ਚੀਨ-ਭਾਰਤ ਵਿਵਾਦ : ਪ੍ਰਚਾਰ ਕਦੇ ਵੀ ਮਜ਼ਬੂਤ ਲੀਡਰਸ਼ਿਪ ਦਾ ਬਦਲ ਨਹੀਂ ਹੋ ਸਕਦਾ- ਮਨਮੋਹਨ ਸਿੰਘ ਦੀ ਮੋਦੀ ਨੂੰ ਨਸੀਹਤ

"ਪ੍ਰਧਾਨ ਮੰਤਰੀ ਨੂੰ ਆਪਣੇ ਬਚਨਾਂ ਅਤੇ ਐਲਾਨਾਂ ਰਾਹੀਂ ਦੇਸ਼ ਦੇ ਸੁਰੱਖਿਆ ਅਤੇ ਰਣਨੀਤਕ ਹਿੱਤਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਹਮੇਸ਼ਾਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ।"

ਇਹ ਸ਼ਬਦ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਹਨ ਜੋ ਉਨ੍ਹਾਂ ਨੇ ਭਾਰਤ-ਚੀਨ ਦੇ ਚੱਲ ਰਹੇ ਵਿਵਾਦ ਬਾਰੇ ਬੋਲੇ ਹਨ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਸਰਬ ਪਾਰਟੀ ਬੈਠਕ ਬੁਲਾਈ ਸੀ ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂ ਆਨਲਾਈਨ ਸ਼ਾਮਲ ਹੋਏ ਸਨ।

ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ "ਕੋਈ ਵੀ ਸਾਡੇ ਖੇਤਰ ਵਿੱਚ ਦਾਖ਼ਲ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਨੇ ਜ਼ਮੀਨ 'ਤੇ ਕਬਜ਼ਾ ਕੀਤਾ ਹੈ।"

ਪ੍ਰਧਾਨ ਮੰਤਰੀ ਨੇ ਇਸ ਬਿਆਨ ਤੋਂ ਬਾਅਦ ਨਵੀਂ ਚਰਚਾ ਛਿੜ ਗਈ ਸੀ ਕਿ ਫਿਰ ਭਾਰਤ ਦੇ 20 ਫੌਜੀ ਚੀਨ ਨਾਲ ਕਿਸ ਝਗੜੇ ਤਹਿਤ ਕਿਹੜੀ ਜ਼ਮੀਨ ਉੱਤੇ ਮਾਰੇ ਗਏ।

ਜੇ ਭਾਰਤ ਦੀ ਜ਼ਮੀਨ ਉੱਤੇ ਕੋਈ ਆਇਆ ਹੀ ਨਹੀਂ ਤਾਂ ਫਿਰ ਝਗੜਾ ਕਿਸ ਗੱਲ ਦਾ ਸੀ। ਵਿਰੋਧੀ ਪਾਰਟੀਆਂ ਨੇ ਖ਼ਾਸ ਤੌਰ 'ਤੇ ਇਸ ਬਿਆਨ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਦਾ ਫਾਇਦਾ ਚੀਨ ਨੂੰ ਮਿਲ ਰਿਹਾ ਹੈ।

ਚੀਨ ਵਲੋਂ ਵੀ ਬਿਆਨ ਆਏ ਤੇ ਸਰਕਾਰੀ ਮੀਡੀਆ ਨੇ ਵੀ ਇਸ ਬਿਆਨ ਨੂੰ ਆਪਣੇ ਹਿਸਾਬ ਨਾਲ ਵਰਤਿਆ।

ਕਿਹਾ ਗਿਆ ਕਿ ਪ੍ਰਧਾਨਮੰਤਰੀ ਨੇ ਕਹਿ ਦਿੱਤਾ ਹੈ ਕਿ ਸਾਡੇ ਖੇਤਰ ਵਿਚ ਕੋਈ ਨਹੀਂ ਆਇਆ, ਮਤਲਬ ਫ਼ਿਲਹਾਲ ਜਿਹੜੇ ਖ਼ੇਤਰ 'ਤੇ ਅਸੀਂ ਮੌਜੂਦ ਹਾਂ, ਉਹ ਖੇਤਰ ਚੀਨ ਦਾ ਹੈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇਕ ਸਪੱਸ਼ਟੀਕਰਨ ਵੀ ਦਿੱਤਾ।

ਸਪੱਸ਼ਟੀਕਰਨ ਇਹ ਸੀ ਕਿ ਜਦੋਂ ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਐੱਲਏਸੀ ਦੇ ਭਾਰਤ ਵਾਲੇ ਪਾਸੇ ਚੀਨ ਦੀ ਕੋਈ ਵੀ ਮੌਜੂਦਗੀ ਨਹੀਂ ਹੈ ਤਾਂ ਉਨ੍ਹਾਂ ਦਾ ਮਤਲਬ ਇਹ ਸੀ ਕਿ ਜਦੋਂ ਭਾਰਤੀ ਫੌਜੀਆਂ ਨੇ ਆਪਣੀ ਬਹਾਦੁਰੀ ਦਿਖਾਈ, ਉਸ ਤੋਂ ਬਾਅਦ ਇਹ ਹੋਇਆ।

ਨਾਲ ਹੀ ਕਿਹਾ ਗਿਆ ਕਿ ਭਾਰਤੀ ਫੌਜੀਆਂ ਨੇ ਚੀਨ ਦੀ ਉਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ,ਜਿਸ ਦੇ ਤਹਿਤ ਉਹ ਭਾਰਤ ਵਾਲੇ ਪਾਸੇ ਕੁਝ ਉਸਾਰੀ ਕਰਨਾ ਚਾਹ ਰਹੇ ਸਨ।

ਇਹ ਵੀ ਪੜ੍ਹੋ

ਡਾ. ਮਨਮੋਹਨ ਸਿੰਘ ਨੇ ਕਿਹਾ, ''ਅੱਜ ਅਸੀਂ ਇਤਿਹਾਸ ਦੇ ਇਕ ਨਾਜ਼ੁਕ ਮੋੜ 'ਤੇ ਖੜੇ ਹਾਂ। ਸਾਡੀ ਸਰਕਾਰ ਦਾ ਫੈਸਲਾ ਅਤੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਅਧਾਰ ਉੱਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਡਾ ਮੁਲਾਂਕਣ ਕਰਨਗੀਆਂ।''

ਉਨ੍ਹਾਂ ਕਿਹਾ, "ਜਿਹੜੇ ਦੇਸ਼ ਦੀ ਅਗਵਾਈ ਕਰ ਰਹੇ ਹਨ ਉਨ੍ਹਾਂ ਦੇ ਮੋਢਿਆਂ 'ਤੇ ਸਾਰੀ ਜ਼ਿੰਮੇਵਾਰੀ ਹੈ। ਸਾਡੇ ਲੋਕਤੰਤਰ ਵਿੱਚ, ਇਹ ਜ਼ਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ। ਪ੍ਰਧਾਨ ਮੰਤਰੀ ਨੂੰ ਆਪਣੇ ਬਚਨਾਂ ਅਤੇ ਐਲਾਨਾਂ ਰਾਹੀਂ ਦੇਸ਼ ਦੇ ਸੁਰੱਖਿਆ ਅਤੇ ਰਣਨੀਤਕ ਹਿੱਤਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਹਮੇਸ਼ਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ।''

ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ ਜਿਸ ਨਾਲ ਚੀਨ ਦੀ ਸਾਜ਼ਿਸ਼ ਵਾਲੀ ਨੀਤੀ ਨੂੰ ਬਲ ਮਿਲੇ। ਸਰਕਾਰ ਦੇ ਸਾਰੇ ਅੰਗਾਂ ਨੂੰ ਇਕਜੁੱਟ ਹੋ ਕੇ ਇਸ ਖ਼ਤਰੇ ਦਾ ਸਾਹਮਣਾ ਕਰਨ ਅਤੇ ਹਾਲਾਤ ਨੂੰ ਗੰਭੀਰ ਹੋਣ ਤੋਂ ਰੋਕਣ ਵੱਲ ਕੰਮ ਕਰਨਾ ਚਾਹੀਦਾ ਹੈ।''

ਡਾ. ਮਨਮੋਹਨ ਸਿੰਘ ਨੇ ਅੱਗੇ ਕਿਹਾ, ''ਅਸੀਂ ਸਰਕਾਰ ਨੂੰ ਅਗਾਹ ਕਰਦੇ ਹਾਂ ਕਿ ਗੁੰਮਰਾਹਕੁਨ ਪ੍ਰਚਾਰ ਕਦੇ ਵੀ ਕੂਟਨੀਤੀ ਅਤੇ ਮਜ਼ਬੂਤ ਲੀਡਰਸ਼ਿਪ ਦਾ ਬਦਲ ਨਹੀਂ ਹੋ ਸਕਦਾ। ਜੀ ਹਜ਼ੂਰੀ ਕਰਨ ਵਾਲੇ ਸਹਿਯੋਗੀਆਂ ਦੁਆਰਾ ਝੂਠ ਦੇ ਪ੍ਰਚਾਰ ਨਾਲ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ।''

ਉਨ੍ਹਾਂ ਅੱਗੇ ਕਿਹਾ, ''ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਵਕਤ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਫੌਜੀਆਂ ਦੀਆਂ ਕੁਰਬਾਨੀਆਂ ਦੀ ਕਸਵਟੀ ਉੱਤੇ ਖਰਾ ਉਤਰਨ ਜਿਨ੍ਹਾਂ ਨੇ ਕੌਮੀ ਸੁਰੱਖਿਆ ਤੇ ਦੇਸ ਦੀ ਅਖੰਡਤਾ ਲਈ ਆਪਣੀ ਕੁਰਬਾਨੀ ਦੇ ਦਿੱਤੀ ਹੈ।''

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)