ਕੀ ਸੁੰਦਰਕਾਂਡ ਦਾ ਪਾਠ ਕਰਵਾ ਕੇ ਹਨੂੰਮਾਨ ਸਹਾਰੇ ਵਧੇਗੀ 'ਆਪ' ਦੀ ਸਿਆਸਤ

ਤਸਵੀਰ ਸਰੋਤ, Getty Images
- ਲੇਖਕ, ਬ੍ਰਜੇਸ਼ ਮਿਸ਼ਰ
- ਰੋਲ, ਬੀਬੀਸੀ ਪੱਤਰਕਾਰ
"ਜੇ ਮਹੀਨੇ ਵਿੱਚ ਇੱਕ ਦਿਨ ਸੁੰਦਰਕਾਂਡ ਦਾ ਪਾਠ ਹੁੰਦਾ ਹੈ, ਤਾਂ ਕੀ ਇਹ ਦਿੱਲੀ ਵਿਧਾਨ ਸਭਾ ਦਾ ਕੰਮ ਰੋਕ ਦੇਵੇਗਾ, ਸੜਕ ਅਤੇ ਸੀਵਰੇਜ ਦਾ ਕੰਮ ਬੰਦ ਹੋ ਜਾਵੇਗਾ? ਇਹ ਤੁਹਾਡੀ ਗ਼ਲਤਫਹਿਮੀ ਹੈ।"
ਇਹ ਕਹਿਣਾ ਹੈ ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਵਿੱਚ ਵਿਧਾਇਕ ਸੌਰਭ ਭਾਰਦਵਾਜ ਦਾ।
'ਆਪ' ਵਿਧਾਇਕ ਨੇ 18 ਫਰਵਰੀ ਨੂੰ ਇੱਕ ਟਵੀਟ ਕੀਤਾ, ਜਿਸ ਬਾਰੇ ਲੋਕਾਂ ਨੇ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਕੀ ਇਹ ਉਨ੍ਹਾਂ ਦੀ ਪਾਰਟੀ ਦਾ ਏਜੰਡਾ ਸੀ।
ਗ੍ਰੇਟਰ ਕੈਲਾਸ਼ ਤੋਂ ਵਿਧਾਇਕ ਸੌਰਭ ਭਾਰਦਵਾਜ ਨੇ ਲਿਖਿਆ, "ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਸੁੰਦਰ ਕਾਂਡ ਦਾ ਵੱਖ-ਵੱਖ ਖੇਤਰਾਂ ਵਿੱਚ ਪਾਠ ਕੀਤਾ ਜਾਵੇਗਾ। ਸੱਦਾ- ਸੁੰਦਰ ਕਾਂਡ, ਸ਼ਾਮ 4:30 ਵਜੇ, 18 ਫਰਵਰੀ, ਮੰਗਲਵਾਰ। ਪ੍ਰਾਚੀਨ ਸ਼ਿਵ ਮੰਦਿਰ, ਚਿਰਾਗ ਦਿੱਲੀ (ਚਿਰਾਗ ਦਿੱਲੀ ਮੈਟਰੋ ਸਟੇਸ਼ਨ ਗੇਟ ਨੰਬਰ 1 ਦੇ ਨੇੜੇ)।"
ਦਿੱਲੀ ਵਿੱਚ 'ਆਪ' ਨੇ ਕੰਮ ਦੇ ਨਾਮ 'ਤੇ ਵੋਟਾਂ ਮੰਗੀਆਂ। ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੀ ਸਮੁੱਚੀ ਚੋਣ ਮੁਹਿੰਮ ਸਿੱਖਿਆ, ਸਿਹਤ ਅਤੇ ਵਿਕਾਸ ਦੇ ਹੋਰਨਾਂ ਮੁੱਦਿਆਂ ਉੱਤੇ ਹੀ ਟਿਕੀ ਰਹੀ। ਹਾਲਾਂਕਿ, ਵਿਰੋਧੀ ਪਾਰਟੀ ਭਾਜਪਾ ਨੇ ਰਾਸ਼ਟਰਵਾਦ ਤੋਂ ਲੈ ਕੇ ਰਾਮ ਮੰਦਿਰ ਤੱਕ ਇਸ ਮੁੱਦੇ ਨੂੰ ਭੁਨਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ:
ਵੋਟ ਪਾਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਹਨੂੰਮਾਨ ਮੰਦਿਰ ਜਾ ਕੇ ਦਰਸ਼ਨ ਕਰਨਾ ਵੀ ਚਰਚਾ ਵਿੱਚ ਰਿਹਾ ਅਤੇ ਭਾਜਪਾ ਆਗੂਆਂ ਨੇ ਕੇਜਰੀਵਾਲ 'ਤੇ ਸਵਾਲ ਵੀ ਖੜ੍ਹੇ ਕੀਤੇ। ਹਾਲਾਂਕਿ, ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਅਤੇ ਇੱਕ ਵਾਰ ਫਿਰ 62 ਸੀਟਾਂ ਨਾਲ ਪਾਰਟੀ ਸੱਤਾ ਵਿੱਚ ਹੈ।
ਚੋਣ ਜਿੱਤ ਵਿੱਚ ਵੀ ਗੁਣਗਾਣ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ, ਜਦੋਂ 'ਆਪ' ਨੂੰ ਸ਼ਾਨਦਾਰ ਜਿੱਤ ਮਿਲੀ ਤਾਂ ਸੌਰਭ ਭਾਰਦਵਾਜ ਨੇ ਇੱਕ ਟਵੀਟ ਵਿੱਚ ਹਨੂੰਮਾਨ ਦਾ ਗੁਣਗਾਣ ਕੀਤਾ।
ਉਨ੍ਹਾਂ ਨੇ ਲਿਖਿਆ, "ਹਨੂੰਮਾਨ ਦਾ ਵੱਜ ਗਿਆ ਡੰਕਾ। ਪਖੰਡੀਆਂ ਦੀ ਸੜ ਗਈ ਲੰਕਾ। ਜੈ ਬਜਰੰਗ ਬਲੀ!!!''
11 ਫਰਵਰੀ ਨੂੰ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਹਰ ਮੰਗਲਵਾਰ ਨੂੰ ਹਨੂੰਮਾਨ ਲਈ ਸ਼ਰਧਾ ਵਿੱਚ ਅਜਿਹੇ ਸਮਾਗਮ ਦਾ ਪ੍ਰਬੰਧ ਕਰਨ ਜਾ ਰਹੇ ਹਨ।
ਉਨ੍ਹਾਂ ਨੇ ਲਿਖਿਆ, "ਅੱਜ ਤੋਂ ਬਾਅਦ ਭਾਜਪਾ ਮੰਗਲਵਾਰ ਨੂੰ ਕਦੇ ਵੀ ਵੋਟਾਂ ਦੀ ਗਿਣਤੀ ਨਹੀਂ ਕਰਾਏਗੀ। ਅੱਜ ਤੋਂ ਮੇਰੇ ਵਿਧਾਨ ਸਭਾ ਹਲਕੇ ਗ੍ਰੇਟਰ ਕੈਲਾਸ਼ ਵਿੱਚ ਹਰ ਮੰਗਲਵਾਰ ਨੂੰ ਭਾਜਪਾ ਦੇ ਭਗਤਾਂ ਨੂੰ ਹਨੂੰਮਾਨ ਜੀ ਦੀ ਯਾਦ ਦਿਵਾਈ ਜਾਵੇਗੀ। ਜੈ ਬਜਰੰਗ ਬਾਲੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਸਮਾਗਮ ਬਾਰੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਸੌਰਭ ਭਾਰਦਵਾਜ ਨੇ ਕਿਹਾ ਕਿ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਇਸ ਸਮਾਗਮ ਨੂੰ ਆਪਣੇ ਵਿਧਾਨ ਸਭਾ ਹਲਕੇ ਵਿੱਚ ਕਰਵਾਉਣ ਦੇ ਚਾਹਵਾਨ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਸਮਾਗਮ ਦੇਖੇ ਜਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪਾਰਟੀ ਦਾ ਇਸ ਨਾਲ ਕੁਝ ਲੈਣਾ-ਦੇਣਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, "ਇਹ ਮੇਰਾ ਪ੍ਰਬੰਧ ਹੈ ਅਤੇ ਅਸੀਂ ਇਸ ਨੂੰ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਕਰਾਂਗੇ। ਕੁਝ ਵਿਧਾਇਕਾਂ ਨਾਲ ਮੇਰੀ ਗੱਲਬਾਤ ਹੋਈ ਹੈ, ਉਹ ਵੀ ਤਿਆਰ ਹਨ। ਸ਼ਾਇਦ ਉਹ ਵੀ ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਅਜਿਹਾ ਕਰਨਗੇ।"
"ਪਰ ਪਾਰਟੀ ਵੱਲੋਂ ਇਸ ਲਈ ਕੋਈ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ ਹਨ, ਦੇਣੇ ਵੀ ਨਹੀਂ ਚਾਹੀਦੇ ਅਤੇ ਨਾ ਹੀ ਦਿੱਤੇ ਜਾਣਗੇ। ਧਰਮ ਤੁਹਾਡਾ ਨਿੱਜੀ ਵਿਸ਼ਵਾਸ ਹੈ। ਵਿਧਾਇਕ ਵਜੋਂ ਮੈਂ ਇਹ ਕਰ ਰਿਹਾ ਹਾਂ।
ਸੌਰਭ ਭਾਰਦਵਾਜ ਕਹਿੰਦੇ ਹਨ, "ਅਸੀਂ ਹਰ ਸਾਲ ਛੱਠ ਪੂਜਾ ਦਾ ਪ੍ਰਬੰਧ ਕਰਦੇ ਹਾਂ, ਹਰ ਸਾਲ ਦੁਰਗਾ ਪੂਜਾ ਦਾ ਪ੍ਰਬੰਧ ਕਰਾਉਂਦੇ ਹਾਂ। ਉਤਰਾਖੰਡ ਦੇ ਲੋਕਾਂ ਲਈ ਉੱਤਰਾਇਣੀ ਦਾ ਪ੍ਰਬੰਧ ਕਰਦੇ ਹਾਂ, ਦੁਸਹਿਰੇ ਦਾ ਪ੍ਰਬੰਧ ਕਰਦੇ ਹਾਂ, ਇਫ਼ਤਾਰ ਪਾਰਟੀ ਦਾ ਪ੍ਰਬੰਧ ਕਰਦੇ ਹਾਂ।"
"ਈਦ ਤਾਂ ਉਹ ਆਪਣੇ ਘਰਾਂ ਵਿੱਚ ਹੀ ਮਨਾਉਂਦੇ ਹਨ ਅਤੇ ਅਸੀਂ ਉਨ੍ਹਾਂ ਦੇ ਘਰ ਜਾਂਦੇ ਹਾਂ। ਤੁਸੀਂ ਕਹੋਗੇ ਕਿ ਕ੍ਰਿਸਮਸ ਹੀ ਕਿਉਂ ਤਾਂ ਈਸਾਈਆਂ ਵਿੱਚ ਤਾਂ ਇਹੀ ਹੁੰਦਾ ਹੈ। ਅਸੀਂ ਕ੍ਰਿਸਮਿਸ ਦਾ ਸੈਂਟਾ ਬਣ ਕੇ ਤੋਹਫ਼ੇ ਵੀ ਵੰਡਦੇ ਹਾਂ।''
ਭਾਜਪਾ ਨਾਲ ਨਿਪਟਣ ਦਾ ਤਰੀਕਾ?
ਆਮ ਆਦਮੀ ਪਾਰਟੀ ਧਰਮ ਨਿਰਪੱਖ ਏਜੰਡੇ ਨਾਲ ਸਿਆਸਤ ਵਿੱਚ ਦਾਖ਼ਲ ਹੋਈ। ਕੀ ਪਾਰਟੀ ਹੁਣ ਭਾਜਪਾ ਨੂੰ ਟੱਕਰ ਦੇਣ ਲਈ ਹਿੰਦੂ ਵੋਟ ਬੈਂਕ ਨੂੰ ਆਪਣੇ ਵੱਲ ਕਰਨਾ ਚਾਹੁੰਦੀ ਹੈ ਅਤੇ ਇਸੇ ਕਰਕੇ ਪਾਰਟੀ ਆਗੂ ਧਾਰਮਿਕ ਸਮਾਗਮਾਂ ਵਿੱਚ ਰੁਚੀ ਦਿਖਾ ਰਹੇ ਹਨ।
ਸੌਰਭ ਭਾਰਦਵਾਜ ਕਹਿੰਦੇ ਹਨ, "ਧਰਮ ਨਿਰਪੱਖ ਬਣਨ ਦਾ ਮਤਲਬ ਨਾਸਤਿਕ ਹੋਣਾ ਨਹੀਂ ਹੈ। ਕੁਝ ਲੋਕਾਂ ਨੇ ਇਸ ਨੂੰ ਵੱਖਰੇ ਢੰਗ ਨਾਲ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਧਰਮ ਨਿਰਪੱਖ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਵੀ ਧਰਮ ਨਾਲ ਨਫ਼ਰਤ ਕੀਤੀ ਜਾਵੇ।"
"ਮੈਂ ਧਰਮ ਨਿਰਪੱਖ ਵਿਅਕਤੀ ਹਾਂ ਅਤੇ ਮੈਨੂੰ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਅਪਣਾਉਣ ਦਾ ਪੂਰਾ ਅਧਿਕਾਰ ਹੈ। ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਨਾ ਤਾਂ ਨਫ਼ਰਤ ਕਰਦਾ ਹਾਂ ਅਤੇ ਨਾ ਹੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹਾਂ।''

ਤਸਵੀਰ ਸਰੋਤ, Twitter/Saurabh_MLAgk
ਪਰ ਕੀ ਹਰ ਮਹੀਨੇ ਹੋਣ ਵਾਲੇ ਇਸ ਸਮਾਗਮ ਨਾਲ ਆਮ ਆਦਮੀ ਪਾਰਟੀ ਇੱਕ ਟਰੈਂਡ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹਿੰਦੂਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖ ਰਹੀ ਹੈ ਅਤੇ ਹਿੰਦੂਤਵ ਦਾ ਝੰਡਾ ਲੈ ਕੇ ਸਿਆਸਤ ਕਰਨ ਵਾਲੀ ਭਾਜਪਾ ਹੀ ਇੱਕੋ ਪਾਰਟੀ ਨਹੀਂ ਹੈ।
ਜਿਸ ਤਰ੍ਹਾਂ ਭਾਜਪਾ ਨੇ ਲਗਾਤਾਰ ਰਾਮ ਅਤੇ ਰਾਮ ਮੰਦਿਰ ਦਾ ਮੁੱਦਾ ਚੁੱਕਿਆ ਅਤੇ ਉਸਦੇ ਨਾਮ 'ਤੇ ਵੋਟਾਂ ਲੈਂਦੀ ਰਹੀ, ਕੀ ਆਮ ਆਦਮੀ ਪਾਰਟੀ ਹੁਣ ਹਨੂੰਮਾਨ ਦੇ ਸਹਾਰੇ ਆਪਣੀ ਸਿਆਸਤ ਨੂੰ ਅੱਗੇ ਵਧਾਏਗੀ?
ਇਹ ਵੀ ਪੜ੍ਹ੍ਹੋ:
ਇਸ ਸਵਾਲ 'ਤੇ, ਸੌਰਭ ਭਾਰਦਵਾਜ ਕਹਿੰਦੇ ਹਨ, ''ਅਸੀਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਰਹੇ ਕਿ ਉਹ ਆਉਣ ਅਤੇ ਸੁੰਦਰਕਾਂਡ 'ਚ ਬੈਠਣ। ਜਾਂ ਫਿਰ ਜੇ ਨਹੀਂ ਬੈਠੇ ਤਾਂ ਪਾਰਟੀ ਵਿੱਚੋਂ ਤੁਹਾਡੀ ਮੈਂਬਰਸ਼ਿਪ ਖ਼ਤਮ ਹੋ ਜਾਵੇਗੀ, ਤੁਹਾਡਾ ਬਿਜਲੀ ਦਾ ਬਿੱਲ ਮਹਿੰਗਾ ਹੋ ਜਾਵੇਗਾ, ਪਾਣੀ ਦੇਣਾ ਬੰਦ ਕਰ ਦੇਣਗੇ, ਅਜਿਹਾ ਤਾਂ ਕੁਝ ਨਹੀਂ ਹੈ।"
"ਇਹ ਤਾਂ ਵਲੰਟੀਅਰ ਕਰਨ ਵਾਲੀ ਚੀਜ਼ ਹੈ, ਅਸੀਂ ਕਰੀਏ ਜਾਂ ਨਾ। ਅਜਿਹਾ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ। ਜੇ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਅਸੀਂ ਇਹ ਕਰਦੇ ਰਹਾਂਗੇ। ਜਿਵੇਂ ਲੋਕ ਪਹਿਲਾਂ ਤੀਰਥ ਯਾਤਰਾ ਕਰਦੇ ਸੀ ਅਤੇ ਹੁਣ ਸਰਕਾਰ ਨੇ ਭੇਜਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਵਿੱਚ ਕੋਈ ਮੁਸ਼ਕਿਲ ਨਹੀਂ ਹੈ।
ਕੀ 'ਆਪ' ਦੀ ਸਿਆਸਤ ਦਾ ਤਰੀਕਾ ਬਦਲ ਰਿਹਾ ਹੈ?
ਸੌਰਭ ਭਾਰਦਵਾਜ ਕਹਿੰਦੇ ਹਨ, "ਲੋਕ ਇਹ ਗਲਤ ਸਮਝਦੇ ਹਨ ਕਿ ਹਿੰਦੂਤਵ ਦਾ ਰਾਹ ਭਾਜਪਾ ਦਾ ਰਾਹ ਹੈ। ਜਦੋਂ ਵੀ ਅਸੀਂ ਹਿੰਦੂ ਧਰਮ ਨੂੰ ਭਾਜਪਾ ਦੇ ਹਵਾਲੇ ਕਰ ਦਿੰਦੇ ਹਾਂ, ਅਸੀਂ ਬੇਵਜ੍ਹਾ ਭਾਜਪਾ ਨੂੰ ਹਿੰਦੂਤਵ ਦਾ ਮਸੀਹਾ ਬਣਾ ਦਿੰਦੇ ਹਾਂ। ਅਸੀਂ ਹਨੂੰਮਾਨ ਦੇ ਨਾਮ 'ਤੇ ਵੋਟਾਂ ਨਹੀਂ ਮੰਗ ਰਹੇ। ਇਸ ਵਿੱਚ ਫ਼ਰਕ ਹੈ।"
ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੌਰਭ ਭਾਰਦਵਾਜ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੇ ਸੁੰਦਰਕਾਂਡ ਦੇ ਪਾਠ ਲਈ ਪਹਿਲਾਂ ਹੀ ਬੁਕਿੰਗ ਲੈ ਲਈ ਹੈ ਅਤੇ ਇਸਦੇ ਲਈ ਸਪਾਂਸਰ ਵੀ ਮਿਲ ਚੁੱਕੇ ਹਨ। ਕਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰਡਬਲਯੂਏ) ਇਸ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ।

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇਹ ਨਵੀਂ ਪਹਿਲ ਪਾਰਟੀ ਦੀ ਸਿਆਸਤ ਅਤੇ ਉਸ ਦੇ ਏਜੰਡੇ ਨੂੰ ਕਿਵੇਂ ਪ੍ਰਭਾਵਿਤ ਕਰੇਗੀ?
ਇਸ ਸਵਾਲ ਜੇ ਜਵਾਬ 'ਤੇ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਇੱਕ ਬਹੁਤ ਹੀ ਬਰੀਕ ਜਿਹੀ ਲਾਈਨ ਹੈ। ਜੇ ਅਜਿਹੇ ਪ੍ਰਬੰਧਾਂ ਵਿੱਚ ਉਸ ਨੂੰ ਪਾਰ ਕੀਤਾ ਜਾਂਦਾ ਹੈ ਜਿਸ ਨਾਲ ਦੂਜੇ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਸਕਦੀ ਹੈ ਅਤੇ ਉਸ ਦਾ ਅਸਰ ਪਾਰਟੀ ਦੇ ਅਕਸ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ।
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, "ਇੱਕ ਕਹਾਵਤ ਹੈ ਕਿ ਲੋਹਾ ਲੋਹੇ ਨੂੰ ਕੱਟਦਾ ਹੈ, ਇਸ ਲਈ ਆਮ ਆਦਮੀ ਪਾਰਟੀ ਵੀ ਉਹੀ ਚੀਜ਼ਾਂ ਕਰ ਰਹੀ ਹੈ ਜੋ ਨਰਿੰਦਰ ਮੋਦੀ ਕਰਦੇ ਸਨ। ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਦਾਰਨਾਥ ਜਾ ਕੇ ਦਰਸ਼ਨ ਕੀਤੇ ਸਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।"
"ਕੇਜਰੀਵਾਲ ਨੇ ਵੀ ਦਿੱਲੀ ਚੋਣਾਂ ਵਿੱਚ ਹਨੂੰਮਾਨ ਮੰਦਿਰ ਜਾ ਕੇ ਪੂਜਾ ਕੀਤੀ ਸੀ ਤਾਂ ਕਿ ਉਨ੍ਹਾਂ ਲਈ ਸਭ ਸ਼ੁਭ ਹੋਵੇ। ਕੇਜਰੀਵਾਲ ਨੇ ਇਹ ਬਹੁਤ ਵਧੀਆ ਢੰਗ ਨਾਲ ਕੀਤਾ ਅਤੇ ਹਨੂੰਮਾਨ ਨੂੰ ਆਪਣੀ ਪਾਰਟੀ ਦੇ ਪ੍ਰਤੀਕ ਵਜੋਂ ਪੇਸ਼ ਕੀਤਾ।"
"ਇਹੀ ਕਾਰਨ ਹੈ ਕਿ ਜਦੋਂ ਚੋਣਾਂ ਦੌਰਾਨ ਭਾਜਪਾ ਸਮਰਥਕ ਜੈ ਸ਼੍ਰੀਰਾਮ ਦੇ ਨਾਅਰੇ ਲਗਾ ਰਹੇ ਸਨ ਤਾਂ 'ਆਪ' ਸਮਰਥਕ ਜੈ ਬਜਰੰਗਬਾਲੀ ਦੇ ਨਾਅਰੇ ਲਗਾ ਰਹੇ ਸਨ।"
"ਜੇ ਸੌਰਭ ਭਾਰਦਵਾਜ ਹਰ ਮਹੀਨੇ ਵਿੱਚ ਇੱਕ ਵਾਰੀ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਜ਼ਰੂਰ ਕਰਨ ਪਰ ਜੇ ਇਸ ਦਾ ਢਿੰਡੋਰਾ ਪਿੱਟਦੇ ਹਨ ਤਾਂ ਕਿਤੇ ਨਾ ਕਿਤੇ ਸਿਆਸਤ ਦੀ ਬਦਬੂ ਆਉਣ ਲੱਗਦੀ ਹੈ।''
ਹਨੂੰਮਾਨ ਸਹਾਰੇ ਵੱਧੇਗੀ ਸਿਆਸਤ?
ਭਾਜਪਾ ਨੇ ਰਾਮ ਦਾ ਮੁੱਦਾ ਚੁੱਕਿਆ ਅਤੇ ਹੁਣ 'ਆਪ' ਆਗੂ ਹਨੂੰਮਾਨ ਨੂੰ ਲੈ ਕੇ ਅੱਗੇ ਵੱਧ ਰਹੇ ਹਨ। ਕੀ ਆਮ ਆਦਮੀ ਪਾਰਟੀ ਉਸੇ ਰਾਹ ਵਿੱਚ ਅੱਗੇ ਵੱਧ ਰਹੀ ਹੈ?
ਨੀਰਜਾ ਚੌਧਰੀ ਮੰਨਦੀ ਹੈ ਕਿ ਇਹ ਭਾਜਪਾ ਵਾਂਗ ਨਹੀਂ ਹੈ। ਉਨ੍ਹਾਂ ਦਾ ਏਜੰਡਾ ਭੇਦਭਾਵ ਵਾਲਾ ਨਹੀਂ ਹੈ ਅਤੇ ਹੁਣ ਤੱਕ ਆਮ ਆਦਮੀ ਪਾਰਟੀ ਨੇ ਕਿਸੇ ਵੀ ਤਰ੍ਹਾਂ ਨਾਲ ਹਿੰਦੂ-ਮੁਸਲਮਾਨ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਕੀਤੀ ਹੈ।

ਤਸਵੀਰ ਸਰੋਤ, Getty Images
ਉਹ ਕਹਿੰਦੀ ਹੈ, "ਆਮ ਆਦਮੀ ਪਾਰਟੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਹ ਹਿੰਦੂ ਵਿਰੋਧੀ ਨਹੀਂ ਹੈ, ਇਸ ਲਈ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ। ਉਹ ਵੰਡਣ ਵਾਲੀ ਸਿਆਸਤ ਨਹੀਂ ਕਰ ਰਹੀ। ਉਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਸਾਰਿਆਂ ਲਈ ਹਾਂ।"
"ਚੋਣ ਪ੍ਰਚਾਰ ਵਿੱਚ ਉਨ੍ਹਾਂ ਨੇ ਹਿੰਦੂ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ। ਇਹ ਜ਼ਰੂਰੀ ਹੈ ਕਿ ਉਹ ਪੰਨਾ ਭਾਜਪਾ ਦੀ ਕਿਤਾਬ ਤੋਂ ਲੈ ਰਹੇ ਹਨ ਪਰ ਉਸ ਦਾ ਮਕਸਦ ਨਫ਼ਰਤ ਵਾਲਾ ਨਹੀਂ ਹੈ। ਪਰ ਇੱਕ ਸਿਆਸੀ ਪ੍ਰਤੀਨਿਧੀ ਹੁੰਦੇ ਹੋਏ ਤੁਸੀਂ ਚੋਣ ਪ੍ਰਚਾਰ ਵਿੱਚ ਇਸ ਦਾ ਢਿੰਢੋਰਾ ਪਾ ਸਕਦੇ ਹੋ ਪਰ ਆਮ ਤੌਰ 'ਤੇ ਇਹੀ ਕਰਣਗੇ ਤਾਂ ਉਸ ਨਾਲ ਨੁਕਸਾਨ ਹੋ ਸਕਦਾ ਹੈ।"
ਇਹ ਵੀ ਪੜ੍ਹ੍ਹੋ:
ਨੀਰਜਾ ਚੌਧਰੀ ਦਾ ਇਹ ਵੀ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ ਜੋ ਨੌਜਵਾਨ ਆਗੂ ਸਾਹਮਣੇ ਆਏ ਹਨ, ਉਹ ਫਿਰਕੂ ਨਹੀਂ ਹਨ। ਚੋਣਾਂ ਦੌਰਾਨ ਵੀ ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਸੰਜਮ ਬਣਾਈ ਰੱਖਣ ਅਤੇ ਆਪਣੇ ਕੰਮ ਦੇ ਏਜੰਡੇ 'ਤੇ ਅੜੇ ਰਹਿਣ। ਅਤੇ ਭਾਜਪਾ ਨੂੰ ਉਨ੍ਹਾਂ ਨੂੰ ਹਿੰਦੂ-ਮੁਸਲਮਾਨ ਸਿਆਸਤ ਵਿੱਚ ਘੇਰ ਨਾ ਸਕੇ।
ਨੀਰਜਾ ਚੌਧਰੀ ਕਹਿੰਦੇ ਹਨ, "ਜੇ ਤੁਸੀਂ ਇੱਕ ਚੁਣੇ ਹੋਏ ਨੁਮਾਇੰਦੇ ਵਜੋਂ ਅਜਿਹਾ ਕਰਦੇ ਹੋ, ਭਾਵੇਂ ਤੁਸੀਂ ਹਿੰਦੂ ਹੋ ਪਰ ਤੁਹਾਡੇ ਖੇਤਰ ਵਿੱਚ ਹੋਰ ਲੋਕ ਵੀ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖੋ ਅਤੇ ਕੀ ਤੁਹਾਡੀ ਇਸ ਪਹਿਲ ਨਾਲ ਉਨ੍ਹਾਂ ਉੱਤੇ ਕੁਝ ਅਸਰ ਪੈ ਰਿਹਾ ਹੈ।"
"ਇਹ ਇੱਕ ਬਰੀਕ ਲਾਈਨ ਹੈ ਜੋ ਉਨ੍ਹਾਂ ਦੀ ਸਿਆਸਤ 'ਤੇ ਅਸਰ ਪਾ ਸਕਦੀ ਹੈ। ਉਨ੍ਹਾਂ ਨੂੰ ਇਸ ਵਿੱਚ ਸੰਤੁਲਨ ਬਣਾ ਕੇ ਚੱਲਣਾ ਪਏਗਾ।''
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













