ਕੋਰੋਨਾਵਾਇਰਸ: ਮੋਦੀ ਦੇ ਕਾੜ੍ਹਾ ਪੀਣ ਨਾਲ ਵਾਇਰਸ ਖਿਲਾਫ਼ ਤਕੜੇ ਹੋਣ ਦੇ ਦਾਅਵੇ ਦਾ ਕੀ ਹੈ ਸੱਚ: ਫੈਕਟ ਚੈਕ

    • ਲੇਖਕ, ਸ਼ਰੁਤੀ ਮੈਨਨ
    • ਰੋਲ, ਬੀਬੀਸੀ ਰਿਐਲਿਟੀ ਚੈੱਕ

ਇੱਕ ਪਾਸੇ ਜਿੱਥੇ ਸਰਕਾਰ ਕੋਰੋਨਾਵਾਇਰਸ ਦੀ ਲਾਗ ਫ਼ੈਲਣ ਤੋਂ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਕਰ ਰਹੀ ਹੈ, ਦੂਜੇ ਪਾਸੇ ਭਾਰਤੀ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਗ਼ਲਤ ਅਤੇ ਗੁਮਰਾਹ ਕਰਨ ਵਾਲੀਆਂ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ।

ਇੱਥੇ ਅਸੀਂ ਕੁਝ ਅਜਿਹੀਆਂ ਮਿਸਾਲਾਂ ਦੀ ਚਰਚਾ ਕਰਾਂਗੇ।

ਰਵਾਇਤੀ ਜੜੀਆਂ-ਬੂਟੀਆਂ

ਰਵਾਇਤੀ ਜੜੀਆਂ-ਬੂਟੀਆਂ ਵਾਇਰਸ ਬਾਰੇ ਤੁਹਾਡੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨਹੀਂ ਵਧਾ ਸਕਦੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਰੋਨਾਵਾਇਰਸ ਖ਼ਿਲਾਫ਼ ਜੋ ਰਣਨੀਤੀ ਹੈ, ਉਸ ਵਿੱਚ ਉਹ ਦੇਸ਼ ਵਾਸੀਆਂ ਨੂੰ ਰਵਾਇਤੀ ਜੜੀਆਂ-ਬੂਟੀਆਂ ਵਰਤਣ ਦੀ ਸਲਾਹ ਵੀ ਦੇ ਰਹੇ ਹਨ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਕਾੜ੍ਹਾ ਆਦਿ ਵਰਤਣ ਸੰਬੰਧੀ ਆਯੂਸ਼ ਮੰਤਰਾਲਾ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਜੋ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਕਰਨਗੇ।

ਕਾੜ੍ਹੇ ਵਿੱਚ ਕਈ ਕਿਸਮ ਦੀਆਂ ਜੜੀਆਂ-ਬੂਟੀਆਂ ਪਾਈਆਂ ਜਾਂਦੀਆਂ ਹਨ। ਹਾਲਾਂਕਿ ਸਿਹਤ ਖੇਤਰ ਦੇ ਮਾਹਰਾਂ ਦੀ ਰਾਇ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਇਸ ਤਰੀਕੇ ਨਾਲ ਵਾਇਰਸ ਖ਼ਿਲਾਫ਼ ਲੜਾਈ ਲੜਨ ਲਈ ਸਰੀਰ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।

ਯੇਲ ਯੂਨੀਵਰਸਿਟੀ ਦੇ ਇਮਿਊਨੋਲੋਜਿਸਟ ਅਕਿਕੋ ਇਵਾਸਾਕੀ ਦਾ ਕਹਿਣਾ ਹੈ, "ਸਮੱਸਿਆ ਇਹ ਹੈ ਕਿ ਇਸ ਤਰ੍ਹਾਂ ਦੇ ਦਾਅਵੇ (ਜਿਨਾਂ ਵਿੱਚ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣ ਦਾ ਦਾਅਵਾ ਕੀਤਾ ਜਾਂਦਾ ਹੈ) ਦਾ ਕੋਈ ਪ੍ਰਮਾਣਿਕ ਅਧਾਰ ਨਹੀਂ ਹੈ।"

ਭਾਰਤ ਦਾ ਆਯੁਰਵੇਦ, ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ (ਆਯੂਸ਼) ਮੰਤਰਾਲਾ ਰਵਾਇਤੀ ਇਲਾਜ ਪ੍ਰਣਾਲੀ ਨੂੰ ਉਤਸ਼ਾਹਿਤ ਕਰਦਾ ਹੈ। ਉਹ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣ ਬਾਰੇ ਕਈ ਕਿਸਮ ਦੇ ਦਾਅਵੇ ਕਰਦਾ ਹੈ।

ਇਨ੍ਹਾਂ ਵਿੱਚੋਂ ਕਈ ਤਰੀਕਿਆਂ ਨੂੰ ਮੰਤਰਾਲਾ ਵੱਲੋਂ ਖ਼ਾਸ ਕਰ ਕੇ ਕੋਰੋਨਾਵਾਇਰਸ ਨੂੰ ਰੋਕਣ ਲਈ ਪ੍ਰਚਾਰਿਆ ਗਿਆ ਹੈ। ਜਦਕਿ ਇਨ੍ਹਾਂ ਦੇ ਕਾਰਗਰ ਹੋਣ ਬਾਰੇ ਕੋਈ ਵਿਗਿਆਨਕ ਸਬੂਤ ਮੌਜੂਦ ਨਹੀਂ ਹੈ।

ਭਾਰਤ ਸਰਕਾਰ ਦੀ ਆਪਣੀ ਫੈਕਟ ਚੈਕ ਟੀਮ ਨੇ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਇਨ੍ਹਾਂ ਵਿੱਚ ਗ਼ਰਮ ਪਾਣੀ ਪੀਣ ਅਤੇ ਸਿਰਕੇ ਦੇ ਸੇਵਨ ਦੇ ਸੁਝਾਅ ਸ਼ਾਮਲ ਹਨ।

ਲੌਕਡਾਊਨ ਦੇ ਪ੍ਰਭਾਵ ਬਾਰੇ ਗ਼ਲਤ ਆਂਕੜੇ

ਹਿੰਦੀ ਚੈਨਲ ਏਬੀਪੀ ਨਿਊਜ਼ ਨੇ ਇੱਕ ਰਿਸਰਚ ਦਾ ਦਾਅਵਾ ਕਰਦੇ ਹੋਏ ਇਹ ਰਿਪੋਰਟ ਦਿਖਾਈ ਕਿ ਜੇ ਲੌਕਡਾਊਨ ਨਾ ਹੋਇਆ ਹੁੰਦਾ ਤਾਂ 15 ਅਪ੍ਰੈਲ ਤੱਕ ਭਾਰਤ ਵਿੱਚ ਕੋਰੋਨਾਵਾਇਰਸ ਦੇ 8 ਲੱਖ ਮਰੀਜ਼ ਹੋ ਗਏ ਹੁੰਦੇ।

ਚੈਨਲ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਆਂਕੜੇ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਦੇ ਹਵਾਲੇ ਨਾਲ ਦਿੱਤੇ ਗਏ ਹਨ।

ਸੱਤਾ ਵਿੱਚ ਬੈਠੀ ਭਾਜਪਾ ਦੇ ਆਈਟੀ ਸੈੱਲ ਨੇ ਦੇ ਮੁਖੀ ਅਮਿਤ ਮਾਲਵੀਆ ਨੇ ਇਹ ਸਟੋਰੀ ਟਵੀਟ ਕੀਤੀ ਅਤੇ ਫਿਰ ਇਸ ਨੂੰ ਹਜ਼ਾਰਾਂ ਲੋਕਾਂ ਨੇ ਦੇਖਿਆ ਅਤੇ ਟਵੀਟ ਕੀਤਾ।

ਰਿਸਰਚ ਮੈਨੇਜਮੈਂਟ ਅਤੇ ਪਾਲਿਸੀ ਦੇ ਖੇਤਰੀ ਮੁਖੀ ਰਜਨੀਕਾਂਤ ਨੇ ਬੀਬੀਸੀ ਨੂੰ ਦੱਸਆ, "ਆਈਸੀਐੱਮਆਰ ਨੇ ਕਦੇ ਕੋਈ ਅਜਿਹੀ ਸਟੱਡੀ ਨਹੀਂ ਕੀਤੀ। ਜਿਸ ਵਿੱਚ ਲੌਕਡਾਊਨ ਦੇ ਅਸਰ ਦਾ ਜ਼ਿਕਰ ਕੀਤਾ ਗਿਆ ਹੋਵੇ।"

ਸਿਹਤ ਮੰਤਰਾਲਾ ਦੇ ਇਨਕਾਰ ਕਰਨ ਤੋਂ ਬਾਅਦ ਵੀ ਏਬੀਪੀ ਆਪਣੀ ਖ਼ਬਰ ਬਾਰੇ ਕਾਇਮ ਰਿਹਾ।

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਹਾਲਾਂਕਿ ਮੰਤਰਾਲਾ ਦਾ ਇਹ ਜ਼ਰੂਰ ਕਹਿਣਾ ਹੈ ਕਿ ਕੁਝ ਅੰਦਰੂਨੀ ਖੋਜ ਕਾਰਜ ਹੋਏ ਹਨ ਜੋ ਲਾਗ ਹੋਣ ਵਾਲਿਆਂ ਦੀ ਗਿਣਤੀ ਬਾਰੇ ਅੰਦਾਜ਼ੇ ਪ੍ਰਗਟ ਕਰਦੇ ਹਨ। ਜਿਨ੍ਹਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ।

ਭਾਰਤ ਵਿੱਚ ਕਿਉਂਕਿ 25 ਮਾਰਚ ਤੋਂ ਲੋਕ ਸਖ਼ਤ ਪਾਬੰਦੀਆਂ ਦੇ ਅੰਦਰ ਰਹਿ ਰਹੇ ਹਨ। ਇਸ ਲਈ ਲੌਕਡਾਊਨ ਨਹੀਂ ਹੋਣ ਦੀ ਸਥਿਤੀ ਵਿੱਚ ਕਿੰਨੇ ਲੋਕਾਂ ਨੂੰ ਵਾਕਈ ਲਾਗ ਲੱਗ ਸਕਦੀ ਸੀ, ਇਹ ਕਿਹਾ ਨਹੀਂ ਜਾ ਸਕਦਾ।

ਕੋਰੋਨਾਵਾਇਰਸ ਉੱਪਰ ਚਾਹ ਦੇ ਅਸਰ ਬਾਰੇ ਗ਼ਲਤਫਹਿਮੀ

"ਕੌਣ ਜਾਣਦਾ ਦਾ ਸੀ ਕਿ ਇੱਕ ਚਾਹ ਦਾ ਕੱਪ ਇਸ ਵਾਇਰਸ ਦਾ ਇਲਾਜ ਹੋਵੇਗਾ?"

ਸੋਸ਼ਲ-ਮੀਡੀਆ ਉੱਪਰ ਚੀਨ ਦੇ ਇੱਕ ਡਾ਼ ਲੀ ਵੇਨਲਿਯਾਂਗ ਦੇ ਹਵਾਲੇ ਨਾਲ ਇਹ ਝੂਠਾ ਦਾਅਵਾ ਫੈਲਾਇਆ ਜਾ ਰਿਹਾ ਹੈ।

ਇਹ ਉਹੀ ਡਾਕਟਰ ਹਨ ਜਿਨ੍ਹਾਂ ਨੇ ਪਹਿਲੀ ਵਾਰ ਵੂਹਾਨ ਵਿੱਚ ਇਸ ਵਾਇਰਸ ਦੇ ਬਾਰੇ ਦੱਸਿਆ ਸੀ ਅਤੇ ਬਾਅਦ ਵਿੱਚ ਇਸੇ ਵਾਇਰਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਾਕਟਰ ਲੀ ਨੇ ਚਾਹ ਵਿੱਚ ਮਿਲਣ ਵਾਲੇ ਮਿਥਾਈਲਕਸਾਨਥਾਈਨ ਬਾਰੇ ਇਹ ਤੱਥ ਪੇਸ਼ ਕੀਤਾ ਹੈ ਕਿ ਇਸ ਨਾਲ ਕੋਰੋਨਾਵਾਇਰਸ ਦਾ ਅਸਰ ਘੱਟ ਹੁੰਦਾ ਹੈ।

ਸੋਸ਼ਲ ਮੀਡੀਆ ਉੱਪਰ ਵੱਡੇ ਪੱਧਰ 'ਤੇ ਸਾਂਝੇ ਹੋ ਰਹੇ ਇਸ ਮੈਸਜ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਦੇ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਨੂੰ ਦਿਨ ਵਿੱਚ ਤਿੰਨ ਵਾਰ ਤੱਕ ਪੀਣ ਨੂੰ ਚਾਹ ਦਿੱਤੀ ਜਾ ਰਹੀ ਸੀ।

ਇਹ ਸੱਚ ਹੈ ਕਿ ਚਾਹ ਵਿੱਚ ਮਿਥਾਈਲਕਸਾਨਥਾਈਨ ਹੁੰਦਾ ਹੈ ਪਰ ਇਹ ਕੌਫ਼ੀ ਅਤੇ ਚੌਕਲੇਟ ਵਿੱਚ ਵੀ ਹੁੰਦਾ ਹੈ।

ਲੇਕਿਨ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਡਾ਼ ਲੀ ਵੇਨਲਿਯਾਂਗ ਚਾਹ ਦੇ ਕੋਰੋਨਾਵਾਇਰਸ ਉੱਪਰ ਅਸਰ ਬਾਰੇ ਕੋਈ ਖੋਜ ਕਰ ਰਹੇ ਸਨ। ਸੱਚ ਤਾਂ ਇਹ ਹੈ ਕਿ ਉਹ ਅੱਖਾਂ ਦੇ ਡਾਕਟਰ ਸਨ ਨਾ ਕਿ ਕੋਈ ਵਾਇਰਸ-ਮਾਹਰ। ਇਸ ਤੋਂ ਬਿਨਾਂ ਨਾ ਹੀ ਚੀਨ ਵਿੱਚ ਕੋਰੋਨਾ ਦੇ ਮਰੀਜ਼ਾਂ ਨੂੰ ਦਿਨ ਵਿੱਚ ਤਿੰਨ-ਤਿੰਨ ਵਾਰ ਚਾਹ ਪਿਆ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)