ਦਿੱਲੀ ਹਿੰਸਾ ਵਿੱਚ ਘਰ ਉੱਜੜਿਆ, ਵਿਆਹ ਟੁੱਟਿਆ ਪਰ...ਕੋਈ ਮਿਲ ਗਿਆ

- ਲੇਖਕ, ਚਿੰਕੀ ਸਿਨਹਾ
- ਰੋਲ, ਬੀਬੀਸੀ ਪੱਤਰਕਾਰ
ਉਸ ਰਾਤ ਫਿਰ ਤੇਜ਼ ਮੀਂਹ ਪਿਆ ਸੀ। ਉਹ ਮੁਸਤਫ਼ਾਬਾਦ ਦੇ ਅਲ ਹਿੰਦ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਰੁਖ਼ਸਾਰ ਦੀ ਰੁਖ਼ਸਤੀ ਦੀ ਰੁਖ਼ਸਤੀ ਦੀ ਰਾਤ ਸੀ। ਨਵੀਂ ਵਹੁਟੀ ਉਸ ਹਸਪਤਾਲ ਤੋਂ ਵਿਦਾ ਹੋ ਰਹੀ ਸੀ, ਜਿੱਥੇ ਉਸ ਦੇ ਪਰਿਵਾਰ ਨੇ ਸ਼ਰਨ ਲਈ ਸੀ।
26 ਫਰਵਰੀ ਨੂੰ ਰੁਖ਼ਸਾਰ ਦੇ ਪਰਿਵਾਰ ਨੂੰ ਪੁਲਿਸ ਨੇ ਦੰਗਾ ਪ੍ਰਭਾਵਿਤ ਇਲਾਕੇ ਤੋਂ ਕੱਢਿਆ ਸੀ।
ਸ਼ਿਵ ਵਿਹਾਰ ਦੇ ਗੋਵਿੰਦ ਵਿਹਾਰ ਵਿੱਚ ਉਨ੍ਹਾਂ ਦਾ ਘਰ ਇੱਥੋਂ ਜ਼ਿਆਦਾ ਦੂਰ ਨਹੀਂ ਹੈ। ਉਨ੍ਹਾਂ ਦਾ ਕੁੱਤਾ ਮੋਤੀ ਬੰਦ ਪਏ ਘਰ ਦੇ ਦਰਵਾਜ਼ੇ ਦੇ ਬਾਹਰ ਹੁਣ ਵੀ ਬੈਠਿਆ ਹੈ। ਮੋਤੀ ਉਨ੍ਹਾਂ ਦਾ ਪਾਲਤੂ ਕੁੱਤਾ ਹੈ ਜੋ ਪਿੱਛੇ ਰਹਿ ਗਿਆ ਹੈ। ਉਹ ਹੁਣ ਵੀ ਪਰਿਵਾਰ ਦੇ ਪਰਤਣ ਦਾ ਇੰਤਜ਼ਾਰ ਕਰ ਰਿਹਾ ਹੈ।
ਉਨ੍ਹਾਂ ਦੇ ਹਿੰਦੂ ਗੁਆਂਢੀ ਬੰਦ ਪਏ ਮਕਾਨ ਦੀ ਰਖਵਾਲੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੁੱਤੇ ਨੂੰ ਖਾਣਾ ਖੁਆ ਰਹੇ ਹਨ।
ਉਨ੍ਹਾਂ ਦੇ ਇੱਕ ਗੁਆਂਢੀ ਨੇ ਬੀਬੀਸੀ ਨੂੰ ਕਿਹਾ, "ਹੁਣ ਉਹ ਦੂਜੇ ਪਾਸੇ ਹਨ ਅਤੇ ਉਨ੍ਹਾਂ ਨੂੰ ਆਉਣ ਵਿੱਚ ਸਮਾਂ ਲੱਗੇਗਾ। ਅਸੀਂ ਇਸ ਪਰਿਵਾਰ ਨੂੰ ਸ਼ਰਨ ਦਿੱਤੀ ਤਾਂ ਸਾਨੂੰ ਵੀ ਧਮਕੀਆਂ ਦਿੱਤੀਆਂ ਗਈਆਂ। ਮੈਂ ਹੁਣ ਉਨ੍ਹਾਂ ਦੇ ਸੁਖੀ ਭਵਿੱਖ ਦੀ ਕਾਮਨਾ ਕਰਦਾ ਹਾਂ।"
ਅਲ ਹਿੰਦ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਬੈਠਾ ਲਾੜਾ ਅਜੇ ਵੀ ਆਪਣੀ ਜ਼ਿੰਦਗੀ ਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ 20 ਸਾਲ ਦੀ ਰੁਖ਼ਸਾਰ ਲਈ ਪਹਿਲੀ ਪਸੰਦ ਨਹੀਂ ਸੀ।
ਇੱਕ ਮਾਰਚ ਨੂੰ ਉਨ੍ਹਾਂ ਦਾ ਵਿਆਹ ਤੈਅ ਹੋਇਆ ਅਤੇ ਤਿੰਨ ਮਾਰਚ ਨੂੰ ਵਿਆਹ ਹੋ ਗਿਆ ਪਰ ਅਜੀਬ ਸਮੇਂ ਵਿੱਚ ਅਜੀਬ ਗੱਲਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ-
ਵੀਰਵਾਰ ਦੀ ਸ਼ਾਮ ਅਚਾਨਕ ਬੱਦਲ ਆਏ ਅਤੇ ਜ਼ੋਰਦਾਰ ਮੀਂਹ ਪਿਆ। ਕਹਿੰਦੇ ਹਨ ਕਿ ਜਦੋਂ ਬੇਮੌਸਮ ਇੰਨੀ ਤੇਜ਼ ਬਰਸਾਤ ਹੁੰਦੀ ਹੈ ਤਾਂ ਕਿਸੇ ਸ਼ੇਰ ਤੇ ਲੋਮੜੀ ਦਾ ਵਿਆਹ ਹੁੰਦਾ ਹੈ। ਕਦੇ ਅਸੀਂ ਵੀ ਅਜਿਹੀਆਂ ਕਹਾਣੀਆਂ 'ਤੇ ਵਿਸ਼ਵਾਸ਼ ਕਰਦੇ ਹੁੰਦੇ ਸੀ।
ਆਪਣੇ ਵਿਆਹ ਵਾਲੇ ਦਿਨ ਰੁਖ਼ਸਾਰ ਨੇ ਲਾਲ ਸ਼ਰਾਰਾ ਪਹਿਨਿਆ, ਇਹ ਸ਼ਰਾਰਾ ਉਸ ਨੂੰ ਹਸਪਤਾਲ ਦੀ ਡਾਕਟਰ ਨੇ ਦਿੱਤਾ ਸੀ।
24 ਫਰਵਰੀ ਨੂੰ ਦੰਗਿਆਂ ਦੌਰਾਨ ਪਰਿਵਾਰ ਜਾਨ ਬਚਾ ਕੇ ਭੱਜਿਆ ਸੀ। ਰੁਖ਼ਸਾਰ ਦੇ ਦਾਜ ਲਈ ਇਕੱਠਾ ਕੀਤਾ ਗਿਆ ਸਾਮਾਨ ਪਿੱਛੇ ਹੀ ਰਹਿ ਗਿਆ ਹੈ। ਗੁਆਂਢੀਆਂ ਨੇ ਉਨ੍ਹਾਂ ਨੂੰ ਸ਼ਰਨ ਦਿੱਤੀ ਅਤੇ ਫਿਰ ਉਨ੍ਹਾਂ ਨੂੰ ਸੁਰੱਖਿਅਤ ਕੱਢ ਕੇ ਮੁਸਤਫ਼ਾਬਾਦ ਪਹੁੰਚਾਇਆ।
ਟੁੱਟ ਗਿਆ ਪਹਿਲਾਂ ਤੋਂ ਤੈਅ ਵਿਆਹ
ਲਾੜੇ ਨੇ ਅਸਮਾਨੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ। 23 ਸਾਲ ਦੇ ਫਿਰੋਜ਼ ਨੂੰ ਨਹੀਂ ਪਤਾ ਸੀ ਕਿ ਵਿਆਹ ਨੂੰ ਕਿਵੇਂ ਸਮਝੇ। ਸਭ ਕੁਝ ਇੰਨੀ ਛੇਤੀ ਹੋਇਆ ਹੈ।

ਵਿਆਹ ਤੋਂ ਬਾਅਦ ਜੋੜਾ ਹਸਪਤਾਲ ਦੇ ਹਾਲ ਵਿੱਚ ਇਕੱਠੇ ਖੜ੍ਹਾ ਹੋਇਆ ਅਤੇ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ।
ਇੱਕ ਔਰਤ ਨੇ ਕਿਹਾ, ਦੋਵੇਂ ਚੰਗੇ ਲਗ ਰਹੇ ਹਨ, ਦੋਵਾਂ ਵਿੱਚ ਬਹੁਤ ਪਿਆਰ ਹੋਵੇਗਾ।
ਇਹ ਔਰਤ ਇਸ ਵਿਆਹ ਨੂੰ ਦੇਖਣ ਆਈ ਸੀ। ਬਹੁਤ ਦਿਨਾਂ ਬਾਅਦ ਉਨ੍ਹਾਂ ਨੂੰ ਮਿਲੀ ਇਹ ਪਹਿਲੀ ਚੰਗੀ ਖ਼ਬਰ ਹੈ।
ਰੁਖ਼ਸਾਰ ਹੁਣ ਫਿਰੋਜ਼ ਦੀ ਵਹੁਟੀ ਹੈ ਪਰ ਉਨ੍ਹਾਂ ਦੇ ਵਿਆਹ ਦੇ ਕਾਰਡ 'ਤੇ ਕਿਸੇ ਹੋਰ ਦਾ ਨਾਮ ਸੀ। ਜਿਸ ਨਾਲ ਉਨ੍ਹਾਂ ਦਾ 3 ਮਾਰਚ ਨੂੰ ਵਿਆਹ ਤੈਅ ਸੀ, ਉਹ ਪਰਿਵਾਰ ਦੇ ਉਜੜਨ ਦੀ ਕਹਾਣੀ ਸੁਣ ਕੇ ਪਿੱਛੇ ਹਟ ਗਿਆ ਸੀ।
ਰੁਖ਼ਸਾਰ ਦੇ ਪਿਤਾ ਬੰਨੇ ਖ਼ਾਨ ਨੇ ਤਾਂ ਵਿਆਹ ਗਾਜ਼ੀਆਬਾਦ ਦੇ ਡਾਸਨਾ ਵਿੱਚ ਤੈਅ ਕੀਤਾ ਸੀ ਪਰ ਜਦੋਂ ਲਾੜੇ ਦੇ ਪਰਿਵਾਰ ਨੂੰ ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਦੰਗਿਆਂ ਵਿੱਚ ਉਨ੍ਹਾਂ ਨੂੰ ਘਰੋਂ ਭੱਜਣਾ ਪਿਆ ਅਤੇ ਹੁਣ ਉਨ੍ਹਾਂ ਕੋਲ ਕੁਝ ਨਹੀਂ ਹੈ ਤਾਂ ਪਰਿਵਾਰ ਨੇ ਬਾਰਾਤ ਲੈ ਕੇ ਆਉਣ ਤੋਂ ਇਨਕਾਰ ਕਰ ਦਿੱਤਾ।
ਠੇਲਾ ਚਲਾਉਣ ਵਾਲੇ ਬੰਨੇ ਖ਼ਾਨ ਨੇ ਬੇਟੀ ਦੇ ਵਿਆਹ ਲਈ ਮੰਨਤ ਨਾਮ ਦਾ ਮੈਰਿਜ ਹਾਲ ਤੈਅ ਕੀਤਾ ਸੀ ਅਤੇ 5 ਹਜ਼ਾਰ ਰੁਪਏ ਦੀ ਪੇਸ਼ਗੀ ਵੀ ਦੇ ਦਿੱਤੀ ਸੀ।
ਉਨ੍ਹਾਂ ਨੇ ਹਲਵਾਈ ਨੂੰ ਵੀ ਹਜ਼ਾਰ ਰੁਪਏ ਦਿੱਤੇ ਹੋਏ ਸਨ। ਰੁਖ਼ਸਾਰ ਦੀ ਮਾਂ ਲੋਨੀ ਜਾ ਕੇ ਬੇਟੀ ਲਈ 6 ਹਜ਼ਾਰ ਵਿੱਚ ਗੁਲਾਬੀ ਲਹਿੰਗਾ ਲੈ ਕੇ ਆਈ ਸੀ।

9ਵੀਂ ਕਲਾਸ ਤੱਕ ਪੜ੍ਹੀ ਰੁਖ਼ਸਾਰ ਨੇ ਉਸ ਮੁੰਡੇ ਦੀ ਤਸਵੀਰ ਤੱਕ ਨਹੀਂ ਵੇਖੀ ਸੀ, ਜਿਸ ਨਾਲ ਉਸ ਦਾ ਵਿਆਹ ਤੈਅ ਹੋਇਆ ਸੀ। ਪਰ ਉਹ ਆਪਣੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਸੀ।
ਨਾਉਮੀਦੀ ਦੇ ਦੌਰ 'ਚ ਮਿਲੀ ਰੌਸ਼ਨੀ
ਬੰਨੇ ਖਾਨ ਨੇ ਗੋਵਿੰਦ ਵਿਹਾਰ ਵਿੱਚ 30 ਸਾਲ ਪਹਿਲਾਂ ਛੋਟਾ ਜਿਹਾ ਮਕਾਨ ਬਣਾਇਆ ਸੀ। ਦਿੱਲੀ ਵਿੱਚ ਜਦੋਂ ਦੰਗੇ ਸ਼ੁਰੂ ਹੋਏ ਤਾਂ ਉਨ੍ਹਾਂ ਦਾ ਪਰਿਵਾਰ ਆਪਣੇ ਹੀ ਘਰ ਵਿੱਚ ਅਸੁਰੱਖਿਅਤ ਹੋ ਗਿਆ। ਉਨ੍ਹਾਂ ਨੇ ਪਹਿਲੀ ਰਾਤ ਗੁਆਂਢੀਆਂ ਘਰ ਕੱਟੀ ਪਰ ਹਿੰਦੂ ਗੁਆਂਢੀਆਂ ਨੂੰ ਧਮਕੀਆਂ ਮਿਲਣ ਲੱਗੀਆਂ।
16 ਲੋਕਾਂ ਦੇ ਉਨ੍ਹਾਂ ਦੇ ਪਰਿਵਾਰ ਨੇ ਮੁੜ ਦੂਜੇ ਹਿੰਦੂ ਘਰ ਵਿੱਚ ਸ਼ਰਨ ਲਈ, ਬਾਅਦ ਵਿੱਚ 26 ਫਰਵਰੀ ਨੂੰ ਪੁਲਿਸ ਨੇ ਆ ਕੇ ਮੁਸਤਫ਼ਾਬਾਦ ਦੇ ਅਲ ਹਿੰਦ ਹਸਪਤਾਲ ਪਹੁੰਚਾਇਆ।
ਪਰਿਵਾਰ ਖਾਲੀ ਹੱਥ ਅਤੇ ਨੰਗੇ ਪੈਰ ਭੱਜਿਆ ਸੀ ਅਤੇ ਪਿੱਛੇ ਰਹਿ ਗਿਆ ਦਾਜ ਦਾ ਸਾਮਾਨ ਜਾਂ ਹੋਰ ਕੁਝ ਵਾਪਸ ਲੈਣ ਨਹੀਂ ਆ ਸਕਿਆ ਪਰ ਵਿਆਹ ਪਰਿਵਾਰ ਦੇ ਸਨਮਾਨ ਦਾ ਮਸਲਾ ਸੀ। ਬੇਟੀ ਦਾ ਵਿਆਹ ਟੁੱਟਣ ਤੋਂ ਬਾਅਦ ਬੰਨੇ ਖ਼ਾਨ ਨੇ ਆਪਣੇ ਛੋਟੇ ਭਰਾ ਨਾਲ ਗੱਲ ਕੀਤੀ।
ਇਹ ਵੀ ਪੜ੍ਹੋ-
"ਇਹ ਸਾਡਾ ਅਪਮਾਨ ਹੁੰਦਾ, ਮੈਂ ਆਪਣੇ ਛੋਟੇ ਭਰਾ ਛੁਟਣ ਨੂੰ ਕਿਹਾ ਕਿ ਉਹ ਮੇਰੀ ਧੀ ਨੂੰ ਆਪਣੀ ਨੂੰਹ ਬਣਾ ਲਏ।"
ਫਿਰੋਜ਼ ਆਪਣੇ ਪਿਤਾ ਨੂੰ ਨਾਂਹ ਨਹੀਂ ਕਹਿ ਸਕੇ ਪਰ ਉਹ ਸਮਾਂ ਚਾਹੁੰਦੇ ਸਨ ਤਾਂ ਜੋ ਵਿਆਹ ਚੰਗੀ ਤਰ੍ਹਾਂ ਹੋ ਸਕੇ, ਉਨ੍ਹਾਂ ਦੇ ਦੋਸਤ ਸ਼ਾਮਲ ਹੋ ਸਕਣ।
8ਵੀਂ ਕਲਾਸ ਤੱਕ ਪੜ੍ਹੇ ਫਿਰੋਜ਼ ਜੋਮੈਟੋ ਵਿੱਚ ਡਿਲੀਵਰੀ ਦਾ ਕੰਮ ਕਰਦੇ ਹਨ। ਉਹ ਕ੍ਰਿਸ਼ਨਾ ਨਗਰ ਵਿੱਚ ਕਿਰਾਏ ਦੇ ਇੱਕ ਕਮਰੇ ਵਿੱਚ ਰਹਿੰਦੇ ਹਨ। ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹਨ।

ਫਿਰੋਜ਼ ਨੇ ਰੁਖ਼ਸਾਰ ਨੂੰ ਸਿਰਫ਼ ਇੱਕ ਵਾਰ ਦੇਖਿਆ ਅਤੇ ਨਜ਼ਰਾਂ ਝੁਕਾ ਲਈਆਂ। ਰੁਖ਼ਸਾਰ ਨੂੰ ਹੁਣ ਉਨ੍ਹਾਂ ਦੇ ਨਾਲ ਹੀ ਜਾਣਾ ਹੈ।
ਲੋਕਾਂ ਨੇ ਕੀਤੀ ਮਦਦ
ਉਸ ਰਾਤ ਜਦੋਂ ਅਲ ਹਿੰਦ ਹਸਪਤਾਲ ਵਿੱਚ ਰੁਖ਼ਸਾਰ ਦਾ ਨਿਕਾਹ ਫਿਰੋਜ਼ ਨਾਲ ਹੋਣਾ ਸੀ, ਇੱਕ ਔਰਤ ਬਾਜ਼ਾਰ ਗਈ ਅਤੇ ਪੈਰਾਂ ਲਈ ਬਿਛੂਏ ਅਤੇ ਨੱਕ ਲਈ ਲੌਂਗ ਲੈ ਕੇ ਆਈ।
45 ਸਾਲਾਂ ਅਫਰੋਜ਼ ਬਾਨੋ ਲੋਕਾਂ ਦੀ ਮਦਦ ਲਈ 25 ਫਰਵਰੀ ਤੋਂ ਰੋਜ਼ ਹਸਪਤਾਲ ਆ ਰਹੀ ਹੈ ਅਤੇ ਉਸ ਨੂੰ ਦੇਖ ਕੇ ਬੁਰਾ ਲੱਗਾ ਕਿ ਵਹੁਟੀ ਕੋਲ ਆਪਣੇ ਵਿਆਹ ਵਾਲੇ ਦਿਨ ਪਹਿਨਣ ਲਈ ਸੋਨਾ ਜਾਂ ਚਾਂਦੀ ਨਹੀਂ ਹੈ।
ਫਿਰੋਜ਼ਾ ਦੰਗਿਆਂ ਤੋਂ ਬਾਅਦ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਇੱਕ ਔਰਤ ਲਈ ਆਂਡੇ ਅਤੇ ਚਾਹ ਲੈ ਕੇ ਆਈ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਹਸਪਤਾਲ ਵਿੱਚ ਵਿਆਹ ਹੋਣ ਵਾਲਾ ਹੈ ਤਾਂ ਉਸ ਨੇ ਵਹੁਟੀ ਦੀ ਮਦਦ ਲਈ ਕੁਝ ਗੁਆਂਢੀਆਂ ਨੂੰ ਫੋਨ ਕੀਤਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇੱਕ ਸੁਨਿਆਰੇ ਨੇ ਚਾਂਦੀ ਦੇ ਬਿਛੂਏ ਭੇਜੇ ਅਤੇ ਪੈਸੇ ਨਹੀਂ ਲਏ। ਪੁਰਾਣੇ ਮੁਸਤਫ਼ਾਬਾਦ ਦੀ ਰਹਿਣ ਵਾਲੀ ਸ਼ਾਹਿਨਾ ਰਿਆਜ਼ ਨਾਮ ਦੀ ਇੱਕ ਔਰਤ ਨੇ ਆਪਣੀ ਨੱਕ ਦਾ ਲੌਂਗ ਉਤਾਰ ਕੇ ਰੁਖ਼ਸਾਰ ਨੂੰ ਦੇ ਦਿੱਤਾ। ਹੋਰ ਔਰਤਾਂ ਲਾਲ ਚੂੜੀਆਂ ਲੈ ਆਈਆਂ।
ਫਿਰੋਜ਼ਾ ਨੇ ਇਕੱਠਾ ਕੀਤਾ ਸਾਮਾਨ ਵਹੁਟੀ ਨੂੰ ਦੇ ਦਿੱਤਾ।
3 ਮਾਰਚ ਦੀ ਰਾਤ ਰੁਖ਼ਸਾਰ ਨੇ ਪੁਰਾਣੇ ਕੱਪੜੇ ਪਹਿਨੇ। ਅਫਰੋਜ਼ ਦੇ ਪਤੀ ਕਬਾੜੀ ਹਨ ਅਤੇ ਉਨ੍ਹਾਂ ਕੋਲ ਬਹੁਤ ਪੈਸਾ ਨਹੀਂ ਹੈ ਪਰ ਉਹ ਮਦਦ ਕਰਨਾ ਚਾਹੁੰਦੀ ਸੀ।
ਉਹ ਕਹਿੰਦੀ ਹੈ, "ਸਾਡੇ ਕੋਲ ਬਹੁਤ ਪੈਸਾ ਨਹੀਂ ਹੈ ਪਰ ਮੈਂ ਇਸ ਬੱਚੀ ਦੇ ਵਿਆਹ 'ਤੇ ਕੁਝ ਕਰਨਾ ਚਾਹੁੰਦੀ ਸੀ, ਕਿਉਂਕਿ ਵਿਆਹ ਇਨਸਾਨ ਨੂੰ ਪੂਰੀ ਜ਼ਿੰਦਗੀ ਯਾਦ ਰਹਿੰਦਾ ਹੈ। ਇਹ ਮੁਸ਼ਕਲ ਵੇਲਾ ਹੈ, ਅਸੀਂ ਜੋ ਕਰ ਸਕਦੇ ਹਾਂ ਕਰ ਰਹੇ ਹਾਂ, ਜ਼ਿੰਦਗੀ ਤਾਂ ਚਲਦੀ ਰਹੇਗੀ।"

ਅਫ਼ਰੋਜ਼ ਨੇ ਰੁਖ਼ਸਾਰ ਦੇ ਵਿਆਹ ਲਈ ਜਿੰਨਾ ਇਕੱਠਾ ਕਰ ਸਕਦੀ ਸੀ ਕੀਤਾ। ਉਨ੍ਹਾਂ ਨੇ ਸੋਨੇ ਦੇ ਟੌਪਸ, ਚੂੜੀਆਂ ਅਤੇ ਝਾਂਜਰਾਂ ਖਰੀਦੀਆਂ। ਲਾੜੇ ਲਈ ਸੂਟ, ਜੀਂਸ, ਸ਼ਰਟ, ਬੈਲਟ, ਤੌਲੀਆ ਅਤੇ ਇਤਰ ਖਰੀਦਿਆ ਤੇ ਮਠਿਆਈ ਦੇ ਕੁਝ ਡੱਬੇ ਵੀ ਲਿਆਂਦੇ।
ਉਹ ਕਹਿੰਦੀ ਹੈ, "ਸਾਡੇ ਕੋਲ ਸਿਰਫ਼ 8 ਹਜ਼ਾਰ ਰੁਪਏ ਸਨ ਪਰ ਸਭ ਕੁਝ ਵਧੀਆ ਹੋ ਗਿਆ। ਵਹੁਟੀ ਦਾ ਪਰਿਵਾਰ ਬਹੁਤ ਰੋ ਰਿਹਾ ਸੀ। ਅਸੀਂ ਕਿਹਾ ਸਭ ਹੋ ਜਾਵੇਗਾ।"
ਇਸ ਤਰ੍ਹਾਂ ਇਕੱਠਾ ਕੀਤਾ ਗਿਆ ਵਿਆਹ ਦਾ ਸਾਮਾਨ
ਆਪਣੇ ਭਰਾ ਡਾ. ਐੱਮਏ ਅਨਵਰ ਦੇ ਨਾਲ ਮਿਲ ਕੇ ਇਹ ਹਸਪਤਾਲ ਚਲਾਉਣ ਵਾਲੇ ਡਾ. ਮੇਰਾਜ ਅਨਵਰ ਨੇ ਛੋਟੀ ਜਿਹੀ ਦਾਵਤ ਦਾ ਇੰਤਜ਼ਾਮ ਕੀਤਾ। ਵਹੁਟੀ ਲਈ ਲਾਲ ਰੰਗ ਦਾ ਲਹਿੰਗਾ ਵੀ ਖਰੀਦਿਆ।
ਗੁਆਂਢ ਵਿੱਚ ਹੀ ਪਾਰਲਰ ਚਲਾਉਣ ਵਾਲੀ ਸ਼ਮਾ ਨਾਮ ਦੀ ਇੱਕ ਔਰਤ ਨੇ ਵਹੁਟੀ ਅਤੇ ਬਾਕੀ ਕੁੜੀਆਂ ਦਾ ਮੇਕਅੱਪ ਕਰ ਦਿੱਤਾ। ਸ਼ਮਾ ਦਾ ਪਾਰਲਰ ਵੀ ਦੰਗਿਆਂ ਤੋਂ ਬਾਅਦ ਤੋਂ ਹੀ ਬੰਦ ਹੈ।

ਅਫ਼ਰੋਜ਼ਾ ਦੀ ਬੇਟੀ ਦੇ ਵਿਆਹ ਵਿੱਚ ਉਨ੍ਹਾਂ ਦੀਆਂ ਦੂਜੀਆਂ ਧੀਆਂ ਨੇ ਜੋ ਕੱਪੜੇ ਪਹਿਨੇ ਸਨ ਉਹ ਵਹੁਟੀ ਦੀਆਂ ਭੈਣਾਂ ਨੂੰ ਪਹਿਨਣ ਲਈ ਦੇ ਦਿੱਤੇ ਗਏ ਸਨ।
ਵਹੁਟੀ ਦੀ ਭੈਣ ਰੁਖ਼ਸਾਨਾ ਕਹਿੰਦੀ ਹੈ, "ਫਿਰੋਜ਼ ਚੰਗਾ ਮੁੰਡਾ ਹੈ।"
ਵਹੁਟੀ ਨੇ ਆਪਣੀਆਂ ਅੱਖਾਂ ਉਪਰ ਕਰਦਿਆਂ ਕਿਹਾ, "ਉਸ ਨੂੰ ਆਪਣੇ ਵਿਆਹ ਬਾਰੇ ਅਜੀਬ ਜਿਹਾ ਲਗ ਰਿਹਾ ਹੈ।" ਪਰ ਉਸ ਨੂੰ ਉਹ ਪਰਿਵਾਰ ਪਸੰਦ ਨਹੀਂ ਸੀ ਜਿੱਥੇ ਪਹਿਲਾਂ ਉਸ ਦਾ ਵਿਆਹ ਹੋ ਰਿਹਾ ਸੀ।
ਉਨ੍ਹਾਂ ਨੇ ਸਾਡੇ ਸਾਹਮਣੇ ਕਈ ਤਰ੍ਹਾਂ ਦੀਆਂ ਮੰਗਾ ਰੱਖੀਆਂ। ਅਜਿਹੀਆਂ ਮੁਸ਼ਕਲਾਂ ਵਿੱਚ ਵੀ ਉਹ ਵੱਡਾ ਵਿਆਹ ਕਰਨਾ ਚਾਹੁੰਦੇ ਸਨ।"
ਵਹੁਟੀ ਦੀ ਮਾਂ ਸ਼ਮਾ ਪਰਵੀਨ ਨੇ ਵਿਆਹ ਵਾਲੇ ਦਿਨ ਕੋਈ ਪੋਸ਼ਾਕ ਨਹੀਂ ਪਹਿਨੀ ਸੀ। ਉਹ ਕਹਿੰਦੀ ਹੈ, "ਵਿਆਹ ਲਈ ਖਰੀਦੇ ਗਏ ਬਰਤਨ, ਅਲਮਾਰੀ, ਗਹਿਣੇ ਅਤੇ ਬਾਕੀ ਸਾਮਾਨ ਪਿੱਛੇ ਰਹਿ ਗਿਆ ਹੈ।"
"ਇਹ ਮੇਰੀ ਤੀਜੀ ਬੇਟੀ ਹੈ ਅਤੇ ਮੈਂ ਵਿਆਹ ਉਸੇ ਦਿਨ ਕਰਨਾ ਚਾਹੁੰਦੀ ਸੀ, ਜਿਸ ਦਿਨ ਤੈਅ ਹੋਇਆ ਸੀ।" ਵਾਪਸ ਘਰ ਪਰਤਣ ਦੇ ਸਵਾਲ 'ਤੇ ਉਹ ਕਹਿੰਦੀ ਹੈ, "ਅਸੀਂ ਅਜੇ ਆਪਣੇ ਘਰ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਦੱਸਿਆ ਗਿਆ ਹੈ ਉੱਥੇ ਅਜੇ ਵੀ ਖ਼ਤਰਾ ਹੈ।"

ਨੀਚੇ ਡਾ. ਮੇਰਾਜ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹੋਏ ਸਨ। ਉਨ੍ਹਾਂ ਦਾ ਬੱਸ ਇਹੀ ਕਹਿਣਾ ਹੈ, "ਅਸੀਂ ਉਹੀ ਕੀਤਾ ਜੋ ਕੋਈ ਵੀ ਦੂਜਾ ਇਨਸਾਨ ਕਰਦਾ।"
ਇਸ ਵਿਚਾਲੇ ਕੋਈ ਆਇਆ ਅਤੇ ਬਲਬ ਉਤਾਰ ਕੇ ਤੇਜ਼ ਰੌਸ਼ਨੀ ਵਾਲਾ ਬਲਬ ਲਗਾਇਆ ਤਾਂ ਜੋ ਨਵੇਂ ਜੋੜੇ ਦੀਆਂ ਤਸਵੀਰਾਂ ਵਧੀਆ ਖਿੱਚੀਆਂ ਜਾ ਸਕਣ।
ਉੱਥੇ ਕੁਝ ਭਾਂਡੇ, ਇੱਕ ਗੈਸ ਚੁਲਹਾ ਅਤੇ ਕੁਝ ਤੋਹਫੇ ਰੱਖੇ ਸਨ।
ਮਹਿਮਾਨਾਂ ਲਈ ਕੋਰਮਾ ਅਤੇ ਨਾਨ ਸੀ। ਸ਼ਾਮ ਹੁੰਦਿਆਂ-ਹੁੰਦਿਆਂ ਤੇਜ਼ ਮੀਂਹ ਪੈਣ ਲੱਗਾ ਸੀ। ਕੁਝ ਦੇਰ ਬਾਅਦ ਹੀ ਵਿਦਾਈ ਹੋ ਗਈ।
ਹੁਣ ਤੱਕ ਇਸ ਇਲਾਕੇ ਵਿੱਚ ਦੋ ਅੰਤਿਮ ਸੰਸਕਾਰਾਂ ਅਤੇ ਇੱਕ ਵਿਆਹ ਵਿੱਚ ਸ਼ਾਮਲ ਹੋ ਚੁੱਕੀ ਹਾਂ।
ਮੈਂ ਰੁਖ਼ਸਾਰ ਦੇ ਘਰ ਜਾ ਕੇ ਮੋਤੀ ਨੂੰ ਮਿਲਣਾ ਚਾਹੁੰਦੀ ਸੀ ਪਰ ਹਨੇਰਾ ਹੋ ਗਿਆ ਸੀ। ਇੱਕ ਔਰਤ ਜੋ ਉਥੋਂ ਹੋ ਕੇ ਆਈ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਹਨੇਰੇ 'ਚ ਉੱਥੇ ਜਾਣਾ ਖ਼ਤਰਨਾਕ ਹੈ।
ਮੋਤੀ ਉੱਥੇ ਇੰਤਜ਼ਾਰ ਕਰ ਰਿਹਾ ਹੋਵੇਗਾ। ਮੈਂ ਬੰਨੇ ਖ਼ਾਨ ਨੂੰ ਕਿਹਾ ਕਿ ਉਨ੍ਹਾਂ ਦਾ ਘਰ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ, "ਅਸੀਂ ਛੇਤੀ ਹੀ ਵਾਪਸ ਚਲੇ ਜਾਵਾਂਗੇ।"
ਇਹ ਵੀ ਪੜ੍ਹੋ:
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4













