You’re viewing a text-only version of this website that uses less data. View the main version of the website including all images and videos.
ਬੀਬੀਸੀ ਦੀ ਖੋਜ: ਭਾਰਤ ਦੇ ਲੋਕਾਂ ਦੀ ਖੇਡਾਂ ਵਿੱਚ ਸ਼ਮੂਲੀਅਤ ਘੱਟ ਕਿਉਂ ਹੈ, ਜਾਣੋ ਖਿਡਾਰਨਾਂ ਬਾਰੇ 8 ਗੱਲਾਂ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਬੀਬੀਸੀ ਨੇ ਭਾਰਤ ਵਿੱਚ ਖੇਡਾਂ ਤੇ ਖਿਡਾਰਨਾਂ ਬਾਰੇ ਲੋਕਾਂ ਦੀ ਰਾਇ ਸਮਝਣ ਲਈ 14 ਸੂਬਿਆਂ ਵਿੱਚ ਇੱਕ ਵੱਡਾ ਸਰਵੇਖਣ ਕੀਤਾ।
ਇਸ ਰਿਸਰਚ ਵਿੱਚ 10 ਹਜ਼ਾਰ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਅਧਿਐਨ ਦੇ ਨਤੀਜੇ ਵਜੋਂ 8 ਵੱਡੀਆਂ ਗੱਲਾਂ ਉਜਾਗਰ ਹੋਈਆਂ ਹਨ ਜੋ ਕੁਝ ਇਸ ਤਰ੍ਹਾਂ ਹਨ:
1. ਕਿੰਨੇ ਭਾਰਤੀ ਕੋਈ ਖੇਡ ਖੇਡਦੇ ਹਨ?
ਭਾਰਤ ਵਿੱਚ ਖੇਡਣਾ ਜਾਂ ਕਸਰਤ ਕਰਨਾ ਜੀਵਨਸ਼ੈਲੀ ਦਾ ਹਿੱਸਾ ਨਹੀਂ ਹੈ। ਬੀਬੀਸੀ ਦੀ ਖੋਜ ਵਿੱਚ ਪਤਾ ਲਗਦਾ ਹੈ ਕਿ ਇਸ ਵਿੱਚ ਸ਼ਾਮਲ ਲੋਕਾਂ ਵਿੱਚੋਂ ਸਿਰਫ਼ ਤਿੰਨ ਫ਼ੀਸਦੀ ਲੋਕ ਹੀ ਕੋਈ ਖੇਡ ਖੇਡਦੇ ਹਨ।
ਬਾਕੀ ਦੁਨੀਆਂ ਨੂੰ ਦੇਖੀਏ ਤਾਂ ਫ਼ਿਨਲੈਂਡ, ਡੈਨਮਾਰਕ ਤੇ ਸਵੀਡਨ ਵਰਗੇ ਦੇਸ਼ਾਂ ਵਿੱਚ ਲਗਭਗ ਦੋ ਤਿਹਾਈ ਵਸੋਂ ਖੇਡਾਂ ਵਿੱਚ ਹਿੱਸਾ ਲੈਂਦੀ ਹੈ। ਜਦਕਿ ਯੂਰਪ ਦਾ ਔਸਤ ਅੱਧੇ ਤੋਂ ਕੁਝ ਵਧੇਰੇ ਹੈ।
ਇਹ ਵੀ ਪੜ੍ਹੋ-
2. ਭਾਰਤੀ ਖੇਡਾਂ ਵਿੱਚ ਹਿੱਸਾ ਕਿਉਂ ਨਹੀਂ ਲੈਂਦੇ?
ਲੋਕਾਂ ਨੇ ਦੱਸਿਆ ਕਿ ਸਕੂਲ ਵਿੱਚ ਖੇਡਣ ਲਈ ਸਹੂਲਤਾਂ ਦੀ ਕਮੀ ਤੇ ਸਕੂਲਾਂ 'ਤੇ ਜ਼ੋਰ ਨਾ ਦਿੱਤਾ ਜਾਣਾ ਇਸ ਦਾ ਵੱਡਾ ਕਾਰਨ ਹੈ।
ਖੋਜ ਵਿੱਚ ਸ਼ਾਮਲ ਮਰਦਾਂ ਤੇ ਔਰਤਾਂ ਦੋਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਦਾ ਜ਼ੋਰ ਪੜ੍ਹਾਈ ਵਿੱਚ ਚੰਗੀ ਕਾਰਗੁਜ਼ਾਰੀ ਦਾ ਸੀ। ਉਨ੍ਹਾਂ ਨੂੰ ਲਗਦਾ ਸੀ ਕਿ ਖੇਡਣਾ ਸਮੇਂ ਦਾ ਸਦਉਪਯੋਗ ਨਹੀਂ ਹੈ।
ਹਾਲਾਂਕਿ ਓਲੰਪਿਕ ਵਰਗੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਕਾਰਗੁਜ਼ਾਰੀ ਹੌਲੀ-ਹੌਲੀ ਸੁਧਰ ਰਹੀ ਹੈ। ਖਿਡਾਰੀਆਂ ਨੂੰ 'ਹੀਰੋ' ਵਾਂਗ ਦੇਖਿਆ ਜਾਣ ਲੱਗਾ ਹੈ। ਫਿਰ ਵੀ ਭਾਰਤੀਆਂ ਦੀ ਖੇਡਾਂ ਬਾਰੇ ਸੋਚ ਬਦਲੀ ਨਹੀਂ ਹੈ।
3. ਓਲੰਪਿਕ ਵਰਗੇ ਕੌਮਾਂਤਰੀ ਮੁਕਾਬਲਿਆਂ ਵਿੱਚ ਕਿੰਨੀਆਂ ਭਾਰਤੀ ਖਿਡਾਰਨਾਂ ਨੇ ਹਿੱਸਾ ਲਿਆ ਹੈ?
ਭਾਰਤ ਨੇ ਉਲੰਪਿਕ ਵਿੱਚ ਹੁਣ ਤੱਕ 28 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚੋ 14 ਪਿਛਲੇ 25 ਸਾਲਾਂ ਵਿੱਚ ਹੀ ਜਿੱਤੇ ਗਏ ਹਨ।
ਅਭਿਨਵ ਬਿੰਦਰਾ ਨੇ ਉਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੇ ਇੱਕਲੌਤੇ ਭਾਰਤੀ ਹਨ। ਉਨ੍ਹਾਂ ਨੇ ਸਾਲ 2008 ਵਿੱਚ ਨਿਸ਼ਾਨੇਬਾਜ਼ੀ ਵਿੱਚ ਇਹ ਤਗਮਾ ਜਿੱਤਿਆ ਸੀ।
ਔਰਤਾਂ ਨੇ ਉਲੰਪਿਕ ਵਿੱਚ ਪੰਜ ਮੈਡਲ ਜਿੱਤੇ ਹਨ ਅਤੇ ਇਹ ਸਾਰੀ ਜਿੱਤ ਪਿਛਲੇ ਦੋ ਦਹਾਕਿਆਂ ਵਿੱਚ ਦਰਜ ਕੀਤੀ ਗਈ ਹੈ।
ਪਿਛਲੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਨੇ ਦੋ ਮੈਡਲ ਜਿੱਤੇ ਸਨ ਤੇ ਦੋਵੇਂ ਖਿਡਾਰਨਾਂ ਨੇ ਜਿੱਤੇ ਸਨ। ਪੀਵੀ ਸਿੰਧੂ ਨੇ ਬੈਡਮਿੰਟਨ ਵਿੱਚ ਸਿਲਵਰ ਤੇ ਸਾਕਸ਼ੀ ਮਲਿਕ ਨੇ ਕੁਸ਼ਤੀ ਵਿੱਚ ਤਾਂਬੇ ਦਾ ਮੈਡਲ ਜਿੱਤਿਆ ਸੀ।
ਕਈਆਂ ਦਾ ਮੰਨਣਾ ਹੈ ਕਿ ਉਲੰਪਿਕ ਵਿੱਚ ਕਾਰਗੁਜ਼ਾਰੀ ਦੇ ਅਧਾਰ 'ਤੇ ਭਾਰਤ ਵਿੱਚ ਖੇਡਾਂ ਦੀ ਹਾਲਤ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਕਾਰਨ ਭਾਰਤ ਦੀ ਪਸੰਦੀਦਾ ਖੇਡ ਉਲੰਪਿਕ ਵਿੱਚ ਖੇਡੀ ਹੀ ਨਹੀਂ ਜਾਂਦੀ।
4. ਭਾਰਤ ਦੇ ਪੰਸਦੀਦਾ ਖੇਡ ਕਿਹੜੇ ਹਨ?
ਬੀਬੀਸੀ ਦੀ ਰਿਸਰਚ ਵਿੱਚ ਸ਼ਾਮਲ ਲੋਕਾਂ ਵਿੱਚੋਂ 15 ਫ਼ੀਸਦੀ ਲੋਕਾਂ ਨੂੰ ਕ੍ਰਿਕਟ ਪਸੰਦ ਹੈ।
ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਕ੍ਰਿਕਟ ਤੋਂ ਬਾਅਦ 13 ਫ਼ੀਸਦੀ ਲੋਕਾਂ ਨੇ ਕਬੱਡੀ ਨੂੰ ਆਪਣੀ ਮਨ ਪਸੰਦ ਖੇਡ ਦੱਸਿਆ। ਉੱਥੇ ਹੀ 6 ਫ਼ੀਸਦੀ ਲੋਕਾਂ ਨੇ ਯੋਗ ਨੂੰ ਆਪਣੀ ਸਰੀਰਕ ਕਸਰਤ ਦੱਸਿਆ।
ਸ਼ਤਰੰਜ ਨੂੰ ਤਿੰਨ ਫ਼ੀਸਦੀ ਲੋਕਾਂ ਨੇ ਆਪਣੀ ਮਨ ਪਸੰਦ ਖੇਡ ਦੱਸਿਆ ਤੇ ਹਾਕੀ ਨੂੰ ਸਿਰਫ਼ ਦੋ ਫ਼ੀਸਦੀ ਲੋਕਾਂ ਨੇ।
5. ਕ੍ਰਿਕਟ ਕਿੰਨੀਆਂ ਖਿਡਾਰਨਾਂ ਖੇਡਦੀਆਂ ਹਨ?
ਕ੍ਰਿਕਟ ਖਿਡਾਰਨਾਂ ਦੀ ਸੰਖਿਆ ਬਹੁਤ ਘੱਟ ਹੈ। ਜੇ ਪੁਰਸ਼ ਖਿਡਾਰੀਆਂ ਨਾਲ ਤੁਲਨਾ ਕਰੀਏ ਤਾਂ 25 ਫ਼ੀਸਦੀ ਪੁਰਸ਼ਾਂ ਦੀ ਤੁਲਨਾ ਵਿੱਚ ਸਿਰਫ਼ 5 ਫ਼ੀਸਦੀ ਔਰਤਾਂ ਕ੍ਰਿਕਟ ਖੇਡਦੀਆਂ ਹਨ। ਇਸ ਦੇ ਬਾਵਜੂਦ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਹੌਲੀ-ਹੌਲੀ ਬੁਲੰਦੀ ਵੱਲ ਵਧ ਰਹੀ ਹੈ।
ਪੁਰਸ਼ ਕ੍ਰਿਕਟ ਟੀਮ ਇੱਕ ਰੋਜ਼ਾ ਕ੍ਰਿਕਟ ਵਿੱਚ ਦੋ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ ਤੇ ਟੀ-20 ਕ੍ਰਿਕਟ ਵਿੱਚ ਇੱਕ ਵਾਰ।
ਇਹ ਵੀ ਪੜ੍ਹੋ-
ਉੱਥੇ ਹੀ ਮਹਿਲਾ ਟੀਮ ਇੱਕ ਰੋਜ਼ਾ ਕ੍ਰਿਕਟ ਵਿੱਚ ਦੋ ਵਾਰ ਫਾਈਨਲ ਤੱਕ ਪਹੁੰਚੀ ਸੀ। ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ ਆਸਟਰੇਲੀਆ ਨਾਲ ਮੁਕਾਬਲਾ ਕਰ ਰਹੀ ਹੈ। ਇਹ ਮੈਚ ਐਤਵਾਰ ਨੂੰ ਮੈਲਬੋਰਨ ਵਿੱਚ ਖੇਡਿਆ ਜਾਣਾ ਹੈ।
6. ਕਬੱਡੀ ਦੀਆਂ ਕਿੰਨੀਆਂ ਖਿਡਾਰਨਾਂ ਹਨ?
ਕ੍ਰਿਕਟ ਦੇ ਮੁਕਾਬਲੇ ਕਬੱਡੀ ਵਿੱਚ ਪੀੜ੍ਹੀ ਪਾੜਾ (ਜੈਂਡਰ ਗੈਪ) ਕਾਫ਼ੀ ਘੱਟ ਹੈ। ਇੱਥੇ 15 ਫ਼ੀਸਦੀ ਪੁਰਸ਼ਾਂ ਦੀ ਤੁਲਨਾ ਵਿੱਚ 11 ਫ਼ੀਸਦੀ ਔਰਤਾਂ ਕਬੱਡੀ ਖੇਡਦੀਆਂ ਹਨ।
ਕਬੱਡੀ ਭਾਰਤੀ ਉਪਮਹਾਂਦੀਪ ਦੀ ਆਪਣੀ ਖੇਡ ਹੈ। ਭਾਰਤੀ ਮਰਦ ਤੇ ਔਰਤਾਂ, ਦੋਹਾਂ ਦੀਆਂ ਟੀਮਾਂ ਵਿਸ਼ਵ ਚੈਂਪੀਅਨ ਰਹਿ ਚੁੱਕੀਆਂ ਹਨ।
ਕਬੱਡੀ ਏਸ਼ੀਆਈ ਖੇਡਾਂ ਦਾ ਹਿੱਸਾ ਹੈ। ਇਸ ਦਾ ਵਿਸ਼ਵ ਕੱਪ ਵੀ ਹੁੰਦਾ ਹੈ ਤੇ ਪ੍ਰੋ-ਕਬੱਡੀ ਲੀਗ ਵੀ ਹੁੰਦੀ ਹੈ।
7. ਔਰਤਾਂ ਦੀਆਂ ਖੇਡਾਂ ਕੌਣ ਦੇਖਦਾ ਹੈ?
ਰਿਸਰਚ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੇ ਦੱਸਿਆ ਕਿ ਜਿੰਨੇ ਲੋਕ ਔਰਤਾਂ ਦੀਆਂ ਖੇਡਾਂ ਦੇਖਦੇ ਹਨ ਉਸ ਤੋਂ ਦੁੱਗਣੀ ਸੰਖਿਆ ਵਿੱਚ ਪੁਰਸ਼ਾਂ ਦੀਆਂ ਖੇਡਾਂ ਦੇਖੀਆਂ ਜਾਂਦੀਆਂ ਹਨ।
ਉੱਥੇ ਹੀ, ਕਈਆਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਖ਼ਬਰਾਂ ਤੇ ਖੇਡ ਚੈਨਲਾਂ 'ਤੇ ਮਹਿਲਾ ਟੀ-20 ਗੇਮ ਦੇਖ ਕੇ ਉਨ੍ਹਾਂ ਦੀ ਔਰਤਾਂ ਦੀਆਂ ਖੇਡਾਂ ਵਿੱਚ ਦਿਲਚਸਪੀ ਵਧੀ ਹੈ।
ਇਸ ਤੋਂ ਸਮਝ ਆਉਂਦਾ ਹੈ ਕਿ ਔਰਤਾਂ ਦੀਆਂ ਖੇਡਾਂ ਵਿੱਚ ਲੋਕਾਂ ਦੀ ਦਿਲਚਸਪੀ ਵਧਾਉਣ ਲਈ ਉਨ੍ਹਾਂ ਦੇ ਟੂਰਨਾਮੈਂਟਾਂ ਨੂੰ ਟੀਵੀ 'ਤੇ ਦਿਖਾਇਆ ਜਾਣਾ ਚਾਹੀਦਾ ਹੈ।
ਹਾਲਾਂਕਿ, ਸਿਰਫ਼ ਅਜਿਹਾ ਕਰਨ ਨਾਲ ਔਰਤਾਂ ਦੀਆਂ ਖੇਡਾਂ ਵਿੱਚ ਦਿਲਚਸਪੀ ਵਧ ਜਾਵੇਗੀ, ਅਜਿਹਾ ਨਹੀਂ ਹੈ। ਅੱਜ ਵੀ ਔਰਤਾਂ ਦੀਆਂ ਖੇਡਾਂ ਤੋਂ ਮਨੋਰੰਜਨ ਦੀ ਉਮੀਦ ਕੀਤੀ ਜਾਂਦੀ ਹੈ।
8. ਖਿਡਾਰਨਾਂ ਬਾਰੇ ਕੀ ਸੋਚਦੇ ਹਨ ਲੋਕ?
ਰਿਸਰਚ ਵਿੱਚ ਹਿੱਸਾ ਲੈਣ ਵਾਲੇ ਲਗਭਗ ਅੱਧੇ ਲੋਕਾਂ ਨੇ ਕਿਹਾ ਹੈ ਕਿ ਔਰਤਾਂ ਦੀਆਂ ਖੇਡਾਂ ਓਨੀਆਂ ਮਨੋਰੰਜਕ ਨਹੀਂ ਹੁੰਦੀਆਂ ਜਿੰਨੀਆਂ ਕਿ ਪੁਰਸ਼ਾਂ ਦੀਆਂ।
ਇਸ ਦੇ ਨਾਲ ਹੀ ਔਰਤਾਂ ਦੀਆਂ ਖੇਡਾਂ ਨਾਲ ਕੁਝ ਹੋਰ ਧਾਰਨਾਵਾਂ ਵੀ ਜੁੜੀਆਂ ਹੋਈਆਂ ਹਨ। ਜਿਵੇਂ, 'ਖਿਡਾਰਨਾਂ ਦਾ ਸਰੀਰ ਘੱਟ ਆਕਰਸ਼ਕ' ਦਿਖਦਾ ਹੈ।
ਅਜਿਹੀਆਂ ਧਾਰਨਾਵਾਂ ਸਦਕਾ ਖਿਡਾਰਾਨਾਂ ਪ੍ਰਤੀ 'ਕੈਜੂਅਲ ਸੈਕਸਇਜ਼ਮ' ਵਧ ਜਾਂਦਾ ਹੈ।
ਰਿਸਰਚ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਉਹ ਮੁੰਡਿਆਂ ਤੇ ਕੁੜੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਬਰਾਬਰ ਹੱਲਾਸ਼ੇਰੀ ਦੇਣਗੇ।
ਜਦਕਿ ਘੱਟੋ-ਘੱਟ ਇੱਕ ਤਿਹਾਈ ਨੇ ਕਿਹਾ ਕਿ ਖੇਡਾਂ ਕਾਰਨ ਔਰਤਾਂ ਦੀ ਮਾਂ ਬਣਨ ਦੀ ਸਮਰੱਥਾ 'ਤੇ ਅਸਰ ਪੈ ਸਕਦਾ ਹੈ।
ਖਿਡਾਰਨਾਂ ਲਈ ਅਜਿਹੇ ਵਿਚਾਰ ਸਿਰਫ਼ ਭਾਰਤ ਤੱਕ ਹੀ ਮਹਿਦੂਦ ਨਹੀਂ ਹਨ। ਬ੍ਰਿਟੇਨ ਵਿੱਚ ਪਿਛਲੇ ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ਕੀਤਾ ਗਿਆ ਸੀ।
ਪਤਾ ਲੱਗਾ ਕਿ ਖਿਡਾਰਨਾਂ ਦਾ ਉਨ੍ਹਾਂ ਦੀ ਖੇਡ ਨਾਲੋਂ ਖ਼ੂਬਸੂਰਤੀ ਦੇ ਅਧਾਰ 'ਤੇ ਹੀ ਮੁਲਾਂਕਣ ਕਰਨ ਦਾ ਰਿਵਾਜ਼ ਹੈ।
ਔਰਤਾਂ ਦੀ ਸਮਾਨਤਾ ਦੇ ਬਾਰੇ ਵਿੱਚ ਲੋਕਾਂ ਦੀ ਸੋਚ ਹੀ ਖੇਡ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਪ੍ਰਤੀ ਰਵੱਈਆ ਤੈਅ ਕਰਦੀ ਹੈ।
ਜਿਵੇਂ-ਜਿਵੇਂ ਔਰਤਾਂ ਸਿੱਖਿਆ, ਕਰੀਅਰ ਤੇ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਲੈਣ ਦੇ ਸਮਰੱਥ ਹੋ ਜਾਣਗੀਆਂ ਤਾਂ ਲੋਕ ਵੀ ਇਸ ਨੂੰ ਸਵੀਕਾਰ ਕਰਨ ਲੱਗ ਜਾਣਗੇ। ਉਸੇ ਤਰ੍ਹਾਂ ਸਮੇਂ ਦੇ ਨਾਲ ਉਨ੍ਹਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਵੀ ਸੁਧਰ ਜਾਵੇਗੀ।
ਇਹ ਵੀ ਪੜ੍ਹੋ-
ਇਹ ਵੀ ਦੇਖੋ