You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕੀ ਲਾਤੀਨੀ ਅਮਰੀਕਾ ਬਿਮਾਰੀ ਦਾ ਅਗਲਾ ਕੇਂਦਰ ਹੈ, ਬ੍ਰਾਜ਼ੀਲ ਹੁਣ ਦੁਨੀਆਂ ਵਿੱਚ ਤੀਜੇ ਨੰਬਰ 'ਤੇ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 51 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 3.32 ਲੱਖ ਤੋਂ ਵੱਧ ਹੋ ਗਈ ਹੈ।

ਲਾਈਵ ਕਵਰੇਜ

  1. ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। 23 ਮਈ ਦਿਨ ਸ਼ਨਿੱਚਰਵਾਰ ਦੇ ਅਪਡੇਟਸ ਲਈ ਤੁਸੀਂ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ

  2. ਦੇਸ ਤੇ ਦੁਨੀਆਂ ਦੇ ਅਪਡੇਟ

    • ਭਾਰਤ ਵਿੱਚ ਅੱਜ ਦੁਪਹਿਰ 1 ਵਜੇ ਤੱਕ ਕੋਰੋਨਾਵਾਇਰਸ ਦੇ 27,55,714 ਟੈਸਟ ਹੋ ਚੁੱਕੇ ਹਨ।
    • ਅਮਰੀਕਾ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ 327 ਮੁਸਾਫ਼ਰ ਤੇ ਇੱਕ ਨਵਜਨਮੇ ਬੱਚੇ ਨੂੰ ਭਾਰਤ ਲਿਆਂਦਾ ਗਿਆ।
    • ਗ੍ਰਹਿ ਮੰਤਰਾਲੇ ਨੇ ਕੁਝ ਓਸੀਆਈ (ਓਵਰਸੀਜ਼ ਸਿਟੀਜ਼ਨਸ ਆਫ਼ ਇੰਡੀਆ) ਕਾਰਡ ਧਾਰਕਾਂ 'ਤੇ ਲਾਈ ਵੀਜ਼ਾ ਅਤੇ ਟਰੈਵਲ ਪਾਬੰਦੀਆਂ ਵਿੱਚ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਹੈ।
    • ਦੇਸ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲੀਆਂ 230 ਰੇਲ ਗੱਡੀਆਂ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
    • ਦੱਖਣੀ ਸੂਡਾਨ ਦੇ 10 ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।
    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 51 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ ਮੌਤਾਂ 3.33 ਲੱਖ ਤੋਂ ਵੱਧ ਹੋ ਚੁੱਕੀਆਂ ਹਨ।
    • ਯੂਕੇ ਵਿੱਚ ਪਹੁੰਚਣ ਵਾਲੇ ਲੋਕ ਜੇ 14 ਦਿਨਾਂ ਲਈ ਖੁਦ ਨੂੰ ਕੁਆਰੰਟੀਨ ਨਹੀਂ ਕਰਦੇ ਤਾਂ 1000 ਯੂਰੋ ਦਾ ਜੁਰਮਾਨਾ ਲੱਗ ਸਕਦਾ ਹੈ।
    • ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 20 ਹਜ਼ਾਰ ਤੋਂ ਪਾਰ ਹੋ ਗਈ ਹੈ।
    • ਭਾਰਤ ਵਿੱਚ ਇੱਕ ਦਿਨ ਵਿੱਚ 6,088 ਪੌਜ਼ਿਟਿਵ ਮਾਮਲੇ, ਕੁੱਲ ਮਾਮਲੇ 1,18,447 ਹੋਏ।
    • ਪੰਜਾਬ ਕਾਂਗਰਸ ਦਾ ਦਾਅਵਾ ਹੈ ਕਿ ਪੰਜਾਬ ਦੇ ਚਾਰ ਜ਼ਿਲ੍ਹੇ ਕੋਰੋਨਾਵਾਇਰਸ ਮੁਕਤ ਹੋ ਚੁੱਕੇ ਹਨ। ਇਹ ਹਨ ਮੋਗਾ, ਫਿਰੋਜ਼ਪੁਰ, ਸੰਗਰੂਰ ਅਤੇ ਮੋਗਾ।
    • ਸਿਰਸਾ ਵਿੱਚ ਕੁਝ ਮਜ਼ਦੂਰ ਜਥੇਬੰਦੀਆਂ ਨੇ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਘਰਾਂ ਤੱਕ ਪਹੁੰਚਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
  3. ਕਰਫ਼ਿਊ ਵੇਲੇ ਪੰਜਾਬ ਨੇ 2 ਲੱਖ PPE ਕਿਟਾਂ ਬਣਾਉਣ ਦੀ ਕਿਵੇਂ ਕੀਤੀ ਤਿਆਰੀ?

    ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਹੁਣ ਪੰਜਾਬ ਵਿੱਚ ਰੋਜ਼ਾਨਾ 2 ਲੱਖ ਪੀਪੀਈ ਕਿੱਟਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।

    ਇਸ ਕਰਕੇ ਪੰਜਾਬ ਨੇ ਹੁਣ ਕੇਂਦਰ ਸਰਕਾਰ ਨੂੰ ਇਸ ਦੀ ਬਰਾਮਦਗੀ ਕਰਨ ਲਈ ਇਜਾਜ਼ਤ ਮੰਗੀ ਹੈ।

    ਲੌਕਡਾਊਨ ਮਗਰੋਂ ਕਿਵੇਂ ਪੰਜਾਬ ਦੀ ਸਨਅਤ ਉਭਰ ਰਹੀ ਹੈ ਇਸ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਪੰਜਾਬ ਇੰਡਸਟਰੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਗੱਲਬਾਤ ਕੀਤੀ।

  4. ਲੌਕਡਾਊਨ ਕਰਕੇ ਅਮਰੀਕਾ 'ਚ ਫਸੇ ਭਾਰਤੀਆਂ 'ਤੇ ਕੀ ਬੀਤ ਰਹੀ ਹੈ?

    ਅਮਰੀਕਾ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਮੋਦੀ ਸਰਕਾਰ ਨੇ ਕਈ ਉਡਾਨਾਂ ਦਾ ਇੰਤਜ਼ਾਮ ਕੀਤਾ ਅਤੇ ਫਲਾਈਟ ਦੀ ਯੋਜਨਾ ਵੀ ਹੈ।

    ਪਰ ਅਮਰੀਕਾ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਨੇ ਇਨ੍ਹਾਂ ਉਡਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਵਧਾਉਣ ਦੀ ਮੰਗ ਕੀਤੀ ਹੈ।

    ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੇ ਓਸੀਆਈ ਕਾਰਡ ਸਸਪੈਂਡ ਕੀਤੇ ਜਾਣ ਤੇ ਨਾਖੁਸ਼ੀ ਜਤਾਈ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਬਾਰੇ ਭਵਿੱਖ ਵਿੱਚ ਬਦਲਾਅ ਲਿਆਉਣ ਲਈ ਛੇਤੀ ਹੀ ਕੋਈ ਫੈਸਲਾ ਲਿਆ ਜਾਵੇਗਾ।

  5. 'ਖਾਣੇ ਲਈ ਲਾਈਨ 'ਚ ਲੱਗਣ ਵਾਲਾ ਮਜ਼ਦੂਰ ਮਿਹਨਤਕਸ਼ ਹੈ ਭਿਖਾਰੀ ਨਹੀਂ'

    ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਤੋਂ ਤੰਗ ਕਈ ਪਰਵਾਸੀ ਮਜ਼ਦੂਰ ਪੈਦਲ ਹੀ ਤੁਰ ਪਏ ਹਨ।

    ਸੋਸ਼ਲ ਮੀਡੀਆ 'ਤੇ ਕੁਝ ਲੋਕ ਪੁੱਛ ਰਹੇ ਹਨ, "ਜੇ ਸਾਰਾ ਇੰਤਜ਼ਾਮ ਹੈ ਹੀ ਹੈ, ਤਾਂ ਇਹ ਜਿਹੜੇ ਸੜਕਾਂ ਉੱਤੇ ਤੁਰੇ ਫਿਰਦੇ ਹਨ, ਇਨ੍ਹਾਂ ਨੂੰ ਤਕਲੀਫ ਕੀ ਹੈ?"

  6. ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਕੀ ਕਰ ਸਕਦੇ ਹੋ?

    ਲੌਕਡਾਊਨ ਦੌਰਾਨ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਪੰਜਾਬ ਸਰਕਾਰ ਨੇ ਕਈ ਸੁਝਾਅ ਦਿੱਤੇ ਹਨ।

    • ਪੌਸ਼ਟਿਕ ਭੋਜਨ ਖਾਓ ਅਤੇ ਰੈਗੁਲਰ ਕਸਰਤ ਕਰੋ।
    • ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰੋ।
    • ਖ਼ਬਰਾਂ ਦੇਖਣ ਅਤੇ ਸੁਣਨ ਦਾ ਸਮਾਂ ਸੀਮਿਤ ਰੱਖੋ।
  7. ਮਜ਼ਦੂਰ ਜਥੇਬੰਦੀਆਂ ਨੇ ਸਿਰਸਾ ਵਿੱਚ ਕੀਤਾ ਮੁਜ਼ਾਹਰਾ

    ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਦੀ ਰਿਪੋਰਟ: ਸਿਰਸਾ ਵਿੱਚ ਕੁਝ ਮਜ਼ਦੂਰ ਜਥੇਬੰਦੀਆਂ ਨੇ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਘਰਾਂ ਤੱਕ ਪਹੁੰਚਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।

    ਸੀਟੂ, ਭਵਨ ਕਾਮਗਾਰ ਯੂਨੀਅਨ ਅਤੇ ਹਰਿਆਣਾ ਸਟੇਟ ਮੈਡੀਕਲ ਐਂਡ ਸੇਲਜ਼ ਰੇਪਰੈਜੈਂਟੇਟਿਵ ਯੂਨੀਅਨ ਨੇ ਸਾਂਝੇ ਤੌਰ 'ਤੇ ਰੋਸ ਮੁਜ਼ਾਹਰਾ ਕੀਤਾ ਹੈ।

    ਇਨ੍ਹਾਂ ਦੀ ਮੰਗ ਹੈ ਕਿ ਪਰਵਾਸੀ ਮਜ਼ਦੂਰਾਂ ਨੂੰ ਘਰ ਤੱਕ ਮੁਫ਼ਤ ਪਹੁੰਚਾਏ ਸਰਕਾਰ, ਮਜ਼ਦੂਰਾਂ ਨੂੰ ਘਰ ਤੱਕ ਰਾਸ਼ਨ ਪਹੁੰਚਾਇਆ ਜਾਵੇ।

  8. ਕੋਰੋਨਾਵਾਇਰਸ: ਕੀ ਲਾਤੀਨੀ ਅਮਰੀਕਾ ਇਸਦਾ ਅਗਲਾ ਕੇਂਦਰ ਹੈ?

    ਕਈ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ ਜਿਸ ਕਾਰਨ ਸਿਹਤ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ।

    ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੇ 3 ਲੱਖ ਤੋਂ ਵੀ ਵੱਧ ਮਾਮਲੇ ਹਨ। ਯਾਨਿ ਕਿ ਦੁਨੀਆਂ ਭਰ ਵਿੱਚ ਤੀਜਾ ਸਭ ਤੋਂ ਵੱਡਾ ਨੰਬਰ।

    ਇਸ ਤੋਂ ਇਲਾਵਾ ਮੈਕਸੀਕੋ, ਚਿਲੀ ਅਤੇ ਪੇਰੂ ਵੀ ਇਸ ਮਹਾਂਮਾਰੀ ਵਿੱਚੋਂ ਉਭਰਨ ਲਈ ਸੰਘਰਸ਼ ਕਰ ਰਹੇ ਹਨ।

    ਅਮਰੀਕਾ ਦੇ ਪਹਾੜੀ ਇਲਾਕਿਆਂ ਅਤੇ ਕਈ ਯੂਰੋਪੀ ਦੇਸ਼ਾਂ ਵਿੱਚ ਘਟਦੀ ਸੰਖਿਆ ਕਰਨ ਦੀ ਪੁਸ਼ਟੀ ਕਰਨ ਵਾਲੇ ਨਵੇਂ ਮਾਮਲਿਆਂ ਦੇ ਨਾਲ, ਲਾਤੀਨੀ ਅਮਰੀਕਾ ਨਿਸ਼ਚਿਤ ਤੌਰ 'ਤੇ ਮਹਾਂਮਾਰੀ ਦਾ ਨਵਾਂ ਉਪ-ਕੇਂਦਰ ਬਣ ਗਿਆ ਹੈ?

    ਲਾਤੀਨੀ ਅਮਰੀਕਾ ਵਿੱਚ ਪਹਿਲਾ ਪੌਜ਼ੀਟਿਵ ਕੇਸ ਬ੍ਰਾਜ਼ੀਲ ਵਿੱਚ 26 ਜਨਵਰੀ ਨੂੰ ਪਾਇਆ ਗਿਆ ਸੀ। ਹਾਲਾਂਕਿ ਖੋਜਕਾਰਾਂ ਦਾ ਕਹਿਣਾ ਹੈ ਕਿ ਅਜਿਹੇ ਖਦਸ਼ੇ ਹਨ ਕਿ ਇੱਥੇ ਮਾਮਲੇ ਜਨਵਰੀ ਦੇ ਸ਼ੁਰੂ ਵਿੱਚ ਆ ਚੁੱਕੇ ਸੀ।

    ਉਦੋਂ ਤੋਂ ਹੀ ਕੋਰੋਨਾਵਾਇਰਸ ਸਾਰੇ ਮੁਲਕਾਂ ਦੇ ਖੇਤਰਾਂ ਵਿੱਚ ਫੈਲ ਰਿਹਾ ਹੈ।

  9. ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕਿੰਨੇ ਟੈਸਟ ਹੋਏ?

    ਭਾਰਤ ਵਿੱਚ ਅੱਜ ਦੁਪਹਿਰ 1 ਵਜੇ ਤੱਕ ਕੋਰੋਨਾਵਾਇਰਸ ਦੇ 27,55,714 ਟੈਸਟ ਹੋ ਚੁੱਕੇ ਹਨ।

    ICMR ਦੇ ਡਾਕਟਰ ਰਮਨ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 18, 287 ਟੈਸਟ ਨਿੱਜੀ ਲੈਬ ਵਿੱਚ ਕੀਤੇ ਗਏ ਹਨ।

  10. ਅਮਰੀਕਾ ਤੋਂ ਭਾਰਤੀ ਪਹੁੰਚੇ ਚੰਡੀਗੜ੍ਹ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ 327 ਮੁਸਾਫ਼ਰ 'ਤੇ ਇੱਕ ਨਵਜਨਮੇ ਬੱਚੇ ਨੂੰ ਭਾਰਤ ਲਿਆਂਦਾ ਗਿਆ।

    227 ਮੁਸਾਫ਼ਰ ਦਿੱਲੀ ਹਵਾਈ ਅੱਡੇ 'ਤੇ ਉਤਰ ਗਏ ਜਦੋਂਕਿ 100 ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ ਹਨ।

  11. ਭਾਰਤ ਵਿੱਚ ਮੌਤ ਦੀ ਦਰ ਸਿਰਫ 3% ਹੈ: ਡਾ. ਹਰਸ਼ਵਰਧਨ

    ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ 147ਵੇ ਸੈਸ਼ਨ ਦੀ ਕਾਰਜਕਾਰੀ ਬੈਠਕ ਵਿੱਚ ਹਿੱਸਾ ਲਿਆ।

    ਇਸ ਦੌਰਾਨ ਉਨ੍ਹਾਂ ਨੇ ਕਿਹਾ, "ਭਾਰਤ ਵਿੱਚ ਮੌਤ ਦੀ ਦਰ ਸਿਰਫ 3% ਹੈ। 1.35 ਬਿਲੀਅਨ ਆਬਾਦੀ ਵਾਲੇ ਦੇਸ ਵਿੱਚ ਕੋਵਿਡ-19 ਦੇ ਸਿਰਫ਼ 0.1 ਮਿਲੀਅਨ ਕੇਸ ਹਨ। ਰਿਕਵਰੀ ਦੀ ਦਰ 40% ਤੋਂ ਉੱਪਰ ਹੈ ਅਤੇ ਮਾਮਲੇ 13 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ।"

    ਹਾਲ ਹੀ ਵਿੱਚ ਡਾ. ਹਰਸ਼ਵਰਧਨ ਨੇ WHO ਦੇ ਕਾਰਜਕਾਰੀ ਚੇਅਰਮੈਨ ਵਜੋਂ ਕਾਰਜਭਾਰ ਸਾਂਭਿਆ ਹੈ।

  12. ਕੁਝ OCI ਕਾਰਡ ਧਾਰਕਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ

    ਗ੍ਰਹਿ ਮੰਤਰਾਲੇ ਨੇ ਕੁਝ ਓਸੀਆਈ (ਓਵਰਸੀਜ਼ ਸਿਟੀਜ਼ਨਸ ਆਫ਼ ਇੰਡੀਆ) ਕਾਰਡ ਧਾਰਕਾਂ 'ਤੇ ਲਾਈ ਵੀਜ਼ਾ ਅਤੇ ਟਰੈਵਲ ਪਾਬੰਦੀਆਂ ਵਿੱਚ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਹੈ।

    ਜਿਨ੍ਹਾਂ ਨੂੰ ਇਜਾਜ਼ਤ ਮਿਲੇਗੀ ਉਨ੍ਹਾਂ ਵਿੱਚ ਓਸੀਆਈ ਦੇ ਕਾਰਡ ਧਾਰਕਾਂ ਦੇ ਬੱਚੇ, ਯੂਨੀਵਰਸਿਟੀ ਵਿਦਆਰਥੀ, ਉਹ ਜੋੜੇ ਜਿਨ੍ਹਾਂ ਵਿੱਚੋਂ ਇੱਕ ਓਸੀਆਈ ਕਾਰਡ ਧਾਰਕ ਹੈ ਤੇ ਦੂਜਾ ਭਾਰਤੀ ਸ਼ਾਮਿਲ ਹਨ।

    ਇਸ ਤੋਂ ਇਲਾਵਾ ਉਹ ਓਸੀਆਈ ਧਾਰਕ ਜੋ ਐਮਰਜੈਂਸੀ ਵੇਲੇ ਇੱਥੇ ਆਉਣਾ ਚਾਹੁੰਦਾ ਹੈ ਜਿਵੇਂ ਕਿ ਮੌਤ ਆ ਸਕਦਾ ਹੈ।

    ਮਾਰਚ ਤੋਂ ਹੀ ਓਸੀਆਈ ਕਾਰਡ ਧਾਰਕਾਂ ਦੇ ਭਾਰਤ ਆਉਣ ਦੀ ਪਾਬੰਦੀ ਸੀ।

  13. ਪਾਕਿਸਤਾਨ ਦੇ ਕਰਾਚੀ ਵਿੱਚ ਹਵਾਈ ਜਹਾਜ਼ ਹੋਇਆ ਕ੍ਰੈਸ਼

    ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਸ਼ਹਿਰ ਵਿੱਚ ਇੱਕ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ ਹੈ।

    ਇਹ ਜਹਾਜ਼ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨ ਕੰਪਨੀ ਪੀਆਈਏ ਦਾ ਸੀ ਜੋ ਕਿ ਕਰਾਚੀ ਏਅਰਪੋਰਟ 'ਤੇ ਲੈਂਡ ਕਰਨ ਵਾਲਾ ਸੀ।

    ਅਧਿਕਾਰੀਆਂ ਮੁਤਾਬਕ ਇਸ ਜਹਾਜ਼ ਵਿੱਚ 107 ਲੋਕ ਸਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  14. 230 ਟਰੇਨਾਂ ਲਈ ਬੁਕਿੰਗ ਸ਼ੁਰੂ- ਰੇਲ ਮੰਤਰਾਲੇ

    ਰੇਲਵੇ ਮੰਤਰਾਲੇ ਨੇ ਕਿਹਾ ਹੈ ਕਿ ਦੇਸ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲੀਆਂ 230 ਰੇਲ ਗੱਡੀਆਂ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ।

    ਇਹ ਟਿਕਟਾਂ ਆਨਲਾਈਨ ਅਤੇ ਰੇਲਵੇ ਰਿਜ਼ਰਵੇਸ਼ਨ ਕਾਉਂਟਰਾਂ ਤੋਂ ਖਰੀਦੀਆਂ ਜਾ ਸਕਦੀਆਂ ਹਨ।

    ਮੰਤਰਾਲੇ ਅਨੁਸਾਰ 13 ਲੱਖ ਯਾਤਰੀਆਂ ਨੇ ਵੀਰਵਾਰ ਨੂੰ ਟਿਕਟਾਂ ਬੁੱਕ ਕੀਤੀਆਂ।

  15. ਦੱਖਣੀ ਸੂਡਾਨ ਦੇ 10 ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ

    ਦੱਖਣੀ ਸੂਡਾਨ ਦੇ 10 ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।

    ਸੂਚਨਾ ਮੰਤਰੀ ਮਾਈਕਲ ਮਾਕੁਏਈ ਨੇ ਬੀਬੀਸੀ ਨੂੰ ਦੱਸਿਆ ਕਿ ਸਿਹਤ ਮੰਤਰੀ ਨੂੰ ਛੱਡ ਕੇ ਉੱਚ-ਪੱਧਰੀ ਟਾਸਕ ਫੋਰਸ ਦੇ ਸਾਰੇ ਹੀ 10 ਮੈਂਬਰ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ।

    ਪਰ ਉਨ੍ਹਾਂ ਨੇ ਰਾਸ਼ਟਰਪਤੀ ਸੈਲਵਾ ਕੀਰ ਦੇ ਪੌਜ਼ਿਟਿਵ ਹੋਣ ਦੀ ਰਿਪੋਰਟ ਨੂੰ ਰੱਦ ਕੀਤਾ ਹੈ ਜੋ ਕਿ ਟੀਮ ਦਾ ਹਿੱਸਾ ਸਨ।

    ਇਸ ਤੋਂ ਕੁਝ ਦਿਨ ਪਹਿਲਾਂ ਹੀ ਉਪ-ਰਾਸ਼ਟਰਪਤੀ ਰੀਕ ਨੇ ਪਤਨੀ ਸਣੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦਾ ਐਲਾਨ ਕੀਤਾ ਸੀ।

  16. ਸਾਡੇ ਨਾਲ ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਹੁਣ ਤੱਕ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 51 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ ਮੌਤਾਂ 3.33 ਲੱਖ ਤੋਂ ਵੱਧ ਹੋ ਚੁੱਕੀਆਂ ਹਨ।
    • ਯੂਕੇ ਵਿੱਚ ਪਹੁੰਚਣ ਵਾਲੇ ਲੋਕ ਜੇ 14 ਦਿਨਾਂ ਲਈ ਖੁਦ ਨੂੰ ਕੁਆਰੰਟੀਨ ਨਹੀਂ ਕਰਦੇ ਤਾਂ 1000 ਯੂਰੋ ਦਾ ਜੁਰਮਾਨਾ ਲੱਗ ਸਕਦਾ ਹੈ।
    • ਬੰਗਲਾਦੇਸ਼ ਵਿੱਚ ਰੈਮਡੈਸੇਵੀਅਰ ਦਾ ਪਹਿਲਾ ਜੈਨਰਿਕ ਵਰਜ਼ਨ ਤਿਆਰ ਕਰ ਲਿਆ ਗਿਆ ਹੈ।
    • ਚੀਨ ਇਸ ਸਾਲ ਆਪਣਾ ਆਰਥਿਕ ਵਿਕਾਸ ਦਾ ਟੀਚਾ ਨਿਰਧਾਰਤ ਨਹੀਂ ਕਰੇਗਾ। ਚੀਨ ਮੁਤਾਬਕ ਅਨਿਸ਼ਚਿਤ ਸਮੇਂ ਵਿੱਚ ਤਰੱਕੀ ਦੀ ਭਵਿੱਖਵਾਣੀ ਕਰਨਾ ਮੁਸ਼ਕਲ ਹੈ।
    • ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 20 ਹਜ਼ਾਰ ਤੋਂ ਪਾਰ ਹੋ ਗਈ ਹੈ।
    • ਭਾਰਤ ਵਿੱਚ ਇੱਕ ਦਿਨ ਵਿੱਚ 6,088 ਪੌਜ਼ਿਟਿਵ ਮਾਮਲੇ, ਕੁੱਲ ਮਾਮਲੇ 1,18,447 ਹੋਏ।
    • ਅੱਜ ਤੋਂ ਰੇਲਵੇ ਕਾਊਂਟਰ, ਪੋਸਟ ਆਫਿਸ ਅਤੇ ਏਜੰਟਾਂ ਰਾਹੀਂ ਹੋ ਸਕੇਗੀ ਟਿਕਟਾਂ ਦੀ ਬੁਕਿੰਗ।
    • ਆਰਬੀਆਈ ਨੇ ਰੈਪੋ ਰੇਟ 4.4 ਫੀਸਦ ਤੋਂ ਘਟਾ ਕੇ ਚਾਰ ਫੀਸਦ ਕਰ ਦਿੱਤਾ ਹੈ, ਇਸ ਦਾ ਅਸਰ ਬੈਂਕਾਂ ਤੋਂ ਮਿਲਣ ਵਾਲਾ ਕਰਜ਼ੇ 'ਤੇ ਪੈਂਦਾ।
    • ਆਰਬੀਆਈ ਨੇ ਤੈਅ ਸਮੇਂ ਵਿੱਚ ਕਰਜ਼ਾ ਚੁਕਾਉਣ ਦੀ ਮਿਆਦ ਨੂੰ ਤਿੰਨ ਮਹੀਨਿਆਂ ਲਈ ਹੋਰ ਵਧਾ ਦਿੱਤਾ ਹੈ। ਯਾਨਿ ਕਿ ਈਐੱਮਆਈ ਚੁਕਾਉਣ ਵਿੱਚ ਤਿੰਨ ਹੋਰ ਮਹੀਨੇ ਦੀ ਛੋਟ ਦਿੱਤੀ ਗਈ ਹੈ।
    • ਪੰਜਾਬ ਕਾਂਗਰਸ ਦਾ ਦਾਅਵਾ ਹੈ ਕਿ ਪੰਜਾਬ ਦੇ ਚਾਰ ਜ਼ਿਲ੍ਹੇ ਕੋਰੋਨਾਵਾਇਰਸ ਮੁਕਤ ਹੋ ਚੁੱਕੇ ਹਨ। ਇਹ ਹਨ ਮੋਗਾ, ਫਿਰੋਜ਼ਪੁਰ, ਸੰਗਰੂਰ ਅਤੇ ਮੋਗਾ।
  17. ਬੰਗਲਾਦੇਸ਼ ਨੇ ਪਹਿਲੀ ਲੋਕਲ ਰੈਮਡੈਸੇਵੀਅਰ ਦਵਾਈ ਤਿਆਰ ਕੀਤੀ

    ਬੰਗਲਾਦੇਸ਼ ਸਥਿਤ ਬੈਕਸਿਮਕੋ ਫਾਰਮਾਸਿਊਟੀਕਲਜ਼ ਨੇ ਐਂਟੀ-ਵਾਇਰਲ ਡਰੱਗ ਰੈਮਡੈਸੇਵੀਅਰ ਦਾ ਜਨਰਿਕ ਰੂਪ ਤਿਆਰ ਕਰ ਲਿਆ ਹੈ।

    ਅਜਿਹਾ ਕਰਨ ਵਾਲੀ ਇਹ ਦੁਨੀਆਂ ਦੀ ਪਹਿਲੀ ਕੰਪਨੀ ਬਣ ਗਈ ਹੈ। ਇਹ ਦਵਾਈ ਅਮਰੀਕਾ ਆਧਾਰਿਤ ਗਿਲਿਅਡ ਸਾਇੰਸਜ਼ ਦੁਆਰਾ ਵਿਕਸਤ ਕੀਤੀ ਗਈ ਸੀ।

    ਰੈਮਡੈਸੇਵੀਅਰ ਅਸਲ ਵਿੱਚ ਇਬੋਲਾ ਦੇ ਇਲਾਜ ਲਈ ਤਿਆਰ ਕੀਤੀ ਗਈ ਸੀ।

    ਅਮਰੀਕਾ ਵਿੱਚ ਤਾਜ਼ਾ ਕਲੀਨਿਕਲ ਟਰਾਇਲਜ਼ ਵਿੱਚ ਸਾਹਮਣੇ ਆਇਆ ਕਿ ਇਹ ਡਰੱਗ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਠੀਕ ਹੋਣ ਦਾ ਸਮਾਂ ਘਟਾਉਣ ਵਿੱਚ ਮਦਦ ਕਰਦੀ ਹੈ ਜੋ ਗੰਭੀਰ ਬਿਮਾਰ ਸਨ।

    ਬੈਕਸਿਮਕੋ ਦੇ ਜਨਰਿਕ ਉਤਪਾਦਨ ਨਾਲ ਦੱਖਣੀ ਏਸ਼ੀਆ ਦੇ ਬਹੁਤ ਸਾਰੇ ਦੇਸਾਂ ਵਿੱਚ ਇਹ ਦਵਾਈ ਦੀ ਸਪਲਾਈ ਨੂੰ ਯਕੀਨੀ ਬਣਾਏਗੀ।

    ਗ਼ੈਰ-ਪੁਸ਼ਟ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬੈਕਸੀਮਕੋ ਸ਼ਾਇਦ ਭਾਰਤ ਅਤੇ ਪਾਕਿਸਤਾਨ ਵਿੱਚ ਵੀ ਮੈਨਿਊਫੈਕਚਰਿੰਗ ਲਈ ਸਾਂਝੇਦਾਰ ਲੱਭੇਗੀ।

  18. ਕੋਰੋਨਾਵਾਇਰਸ ਦੇ ਲੱਛਣਾਂ ਬਾਰੇ ਪੰਜਾਬ ਸਰਕਾਰ ਕਰ ਰਹੀ ਹੈ ਜਾਗਰੂਕ

    ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾਵਾਇਰਸ ਦੇ ਲੱਛਣਾਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

    ਇਹ ਆਮ ਜ਼ੁਕਾਮ ਹੈ ਜਾਂ ਕੋਰੋਨਾਵਾਇਰਸ ਇਹ ਕਿਵੇਂ ਪਤਾ ਲਾਇਆ ਜਾਵੇ, ਇਸ ਬਾਰੇ ਵੀ ਪੰਜਾਬ ਸਰਕਾਰ ਗਰਾਫਿਕਸ ਰਾਹੀਂ ਲੋਕਾਂ ਨੂੰ ਸੁਚੇਤ ਕਰ ਰਹੀ ਹੈ।

    ਇਸ ਦੇ ਨਾਲ ਹੀ ਕੋਵਾ ਐਪ ਡਾਊਨਲੋਡ ਕਰਨ ਲਈ ਕਿਹਾ ਜਾ ਰਿਹਾ ਹੈ।

  19. ਸੜਕਾਂ ’ਤੇ ਤੁਰਦੇ ਮਜ਼ਦੂਰਾਂ ਦੇ ਦਿਲ ਦਾ ਹਾਲ ਵੀ ਸਮਝੋ

    ਲੌਕਡਾਊਨ ਦੌਰਾਨ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲਈ ਪੈਦਲ ਹੀ ਸਫ਼ਰ ਕਰ ਰਹੇ ਹਨ।

    ਇਸ ਦੌਰਾਨ ਕਿਹੋ ਜਿਹੀਆਂ ਔਕੜਾਂ ਆ ਰਹੀਆਂ ਹਨ, ਇਹ ਵੀਡੀਓ ਦੇਖੋ।

  20. ਦੁਬਈ ਵਿੱਚ 70 ਫੀਸਦ ਕੰਪਨੀਆਂ ਅਗਲੇ 6 ਮਹੀਨਿਆਂ ਵਿੱਚ ਹੋ ਸਕਦੀਆਂ ਹਨ ਬੰਦ-ਸਰਵੇਖਣ

    ਦੁਬਈ ਚੈਂਬਰ ਆਫ਼ ਕਾਮਰਸ ਦੇ ਇੱਕ ਸਰਵੇਖਣ ਅਨੁਸਾਰ ਦੁਬਈ ਦੇ ਲਗਭਗ 70 ਫੀਸਦ ਬਿਜ਼ਨੈਸ ਅਗਲੇ ਛੇ ਮਹੀਨਿਆਂ ਵਿੱਚ ਕਾਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਬੰਦ ਹੋ ਸਕਦੇ ਹਨ।

    ਇਸ ਵਿੱਚ ਕਿਹਾ ਗਿਆ ਹੈ ਕਿ 'ਦੁਬਈ ਦੀਆਂ 90 ਫੀਸਦ ਕੰਪਨੀਆਂ ਮੁਤਾਬਕ ਸਾਲ 2020 ਦੀ ਪਹਿਲੀ ਤਿਮਾਹੀ 'ਚ ਉਨ੍ਹਾਂ ਦੀ ਵਿਕਰੀ ਅਤੇ ਕਾਰੋਬਾਰ 'ਚ ਭਾਰੀ ਗਿਰਾਵਟ ਆਈ ਹੈ।'

    ਦੁਬਈ ਚੈਂਬਰ ਆਫ ਕਾਮਰਸ ਦੇ ਅਨੁਸਾਰ ਮਹਾਂਮਾਰੀ ਕਾਰਨ ਹੋਈ ਆਲਮੀ ਆਰਥਿਕ ਮੰਦੀ ਦੇ ਕਾਰਨ ਛੋਟੇ ਅਤੇ ਦਰਮਿਆਨੇ ਪੈਮਾਨੇ ਦੇ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

    ਸੈਰ-ਸਪਾਟਾ ਖੇਤਰ ਨਾਲ ਜੁੜੀਆਂ ਜਿਆਦਾਤਰ ਕੰਪਨੀਆਂ, ਰੀਅਲ ਅਸਟੇਟ ਦੀਆਂ ਅੱਧੇ ਤੋਂ ਵੱਧ ਕੰਪਨੀਆਂ, ਹੋਟਲ-ਰੈਸਟੋਰੈਂਟ ਮਾਲਕਾਂ ਸਮੇਤ ਪ੍ਰਚੂਨ ਉਦਯੋਗਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੰਮ ਵਿੱਚ 70 ਫੀਸਦ ਗਿਰਾਵਟ ਆ ਚੁੱਕੀ ਹੈ ਅਤੇ ਦੂਜੀ ਤਿਮਾਹੀ ਦੇ ਨਤੀਜੇ ਇਸ ਤੋਂ ਵੀ ਭਿਆਨਕ ਹੋਣਗੇ।