ਕੋਰੋਨਾ: ਰੈਮਡੈਸੇਵੀਅਰ ਨਾਂ ਦੀ ਦਵਾਈ ਦੀ ਭਾਰਤ ਵਿੱਚ ਕਿੱਲਤ ਕਿਉਂ ਹੋ ਰਹੀ ਹੈ?

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੋਵਿਡ-19 ਦਾ ਇਲਾਜ ਪੂਰੀ ਦੁਨੀਆ ਵਿੱਚ ਨਹੀਂ ਹੈ, ਇਹ ਸਭ ਜਾਣਦੇ ਹਨ। ਭਾਰਤ ਸਰਕਾਰ ਨੇ ਐਮਰਜੈਂਸੀ ਅਤੇ ਸੀਮਤ ਵਰਤੋਂ ਲਈ ਕੁਝ ਦਵਾਈਆਂ ਨੂੰ ਇਜ਼ਾਜਤ ਦਿੱਤੀ ਹੈ। ਇਹ ਗੱਲ ਵੀ ਅਸੀਂ ਸਾਰੇ ਜਾਣਦੇ ਹਾਂ।

ਅਜਿਹੀਆਂ ਦਵਾਈਆਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਰੈਮਡੈਸੇਵੀਅਰ ਡਰੱਗ ਦਾ ਹੈ-ਸੰਭਵ ਹੈ ਕਿ ਇਹ ਗੱਲ ਵੀ ਤੁਹਾਨੂੰ ਪਤਾ ਹੋਵੇ।

ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਜੇਕਰ ਐਮਰਜੈਂਸੀ ਵਰਤੋਂ ਲਈ ਤੁਹਾਨੂੰ ਰੈਮਡੈਸੇਵੀਅਰ ਦਵਾਈ ਚਾਹੀਦੀ ਹੈ ਤਾਂ ਆਸਾਨੀ ਨਾਲ ਨਹੀਂ ਮਿਲ ਸਕਦੀ।

ਕੇਂਦਰ ਸਰਕਾਰ ਦੇ ਹਸਪਤਾਲ ਆਰਐੱਮਐੱਲ ਵਿੱਚ ਤਾਂ ਘੱਟ ਤੋਂ ਘੱਟ ਇਹ ਦਵਾਈ ਉਪਲੱਬਧ ਨਹੀਂ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਮੁੰਬਈ, ਕਰਨਾਟਕ, ਤਮਿਲਨਾਡੂ ਤੋਂ ਵੀ ਇਸ ਦਵਾਈ ਦੀ ਕਿੱਲਤ ਦੀਆਂ ਖ਼ਬਰਾਂ ਆ ਰਹੀਆਂ ਹਨ।

ਆਰਐੱਮਐੱਲ ਹਸਪਤਾਲ ਦੇ ਬਾਹਰ ਕਿਸੇ ਵੀ ਦਵਾਈ ਦੀ ਦੁਕਾਨ 'ਤੇ ਰੈਮਡੈਸੇਵੀਅਰ ਉਪਲੱਬਧ ਨਹੀਂ ਹੈ।

ਪਰ ਤੁਹਾਡੀ ਪਹੁੰਚ ਜੇਕਰ ਦਵਾਈ ਦੇ ਵੱਡੇ ਵਪਾਰੀਆਂ ਤੱਕ ਹੈ, ਤਾਂ ਤੁਹਾਨੂੰ ਇਹ ਦਵਾਈ ਮਿਲ ਸਕਦੀ ਹੈ, ਪਰ ਉਸ ਲਈ ਦਿੱਲੀ ਵਰਗੇ ਸ਼ਹਿਰ ਵਿੱਚ ਤੁਹਾਨੂੰ ਦੁੱਗਣੇ ਪੈਸੇ ਖਰਚ ਕਰਨੇ ਪੈ ਸਕਦੇ ਹਨ। ਹੁਣ ਤੱਕ ਤੁਸੀਂ ਜੋ ਪੜ੍ਹਿਆ ਇਹ ਖ਼ਬਰ ਘੱਟ ਅਤੇ ਆਪਬੀਤੀ ਜ਼ਿਆਦਾ ਹੈ।

ਇਹ ਆਪਬੀਤੀ ਇਸ ਖ਼ਬਰ ਦਾ ਅਸਲੀ ਸਰੋਤ ਹੈ। ਇਸੀ ਖ਼ਬਰ ਦੀ ਪੜਤਾਲ ਵਿੱਚ ਜੋ ਗੱਲਾਂ ਪਤਾ ਲੱਗੀਆਂ, ਕੋਰੋਨਾ ਦੇ ਦੌਰ ਵਿੱਚ ਉਹ ਜਾਣਨਾ ਤੁਹਾਡੇ ਲਈ ਵੀ ਸ਼ਾਇਦ ਜ਼ਰੂਰੀ ਹੈ।

ਦਿੱਲੀ ਦੇ ਕੋਵਿਡ ਹਸਪਤਾਲ ਦਾ ਹਾਲ

ਮੈਂ ਸ਼ੁਰੂਆਤ ਦਿੱਲੀ ਵਿੱਚ ਕੇਂਦਰ ਸਰਕਾਰ ਅਧੀਨ ਆਉਣ ਵਾਲੇ ਹਸਪਤਾਲ ਆਰਐੱਮਐੱਲ ਤੋਂ ਕੀਤੀ। ਆਪਣੇ ਜਾਣਕਾਰ ਦੇ ਕੋਵਿਡ-19 ਇਲਾਜ ਲਈ ਇਸੀ ਹਸਪਤਾਲ ਦੇ ਡਾਕਟਰ ਨੇ ਆਪਣੀ ਪਰਚੀ 'ਤੇ ਰੈਮਡੈਸੇਵੀਅਰ ਦਵਾਈ ਦਾ ਨਾਂ ਲਿਖਿਆ ਅਤੇ ਘਰਵਾਲਿਆਂ ਨੂੰ ਤੁਰੰਤ ਇਸਨੂੰ ਮੰਗਵਾਉਣ ਦਾ ਆਦੇਸ਼ ਦਿੱਤਾ।

ਘਰਵਾਲਿਆਂ ਨੇ ਜਦੋਂ ਹਸਪਤਾਲ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਸਟਾਕ ਵਿੱਚ ਉਹ ਦਵਾਈ ਹੈ ਹੀ ਨਹੀਂ, ਪਰਿਵਾਰ ਵਾਲੇ ਨਜ਼ਦੀਕੀ ਦਵਾਈਆਂ ਦੀਆਂ ਦੁਕਾਨਾਂ 'ਤੇ ਗਏ।

ਦੋ-ਚਾਰ ਦੁਕਾਨਾਂ 'ਤੇ ਜਦੋਂ ਖਾਲੀ ਹੱਥ ਪਰਤੇ ਤਾਂ ਉਨ੍ਹਾਂ ਨੇ ਵੱਡੇ ਅਤੇ ਥੋਕ ਦਵਾਈ ਵਿਕਰੇਤਾਵਾਂ ਨਾਲ ਸੰਪਰਕ ਕੀਤਾ, ਲਗਭਗ ਦੋ ਘੰਟੇ ਦੀ ਛਾਣ-ਬੀਣ ਦੇ ਬਾਅਦ ਗੱਲ ਬਣੀ, ਪਰ ਛੇ ਡੋਜ਼ ਦੀ ਜਗ੍ਹਾ ਸਿਰਫ਼ ਦੋ ਡੋਜ਼ ਹੀ ਮਿਲ ਸਕੀ ਅਤੇ ਉਹ ਵੀ ਦੁੱਗਣੀ ਕੀਮਤ 'ਤੇ।

ਭਾਰਤ ਵਿੱਚ ਰੈਮਡੈਸੇਵੀਅਰ ਦਵਾਈ 'ਕੋਵਿਫਾਰ' ਨਾਂ ਤੋਂ ਉਪਲੱਬਧ ਹੈ ਜੋ ਹੇਟੇਰੋ ਫਾਰਮਾ ਕੰਪਨੀ ਬਣਾਉਂਦੀ ਹੈ, ਇੱਕ ਹੋਰ ਕੰਪਨੀ ਸਿਪਲਾ ਨੂੰ ਇਸਨੂੰ ਬਣਾਉਣ ਦੀ ਇਜ਼ਾਜਤ ਮਿਲੀ ਹੈ।

ਕੰਪਨੀ ਮੁਤਾਬਿਕ ਇਸ ਦਵਾਈ ਦੇ ਇੱਕ ਡੋਜ਼ ਦੀ ਕੀਮਤ ਹੈ 5400 ਰੁਪਏ, ਪਰ ਦਿੱਲੀ ਵਿੱਚ ਇਹ ਕੱਲ੍ਹ ਤੱਕ ਮਿਲ ਰਹੀ ਸੀ 10,500 ਰੁਪਏ ਵਿੱਚ।

ਇੱਥੇ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਰੈਮਡੈਸੇਵੀਅਰ ਇੱਕ ਐਂਟੀਵਾਇਰਲ ਦਵਾਈ ਹੈ ਜਿਸਨੂੰ ਅਮਰੀਕਾ ਦੀ ਗਿਲਿਏਡ ਕੰਪਨੀ ਬਣਾਉਂਦੀ ਹੈ, ਉਨ੍ਹਾਂ ਕੋਲ ਇਸਦਾ ਪੇਟੈਂਟ ਵੀ ਹੈ।

ਭਾਰਤ ਵਿੱਚ ਇਸਨੂੰ ਐਮਰਜੈਂਸੀ ਵਿੱਚ ਸੀਮਤ ਇਲਾਜ ਵਿੱਚ ਵਰਤਣ ਦੀ ਇਜ਼ਾਜਤ ਮਿਲੀ ਹੈ।

ਭਾਰਤ ਵਿੱਚ ਫਾਰਮਾ ਕੰਪਨੀ ਹੇਟੇਰੋ ਨੂੰ ਇਸ ਦਵਾਈ ਨੂੰ 'ਕੋਵਿਫਾਰ' ਨਾਂ ਨਾਲ ਬਣਾਉਣ ਦੀ ਮਨਜ਼ੂਰੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਵੱਲੋਂ ਮਿਲੀ ਹੈ, ਅਜਿਹਾ ਉਨ੍ਹਾਂ ਦਾ ਦਾਅਵਾ ਹੈ।

ਹੇਟੇਰੋ, ਜੈਨਰਿਕ ਦਵਾਈ ਬਣਾਉਣ ਵਾਲੀ ਕੰਪਨੀ ਹੈ ਜੋ ਰੈਮਡੈਸੇਵੀਅਰ ਦਾ ਜੈਨਰਿਕ ਵਰਜਨ ਦਵਾਈ 'ਕੋਵਿਫਾਰ' ਭਾਰਤ ਵਿੱਚ 21 ਜੂਨ ਦੇ ਬਾਅਦ ਤੋਂ ਬਣਾ ਕੇ ਵੇਚ ਰਹੀ ਹੈ।

ਹੁਣ ਤੱਕ ਦੀ ਖ਼ਬਰ ਪੜ੍ਹ ਕੇ ਤੁਹਾਡੇ ਮਨ ਵਿੱਚ ਜ਼ਰੂਰ ਸਵਾਲ ਉੱਠ ਰਿਹਾ ਹੋਵੇਗਾ ਕਿ ਕੋਵਿਡ-19 ਦੇ ਐਮਰਜੈਂਸੀ ਇਲਾਜ ਵਿੱਚ ਵਰਤੀ ਜਾਣ ਵਾਲੀ ਦਵਾਈ ਕੋਵਿਡ-19 ਦੇ ਇਲਾਜ ਲਈ ਨਿਯੁਕਤ ਸਰਕਾਰੀ ਹਸਪਤਾਲ ਵਿੱਚ ਉਪਲੱਬਧ ਕਿਉਂ ਨਹੀਂ ਹੈ?

ਇਹ ਹੀ ਸਵਾਲ ਮੇਰੇ ਮਨ ਵਿੱਚ ਵੀ ਉੱਠਿਆ, ਇਸ ਲਈ ਮੈਂ ਆਰਐੱਮਐੱਲ ਨਾਲ ਸੰਪਰਕ ਕੀਤਾ।

ਤਿੰਨ ਅਲੱਗ-ਅਲੱਗ ਲੋਕਾਂ ਨੂੰ ਫੋਨ ਕਰਨ ਤੋਂ ਬਾਅਦ ਸਾਡੀ ਗੱਲ ਹੋਈ ਡਾਕਟਰ ਪਵਨ ਨਾਲ। ਡਾ. ਪਵਨ ਰੈਸਪਿਰੇਟਰੀ ਵਿਭਾਗ ਵਿੱਚ ਹਨ।

ਉਨ੍ਹਾਂ ਨੇ ਫੋਨ 'ਤੇ ਸਾਨੂੰ ਦੱਸਿਆ, ''ਫਿਲਹਾਲ ਅਸੀਂ ਇਸ ਦਵਾਈ ਨੂੰ ਕੋਵਿਡ-19 ਦੇ ਮਰੀਜ਼ਾਂ ਨੂੰ ਨਹੀਂ ਦੇ ਰਹੇ। ਕਈ ਥਾਵਾਂ 'ਤੇ ਇਸ ਦਵਾਈ ਦਾ ਟਰਾਇਲ ਚੱਲ ਰਿਹਾ ਹੈ। ਇਹ ਦਵਾਈ ਕੋਵਿਡ-19 ਦੇ ਇਲਾਜ ਲਈ ਕਿੰਨੀ ਕਾਰਗਰ ਹੈ, ਇਹ ਸਾਨੂੰ ਨਹੀਂ ਪਤਾ।

ਬਹੁਤ ਘੱਟ ਰੂਪ ਵਿੱਚ ਇਸ ਦਵਾਈ ਦੀ ਵਰਤੋਂ ਦਿੱਲੀ ਦੇ ਅੰਦਰ ਸ਼ੁਰੂ ਕੀਤੀ ਗਈ ਹੈ। ਕੁਝ ਪ੍ਰਾਈਵੇਟ ਹਸਪਤਾਲਾਂ ਨੇ ਇਸਦੀ ਵਰਤੋਂ ਸ਼ੁਰੂ ਜ਼ਰੂਰ ਕੀਤੀ ਹੈ। ਸਪਲਾਈ ਬਾਰੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਪਰ ਨਵੀਂ ਡਰੱਗ ਦੀ ਵਰਤੋਂ ਵਿੱਚ ਸ਼ੁਰੂਆਤ ਵਿੱਚ ਦਿੱਕਤ ਤਾਂ ਆਉਂਦੀ ਹੀ ਹੈ।''

ਇਹ ਪੁੱਛੇ ਜਾਣ 'ਤੇ ਕਿ ਕੀ ਆਰਐੱਮਐੱਲ ਹਸਪਤਾਲ ਵੱਲੋਂ 'ਕੋਵਿਫਾਰ' ਬਣਾਉਣ ਵਾਲੀ ਕੰਪਨੀ ਨੂੰ ਆਰਡਰ ਭੇਜੇ ਗਏ ਹਨ?

ਡਾ. ਪਵਨ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਕੰਪਨੀ ਨੂੰ ਸੰਪਰਕ ਨਹੀਂ ਕੀਤਾ ਹੈ।

ਫਿਲਹਾਲ ਆਰਐੱਮਐੱਲ ਵਿੱਚ ਦੂਜੀਆਂ ਦਵਾਈਆਂ ਹਨ ਜੋ ਐਮਰਜੈਂਸੀ ਵਿੱਚ ਮਰੀਜ਼ਾਂ 'ਤੇ ਵਰਤੀਆਂ ਜਾ ਰਹੀਆਂ ਹਨ।

ਪਰ ਸਾਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ ਕਿ ਫਿਰ ਆਰਐੱਮਐੱਲ ਦੇ ਦੂਜੇ ਡਾਕਟਰ ਨੇ ਮਰੀਜ਼ ਲਈ ਰੈਮਡੈਸੇਵੀਅਰ ਲਿਆਉਣ ਦੀ ਗੱਲ ਪਰਚੀ 'ਤੇ ਕਿਉਂ ਲਿਖੀ।

ਕਾਰਵਾਂ ਮੈਗਜ਼ੀਨ ਦੀ ਰਿਪੋਰਟ ਮੁਤਾਬਿਕ ਮੁੰਬਈ ਵਿੱਚ ਵੀ ਇਸ ਦਵਾਈ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਇਕਨੌਮਿਕ ਟਾਈਮਜ਼ ਦੀ ਇੱਕ ਹੋਰ ਰਿਪੋਰਟ ਮੁਤਾਬਿਕ ਮੁੰਬਈ ਵਿੱਚ ਇਹ ਦਵਾਈ ਸ਼ਾਰਟ ਸਪਲਾਈ ਵਿੱਚ ਹੈ।

ਦਵਾਈ ਦੇ ਥੋਕ ਵਪਾਰੀ

ਆਰਐੱਮਐੱਲ ਦਾ ਪੱਖ ਸੁਣਨ ਤੋਂ ਬਾਅਦ ਅਸੀਂ ਸੋਚਿਆ ਕਿ ਇਹ ਪਤਾ ਲਗਾਈਏ ਕਿ ਆਖਿਰ ਇਹ ਦਵਾਈ ਮਿਲਦੀ ਕਿੱਥੋਂ ਅਤੇ ਕਿਵੇਂ ਹੈ?

ਦਿੱਲੀ ਦੇ ਭਾਗੀਰਥ ਪੈਲੇਸ ਵਿੱਚ ਦਵਾਈਆਂ ਦਾ ਥੋਕ ਵਿੱਚ ਕੰਮ ਹੁੰਦਾ ਹੈ।

ਅਸੀਂ ਗੱਲ ਕੀਤੀ ਦਿੱਲੀ ਡਰੱਗ ਟਰੇਡਰ ਐਸੋਸੀਏਸ਼ਨ ਦੇ ਸਕੱਤਰ ਆਸ਼ੀਸ਼ ਗਰੋਵਰ ਨਾਲ। ਆਸ਼ੀਸ਼ ਨੇ ਦੱਸਿਆ ਕਿ ਇਹ ਦਵਾਈਆਂ ਤੁਹਾਨੂੰ ਕਿਸੇ ਮੈਡੀਕਲ ਸਟੋਰ 'ਤੇ ਨਹੀਂ ਮਿਲਣਗੀਆਂ।

ਉਨ੍ਹਾਂ ਅਨੁਸਾਰ ਇਸ ਦਵਾਈ ਲਈ ਨਿਯਮ ਸਖ਼ਤ ਹਨ। ਇਸ ਲਈ ਤੁਹਾਨੂੰ ਡਾਕਟਰ ਦਾ ਲਿਖਿਆ ਹੋਇਆ ਪਰਚਾ ਚਾਹੀਦਾ ਹੈ ਅਤੇ ਨਾਲ ਹੀ ਮਰੀਜ਼ ਦਾ ਆਧਾਰ ਕਾਰਡ ਲਗਾਉਣ ਦੀ ਜ਼ਰੂਰਤ ਪੈਂਦੀ ਹੈ। ਇਹ ਸਾਰਾ ਕੁਝ ਹਸਪਤਾਲ ਦੇ ਲੈਟਰ ਹੈੱਡ 'ਤੇ ਲਿਖਿਆ ਹੋਇਆ ਹੋਵੇ ਤਾਂ ਕੰਪਨੀ ਦੀ ਸਾਈਟ 'ਤੇ ਅਪਲੋਡ ਕਰ ਦਿਓ। ਤਾਂ ਇਹ ਦਵਾਈ ਤੁਹਾਨੂੰ ਹਸਪਤਾਲ ਦੇ ਸਕੇਗਾ।

ਇਹ ਦਵਾਈ ਕੰਪਨੀ ਸਿੱਧੀ ਹਸਪਤਾਲ ਨੂੰ ਹੀ ਸਪਲਾਈ ਕਰਦੀ ਹੈ, ਇਸ ਲਈ ਬਾਜ਼ਾਰ ਵਿੱਚ ਤੁਹਾਨੂੰ ਖੁੱਲ੍ਹੇ ਵਿੱਚ ਨਹੀਂ ਮਿਲੇਗੀ। ਦਵਾਈ ਬਾਰੇ ਜਾਣਕਾਰੀ ਹਾਸਲ ਕਰਦੇ ਸਮੇਂ ਸਾਨੂੰ ਟਵਿੱਟਰ 'ਤੇ ਇਸ ਤਰ੍ਹਾਂ ਦੇ ਕਈ ਲੋਕਾਂ ਦੇ ਪੋਸਟ ਮਿਲੇ ਜੋ ਇਹ ਜਾਣਕਾਰੀ ਖੋਜ ਰਹੇ ਸਨ।

ਹਾਲਾਂਕਿ ਆਸ਼ੀਸ਼ ਨੇ ਮੰਨਿਆ ਕਿ ਦਵਾਈ ਭਾਰਤ ਵਿੱਚ ਸ਼ਾਰਟ ਸਪਲਾਈ ਵਿੱਚ ਹੈ। ਮਾਰਕੀਟ ਵਿੱਚ ਇਸਦੀ ਕੀਮਤ ਦੁੱਗਣੀ ਹੋ ਗਈ ਹੈ ਅਤੇ ਇਸ ਲਈ ਕੰਪਨੀ ਨੇ ਅਜਿਹੀ ਵਿਵਸਥਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਸ ਬਾਰੇ ਉਨ੍ਹਾਂ ਨੇ ਕੰਪਨੀ ਨੂੰ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਇਹ ਪ੍ਰਕਿਰਿਆ ਦੱਸੀ ਹੈ। ਉਹ ਆਪਣੇ ਇੱਥੇ ਆਉਣ ਵਾਲੇ ਹਰ ਮਰੀਜ਼ ਦੇ ਰਿਸ਼ਤੇਦਾਰ ਨੂੰ ਇਹੀ ਸਲਾਹ ਦਿੰਦੇ ਹਨ।

ਆਸ਼ੀਸ਼ ਨੇ ਇੱਕ ਹੋਰ ਮਹੱਤਵਪੂਰਨ ਗੱਲ ਦੱਸੀ। ਉਨ੍ਹਾਂ ਮੁਤਾਬਿਕ ਪਹਿਲਾਂ ਰੈਮਡੈਸੇਵੀਅਰ ਦਵਾਈ ਭਾਰਤ ਵਿੱਚ ਬੰਗਲਾਦੇਸ਼ ਤੋਂ ਵੀ ਆ ਰਹੀ ਸੀ। ਉਸ ਵਕਤ ਅਜਿਹੀ ਕੋਈ ਦਿੱਕਤ ਨਹੀਂ ਸੀ, ਪਰ ਭਾਰਤ ਵਿੱਚ ਹੁਣ ਉਹ ਮਾਲ ਆਉਣਾ ਬੰਦ ਹੋ ਗਿਆ ਹੈ। ਹੁਣ ਇੱਥੇ ਕੰਪਨੀ ਇਹ ਦਵਾਈ ਬਣਾ ਰਹੀ ਹੈ। ਜ਼ਿਆਦਾ ਜਾਣਕਾਰੀ ਕੰਪਨੀ ਤੋਂ ਮੰਗਣ ਦੀ ਸਲਾਹ ਦੇ ਕੇ ਆਸ਼ੀਸ਼ ਨੇ ਆਪਣੀ ਗੱਲ ਖਤਮ ਕੀਤੀ।

ਹੇਟੇਰੋ ਕੰਪਨੀ ਦਾ ਪੱਖ

ਆਸ਼ੀਸ ਦੇ ਸੁਝਾਅ 'ਤੇ ਅਮਲ ਕਰਦੇ ਹੋਏ ਅਸੀਂ ਭਾਰਤ ਵਿੱਚ ਰੈਮਡੈਸੇਵੀਅਰ ਬਣਾਉਣ ਵਾਲੀ ਕੰਪਨੀ ਹੇਟੇਰੋ ਨਾਲ ਸੰਪਰਕ ਕੀਤਾ। ਭਾਰਤ ਵਿੱਚ ਹੁਣ ਇਹ ਦਵਾਈ ਕੋਵਿਫਾਰ ਦੇ ਨਾਂ 'ਤੇ ਵਿਕ ਰਹੀ ਹੈ।

ਹੇਟੇਰੋ ਕੰਪਨੀ ਦੇ ਪਬਲਿਕ ਰਿਲੇਸ਼ਨ ਵਿਭਾਗ ਨੇ ਬੀਬੀਸੀ ਦੇ ਸਵਾਲ ਦਾ ਜਵਾਬ ਈ-ਮੇਲ ਜ਼ਰੀਏ ਦਿੱਤਾ ਹੈ।

ਈ-ਮੇਲ ਇੰਟਰਵਿਊ ਵਿੱਚ ਕੰਪਨੀ ਦੇ ਕਾਰਪੋਰੇਟ ਕਮਿਊਨੀਕੇਸ਼ਨ ਹੈੱਡ ਜੈ ਸਿੰਘ ਬਾਲਾਕ੍ਰਿਸ਼ਨਨ ਨੇ ਲਿਖਿਆ ਹੈ-''ਦਵਾਈ ਬਾਜ਼ਾਰ ਵਿੱਚ ਦੁੱਗਣੀ ਕੀਮਤ 'ਤੇ ਮਿਲ ਰਹੀ ਹੈ ਅਤੇ ਦਵਾਈ ਦੀ ਸਪਲਾਈ ਵਿੱਚ ਕਮੀ ਹੈ-ਇਨ੍ਹਾਂ ਦੋਵੇਂ ਸਵਾਲਾਂ 'ਤੇ ਕੰਪਨੀ ਕੋਈ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦੀ।''

ਕੀ ਉਨ੍ਹਾਂ ਦੀ ਦਵਾਈ ਮੈਡੀਕਲ ਸਟੋਰ 'ਤੇ ਵੀ ਮਿਲ ਸਕਦੀ ਹੈ? ਇਸ ਸਵਾਲ ਦੇ ਜਵਾਬ ਵਿੱਚ ਬਾਲਾਕ੍ਰਿਸ਼ਨਨ ਨੇ ਲਿਖਿਆ ਕਿ ਫਿਲਹਾਲ ਇਹ ਦਵਾਈ ਕੰਪਨੀ ਸਿੱਧੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਮੁਹੱਈਆ ਕਰਵਾ ਰਹੀ ਹੈ।

ਕੇਂਦਰ ਸਰਕਾਰ ਦੇ ਆਦੇਸ਼ ਅਨੁਸਾਰ ਇਹ ਡਰੱਗ ਰਿਟੇਲ ਵਿੱਚ ਨਹੀਂ ਵੇਚੀ ਜਾ ਸਕਦੀ।

ਕੰਪਨੀ ਨੇ ਆਪਣੇ ਜਵਾਬ ਵਿੱਚ ਇਹ ਵੀ ਦੱਸਿਆ ਹੈ ਕਿ ਕੋਰੋਨਾ ਦੇ ਗੰਭੀਰ ਕੈਟੇਗਰੀ ਦੇ ਮਰੀਜ਼ਾਂ ਵਿੱਚ ਹੀ ਇਸਦੀ ਵਰਤੋਂ ਕ੍ਰਿਟਿਕਲ ਕੇਅਰ ਸੈਟਿੰਗ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਦੀ ਨਿਗਰਾਨੀ ਵਿੱਚ ਸਿਰਫ਼ ਹਸਪਤਾਲਾਂ ਵਿੱਚ ਹੀ ਕੀਤੀ ਜਾ ਸਕਦੀ ਹੈ। ਜੂਨ ਦੇ ਆਖਰੀ

ਹਫ਼ਤੇ ਵਿੱਚ ਕੰਪਨੀ ਨੂੰ ਇਸਨੂੰ ਬਣਾਉਣ ਦੀ ਇਜ਼ਾਜਤ ਮਿਲੀ। ਕੰਪਨੀ 20,000 ਵਾਇਲ (ਡੋਜ਼) ਜਲਦੀ ਤੋਂ ਜਲਦੀ ਉਪਲੱਬਧ ਕਰਵਾ ਰਹੀ ਹੈ, 10,000 ਡੋਜ਼ ਦੀ ਪਹਿਲੀ ਖੇਪ ਦਿੱਲੀ, ਹੈਦਰਾਬਾਦ, ਮਹਾਰਾਸ਼ਟਰ, ਤਮਿਲ ਨਾਡੂ, ਗੁਜਰਾਤ ਭੇਜੀ ਗਈ ਹੈ ਅਤੇ ਦੂਜੀ ਖੇਪ ਕੋਲਕਾਤਾ, ਲਖਨਊ, ਭੂਪਾਲ, ਇੰਦੌਰ ਵਰਗੇ ਸ਼ਹਿਰਾਂ ਲਈ ਤਿਆਰ ਕੀਤੀ ਜਾ ਰਹੀ ਹੈ।

ਦਵਾਈ ਦਾ ਬੰਗਲਾਦੇਸ਼ ਕਨੈਕਸ਼ਨ

ਰੈਮਡੈਸੇਵੀਅਰ ਦਵਾਈ ਅਮਰੀਕੀ ਕੰਪਨੀ ਗਿਲਿਏਡ ਬਣਾਉਂਦੀ ਹੈ ਅਤੇ ਉਸੀ ਕੋਲ ਇਸਦਾ ਪੇਟੈਂਟ ਹੈ। ਹੇਟੇਰੋ ਕੰਪਨੀ ਦਾ ਦਾਅਵਾ ਹੈ ਕਿ ਉਸਨੇ ਗਿਲਿਏਡ ਨਾਲ ਕਰਾਰ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਭਾਰਤ ਲਈ ਇਸਨੂੰ ਬਣਾਉਣ ਦੀ ਇਜ਼ਾਜਤ ਮਿਲੀ ਹੈ, ਪਰ ਭਾਰਤ ਸਰਕਾਰ ਦੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਬੰਗਲਾਦੇਸ਼ ਤੋਂ ਇਸਦੇ ਆਯਾਤ 'ਤੇ ਰੋਕ ਲਗਾ ਰੱਖੀ ਹੈ।

ਦਵਾਈ ਕੰਪਨੀਆਂ ਮੁਤਾਬਿਕ ਗਿਲਿਏਡ ਨੇ ਬੰਗਲਾਦੇਸ਼ ਨਾਲ ਇਸ ਬਾਰੇ ਕੋਈ ਅਧਿਕਾਰਤ ਕਰਾਰ ਨਹੀਂ ਕੀਤਾ ਹੈ, ਇਸ ਲਈ ਭਾਰਤ ਸਰਕਾਰ ਕੋਈ ਜੋਖਿਮ ਮੁੱਲ ਨਹੀਂ ਲੈਣਾ ਚਾਹੁੰਦੀ।

ਅਮਰੀਕਾ ਨੇ ਖਰੀਦ ਲਈ ਪੂਰੀ ਦਵਾਈ

ਬੀਬੀਸੀ ਦੀ ਇੱਕ ਰਿਪੋਰਟ ਮੁਤਾਬਿਕ ਅਗਲੇ ਤਿੰਨ ਮਹੀਨੇ ਤੱਕ ਗਿਲਿਏਡ ਕੰਪਨੀ ਜਿੰਨੀ ਮਾਤਰਾ ਵਿੱਚ ਰੈਮਡੈਸੇਵੀਅਰ ਦਵਾਈ ਬਣਾਉਣ ਜਾ ਰਹੀ ਹੈ, ਉਹ ਸਾਰੀ ਅਮਰੀਕਾ ਨੇ ਪਹਿਲਾਂ ਹੀ ਖਰੀਦ ਲਈ ਹੈ।

ਮੰਗਲਵਾਰ ਨੂੰ ਇਸਦਾ ਐਲਾਨ ਕਰਦੇ ਹੋਏ ਅਮਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਇਸ ਦਵਾਈ ਦੇ ਪੰਜ ਲੱਖ ਡੋਜ਼ ਅਮਰੀਕੀ ਹਸਪਤਾਲ ਲਈ ਖਰੀਦਣ ਦਾ ਫੈਸਲਾ ਲਿਆ ਗਿਆ ਹੈ।

ਫਿਲਹਾਲ ਕੋਰੋਨਾ ਦੀ ਇਹ ਦਵਾਈ ਤਾਂ ਨਹੀਂ ਹੈ, ਪਰ ਜਾਂਚ ਵਿੱਚ ਦੇਖਿਆ ਗਿਆ ਹੈ ਕਿ ਇਸਦੀ ਵਰਤੋਂ ਨਾਲ ਮਰੀਜ਼ਾਂ ਵਿੱਚ ਰਿਕਵਰੀ ਟਾਈਮ ਵਿੱਚ ਕਮੀ ਆ ਸਕਦੀ ਹੈ। ਅਮਰੀਕਾ ਦੇ ਬਾਹਰ ਦੁਨੀਆ ਵਿੱਚ ਸਿਰਫ਼ ਨੌਂ ਕੰਪਨੀਆਂ ਕੋਲ ਹੀ ਇਸਨੂੰ ਬਣਾਉਣ ਅਤੇ ਵੇਚਣ ਦਾ ਅਧਿਕਾਰ ਹੈ। ਇਸ ਡਰੱਗ ਦੀ ਘੱਟ ਸਪਲਾਈ ਹੋਣ ਦੀ ਇਹ ਇੱਕ ਵੱਡੀ ਵਜ੍ਹਾ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)