Irrfan Khan: 100 ਤੋਂ ਵੱਧ ਫ਼ਿਲਮਾਂ ’ਚ ਕੰਮ ਕਰਨ ਵਾਲੇ ਇਰਫ਼ਾਨ ਨੇ ਇੱਕ ਵਕਤ ਅਦਾਕਾਰੀ ਛੱਡਣ ਬਾਰੇ ਕਿਉਂ ਸੋਚਿਆ ਸੀ

ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ ਹੋ ਗਿਆ ਹੈ।

ਮੰਗਲਵਾਰ 28 ਅਪ੍ਰੈਲ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਦੇ ICU ਵਾਰਡ 'ਚ ਭਰਤੀ ਕਰਵਾਇਆ ਗਿਆ ਸੀ।

ਇਰਫ਼ਾਨ ਨੇ 100 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਸੀ।

ਸਿਤਾਰਿਆਂ 'ਚ ਸੋਗ ਦੀ ਲਹਿਰ

ਸੋਸ਼ਲ ਮੀਡੀਆ 'ਤੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਮਨੋਰੰਜਨ ਜਗਤ ਅਤੇ ਹੋਰ ਵੱਖ-ਵੱਖ ਖ਼ੇਤਰਾਂ ਦੇ ਲੋਕ ਇਰਫ਼ਾਨ ਖ਼ਾਨ ਨੂੰ ਚੇਤੇ ਵੀ ਕਰ ਰਹੇ ਹਨ ਅਤੇ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਸਦਮੇ ਵਿੱਚ ਹਨ।

ਇਰਫ਼ਾਨ ਦੀ ਬਿਮਾਰੀ

ਪਿਛਲੇ ਸਾਲ 2019 ਵਿੱਚ ਇਰਫ਼ਾਨ ਖ਼ਾਨ ਲੰਦਨ ਤੋਂ ਇਲਾਜ ਕਰਵਾ ਕੇ ਪਰਤੇ ਸਨ ਅਤੇ ਇਸ ਤੋਂ ਬਾਅਦ ਕੋਕਿਲਾਬੇਨ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠਾਂ ਇਲਾਜ ਅਤੇ ਆਪਣਾ ਰੂਟੀਨ ਚੈਕਅੱਪ ਕਰਵਾ ਰਹੇ ਸਨ।

ਦੱਸਿਆ ਜਾਂਦਾ ਹੈ ਕਿ ਫ਼ਿਲਮ 'ਅੰਗ੍ਰੇਜ਼ੀ ਮੀਡੀਅਮ' ਦੇ ਦੌਰਾਨ ਵੀ ਉਨ੍ਹਾਂ ਦੀ ਸਿਹਤ ਵਿਗੜ ਜਾਂਦੀ ਸੀ।

ਅਜਿਹੇ ਵਿੱਚ ਕਈ ਵਾਰ ਪੂਰੀ ਫ਼ਿਲਮ ਯੂਨਿਟ ਨੂੰ ਸ਼ੂਟ ਰੋਕਣਾ ਪੈਂਦਾ ਸੀ ਅਤੇ ਜਦੋਂ ਇਰਪ਼ਾਨ ਚੰਗਾ ਮਹਿਸੂਸ ਕਰਦੇ ਸਨ, ਤਾਂ ਸ਼ੌਟ ਮੁੜ ਤੋਂ ਲਿਆ ਜਾਂਦਾ ਸੀ। ਹਾਲ ਹੀ 'ਚ ਇਰਫ਼ਾਨ ਖ਼ਾਨ ਦੀ ਮਾਂ ਸਈਦਾ ਬੇਗ਼ਮ ਦਾ ਜੈਪੂਰ ਵਿੱਚ ਦੇਹਾਂਤ ਹੋਇਆ ਸੀ।

ਲੌਕਡਾਊਨ ਦੀ ਵਜ੍ਹਾ ਨਾਲ ਇਰਫ਼ਾਨ ਆਪਣੀ ਮਾਂ ਦੀ ਆਖ਼ਰੀ ਯਾਤਰਾ ਵਿੱਚ ਵੀ ਸ਼ਰੀਕ ਨਹੀਂ ਹੋ ਸਕੇ ਸਨ।

ਖ਼ਬਰਾ ਹੈ ਕਿ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਮਾਂ ਦੇ ਜਨਾਜ਼ੇ ਵਿੱਚ ਸ਼ਿਕਤ ਕੀਤੀ ਸੀ।

54 ਸਾਲਾ ਇਰਫ਼ਾਨ ਨਿਊਰੋਏਂਡੋਕ੍ਰਾਇਨ ਟਿਊਮਰ ਤੋਂ ਪੀੜਤ ਸਨ। ਉਹ ਵਿਦੇਸ਼ ਵਿੱਚ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਸਨ ਅਤੇ ਹਾਲ ਹੀ ਵਿੱਚ ਮੁੰਬਈ ਪਰਤੇ ਸਨ।

ਦੋ ਸਾਲ ਪਹਿਲਾਂ ਮਾਰਚ 2018 ਵਿੱਚ ਇਰਫ਼ਾਨ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਿਆ ਸੀ। ਇਰਫ਼ਾਨ ਨੇ ਆਪਣੇ ਚਾਹੁਣ ਵਾਲਿਆਂ ਦੇ ਨਾਲ ਖ਼ੁਦ ਇਹ ਖ਼ਬਰ ਸਾਂਝੀ ਕੀਤੀ ਸੀ।

ਉਨ੍ਹਾਂ ਨੇ ਟਵੀਟ ਕੀਤਾ ਸੀ, ''ਜ਼ਿੰਦਗੀ ਵਿੱਚ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ, ਜੋ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਮੇਰੀ ਜ਼ਿੰਦਗੀ ਦੇ ਪਿਛਲੇ ਕੁਝ ਦਿਨ ਅਜੀਹੇ ਹੀ ਰਹੇ ਹਨ। ਮੈਨੂੰ ਨਿਊਰੋਏਂਡੋਕ੍ਰਾਇਨ ਟਿਊਮਰ ਨਾਮ ਦੀ ਬਿਮਾਰੀ ਹੋਈ ਹੈ। ਪਰ, ਮੇਰੇ ਆਲੇ-ਦੁਆਲੇ ਮੌਜੂਦ ਲੋਕਾਂ ਦੇ ਪਿਆਰ ਅਤੇ ਤਾਕਤ ਨੇ ਮੈਨੂੰ ਉਮੀਦ ਜਗਾਈ ਹੈ।''

ਕਰੈਕਟਰ ਆਰਟਿਸਟ ਵਜੋਂ ਨਾਂ ਕਮਾਇਆ

ਬਿਮਾਰੀ ਬਾਰੇ ਪਤਾ ਲੱਗਦੇ ਹੀ ਇਰਫ਼ਾਨ ਖ਼ਾਨ ਇਲਾਜ ਲਈ ਲੰਦਨ ਚਲੇ ਗਏ ਸੀ। ਇਰਫ਼ਾਨ ਉੱਥੇ ਕਰੀਬ ਇੱਕ ਸਾਲ ਰਹੇ ਅਤੇ ਫ਼ਿਰ ਮਾਰਚ 2019 ਵਿੱਚ ਭਾਰਤ ਪਰਤੇ ਸਨ।

ਇਰਫ਼ਾਨ ਖ਼ਾਨ ਭਾਰਤੀ ਸਿਨੇਮਾ ਦਾ ਅਜਿਹਾ ਬਾ-ਕਮਾਲ ਅਦਾਕਾਰ ਸੀ ਜਿਸ ਨੇ ਹਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਨਾਲ ਬੱਲੇ-ਬੱਲੇ ਕਰਵਾਈ।

ਲਗਭਗ 80 ਫ਼ਿਲਮਾਂ ਕਰਨ ਵਾਲੇ ਇਰਫ਼ਾਨ ਨੇ ਕਰੀਬ 30 ਫ਼ਿਲਮਾਂ ਵਿੱਚ ਆਪਣੀ ਕਲਾ ਦਾ ਜੌਹਰ ਬਤੌਰ ਅਦਾਕਾਰ ਦਿਖਾਇਆ। ਕਈ ਟੀਵੀ ਸੀਰੀਅਲਜ਼ ਵਿੱਚ ਵੀ ਇਰਫ਼ਾਨ ਨੇ ਚੰਗਾ ਦੌਰ ਗੁਜ਼ਾਰਿਆ।

ਇਰਫ਼ਾਨ ਖ਼ਾਨ ਦੀ ਦਿੱਖ ਭਾਵੇਂ ਰਵਾਇਤੀ ਬਾਲੀਵੁੱਡ ਹੀਰੋ ਵਾਲੀ ਨਹੀਂ ਸੀ ਪਰ ਉਨ੍ਹਾਂ ਆਪਣਾ ਨਾਮ ਬਤੌਵਰ ਕੈਰੇਕਟਰ ਆਰਟਿਸਟ ਹਿੰਦੀ ਸਿਨੇਮਾ ਦੇ ਨਾਲ-ਨਾਲ ਹਾਲੀਵੁੱਡ ਦੀਆਂ ਫ਼ਿਲਮਾਂ, ਲਾਈਫ਼ ਔਫ਼ ਪਾਇ, ਸਲਮਡੌਗ ਮਿਲੇਨੀਅਰ ਅਤੇ ਜੁਰਾਸਿਕ ਵਰਲਡ ਵਿੱਚ ਕਾਇਮ ਕੀਤਾ।

ਇਰਫ਼ਾਨ ਆਪਣੇ ਧਰਮ ਇਸਲਾਮ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ਬਾਰੇ ਖੁੱਲ੍ਹ ਕੇ ਬੋਲਣ ਕਰਕੇ ਕਈ ਵਾਰ ਵਿਵਾਦਾਂ ਵਿੱਚ ਵੀ ਰਹੇ।

ਉਨ੍ਹਾਂ ਦਿ ਗਾਰਡੀਨ ਨਾਲ ਗੱਲਬਾਤ ਦੌਰਾਨ ਕਿਹਾ ਸੀ, ''ਮੈਂ ਹਮੇਸ਼ਾ ਬਾਲੀਵੁੱਡ ਸ਼ਬਦ ਦੇ ਖ਼ਿਲਾਫ਼ ਹਾਂ, ਜਿਹੜੀ ਇੰਡਸਟਰੀ ਦੀ ਆਪਣੀ ਤਕਨੀਕ ਹੈ...ਉਸ ਦਾ ਹਾਲੀਵੁੱਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ।''

''ਹਾਲੀਵੁੱਡ ਬਹੁਤ ਪਲਾਨਿੰਗ ਵਾਲਾ ਹੈ ਅਤੇ ਭਾਰਤ ਕੋਲ ਕੋਈ ਪਲਾਨ ਨਹੀਂ ਹੈ।''

ਸ਼ੁਰੂਆਤੀ ਜ਼ਿੰਦਗੀ

ਇਰਫ਼ਾਨ ਦਾ ਜਨਮ 7 ਜਨਵਰੀ, 1967 ਨੂੰ ਰਾਜਸਥਾਨ ਦੇ ਪਿੰਡ ਟੋਂਕ ਵਿਖੇ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਸਾਹਿਬਜ਼ਾਦਾ ਇਰਫ਼ਾਨ ਅਲੀ ਖ਼ਾਨ ਹੈ।

ਉਨ੍ਹਾਂ ਦੇ ਮਾਤਾ ਜੀ ਦਾ ਸਬੰਧ ਸ਼ਾਹੀ ਪਰਿਵਾਰ ਨਾਲ ਸੀ ਅਤੇ ਪਿਤਾ ਇੱਕ ਚੰਗੇ ਪੈਸੇ ਵਾਲੇ ਕਾਰੋਬਾਰੀ ਸਨ, ਜਿਨ੍ਹਾਂ ਦਾ ਟਾਇਰਾਂ ਦਾ ਕਾਰੋਬਾਰ ਸੀ।

ਇਰਫ਼ਾਨ ਨੇ ਆਪਣੇ ਨਾਮ ਨਾਲੋਂ ਸਾਹਿਬਜ਼ਾਦਾ ਸ਼ਬਦ ਹਟਾ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਨਾਮ ਵਿੱਚ ਇੱਕ R ਹੋਰ ਲਗਾ ਲਿਆ ਸੀ - Irfan ਤੋਂ Irrfan ਕਰ ਲਿਆ ਸੀ।

ਜਦੋਂ ਉਨ੍ਹਾਂ ਦੇ ਪਿਤਾ ਜੀ ਫ਼ੌਤ ਹੋਏ ਤਾਂ ਇਰਫ਼ਾਨ ਨੇ ਟਾਇਰਾਂ ਦੇ ਵਪਾਰ ਵਿੱਚ ਜਾਣ ਦੀਆਂ ਆਸਾਂ ਨੂੰ ਪਰੇ ਰੱਖਦਿਆਂ ਅਦਾਕਾਰ ਬਣਨ ਨੂੰ ਤਰਜੀਹ ਦਿੱਤੀ। ਹਾਲਾਂਕਿ ਫ਼ਿਲਮੀ ਦੁਨੀਆਂ ਵਿੱਚ ਆਉਣ ਬਾਰੇ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨੇ ਨਹੀਂ ਸੋਚਿਆ ਸੀ।

ਉਨ੍ਹਾਂ ਇੱਕ ਵਾਰ ਕਿਹਾ ਸੀ, ''ਕਿਸੇ ਨੇ ਨਹੀਂ ਸੀ ਸੋਚਿਆ ਕਿ ਮੈਂ ਇੱਕ ਦਿਨ ਅਦਾਕਾਰ ਬਣ ਜਾਵਾਂਗਾ, ਮੈਂ ਬਹੁਤ ਸ਼ਰਮੀਲਾ ਸੀ।''

1984 ਵਿੱਚ ਇਰਫ਼ਾਨ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਸਕੌਲਰਸ਼ਿੱਪ ਲਈ ਅਪਲਾਈ ਕੀਤਾ ਸੀ ਇਸ ਲਈ ਉਨ੍ਹਾਂ ਆਪਣੇ ਥਿਏਟਰ ਦੇ ਤਜਰਬੇ ਬਾਰੇ ਝੂਠ ਬੋਲਿਆ ਸੀ ਤੇ ਦਾਖਲਾ ਲਿਆ।

ਉਨ੍ਹਾਂ ਇੱਕ ਵਾਰ ਕਿਸੇ ਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ, ''ਮੈਨੂੰ ਲਗਿਆ ਜੇ ਮੈਨੂੰ ਦਾਖ਼ਲਾ ਨਾ ਮਿਲਿਆ ਤਾਂ ਮੈਨੂੰ ਘੁਟਣ ਹੋਵੇਗੀ।''

ਇਹ ਡਰਾਮਾ ਸਕੂਲ ਦਾ ਹੀ ਕਿੱਸਾ ਸੀ ਜਦੋਂ ਉਹ ਆਪਣੀ ਹੋਣ ਵਾਲੀ ਪਤਨੀ ਸੁਤਾਪਾ ਸਿਕਦਰ ਨੂੰ ਮਿਲੇ ਸਨ।

ਸੁਤਾਪਾ ਨੇ ਕਿਹਾ ਸੀ, ''ਇਰਫ਼ਾਨ ਹਮੇਸ਼ਾ ਫੋਕਸ ਰਹੇ। ਮੈਨੂੰ ਚੇਤੇ ਹੈ ਕਿ ਜਦੋਂ ਉਹ ਘਰ ਆਉਂਦੇ ਸਨ ਤਾਂ ਸਿੱਧਾ ਬੈੱਡਰੂਮ ਵਿੱਚ ਜਾਂਦੇ ਸਨ ਅਤੇ ਫ਼ਿਰ ਹੇਠਾਂ ਫਰਸ਼ 'ਤੇ ਬਹਿ ਕਿ ਕਿਤਾਬਾਂ ਪੜ੍ਹਦੇ ਸਨ। ਅਸੀਂ ਸਾਰੇ ਆਲੇ-ਦੁਆਲੇ ਗੱਲਾਂ ਕਰਦੇ ਰਹਿੰਦੇ ਸੀ।''

ਜਦੋਂ ਉਨ੍ਹਾਂ ਅਦਾਕਾਰੀ ਛੱਡਣ ਬਾਰੇ ਸੋਚਿਆ...

ਇਰਫ਼ਾਨ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੀ ਬਹੁਤ ਚਾਹ ਸੀ ਪਰ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਟੀਵੀ ਸੀਰੀਅਲਜ਼ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਦਰਜਨਾਂ ਚੈਨਲਾਂ 'ਤੇ ਆਉਂਦੇ ਡੇਅਲੀ ਡਰਾਮਿਆਂ ਵਿੱਚ ਕੰਮ ਤਾਂ ਸੌਖੇ ਤਰੀਕੇ ਮਿਲ ਜਾਂਦਾ ਸੀ ਪਰ ਬਤੌਰ ਅਦਾਕਾਰ ਉਹ ਚਾਹਤ ਪੂਰੀ ਨਹੀਂ ਹੁੰਦੀ ਸੀ।

ਇੱਕ ਦਹਾਕੇ ਤੱਕ ਉਹ ਸੈਂਕੜੇ ਟੀਵੀ ਸ਼ੋਅਜ਼ ਦਾ ਹਿੱਸਾ ਰਹੇ ਅਤੇ ਇੱਕ ਦਿਨ ਅਦਾਕਾਰੀ ਛੱਡਣ ਬਾਰੇ ਵੀ ਸੋਚ ਲਿਆ ਸੀ।

ਉਨ੍ਹਾਂ ਦਾ ਇੱਕ ਵਾਰ ਕਹਿਣਾ ਸੀ, ''ਟੀਵੀ ਵਾਲੇ ਮੈਨੂੰ ਪੈਸੇ ਵੀ ਨਹੀਂ ਦਿੰਦੇ ਸੀ ਕਿਉਂਕਿ ਉਹ ਸੋਚਦੇ ਸੀ ਕਿ ਮੇਰੀ ਅਦਾਕਾਰੀ ਬਹੁਤ ਬੁਰੀ ਹੈ।''

ਇਰਫ਼ਾਨ ਦੀ ਵੱਡੇ ਪਰਦੇ 'ਤੇ ਸ਼ੁਰੂਆਤ ਇੱਕ ਹੋਰ ਨਿਰਾਸ਼ਾ ਸੀ। ਮੀਰਾ ਨਾਇਰ ਦੀ ਔਸਕਰ ਵਿੱਚ ਨਾਮਜ਼ਦ ਹੋਈ ਫ਼ਿਲਮ 'ਸਲਾਮ ਬੌਂਬੇ' ਵਿੱਚ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ, ਪਰ ਉਨ੍ਹਾਂ ਦੇ ਨਿੱਕੇ ਰੋਲ ਕਰਕੇ ਉਹ ਨਿਰਾਸ਼ ਹੋਏ।

ਫ਼ਿਲਮ ਦੇ ਲੇਖਕ ਨੇ ਉਨ੍ਹਾਂ ਨੂੰ ਕਿਹਾ ਸੀ ''ਤੁਸੀਂ ਕੁਝ ਜਿੱਤਦੇ ਹੋ ਤੇ ਕੁਝ ਹਾਰਦੇ ਹੋ''

ਵੱਡੇ ਪਰਦੇ ਦੀ ਸ਼ੌਹਰਤ

ਬਤੌਰ ਅਦਾਕਾਰ ਇਰਫ਼ਾਨ ਦੀ ਜ਼ਿੰਦਗੀ ਦਾ ਵੱਡਾ ਮਾਅਰਾ ਬ੍ਰਿਟਿਸ਼-ਇੰਡੀਅਨ ਫ਼ਿਲਮ, 'ਦਿ ਵੈਰੀਅਰ' ਸੀ। ਪਹਾੜਾਂ ਅਤੇ ਰਤੀਲੇ ਰਾਜਸਥਾਨ ਵਿੱਚ ਬਣੀ ਇਹ ਫ਼ਿਲਮ ਯਾਦਗਾਰ ਬਣੀ।

ਬ੍ਰਿਟਿਸ਼ ਡਾਇਰੈਕਟਰ ਆਸਿਫ਼ ਕਪਾਡੀਆ ਦੀ ਇਸ ਫ਼ਿਲਮ ਵਿੱਚ ਇਰਫ਼ਾਨ ਨੇ ਇੱਕ ਯੋਧੇ ਦਾ ਕਿਰਦਾਰ ਅਦਾ ਕੀਤਾ ਸੀ।

ਫ਼ਿਲਮ ਨੂੰ ਕੌਮਾਂਤਰੀ ਪੱਧਰ 'ਤੇ ਬੈਸਟ ਬ੍ਰਿਟਿਸ਼ ਫ਼ਿਲਮ ਦਾ ਐਵਾਰਡ ਦਾ ਹਾਸਿਲ ਹੋਇਆ। ਫ਼ਿਲਮ ਨੂੰ ਯੂਕੇ ਦੀ ਆਫ਼ੀਸ਼ੀਅਲ ਐਂਟਰੀ ਵਜੋਂ ਅਕੈਡਮੀ ਐਵਾਰਡ (ਔਸਕਰ) ਲਈ ਭੇਜਿਆ ਗਿਆ ਪਰ ਇਸ ਨੂੰ ਬਾਹਰ ਇਸ ਲਈ ਕਰਦ ਦਿੱਤਾ ਗਿਆ ਕਿਉਂਕਿ ਹਿੰਦੀ ਭਾਸ਼ਾ ਇਸ ਵਿੱਚ ਸ਼ਾਮਿਲ ਸੀ।

ਹਾਲਾਂਕਿ ਸਿਨੇਮਾ ਦੀ ਦੁਨੀਆਂ ਦਿ ਵੈਰੀਅਰ ਫ਼ਿਲਮ ਨਾਲ ਇਰਫ਼ਾਨ ਦਾ ਕਰੀਅਰ ਚਮਕ ਉੱਠਿਆ।

2008 ਵਿੱਚ ਇਰਫ਼ਾਨ ਨੇ ਡੈਨੀ ਬੋਇਲ ਨਾਲ ਸਲਮਡੌਗ ਮਿਲੇਨੀਅਰ ਫ਼ਿਲਮ ਕੀਤੀ। ਇਰਫ਼ਾਨ ਨੇ ਪੁਲਿਸ ਇੰਸਪੈਕਟਰ ਦਾ ਰੋਲ ਅਦਾ ਕਰਕੇ ਨਾਮ ਕਮਾਇਆ।

ਇਸਲਾਮ ਬਾਰੇ ਇਰਫ਼ਾਨ

ਦੀਪਾ ਮਹਿਤਾ ਦੀ 'ਮਿਡਨਾਈਟਸ ਚਿਲਡਰਨ' ਅਤੇ ਮੀਰਾ ਨਾਇਰ ਦੀ 'ਰੇਲੁਟੈਂਟ ਫੰਡਾਮੈਂਟਲਿਸਟ' ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਨਕਾਰ ਕੀਤਾ ਕਿਉਂਕਿ ਇਹ ਫ਼ਿਲਮਾਂ ਧਰਮ ਦਾ ਕਾਫੀ ਕਰੀਬ ਤੋਂ ਜ਼ਿਕਰ ਸੀ।

9/11 ਦੇ ਨਿਊਯਾਰਕ ਹਮਲੇ ਤੋਂ ਬਾਅਦ ਲੌਸ ਏਂਜਲਸ ਏਅਰਪੋਰਟ 'ਤੇ ਇਰਫ਼ਾਨ ਨੂੰ ਆਪਣੇ ਸਰਨੇਮ ਖ਼ਾਨ ਕਰਕੇ ਦੋ ਵਾਰ ਸ਼ੱਕੀ ਅੱਤਵਾਦੀ ਸਮਝ ਕੇ ਪੜਤਾਲ ਲਈ ਰੋਕਿਆ ਗਿਆ ਸੀ।

ਉਨ੍ਹਾਂ ਕਈ ਵਾਰ ਖ਼ਾਨ ਨਾਮ ਤੋਂ ਖਹਿੜਾ ਛੁਡਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਸਿਰਫ਼ ਇਰਫ਼ਾਨ ਨਾਮ ਰੱਖਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਬਿਆਨਾਂ ਤੋਂ ਕਈ ਵਾਰ ਮੁਸਲਿਮ ਆਗੂ ਵੀ ਪਰੇਸ਼ਾਨ ਹੋਏ, ਇਸ ਪਿੱਛੇ ਕਾਰਨ ਸੀ ਸ਼ੀਆ ਧਾਰਮਿਕ ਤਿਉਹਾਰ, ਮੁਹਰੱਮ ਦੌਰਾਨ ਜਾਨਵਰਾਂ ਦੀ ਬਲੀ ਚੜਾਉਣ ਬਾਰੇ ਨਿੰਦਾ ਕਰਨਾ।

ਇਰਫ਼ਾਨ ਨੇ ਕਿਹਾ ਸੀ, ''ਅਸੀਂ ਇਹ ਰਸਮਾਂ ਇਨ੍ਹਾਂ ਪਿੱਛੇ ਦੀ ਕਹਾਣੀ ਜਾਣੇ ਬਿਨਾਂ ਨਿਭਾਉਂਦੇ ਹਾਂ।''

ਇਰਫ਼ਾਨ ਨੂੰ ਆਪਣੇ ਫ਼ਿਲਮੀ ਕਰੀਅਰ 'ਤੇ ਧਿਆਨ ਦੇਣ ਅਤੇ ਧਰਮ ਸਬੰਧੀ ਬਿਆਨ ਨਾ ਦੇਣ ਨੂੰ ਕਿਹਾ ਗਿਆ।

2011 ਵਿੱਚ ਇਰਫ਼ਾਨ ਨੂੰ ਕਲਾ ਦੇ ਖ਼ੇਤਰ ਵਿੱਚ ਯੋਗਦਾਨ ਸਬੰਧੀ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)