ਕੋਰੋਨਾਵਾਇਰਸ ਲੌਕਡਾਊਨ : ਕੋਲਕਾਤਾ ਗਈ 56 ਦਿਨਾਂ ਬਾਅਦ ਹਿਮਾਚਲ ਪਰਤੀ ਬਰਾਤ, ਲਾੜੇ ਨੇ ਕਿਹਾ ‘ਵਿਆਹ ਦੇ ਚਾਅ ਹੀ ਖ਼ਤਮ ਹੋ ਗਏ’

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਸਾਡੀ ਤਾਂ ਹਾਲਤ ਇਹ ਹੈ ਕਿ ਅਸਮਾਨ ਤੋਂ ਡਿੱਗੇ ਖਜੂਰ 'ਤੇ ਅਟਕੇ। ਅਸੀਂ ਪੱਛਮੀ ਬੰਗਾਲ ਤੋਂ ਤਾਂ ਆ ਗਏ ਹਾਂ ਪਰ ਪ੍ਰਸ਼ਾਸਨ ਨੇ ਸਾਨੂੰ ਇਕਾਂਤਵਾਸ ਕਰ ਦਿੱਤਾ ਹੈ, ਮੇਰੇ ਤਾਂ ਵਿਆਹ ਦੇ ਚਾਅ ਵੀ ਲਾਕਡਾਊਨ ਨੇ ਖ਼ਤਮ ਕਰ ਕੇ ਰੱਖ ਦਿੱਤੇ ਹਨ।”

ਇਹ ਕਹਿਣਾ ਹੈ ਹਿਮਾਚਲ ਪ੍ਰਦੇਸ਼ ਦੇ ਊਨਾ ਇਲਾਕੇ ਦੇ ਰਹਿਣ ਵਾਲੇ ਸੁਨੀਲ ਕੁਮਾਰ ਦਾ । ਉਹ ਪੱਛਮੀ ਬੰਗਾਲ 21 ਮਾਰਚ ਨੂੰ ਬਰਾਤ ਲੈ ਕੇ ਗਿਆ ਸੀ। ਲੌਕਡਾਊਨ ਕਾਰਨ ਉਹ ਬਰਾਤੀਆਂ ਦੇ ਨਾਲ ਉੱਥੇ ਹੀ ਫਸ ਗਿਆ।

ਪ੍ਰਸ਼ਾਸਨ ਦੀ ਮਦਦ ਨਾਲ ਹੁਣ ਉਸ ਨੇ 56 ਦਿਨਾਂ ਬਾਅਦ ਬਰਾਤੀਆਂ ਸਮੇਤ ਆਪਣੇ ਸੂਬੇ ਵਿਚ ਵਾਪਸੀ ਕੀਤੀ ਹੈ। ਆਪਣੇ ਸੂਬੇ ਵਿਚ ਪਹੁੰਚਣ ਉੱਤੇ ਸੁਨੀਲ ਖ਼ੁਸ਼ ਸੀ ਪਰ ਨਵੀਂ ਵਿਆਹੀ ਜੋੜੀ ਦੇ ਨਾਲ ਸਾਰਿਆਂ ਬਰਾਤੀਆਂ ਦੇ ਇਕਾਂਤਵਾਸ ਕੀਤੇ ਜਾਣ ਕਾਰਨ ਥੋੜ੍ਹਾ ਮਾਯੂਸ ਵੀ ਹੈ।

ਸੁਨੀਲ ਕੁਮਾਰ ਨੇ ਕਿਹਾ ਕਿ ਬੰਗਾਲ ਤੋਂ ਤਾਂ ਅਸੀਂ ਵਾਪਸ ਆ ਗਏ ਪਰ ਵਹੁਟੀ ਨੂੰ ਆਪਣੇ ਸਹੁਰੇ ਘਰ ਪਹੁੰਚਣ ਵਿਚ ਅਜੇ ਹੋਰ ਦਿਨ ਲੱਗਣਗੇ।

ਪੇਸ਼ੇ ਤੋਂ ਬਿਜਲੀ ਮਕੈਨਿਕ ਸੁਨੀਲ ਕੁਮਾਰ ਊਨਾ ਜ਼ਿਲ੍ਹੇ ਦੇ ਪ੍ਰਾਈਆਂ ਕਲਾਂ ਪਿੰਡ ਦਾ ਰਹਿਣ ਵਾਲਾ ਹੈ।

ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਦਾ ਰਿਸ਼ਤਾ ਕੋਲਕਾਤਾ ਦੇ ਕਾਸ਼ੀਪੁਰ ਇਲਾਕੇ ਵਿਚ ਤੈਅ ਹੋਇਆ ਸੀ, ਜਿਸ ਲਈ ਉਹ 17 ਬਰਾਤੀਆਂ ਨੂੰ ਨਾਲ ਲੈ ਕੇ 21 ਮਾਰਚ ਨੂੰ ਰੇਲ ਰਾਹੀਂ ਰਵਾਨਾ ਹੋਇਆ। ਵਿਆਹ 25 ਮਾਰਚ ਦਾ ਸੀ ਅਤੇ 26 ਮਾਰਚ ਦੀ ਵਾਪਸੀ ਸੀ।

ਸੁਨੀਲ ਕੁਮਾਰ ਮੁਤਾਬਕ ਲੌਕਡਾਊਨ ਲੱਗਣ ਕਾਰਨ ਵਿਆਹ ਦਾ ਪ੍ਰਬੰਧ ਘਰ ਵਿਚ ਹੀ ਕਰਨਾ ਪਿਆ। ਪਰ ਉਨ੍ਹਾਂ ਲਈ ਵੱਡੀ ਚਿੰਤਾ ਵਿਆਹ ਤੋਂ ਬਾਅਦ ਵਾਪਸ ਊਨਾ ਆਉਣ ਦੀ ਸੀ, ਜਿਸ ਲਈ ਉਨ੍ਹਾਂ ਨੂੰ ਬਹੁਤ ਦਿੱਕਤ ਆਈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਦਿੱਕਤਾਂ ਬਹੁਤ ਆਈਆਂ, ਵੱਡੀ ਚਿੰਤਾ ਬਾਰਾਤ ਵਿਚ ਸ਼ਾਮਲ ਬੱਚਿਆ ਦੀ ਸੀ।

ਉਨ੍ਹਾਂ ਦੱਸਿਆ ਕਿ ਸਹੁਰਾ ਪਰਿਵਾਰ ਵੀ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਸੀ, ਇਸ ਲਈ ਸਾਡੇ ਕੋਲ ਜੋ ਪੈਸੇ ਸੀ ਅਸੀਂ ਉੱਥੇ ਹੀ ਖ਼ਰਚ ਕਰ ਦਿੱਤੇ।

ਉਨ੍ਹਾਂ ਨੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੈਸੇ ਮੰਗਵਾ ਕੇ ਵਕਤ ਕੱਟਿਆ।

ਜਦੋਂ ਸੁਨੀਲ ਨੂੰ ਪੁੱਛਿਆ ਗਿਆ ਕਿ ਮੁੜ ਸਹੁਰਿਆਂ ਦੇ ਕਦੋਂ ਜਾਣਾ ਹੈ ਤਾਂ ਉਹ ਹੱਸ ਕੇ ਬੋਲਿਆ ਹੁਣ ਤਾਂ ਮੈ ਕੰਨਾਂ ਨੂੰ ਹੱਥ ਲੱਗਾ ਲਏ ਹਨ, ਘਟੋਂ ਘੱਟ ਦੋ ਸਾਲ ਉੱਧਰ ਨੂੰ ਮੂੰਹ ਨਹੀਂ ਕਰਦਾ।

ਸੁਨੀਲ ਨੇ ਦੱਸਿਆ ਕਿ ਸਹੁਰੇ ਘਰ ਵਿਚ ਇੰਨਾ ਦਿਨੀ ਉਸ ਦੀ ਪਤਨੀ ਨੇ ਉਸ ਨੂੰ ਅਲੱਗ ਅਲੱਗ ਪ੍ਰਕਾਰ ਦੇ ਬੰਗਾਲੀ ਵਿਅੰਜਨ ਤਿਆਰ ਕਰਕੇ ਦਿੱਤੇ।

ਬਰਾਤੀਆਂ ਦੇ ਨਾਲ ਪੰਡਿਤ ਜੀ ਵੀ ਫਸੇ

“ਅਸੀਂ ਵਿਆਹ ਕਰਵਾਉਣ ਦੀ ਦਕਸ਼ਣਾ ਲੈਂਦੇ ਹਾਂ ਪਰ ਇਹ ਪਹਿਲਾ ਵਿਆਹ ਜਿੱਥੇ ਸਾਨੂੰ ਉਲਟੇ ਪੈਸੇ ਦੇਣੇ ਪਏ ਹਨ।”

ਸੁਨੀਲ ਦਾ ਵਿਆਹ ਕਰਵਾਉਣ ਲਈ ਪੰਡਿਤ ਨਰੇਸ਼ ਕੁਮਾਰ ਵੀ ਬਰਾਤ ਦੇ ਨਾਲ ਗਏ ਸਨ। ਪੰਡਿਤ ਨਰੇਸ਼ ਨੇ ਦੱਸਿਆ, ''20 ਸਾਲ ਹੋ ਗਏ ਉਸ ਨੂੰ ਲੋਕਾਂ ਦੇ ਵਿਆਹ ਕਰਵਾਉਂਦੇ ਹੋਏ, ਪਰ ਇਹ ਵਿਆਹ ਉਸ ਨੂੰ ਸਾਰੀ ਜ਼ਿੰਦਗੀ ਯਾਦ ਰਹੇਗਾ।''

ਉਨ੍ਹਾਂ ਦੱਸਿਆ ਕਿ ਵਿਆਹ ਲਈ ਉਸ ਨੂੰ 5100 ਰੁਪਏ ਸ਼ਗਨਾਂ ਦੇ ਮਿਲਣੇ ਸੀ, ਪਰ ਹੁਣ ਤਾਂ ਸ਼ਗਨ ਤੋਂ ਵੀ ਕਿਤੇ ਜ਼ਿਆਦਾ ਪੈਸੇ ਉਸ ਨੂੰ ਖ਼ਰਚੇ ਕਰਨੇ ਪੈ ਗਏ।

ਨਰੇਸ਼ ਕੁਮਾਰ ਮੁਤਾਬਕ ਇੱਕ ਵਾਰ ਲੜਕਾ ਲੜਕੀ ਦੇ ਫੇਰੇ ਹੋਣ ਤੋਂ ਬਾਅਦ ਉਨ੍ਹਾਂ ਦਾ ਕੰਮ ਖ਼ਤਮ ਹੋ ਜਾਂਦਾ ਹੈ ਅਤੇ ਉਹ ਆਪਣੇ ਘਰ ਆ ਜਾਂਦੇ ਹਨ ਪਰ ਇੱਥੇ ਉਸ ਨੂੰ 56 ਦਿਨ ਲੜਕਾ ਲੜਕੀ ਦੇ ਨਾਲ ਹੀ ਰਹਿਣਾ ਪਿਆ।

ਫੁੱਫੜ ਅਤੇ ਜੀਜੇ ਦਾ ਹਾਲ

ਸਾਲੇ ਦੇ ਵਿਆਹ ਵਿਚ ਜੀਜੇ ਦੀ ਟੌਰ੍ਹ ਅਲੱਗ ਹੁੰਦੀ ਹੈ। ਪਰ ਇਸ ਵਿਆਹ ਵਿਚ ਜੀਜਾ ਵੀ ਸ਼ਾਂਤ ਰਿਹਾ।

ਲੜਕੇ ਦੇ ਜੀਜਾ ਸੁਨੀਲ ਕੁਮਾਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਆਪਣੇ ਦੋ ਸਾਢੂਆਂ, ਸਾਲੇ , ਸਹੁਰਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਲ ਲੜਕੇ ਨੂੰ ਵਿਆਹੁਣ ਦੇ ਲਈ ਗਏ ਸਨ ਪਰ ਲੌਕਡਾਊਨ ਕਾਰਨ ਲੜਕੀ ਵਾਲਿਆਂ ਦੇ ਘਰ ਰਹਿਣ ਲਈ ਮਜਬੂਰ ਹੋ ਗਏ।

ਉਨ੍ਹਾਂ ਦੱਸਿਆ ਕਿ ਲੜਕੀ ਵਾਲੇ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਸੀ ਜਾਣ ਦਿੰਦੇ, ਜੋ ਸਮਾਨ ਚਾਹੀਦਾ ਸੀ ਉਹ ਕਮਰੇ ਵਿਚ ਹੀ ਪਹੁੰਚਾ ਦਿੰਦੇ ਸਨ।

ਉਨ੍ਹਾਂ ਦੱਸਿਆ ਕਿ ਲੜਕੀ ਵਾਲਿਆਂ ਨੇ ਬਹੁਤ ਖ਼ਿਆਲ ਰੱਖਿਆ, ਪਰ ਫਿਰ ਦੀ ਕਈ ਦਿੱਕਤਾਂ ਆਈਆਂ।

ਉਨ੍ਹਾਂ ਕਿਹਾ, “ਅਸੀਂ ਹਿਮਾਚਲ ਪ੍ਰਦੇਸ਼ ਦੇ ਠੰਢੇ ਇਲਾਕੇ ਦੇ ਰਹਿਣ ਵਾਲੇ ਹਾਂ ਪਰ ਉੱਥੇ ਗਰਮੀ ਸੀ। ਲੋਕ ਜ਼ਿਆਦਾ ਸੀ ਅਤੇ ਕਮਰੇ ਘੱਟ। ਉਨ੍ਹਾਂ ਹੱਸਦੇ ਹੋਏ ਦੱਸਿਆ ਕਿ ਲੜਕੀ ਵਾਲਿਆਂ ਨੇ ਇੰਨੀ ਮੱਛੀ ਖੁਆਈ ਕੀਤੀ ਕਿ ਹੁਣ ਤਾਂ ਇਸ ਤੋਂ ਮੂੰਹ ਮੁੜ ਗਿਆ ਹੈ।”

ਉਨ੍ਹਾਂ ਦੱਸਿਆ ਕਿ ਇੱਕ ਬੱਸ ਦੇ ਰਾਹੀਂ ਹੀ ਅਸੀਂ ਤਿੰਨ ਦਿਨ ਦਾ ਸਫ਼ਰ ਤੈਅ ਕਰਦੇ ਹੋਏ ਵਾਪਸ ਆਏ। ਰਸਤੇ ਵਿਚ ਖਾਣ-ਪੀਣਾ ਵੀ ਬੱਸ ਵਿਚ ਹੀ ਤਿਆਰ ਕੀਤਾ ਗਿਆ।

ਦੂਜੇ ਪਾਸੇ ਊਨਾ ਜ਼ਿਲ੍ਹਾ ਦੇ ਡਿਪਟੀ ਕਮਿਸਨਰ ਸੰਦੀਪ ਕੁਮਾਰ ਨੇ ਦਸਿਆ ਕਿ ਬਰਾਤੀਆਂ ਦੇ ਉਥੇ ਫਸੇ ਹੋਣ ਦੀ ਖਬਰ ਮੀਡੀਆ ਤੋਂ ਜਦੋਂ ਉਹਨਾਂ ਨੂੰ ਮਿਲੀ ਤਾਂ ਅਸੀ ਤੁਰੰਤ ਹਰਕਤ ਵਿਚ ਆਏ ਅਤੇ ਪਛਮੀ ਬੰਗਾਲ ਦੇ ਸਥਾਨਕ ਅਧਿਕਾਰੀਆਂ ਦੇ ਮਦਦ ਨਾਲ ਇਹਨਾਂ ਤੱਕ ਖਾਣਾ ਅਤੇ ਹੋਰ ਜਰੂਰੀ ਸਮਾਨ ਪਹੁੰਚਿਆ।

ਉਹਨਾਂ ਦਸਿਆ ਕਿ ਜਦੋਂ ਹੁਣ ਲੌਕਡਾਊਨ ਦਾ ਤੀਜਾ ਪੜਾਅ ਖ਼ਤਮ ਹੋ ਗਿਆ ਤਾਂ ਇਹਨਾਂ ਨੇ ਬੱਸ ਰਾਹੀਂ ਸੂਬੇ ਵਿਚ ਵਾਪਸੀ ਕੀਤੀ ਹੈ। ਪ੍ਰਸਾਸ਼ਨ ਨੇ ਆਪਣੇ ਖਰਚੇ ਉਤੇ ਇਹਨਾਂ ਸਾਰਿਆਂ ਨੂੰ ਇਕ ਹੋਟਲ ਵਿਚ ਇਕਾਂਤਵਾਸ ਕੀਤਾ ਹੈ ਅਤੇ ਇਹਨਾਂ ਦੇ ਟੈਸਟ ਕੀਤੇ ਜਾਣਗੇ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)