ਨਿਹੰਗ ਸਿੰਘਾਂ ਦਾ ਪਿਛੋਕੜ ਅਤੇ ਇਨ੍ਹਾਂ ਨਾਲ ਪਿਛਲੇ ਦਹਾਕਿਆਂ 'ਚ ਜੁੜੇ 4 ਵਿਵਾਦ

    • ਲੇਖਕ, ਖੁਸ਼ਹਾਲ ਲਾਲੀ ਅਤੇ ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

12 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਦੀ ਸਨੌਰ ਰੋਡ ਸਬਜ਼ੀ ਮੰਡੀ ਵਿਚ ਕਰਫਿਊ ਦੌਰਾਨ ਪੁਲਿਸ ਪਾਰਟੀ ਉੱਤੇ ਨਿਹੰਗਾਂ ਦੇ ਹਮਲੇ ਦੀ ਵਾਰਦਾਤ ਨੇ ਨਿਹੰਗ ਸਿੱਖਾਂ ਨੂੰ ਇੱਕ ਵਾਰ ਫੇਰ ਚਰਚਾ ਵਿਚ ਲਿਆ ਦਿੱਤਾ ਹੈ।

ਭਾਵੇਂ ਕਿ ਨਿਹੰਗਾਂ ਦੀ ਸਭ ਤੋਂ ਵੱਡੀ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ ਨੇ ਹਮਲਾਵਰਾਂ ਦਾ ਨਿਹੰਗ ਜਥੇਬੰਦੀਆਂ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।

ਹਮਲਾਵਰ ਪਟਿਆਲਾ ਨੇੜੇ ਬਲਬੇੜਾ ਪਿੰਡ ਵਿਚ ਗੁਰਦੁਆਰਾ ਖਿਚੜੀ ਸਾਹਿਬ ਦੇ ਕੰਪਲੈਕਸ ਵਿਚਲੇ ਡੇਰੇ ਵਿਚ ਰਹਿੰਦੇ ਸਨ ਅਤੇ ਹਮਲੇ ਦੌਰਾਨ ਨਿਹੰਗ ਬਾਣੇ ਵਿਚ ਸਨ।

ਪੂਰਾ ਦਿਨ ਚੱਲੀ ਪੁਲਿਸ ਕਾਰਵਾਈ ਵਿੱਚ 11 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਦੇ ਆਈਜੀ ਜਤਿੰਦਰ ਸਿੰਘ ਔਲਖ਼ ਮੁਤਾਬਕ ਮੁਲਜ਼ਮਾਂ ਉੱਤੇ ਇਰਾਦਾ ਕਤਲ ਸਣੇ ਪਹਿਲਾਂ ਵੀ ਤਿੰਨ ਮਾਮਲੇ ਚੱਲ ਰਹੇ ਹਨ।

ਕੌਣ ਹੁੰਦੇ ਹਨ ਨਿਹੰਗ ਸਿੰਘ

ਨਿਹੰਗ ਫ਼ੂਲਾ ਸਿੰਘ ਅਕਾਲੀ ਸਿੱਖਾਂ ਦੇ 10ਵੇਂ ਗੁਰੂ ਦੀਆਂ ਫ਼ੌਜਾਂ ਦੇ ਜਰਨੈਲ ਸਨ, ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ।

ਡਾਕਟਰ ਰਤਨ ਸਿੰਘ ਜੱਗੀ ਦੇ ਮਹਾਨ ਕੋਸ਼ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਸਾਰੀਆਂ ਜੰਗੀ ਮੁਹਿੰਮਾਂ ਵਿਚ ਮਦਦ ਕਰਨ ਵਾਲੇ ਅਕਾਲੀ ਫੂਲਾ ਸਿੰਘ ਨੇ ਖਾਲਸਾ ਮਰਿਯਾਦਾ ਦੀ ਉਲੰਘਣਾ ਕਰਨ ਲਈ ਮਹਾਰਾਜਾ ਨੂੰ ਕੋੜੇ ਮਾਰਨ ਤੱਕ ਦੀ ਧਾਰਮਿਕ ਸਜ਼ਾ ਲੁਆਈ ਸੀ।

ਨਿਹੰਗ ਸ਼ਬਦ ਦਾ ਫਾਰਸੀ ਭਾਸ਼ਾ ਵਿਚ ਅਰਥ ਹੈ ਮਗਰਮੱਛ ਹੈ।

ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਮੁਤਾਬਕ ਨਿਹੰਗ ਦਾ ਅਰਥ ਹੈ ਖੜਗ/ਕਿਰਪਾਨ।

ਨਿਹੰਗ ਦੀ ਪਰਿਭਾਸ਼ਾ ਬਿਆਨਦੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ, "ਨਿਹੰਗ ਜੋ ਮਰਨ ਦੀ ਸ਼ੰਕਾ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ।"

'ਸੋ ਨਿਹੰਗ ਜਾਣਿ ਜੋ ਸਦਾ ਤਿਆਰ ਬਰ ਤਿਆਰ, ਗੁਰੀਲਾ ਜੋਧੇ, ਚਰਕਵਰਤੀ ਫੌਜਾਂ।'

ਸਿੱਖ ਇਤਿਹਾਸ ਵਿਚ ਨਿਹੰਗਾਂ ਦੇ ਜਥੇ ਦੇ ਹੋਂਦ ਵਿਚ ਆਉਣ ਦੀਆਂ ਕਈ ਕਹਾਣੀਆਂ ਪ੍ਰਚਲਿਤ ਹਨ।

ਅਫ਼ਸਰ ਵਜੋਂ ਸੇਵਾ ਮੁਕਤ ਹੋਏ ਤੇ ਹਮੇਸ਼ਾ ਰਵਾਇਤੀ ਨਿਹੰਗ ਬਾਣੇ ਵਿਚ ਰਹਿਣ ਵਾਲੇ ਪਰਮਜੀਤ ਸਿੰਘ ਕਹਿੰਦੇ ਹਨ ਕਿ ਨਿਹੰਗ ਜਥੇ ਦੀ ਹੋਂਦ ਦੀ ਸ਼ੁਰੂਆਤ 10ਵੇਂ ਗੁਰੂ ਗੋਬਿੰਦ ਸਿੰਘ ਤੋਂ ਹੀ ਹੁੰਦੀ ਹੈ।

ਕੁਝ ਲੋਕ ਇਸ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਨਾਲ ਜੋੜਦੇ ਹਨ।

ਬੁੱਢਾ ਦਲ ਦੇ ਲਖਵਿੰਦਰ ਸਿੰਘ ਨਿਹੰਗ ਕਹਿੰਦੇ ਹਨ ਕਿ ਖਾਲਸਾ ਸਾਜਨਾ ਮੌਕੇ ਗੁਰੂ ਸਾਹਿਬ ਨੇ ਜੋ ਬਾਣਾ ਬਖਸ਼ਿਆ, ਉਹ ਨਿਹੰਗ ਸਿੰਘ ਵਾਲਾ ਸੀ।

ਪਰਮਜੀਤ ਸਿੰਘ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਾਜਨਾ ਦਾ ਮਕਸਦ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਦੁਆਉਣ, ਜਾਤ ਪਾਤ ਖ਼ਤਮ ਕਰਕੇ ਜ਼ਾਲਮ ਸੱਤਾ ਖ਼ਿਲਾਫ਼ ਖੜੇ ਕਰਨਾ ਸੀ।

ਡਾਕਟਰ ਰਤਨ ਸਿੰਘ ਜੱਗੀ ਦੇ ਮਹਾਨ ਕੋਸ਼ ਦੇ ਪੰਨਾ ਨੰਬਰ 1284-85 ਮੁਤਾਬਕ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਪ੍ਰਕਾਰ ਨਾਲ ਸਿੱਖ ਕੌਮ ਆਗੂਹੀਣ ਹੋ ਗਈ।

1733 ਵਿੱਚ ਸਿੱਖਾਂ ਨੇ ਸਰਦਾਰ ਕਪੂਰ ਸਿੰਘ ਨੂੰ ਸਰਵ ਸੰਮਤੀ ਨਾਲ ਆਗੂ ਪ੍ਰਵਾਨ ਕੀਤਾ। ਉਦੋਂ ਤੋਂ ਨਿਹੰਗਾਂ ਦੀਆਂ ਸਾਰੀਆਂ ਜਥੇਬੰਦੀਆਂ ਅੰਮ੍ਰਿਤਸਰ ਦੇ ਆਲੇ ਦੁਆਲੇ ਨਿਵਾਸ ਕਰਨ ਲੱਗੀਆਂ।

ਨਿਹੰਗਾ ਨੂੰ ਦੋ ਗੁਟਾਂ ਵਿੱਚ ਵੰਡਿਆ ਗਿਆ ਸੀ

ਪ੍ਰਬੰਧਕੀ ਸੁਵਿਧਾ ਲਈ 1734 ਵਿਚ ਨਿਹੰਗਾਂ ਨੂੰ ਦੋ ਗੁਟਾਂ ਵਿਚ ਵੰਡਿਆ ਗਿਆ, ਇਹ ਸਨ ਬੁੱਢਾ ਦਲ ਤੇ ਤਰਨਾ ਦਲ।

40 ਸਾਲ ਤੋਂ ਵੱਧ ਉਮਰ ਵਾਲੇ ਬੁੱਢਾ ਦਲ ਅਤੇ ਘੱਟ ਉਮਰ ਵਾਲੇ ਤਰਨਾ ਦਲ ਦੇ ਮੈਂਬਰ ਬਣਾਏ ਗਏ।

ਬੁੱਢਾ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਬਣੇ ਅਤੇ ਤਰਨਾ ਦਲ ਦੇ ਜੱਸਾ ਸਿੰਘ ਆਹਲੂਵਾਲੀਆ। ਤਰਨਾ ਦਲ ਨੂੰ ਅੱਗੇ ਪੰਜ ਦਲਾਂ ਵਿਚ ਵੰਡਿਆ ਗਿਆ।

ਬੁੱਢਾ ਦਲ ਦੀ ਜ਼ਿੰਮੇਵਾਰੀ ਗੁਰਦੁਆਰਿਆਂ ਦੀ ਕਾਰਸੇਵਾ ਤੇ ਧਰਮ ਪ੍ਰਚਾਰ ਕਰਨਾ ਤੇ ਤਰਨਾ ਦਲ ਦੇ ਜਥਿਆਂ ਦਾ ਕੰਮ ਵੈਰੀਆਂ ਨਾਲ ਲੋਹਾ ਲੈਣਾ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਸੀ।

ਹਰੇਕ ਜਥੇ ਵਿਚ 1300 ਤੋਂ ਲੈ ਕੇ 5 ਹਜ਼ਾਰ ਤੱਕ ਹਥਿਆਰਬੰਦ ਸਿੰਘ ਹੁੰਦੇ ਸਨ।

ਨਿਹੰਗ ਅੱਜ ਵੀ ਰਵਾਇਤੀ ਪਹਿਰਾਵੇ ਵਿਚ ਰਹਿੰਦੇ ਹਨ ਅਤੇ ਪੁਰਾਤਨ ਕਾਲ ਵਰਗੀ ਜ਼ਿੰਦਗੀ ਜ਼ਿਉਂਦੇ ਹਨ। ਪਰ ਸਮੇਂ ਦੇ ਲੰਘਣ ਨਾਲ ਇਨ੍ਹਾਂ ਦੇ ਬਹੁਤ ਸਾਰੇ ਦਲ ਹੋ ਗਏ ਹਨ।

ਇਹ ਵੀ ਪੜ੍ਹੋ-

ਵੱਖਰੀ ਪਛਾਣ ਤੇ ਸਨਮਾਨ

ਇਹ ਫੌਜੀਆਂ ਵਾਂਗ ਰਹਿੰਦੇ ਹਨ ਅਤੇ ਆਪਣੇ ਡੇਰਿਆਂ ਨੂੰ ਛਾਉਣੀਆਂ ਕਹਿੰਦੇ ਹਨ।

ਸਰਬ ਲੌਹ ਦੇ ਭਾਂਡਿਆਂ ਵਿਚ ਖਾਣਾ ਖਾਂਦੇ ਨੇ ਅਤੇ ਇਨ੍ਹਾਂ ਦੀ ਆਪਣੀ ਹੀ ਮਰਿਯਾਦਾ ਹੈ।

ਸਿੱਖ ਮਾਮਲਿਆਂ ਦੇ ਜਾਣਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਦੱਸਿਆ ਕਿ ਹਥਿਆਰ ਰੱਖਣਾ ਸਿੱਖਾਂ ਦੀ ਰਿਵਾਇਤ ਹੈ। ਜਿਸ ਦਾ ਮੁੱਢ ਖ਼ਾਲਸਾ ਪੰਥ ਦੀ ਹੋਂਦ ਵਿਚ ਆਉਣ ਨਾਲ ਹੀ ਬੱਝ ਗਿਆ ਸੀ।

ਇਸ ਦੇ ਪਿੱਛੇ ਦਲੀਲ ਸੀ ਇੱਕ ਤਾਂ ਤਾਕਤ ਦਾ ਇਸਤੇਮਾਲ ਸਹੀ ਕੰਮ ਲਈ ਕਰਨਾ ਹੈ ਜਿਵੇਂ ਕਿਸੇ ਗ਼ਰੀਬ ਨਾਲ ਧੱਕਾ ਨਾ ਹੋਵੇ ਜਾਂ ਕਿਸੇ ਨਾਲ ਕੋਈ ਵਧੀਕੀ ਨਾ ਹੋਵੇ। ਘੋੜੇ, ਪੁਰਾਤਨ ਹਥਿਆਰ ਨਿਹੰਗਾਂ ਦੀ ਪਛਾਣ ਹੈ।

ਪਰ ਸਮੇਂ ਦੇ ਬਦਲਣ ਦੇ ਨਾਲ ਨਾਲ ਇਹਨਾਂ ਵਿੱਚ ਕਈ ਬਦਲਾਅ ਆਏ ਹਨ।

ਖ਼ਾਸ ਤੌਰ ਉੱਤੇ 1984 ਦੇ ਓਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੰਤਾ ਸਿੰਘ ਨੇ ਜਿਸ ਤਰੀਕੇ ਨਾਲ ਸਰਕਾਰ ਦਾ ਸਾਥ ਦਿੰਦੇ ਹੋਏ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਕਰਵਾਈ ਉਸ ਉੱਤੇ ਸਵਾਲ ਖੜੇ ਹੋਏ।

ਡਾਕਟਰ ਗੁਰਦਰਸ਼ਨ ਮੁਤਾਬਕ ਨਿਹੰਗਾਂ ਦੀ ਪੰਜਾਬ ਵਿਚ ਮੌਜੂਦਾ ਗਿਣਤੀ ਕਿੰਨੀ ਹੈ, ਇਸ ਬਾਰੇ ਕੋਈ ਰਿਕਾਰਡ ਨਹੀਂ ਹੈ ਕਿਉਂਕਿ ਮਰਦਮਸ਼ੁਮਾਰੀ ਵਿਚ ਇਹਨਾਂ ਦੀ ਗਿਣਤੀ ਸਿੱਖਾਂ ਵਿਚ ਹੁੰਦੀ ਹੈ।

ਬਾਹਰੋਂ ਆਏ ਨਿਹੰਗ, ਬੂਹੇ ਖੋਲ ਦਿਓ ਨਿਸੰਗ

ਪੰਜਾਬੀ ਦੀ ਇਹ ਕਹਾਵਤ ਦਰਸਾਉਂਦੀ ਹੈ ਕਿ ਨਿਹੰਗਾਂ ਦੀ ਇਹ ਰਵਾਇਤ ਰਹੀ ਹੈ ਕਿ ਉਹ ਨੂੰ ਹਮੇਸ਼ਾ ਲੋਕਾਂ ਦੀ ਮਦਦ ਲਈ ਖੜੇ ਹੁੰਦੇ ਸਨ ਅਤੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਸੱਤਾ ਖ਼ਿਲਾਫ਼ ਲੜਦੇ ਸਨ।

ਨਿਹੰਗਾਂ ਨਾਲ ਜੁੜੇ ਵਿਵਾਦ

1. ਸਾਲ 1984 ਤੋਂ ਬਾਅਦ, ਅਕਾਲ ਤਖ਼ਤ ਉੱਤੇ ਫੌਜੀ ਕਾਰਵਾਈ ਤੋਂ ਬਾਅਦ ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ ਨੇ ਜਦੋਂ ਇੰਦਰਾ ਗਾਂਧੀ ਸਰਕਾਰ ਨਾਲ ਮਿਲ ਕੇ ਅਕਾਲ ਤਖ਼ਤ ਦੀ ਕਾਰ ਸੇਵਾ ਕਰਵਾਈ ਤਾਂ ਨਿਹੰਗ ਵੀ ਦੋ ਧੜਿਆਂ ਵਿਚ ਵੰਡੇ ਗਏ।

ਕੁਝ ਸਰਕਾਰੀ ਧਿਰ ਨਾਲ ਖੜੇ ਹੋ ਗਏ ਤੇ ਕੁਝ ਸਰਕਾਰ ਖ਼ਿਲਾਫ਼। ਕੁਝ ਨਿਹੰਗ ਗਰੁੱਪ ਥਾਂ-ਥਾਂ ਕਬਜ਼ੇ ਤੇ ਹਿੰਸਕ ਵਾਰਦਾਤਾਂ ਵਿਚ ਸ਼ਾਮਲ ਹੋਣ ਕਾਰਨ ਬਦਨਾਮ ਹੋ ਗਏ।

ਬਾਬਾ ਬੁੱਢਾ ਦਲ ਦੇ 13ਵੇਂ ਮੁਖੀ ਸੰਤਾ ਸਿੰਘ ਨੂੰ ਇਸੇ ਕਾਰ ਸੇਵਾ ਦੇ ਕਾਰਨ ਸਿੱਖ ਪੰਥ ਵਿਚੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਛੇਕ ਵੀ ਦਿੱਤਾ ਸੀ।

ਪਰ 2001 ਵਿਚ ਉਹਨਾ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣੇ ਕੀਤੇ ਦੀ ਮੁਆਫ਼ੀ ਮੰਗੀ ਜਿਸ ਤੋਂ ਬਾਅਦ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਸਮੇਤ ਪੰਜ ਜਥੇਦਾਰਾਂ ਨੇ ਉਨ੍ਹਾਂ ਤਨਖ਼ਾਹ ਲਗਾਉਂਦਿਆਂ 17 ਸਾਲਾ ਬਾਅਦ ਮੁਆਫ਼ੀ ਦੇ ਦਿੱਤੀ।

2. ਆਪਣੇ ਆਪ ਨੂੰ ਤਰਨਾ ਦਲ ਦੇ ਮੁਖੀ ਐਲਾਣਨ ਵਾਲੇ ਨਿਹੰਗ ਅਜੀਤ ਸਿੰਘ ਪੂਹਲਾ ਦਾ ਨਾਂ ਪੰਜਾਬ ਵਿਚ ਅੱਤਵਾਦ ਦੇ ਦੌਰ ਦੌਰਾਨ ਕਈ ਵਾਰਦਾਤਾਂ ਦੇ ਵਿੱਚ ਹੱਥ ਹੋਣ ਕਰਕੇ ਕਾਫ਼ੀ ਬਦਨਾਮ ਹੋਇਆ।

ਉਨ੍ਹਾਂ ਉੱਤੇ ਲੋਕਾਂ ਦੀ ਜ਼ਮੀਨਾਂ ਉੱਤੇ ਕਬਜ਼ੇ ਕਰਨ, ਨਜਾਇਜ਼ ਹਥਿਆਰ ਰੱਖਣ ਤੇ ਅਗਵਾਕਰਨ ਦੀਆਂ ਘਟਨਾਵਾਂ ਦੇ ਇਲਜ਼ਾਮ ਲੱਗੇ।

ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਕਾਰਨ ਜੇਲ੍ਹ ਜਾਣਾ ਪਿਆ। ਅਜੀਤ ਸਿੰਘ ਪੂਹਲਾ ਦੀ ਬਾਅਦ ਵਿਚ ਕਤਲ ਦੇ ਮਾਮਲੇ ਵਿਚ ਸਜ਼ਾ ਭੁਗਤਦੇ ਵਕਤ ਜੇਲ੍ਹ ਵਿਚ ਹੀ ਹੱਤਿਆ ਕਰਵਾ ਦਿੱਤੀ ਗਈ ਸੀ।

3. 2007 ਵਿਚ ਬੁੱਢਾ ਦਲ ਦੀ ਗੱਦੀ ਨੂੰ ਲੈ ਕੇ ਪਟਿਆਲਾ ਵਿਚ ਨਿਹੰਗਾਂ ਦੀ ਆਪਸੀ ਲੜਾਈ ਵੀ ਕਾਫ਼ੀ ਚਰਚਿਤ ਰਹੀ। ਇਸ ਲੜਾਈ ਵਿਚ ਬੁੱਢਾ ਦਲ ਦੇ ਮੌਜੂਦਾ ਮੁਖੀ ਬਲਬੀਰ ਸਿੰਘ ਦੇ ਚਾਰ ਪਰਿਵਾਰਕ ਮੈਂਬਰਾਂ ਦਾ ਕਤਲ ਹੋ ਗਿਆ। ਬਾਅਦ ਵਿਚ ਅਦਾਲਤ ਨੇ ਸ੍ਰੋਮਣੀ ਅਕਾਲੀ ਦਲ ਬੁੱਢਾ ਦਲ (ਪੰਜਵਾਂ ਤਖ਼ਤ) ਗਰੁੱਪ ਦੇ ਅੱਠ ਮੈਂਬਰਾਂ ਨੂੰ ਇਸ ਮਾਮਲੇ ਵਿਚ ਉਮਰ ਕੈਦ ਦੀ ਸਜਾ ਸੁਣਾਈ ਸੀ।

4. ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਅੰਮ੍ਰਿਤਸਰ 'ਚ ਬੁੰਗਾ ਅਕਾਲੀ ਫੂਲਾ ਸਿੰਘ ਵਿੱਚ ਸਰਬੱਤ ਖ਼ਾਲਸਾ ਵੀ ਕਾਫ਼ੀ ਚਰਚਾ ਵਿਚ ਰਿਹਾ ਹੈ।

ਕਈ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਦੌਰ ਦੌਰਾਨ ਨਿਹੰਗਾਂ ਦਾ ਵਜੂਦ ਇੰਨਾ ਖ਼ਾਸ ਨਹੀਂ ਰਿਹਾ ਕਿਉਂਕਿ ਉਹ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਚਲਦੇ ਰਹੇ ਹਨ ਨਾਲੇ ਇਹਨਾਂ ਦੀ ਗਿਣਤੀ ਕਾਫ਼ੀ ਘੱਟ ਹੈ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੇ ਮੁਤਾਬਕ ਸਰਕਾਰ ਕੋਈ ਵੀ ਹੋਵੇ ਇਨ੍ਹਾਂ ਦੀ ਆਪਣੀ ਹੀ ਦੁਨੀਆਂ ਹੈ ਅਤੇ ਆਪਣੇ ਰਵਾਇਤੀ ਰਵਾਇਤੀ ਹਿਸਾਬ ਨਾਲ ਹੀ ਚੱਲਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)