ ਨਤੀਜੇ ਆ ਗਏ ਹਨ। ਸਾਡਾ ਗ੍ਰੇਡ ਸਿਸਟਮ ਵੀ ਅਧਿਕਾਰਤ ਹੈ? ਹੁਣ ਤੱਕ ਤਾਂ ਨੰਬਰ ਸਿਸਟਮ ’ਤੇ ਵੈਲਿਊ ਤੈਅ ਹੁੰਦੀ ਸੀ ਨਾ”
ਤਾਪਸੀ ਇੱਥੇ ਹੀ ਨਹੀਂ ਰੁਕੀ ਉਨ੍ਹਾਂ ਨੇ ਕਈ ਟਵੀਟ ਕੀਤੇ ਤੇ ਪੁੱਛਿਆ, “ਮੈਂ ਹੁਣ ਜ਼ਰਾ ਉਲਝਣ ’ਚ ਹਾਂ। ਕੀ ਮੇਰਾ ਵਜੂਦ ਪਰਿਵਾਰਵਾਦ ਕਾਰਨ ਹੈ ਜਾਂ ਉਸ (ਕੰਗਨਾ) ਕਾਰਨ, ਜਿਵੇਂ ਉਸ ਨੇ ਪਹਿਲਾਂ ਕਿਹਾ। ਮੈਨੂੰ ਸਪਸ਼ਟੀਕਰਨ ਚਾਹੀਦਾ ਹੈ ਕਿ ਮੈਂ ਕਿਸ ਲਈ ਧੰਨਵਾਦੀ ਹੋਵਾਂ। ਇੱਕ ਲੋੜਵੰਦ ਬਾਹਰੀ ਜਾਣਨਾ ਚਾਹੁੰਦੀ ਹੈ!”
ਸਵਰਾ ਭਾਸਕਰ ਨੇ ਵੀ ਇਸ ’ਤੇ ਪ੍ਰਤੀਕਰਮ ਦਿੱਤਾ। ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਹਰੇਕ ਵਿਅਕਤੀ ਮੰਨਦਾ ਹੈ ਕਿ ਬਾਲੀਵੁੱਡ ਵਿੱਚ ਪਰਿਵਾਰਵਾਦ ਹੈ।
ਚੇਤਨ ਭਗਤ ਕਿਉਂ ਕਰਨ ਲੱਗੇ ਟਰੈਂਡ
ਲੇਖਕ ਚੇਤਨ ਭਗਤ ਨੇ ਇੱਕ ਟਵੀਟ ਕਰਕੇ ਵੀ ਟਵਿੱਟਰ ’ਤੇ ਕਾਫੀ ਟਰੈਂਡ ਕੀਤੇ। ਉਨ੍ਹਾਂ ਨੇ ਕਿਹਾ ਕਿ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਰਿਲੀਜ਼ ਹੋਣ ਵਾਲੀ ਹੈ। ਇਸ ਕਰਕੇ ਆਲੋਚਕ ਸਮਝਦਾਰੀ ਨਾਲ ਹੀ ਲਿਖਣ ਤੇ ਕੋਈ ਚਲਾਕੀ ਨਾ ਦਿਖਾਉਣ।
ਜਿਸ ਤੋਂ ਬਾਅਦ ਫਿਲਮ ਪੱਤਰਕਾਰ ਅਨੁਪਮਾ ਚੋਪੜਾ ਨੇ ਨਰਾਜ਼ਗੀ ਜਤਾਈ ਤਾਂ ਚੇਤਨ ਭਗਤ ਨੇ ਇੱਕ ਮਸ਼ਹੂਰ ਪ੍ਰੋਡਿਊਸਰ ’ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾ ਦਿੱਤੇ।
ਉਨ੍ਹਾਂ ਅੱਗੇ ਬਾਲੀਵੁੱਡ ਵਿੱਚ ਗੁੱਟਬਾਜੀ ਬਾਰੇ ਟਵੀਟ ਕੀਤਾ, “ਘਮੰਡੀ ਈਲੀਟਿਸਟ ਈਕੋਸਿਸਟਮ ਆਲੋਚਕਾਂ ਦੇ ਵਟਸਐਪ ਗਰੁੱਪ ਹਨ। ਉਹ ਟਰਾਇਲ ਤੋਂ ਪਹਿਲਾਂ ਹੀ ਕਿਸੇ ਫਿਲਮ ਜਾਂ ਅਦਾਕਾਰ ਨੂੰ ਖ਼ਤਮ ਕਰਨ ਦਾ ਆਪਸੀ ਫੈਸਲਾ ਲੈਂਦੇ ਹਨ। ਕੋਈ ਵੀ ਉਨ੍ਹਾਂ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਸਮੂਹਿਕ ਤੌਰ 'ਤੇ ਤੁਹਾਨੂੰ ਬਾਹਰ ਸੁੱਟ ਦੇਣਗੇ। ਇਸ ਲਈ ਲੋਕ ਚੁੱਪ ਰਹਿੰਦੇ ਹਨ। ਬਾਲੀਵੁੱਡ ਦੇ ਕਈ ਨਿਰਮਾਤਾ ਅਤੇ ਨਿਰਦੇਸ਼ਕ ਇਸ ਦੀ ਪੁਸ਼ਟੀ ਕਰ ਦੇਣਗੇ।“
ਰਣਵੀਰ ਸ਼ੌਰੀ ਤੇ ਅਨੁਰਾਗ ਕਸ਼ਿਅਪ ਦਾ ਵਿਵਾਦ
ਬਾਲੀਵੁੱਡ ਸਿਤਾਰਿਆਂ ਦੀ ਇਹ ਜਨਤਕ ਬਹਿਸਬਾਜ਼ੀ ਇੱਥੇ ਹੀ ਨਹੀਂ ਰੁਕੀ। ਰਣਵੀਰ ਸ਼ੌਰੀ ਅਤੇ ਅਨੁਰਾਗ ਕਸ਼ਿਅਪ ਵੀ ਆਪਸ ਵਿੱਚ ਬਹਿਸ ਕਰਦੇ ਨਜ਼ਰ ਆਏ।
ਰਣਵੀਰ ਨੇ ਟਵੀਟ ਕੀਤਾ, “ਬਹੁਤ ਸਾਰੇ ਫ਼ਿਲਮ ਸਮਾਜ ਸੁਧਾਰਕ ਹੁਣ ਮੁੱਖਧਾਰਾ ਬਾਲੀਵੁੱਡ ਦੇ ਚਾਟੂਕਾਰ ਬਣ ਗਏ ਹਨ। ਇਹ ਉਹੀ ਲੋਕ ਹਨ ਜੋ 24/7 "ਸਿਸਟਮ" ਬਾਰੇ ਭੜਾਸ ਕੱਢਦੇ ਸਨ।”
ਹਾਲਾਂਕਿ ਰਣਵੀਰ ਨੇ ਕੋਈ ਨਾਮ ਲਈ ਲਿਆ ਪਰ ਇਸ ਬਿਆਨ ’ਤੇ ਅਨੁਰਾਗ ਕਸ਼ਿਅਪ ਨੇ ਨਾਰਾਜ਼ਗੀ ਜਤਾਈ।
ਬਾਅਦ ਵਿੱਚ ਇੱਕ ਟਵੀਟ ਦੇ ਜਵਾਬ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਫਿਲਮ ਪ੍ਰੋਡਿਊਸ ਕਰਨ ਲਈ ਕੋਈ ਧਰਮਾ, ਐਕਸਲ ਜਾਂ ਯਸ਼ ਰਾਜ ਫਿਲਮਜ਼ ਦਾ ਸਟੂਡੀਓ ਨਹੀਂ ਆਉਂਦਾ। ਖੁਦ ਨਵੀਂ ਕੰਪਨੀ ਬਣਾਉਣੀ ਪੈਂਦੀ ਹੈ, ਖੁਦ ਬਣਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕੰਗਨਾ ਰਨੌਤ ’ਤੇ ਵੀ ਨਿਸ਼ਾਨਾ ਸਾਧਿਆ।
ਬਾਲੀਵੁੱਡ ਵਿੱਚ ਪਰਿਵਾਰਵਾਦ ਦੀ ਚਰਚਾ ਹੁਣ ਅਦਾਕਾਰਾਂ ਦੇ ਨਿੱਜੀ ਝਗੜੇ ਨੂੰ ਸਾਹਮਣੇ ਲੈ ਆਈ ਹੈ ਉਹ ਵੀ ਜਨਤਕ ਤੌਰ ’ਤੇ।