ਵੈਲੇਨਟਾਈਨ ਵੀਕ 'ਚ ਇਕੱਲਤਾ ਦਾ ਤੋੜ ਕੀ ਹੈ

ਤਸਵੀਰ ਸਰੋਤ, EPA
- ਲੇਖਕ, ਚਿੰਕੀ ਸਿਨਹਾ
- ਰੋਲ, ਬੀਬੀਸੀ ਪੱਤਰਕਾਰ
ਡਾਂਸ ਫਲੋਰ ਆਪਣੇ ਆਪ ਵਿੱਚ ਇੱਕ ਕਾਇਨਾਤ ਹੈ। ਇੱਥੇ ਗ਼ੁਮਨਾਮ ਹੋਣਾ ਉਨ੍ਹਾਂ ਅੰਦਰ ਇੱਕ ਭਰੋਸਾ ਪੈਦਾ ਕਰਦਾ ਹੈ। ਇਸ ਫਲੋਰ 'ਤੇ ਬਹੁਤ ਸਾਰੇ ਲੋਕ ਮਿਲਦੇ ਹਨ, ਜਿਨ੍ਹਾਂ ਦੇ ਨਾਲ ਤੁਸੀਂ ਵੱਖ-ਵੱਖ ਗਾਣਿਆਂ 'ਤੇ ਡਾਂਸ ਕਰਦੇ ਹੋ।
ਫਿਰ ਭਾਵੇਂ ਉਹ ਸਾਲਸਾ ਹੋਵੇ, ਕਿਜ਼ੁੰਬਾ ਹੋਵੇ ਜਾਂ ਫਿਰ ਬਸ਼ਾਤਾ, ਕਿਸੇ ਅਜਨਬੀ ਨਾਲ ਨੱਚ ਕੇ ਤੁਸੀਂ ਘਰ ਆ ਜਾਂਦੇ ਹੋ। ਤੁਹਾਡਾ ਸਮਾਂ ਗੁਜ਼ਰ ਜਾਂਦਾ ਹੈ।
ਜਿਸ ਸ਼ਹਿਰ ਵਿੱਚ ਉਹ ਰਹਿੰਦੀ ਹੈ, ਉੱਥੇ ਇਕੱਲਾ ਹੋਣਾ ਆਮ ਗੱਲ ਹੈ, ਉਹ ਹੁਣ ਇਸ ਦੀ ਆਦੀ ਹੋ ਗਈ ਹੈ। ਉਹ ਇਸ ਸ਼ਹਿਰੀ ਇਕੱਲਤਾ ਤੋਂ ਵਾਕਿਫ਼ ਹੈ।
ਸੋਨੀਆ (ਬਦਲਿਆ ਹੋਇਆ ਨਾਮ) ਕਹਿੰਦੀ ਹੈ ਕਿ ਇਹ ਵੈਲੇਨਟਾਈਨ ਵੀਕ ਯਾਨਿ ਇਸ਼ਕ ਦਾ ਹਫ਼ਤਾ ਹੈ। ਡਾਂਸ ਫਲੋਰ 'ਤੇ ਤੁਸੀਂ ਆਪਣੇ ਲਈ ਸਾਥੀ ਭਾਲਣ ਦਾ ਦਾਅ ਖੇਡ ਸਕਦੇ ਹੋ। ਜਿਸ ਡਾਂਸ ਕਲੱਬ ਵਿੱਚ ਉਹ ਜਾਂਦੀ ਹੈ, ਉੱਥੇ ਡਾਂਸ ਲਈ ਅਜਨਬੀ ਹੋਣਾ ਲਾਜ਼ਮੀ ਹੈ।
ਜ਼ਿਆਦਤਰ ਐਤਵਾਰ ਨੂੰ ਉਹ ਸਾਲਸਾ ਡਾਂਸ ਕਰਨ ਲਈ 'ਸਮਰਹਾਊਸ' ਵਿੱਚ ਦਿਖਾਈ ਦਿੰਦੀ ਹੈ। ਇਹ ਇੱਕ ਬਹਾਦਰੀ ਭਰਿਆ ਕੰਮ ਹੈ-ਇਕੱਲੇ ਵਿਚਰਨਾ, ਮੂੰਹ 'ਤੇ ਮੁਸਕਰਾਹਟ ਲਿਆਉਣੀ ਅਤੇ ਉੱਥੇ ਖੜ੍ਹ ਕੇ ਇੰਤਜ਼ਾਰ ਕਰਨਾ ਕਿ ਤੁਹਾਨੂੰ ਕੋਈ ਮਰਦ ਆ ਕੇ ਆਪਣੇ ਨਾਲ ਡਾਂਸ ਕਰਨ ਲਈ ਆਖੇ।
ਤੁਸੀਂ ਸਾਲਸਾ ਡਾਂਸ ਦੀਆਂ ਭਰਮਾਊ ਅਦਾਵਾਂ ਦੇ ਜ਼ੋਰ 'ਤੇ ਅਜਿਹਾ ਹੋਣ ਦੀ ਉਮੀਦ ਰੱਖਦੇ ਹੋ।
ਉਹ ਦੱਸਦੀ ਹੈ, "ਇਸ ਕਲੱਬ ਵਿੱਚ ਡਾਂਸ ਕਰਨ ਲਈ ਅਜਿਹਾ ਕੀ ਹੈ ਜੋ ਤੁਹਾਨੂੰ ਇੱਥੇ ਡਾਂਸ ਕਰਨ ਲਈ ਆਕਰਸ਼ਿਤ ਕਰਦਾ ਹੈ? ਕੀ ਉਹ ਛੋਹ, ਜਾਂ ਫਿਰ ਦੂਜਿਆਂ ਵੱਲੋਂ ਤੁਹਾਨੂੰ ਬਹੁਤ ਅਦਬ ਨਾਲ ਫੜਨਾ...।"
ਸ਼ਾਇਦ ਤੁਸੀਂ ਇਸੇ ਲਈ ਹੀ ਉੱਥੇ ਜਾਂਦੇ ਹੋ। ਜਦੋਂ ਤੁਸੀਂ ਸਿੰਗਲ ਹੁੰਦੇ ਹੋ ਤਾਂ ਤੁਸੀਂ ਉਸ ਨਿੱਘ ਲਈ ਤਰਸਦੇ ਹੋ। ਅਜਨਬੀਆਂ ਨਾਲ ਡਾਂਸ ਕਰਨਾ ਨੇੜਤਾ ਦੀ ਭਾਵਨਾ ਦੀ ਸਮਰੱਥਾ ਨਾਲ ਭਰਿਆ ਹੋਇਆ ਹੈ, ਇਹ ਅਤਿ-ਨਜ਼ਦੀਕੀ ਵੀ ਹੈ।
ਇਹ ਵੀ ਪੜ੍ਹੋ-
ਸੋਨੀਆ ਕਹਿੰਦੀ ਹੈ, "ਮੈਂ ਬਸ ਉੱਥੇ ਜਾ ਕੇ ਡਾਂਸ ਕਰਦੀ ਹਾਂ। ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਕੋਈ ਜਾਣਦਾ ਹੈ ਜਾਂ ਨਹੀਂ।"
ਗੂਗਲ 'ਤੇ ਅਜਿਹੇ ਲੇਖਾਂ ਦੀ ਭਰਮਾਰ ਹੈ ਜੋ ਇਹ ਸੁਝਾਅ ਦਿੰਦੇ ਹਨ ਕਿ ਸਾਲਸਾ ਸਿੰਗਲ ਔਰਤਾਂ ਦੀ ਇਕੱਲਤਾ ਨੂੰ ਦੂਰ ਕਰਨ ਲਈ ਕਾਰਗਰ ਹੈ।
ਬੇਸ਼ੱਕ ਤੁਸੀਂ ਉੱਥੇ ਲੋਕਾਂ ਨੂੰ ਨਹੀਂ ਜਾਣਦੇ, ਤੁਸੀਂ ਉਨ੍ਹਾਂ ਨੂੰ ਡਾਂਸ ਕਲਾਸਾਂ ਵਿੱਚ ਮਿਲੇ ਹੋਵੋ ਜਾਂ ਤੁਸੀਂ ਉਨ੍ਹਾਂ ਨਾਲ ਕਲੱਬਾਂ ਵਿੱਚ ਡਾਂਸ ਕੀਤਾ ਹੋਵੇ।
ਇਕੱਲਤਾ ਦੀ ਲੜਾਈ
ਉਹ ਲਿਖਦੀ ਹੈ, "ਮੈਂ ਆਪਣਾ ਚਿਹਰਾ ਸੰਵਾਰਦੀ ਹਾਂ, ਮਨ ਬਣਾਉਂਦੀ ਹਾਂ ਅਤੇ ਸੰਕਲਪ ਕਰਦੀ ਹਾਂ, ਫਿਰ ਉਸ ਨੂੰ ਤੋੜ ਦਿੰਦੀ ਹਾਂ ਅਤੇ ਫਿਰ ਖ਼ੁਦ ਨੂੰ ਤਿਆਰ ਕਰਦੀ ਹਾਂ।" (ਇਹ ਉਸ ਦੀ ਹੀ ਲਿਖੀ ਹੋਈ ਇੱਕ ਕਵਿਤਾ ਦੀਆਂ ਸਤਰਾਂ ਹਨ)
ਪਰ ਇਹ ਇੱਕ ਸੰਕਲਪ ਹੈ ਜੋ ਰਾਜਧਾਨੀ ਦਿੱਲੀ ਦੀਆਂ ਠੰਢੀਆਂ ਰਾਤਾਂ ਵਿੱਚ ਗੂੰਜਦਾ ਹੈ। ਰਾਜਧਾਨੀ ਵਿੱਚ ਲੜੀਆਂ ਜਾ ਰਹੀਆਂ ਲੜਾਈਆਂ ਵਿੱਚ ਇੱਕ ਇਹ ਵੀ ਲੜਾਈ ਹੈ ਜੋ ਇਕੱਲਤਾ ਨਾਲ ਲੜੀ ਜਾਂਦੀ ਹੈ।

ਤਸਵੀਰ ਸਰੋਤ, Getty Images
ਜਦੋਂ ਵੈਲੇਨਟਾਈਨ ਸੜਕਾਂ ਸੁਰਖ਼ ਲਾਲ, ਗੁਲਾਬੀ, ਅਤੇ ਖਿਡੌਣਿਆਂ ਨਾਲ ਭਰੀਆਂ ਹੁੰਦੀਆਂ ਹਨ ਤਾਂ ਇੰਟਰਨੈੱਟ ਅਜਿਹੇ ਬੇਸ਼ੁਮਾਰ ਤੋੜਾਂ ਨਾਲ ਭਰਿਆ ਪਿਆ ਹੈ ਜਿੱਥੇ ਦੱਸਿਆ ਗਿਆ ਹੈ ਕਿ ਵੈਲੇਨਟਾਈਨ ਡੇ 'ਤੇ ਇਕੱਲਤਾ ਤੋਂ ਕਿਵੇਂ ਬਚਣਾ ਹੈ।
ਸੋਨੀਆ ਕਹਿੰਦੀ ਹੈ ਕਿ ਉਹ ਹਮੇਸ਼ਾ ਆਪਣਾ ਦਿਲ ਤੋੜਦੀ ਰਹਿੰਦੀ ਹੈ। ਇੱਕ ਔਰਤ ਦੇ ਇਕੱਲੇ ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਲਈ ਅਜਨਬੀ ਹੋ ਗਏ ਹੋ।
ਸ਼ਾਇਦ ਪਿਆਰ ਹਾਸਲ ਕਰਨ ਵਿੱਚ ਖੁਦ ਨੂੰ ਅਸਫ਼ਲ ਵੀ ਕਹਿਣ ਲੱਗਣ। ਇਸ ਦਾ ਮਤਲਬ ਇਹ ਹੈ ਕਿ ਇਕੱਲੇ ਵਿੱਚ ਤੁਸੀਂ ਸ਼ਰਮਿੰਦਾ ਮਹਿਸੂਸ ਕਰਦੇ ਹੋਵੋ।
ਇੱਕ ਸਮਾਂ ਸੀ ਜਦੋਂ ਜਿਸ ਨੂੰ ਉਹ ਪਿਆਰ ਕਰਦੀ ਸੀ ਤਾਂ ਉਸ ਨੂੰ ਕਾਰਡ ਭੇਜਦੀ ਸੀ, ਟੈਡੀ ਵੀ ਭੇਜਦੀ ਸੀ, ਪਰ ਹੁਣ ਉਹ ਵੈਲੇਨਟਾਈਨ ਡੇਅ 'ਤੇ ਕੁਝ ਨਹੀਂ ਖਰੀਦਦੀ।
ਉਹ ਕਹਿੰਦੀ ਹੈ, "ਇਹ ਇਸ਼ਕ ਦਾ ਇੱਕ ਖ਼ੂਬਸੂਰਤ ਪਰ ਅੰਦਰੋਂ ਖੋਖਲਾ ਬਾਜ਼ਾਰ ਹੈ। ਇੱਥੇ ਪੁਰਾਣੀਆਂ ਗੱਲਾਂ, ਪੁਰਾਣੇ ਸਾਥੀਆਂ ਨੂੰ ਯਾਦ ਨਹੀਂ ਰੱਖਿਆ ਜਾਂਦਾ। ਪਿੱਛਲੇ ਸਾਲ ਮੈਂ ਕਿਸੇ ਦੇ ਨਾਲ ਸੀ। ਪਰ ਉਸ ਲਈ ਵੈਲੇਨਟਾਈਨ ਡੈਅ ਦਾ ਕੋਈ ਮਤਲਬ ਨਹੀਂ ਸੀ। ਹੋ ਸਕਦਾ ਹੈ ਉਹ ਖ਼ੁਦ ਹੀ ਆਪਣੇ ਲਈ ਲਿਲੀ ਦੇ ਫੁੱਲ ਖਰੀਦ ਲੈਂਦੀ।"
ਸੋਨੀਆ ਨੂੰ ਇਹ ਰਿਸ਼ਤਾ ਨਹੀਂ ਮਿਲ ਸਕਿਆ ਜਿਸ ਦੀ ਉਸ ਨੂੰ ਤਲਾਸ਼ ਸੀ।
ਉਹ ਅੱਗੇ ਕਹਿੰਦੀ ਹੈ, "ਮੇਰਾ ਖ਼ਿਆਲ ਸੀ ਕਿ ਮੈਨੂੰ ਉਹ ਸ਼ਖ਼ਸ ਮਿਲ ਜਾਵੇਗਾ, ਜਿਸ ਦੇ ਨਾਲ ਮੈਂ ਜ਼ਿੰਦਗੀ ਗੁਜ਼ਾਰ ਸਕਾਂਗੀ। ਪਰ ਹੁਣ ਮੈਂ ਲੋਕਾਂ ਨੂੰ ਲੈ ਕੇ ਅਜੀਬ ਜਿਹੀ ਕਸ਼ਮਕਸ਼ ਦੀ ਸ਼ਿਕਾਰ ਹਾਂ। ਅੱਜ ਕੱਲ੍ਹ ਲੋਕ ਅਜੀਬ ਤਰ੍ਹਾਂ ਦੀਆਂ ਉਲਝਣਾਂ 'ਚ ਉਲਝੇ ਹੋਏ ਹਨ।"
ਡੇਟਿੰਗ ਐਪਸ
1990 ਦੇ ਦਹਾਕੇ ਵਿੱਚ ਉਸ ਦਾ ਇੱਕ ਚਿੱਠੀ ਪੱਤਰ ਵਾਲਾ ਸਾਥੀ ਸੀ ਜਿਸ ਨੇ ਉਸ ਨੂੰ ਵੈਲੇਨਟਾਈਨ ਕਾਰਡ ਭੇਜਿਆ ਸੀ। ਉਹ ਦੱਸਦੀ ਹੈ ਕਿ ਇਹ ਉਹ ਸਮਾਂ ਸੀ ਜਦੋਂ ਲੋਕ ਅਜਿਹਾ ਕਰਦੇ ਸਨ।
ਹੁਣ ਤੁਸੀਂ ਡੇਟਿੰਗ ਐਪਸ 'ਤੇ ਸੱਜੇ-ਖੱਬੇ ਸਵਾਈਪ ਕਰਦੇ ਰਹਿੰਦੇ ਹੋ।

ਤਸਵੀਰ ਸਰੋਤ, EPA
ਉਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਦੂਜਿਆਂ ਦੀ ਜ਼ਿੰਦਗੀ ਸੁਲਝੀ ਹੋਈ ਹੈ। ਜਦੋਂ ਤੁਸੀਂ ਦੂਜਿਆਂ ਨੂੰ ਦੇਖਦੇ ਹੋ ਅਤੇ ਮਹਿਸੂਸ ਕਰਦੇ ਹੋ ਕਿ ਤੁਹਾਡੇ ਜੀਵਨ ਵਿੱਚ ਕੋਈ ਘਾਟ ਹੈ ਤਾਂ ਸ਼ਾਇਦ ਇਹੀ ਇਕੱਲਾਪਨ ਹੈ।"
ਇਹ ਵੈਲੇਨਟਾਈਨ ਵੀਕ ਹੈ ਅਤੇ ਤੁਸੀਂ ਬਾਜ਼ਾਰ ਵਿੱਚ ਹਰ ਜਗ੍ਹਾ ਲਾਲ ਗੁਲਾਬ ਅਤੇ ਲਾਲ ਦਿਲ ਦੇਖਦੇ ਹੋ, ਪਰ ਤੁਸੀਂ ਤਾਂ ਸਿੰਗਲ ਹੋ।
ਉਹ ਕਹਿੰਦੀ ਹੈ, "ਸ਼ਾਇਦ ਮੇਰੀ ਅਲਮਾਰੀ ਵਿੱਚ ਲਾਲ ਰੰਗ ਦੇ ਬਹੁਤ ਸਾਰੇ ਕੱਪੜੇ ਹੁੰਦੇ।"
ਪਰ ਇਨ੍ਹਾਂ ਦਿਨਾਂ ਵਿੱਚ ਜਦੋਂ ਗਲੀਆਂ ਜਾਂ ਤੁਹਾਡੇ ਇਨਬਾਕਸ ਵਿੱਚ ਵੀ ਲਾਲ ਰੰਗ ਦੇ ਬੇਸ਼ੁਮਾਰ ਸੰਦੇਸ਼ਾਂ ਦੀ ਭਰਮਾਰ ਹੋ ਜਾਂਦੀ ਹੈ ਤਾਂ ਸਾਲ ਦਾ ਇਹ ਸਮਾਂ ਇੱਕ ਇਕੱਲੀ ਔਰਤ ਦੇ ਪਿਆਰ, ਇਕੱਲਤਾ ਅਤੇ ਅਭਿਲਾਸ਼ਾ ਪ੍ਰਤੀ ਹੈਰਾਨ ਹੋਣ ਲਈ ਮਜਬੂਰ ਕਰ ਦਿੰਦਾ ਹੈ।
ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਲਗਭਗ 40 ਸਾਲ ਦੇ ਹੁੰਦੇ ਹੋ। ਜ਼ਿਆਦਾਤਰ ਇਕੱਲਿਆਂ ਨੂੰ ਵੈਲੇਨਟਾਈਨ ਇਹ ਯਾਦ ਦਿਵਾਉਂਦਾ ਹੈ ਕਿ ਛੇ ਅਰਬ ਤੋਂ ਜ਼ਿਆਦਾ ਲੋਕਾਂ ਦੀ ਦੁਨੀਆ ਵਿੱਚ ਤੁਸੀਂ ਆਪਣੇ ਲਈ ਪਿਆਰ ਨਹੀਂ ਲੱਭ ਸਕੇ।
ਜਿੱਥੇ ਸੜਕਾਂ 'ਤੇ ਆਪਣੀ ਜ਼ਿੰਦਗੀ ਦੇ ਉਸ ਖ਼ਾਸ ਸ਼ਖ਼ਸ ਲਈ ਮਹਿੰਗੇ ਫੁੱਲ ਵਿਕ ਰਹੇ ਹਨ, ਤਾਂ ਤੁਸੀਂ ਇਕੱਲੇ ਅਪਾਰਮੈਂਟ ਵਿੱਚ ਬੈਠੇ ਖ਼ੁਦ ਨੂੰ ਖਾਰਿਜ ਕੀਤੇ ਜਾਣ ਦੇ ਅਹਿਸਾਸ ਵਿੱਚ ਡੁੱਬੇ ਹੋਏ ਹੁੰਦੇ ਹੋ।
ਇਹ ਵੀ ਪੜ੍ਹੋ-
ਹੁਣ ਉਹ ਦੱਖਣੀ ਦਿੱਲੀ ਦੀ ਇੱਕ ਕਾਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿੰਦੀ ਹੈ।
ਇੱਕ ਕਮਰੇ ਤੋਂ ਲੰਘ ਕੇ ਦੂਜਾ ਕਮਰਾ ਆਉਂਦਾ ਹੈ ਅਤੇ ਫਿਰ ਤੁਸੀਂ ਉੱਥੋਂ ਰਸੋਈ ਵਿੱਚ ਪਹੁੰਚਦੇ ਹੋ ਅਤੇ ਇੱਥੋਂ ਅਗਲਾ ਕਮਰਾ ਆਉਂਦਾ ਹੈ।
ਇਹ ਉਹ ਕਮਰਾ ਹੈ ਜਿੱਥੇ ਉਹ ਸੌਂਦੀ ਹੈ। ਕਦੇ ਕਦੇ ਉੱਥੇ ਇੱਕ ਬਿੱਲੀ ਆਉਂਦੀ ਹੈ। ਉਹ ਉਸ ਨੂੰ ਆਉਣ ਦਿੰਦੀ ਹੈ ਅਤੇ ਬਿੱਲੀ ਦੇ ਭੋਜਨ ਲਈ ਕਟੋਰਾ ਕੱਢਦੀ ਅਤੇ ਦਰਵਾਜ਼ਾ ਖੋਲ੍ਹ ਦਿੰਦੀ ਹੈ।
ਉਹ ਕਹਿੰਦੀ ਹੈ, "ਇਕੱਲਿਆਂ ਦੀ ਕੀ ਜ਼ਿੰਦਗੀ ਹੈ? ਬਹੁਤ ਸਾਰੀ ਇਕੱਲਤਾ, ਖੁਦ ਪ੍ਰਤੀ ਬਹੁਤ ਜ਼ਿਆਦਾ ਜ਼ਿੰਮੇਵਾਰੀ। ਤੁਸੀਂ ਹੀ ਉਹ ਇਨਸਾਨ ਹੋ ਜੋ ਖੁਦ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਹੋ, ਤੁਸੀਂ ਹੀ ਕਰਿਆਨੇ ਦਾ ਸਾਮਾਨ ਖਰੀਦਦੇ ਹੋ, ਤੁਸੀਂ ਆਪਣੇ ਲਈ ਖਾਣਾ ਬਣਾਉਂਦੇ ਹੋ ਤੇ ਖ਼ੁਦ ਹੀ ਖਾਂਦੇ ਹੋ।"
ਉਸ ਸ਼ਾਮ ਨੂੰ ਸੋਨੀਆ ਨੇ ਡਾਂਸ ਲਈ ਪਹਿਨਣ ਲਈ ਆਪਣੇ ਬੈੱਡ 'ਤੇ ਆਪਣੇ ਕੱਪੜੇ ਕੱਢ ਕੇ ਰੱਖੇ। ਉਹ ਉੱਚੀ ਅੱਡੀ ਵਾਲੇ ਸੈਂਡਲ ਨਹੀਂ ਪਹਿਨਦੀ, ਪਰ ਉਸ ਕੋਲ ਫਲੈਟ ਕਾਲੇ ਰੰਗ ਦੇ ਜੁੱਤੇ ਹਨ ਜੋ ਉਸ ਨੂੰ ਠੀਕ ਲੱਗਦੇ ਹਨ।

ਤਸਵੀਰ ਸਰੋਤ, Getty Images
ਤੁਹਾਨੂੰ ਲੱਗਦਾ ਹੈ ਕਿ ਇਕੱਲਤਾ ਦਾ ਤੋੜ ਇੰਟਰਨੈੱਟ 'ਤੇ ਹੈ। ਇਸ ਦੇ ਇਲਾਵਾ ਡੇਟਿੰਗ ਐਪ ਹੈ ਜਿਸ ਨੂੰ ਉਹ ਗੰਭੀਰ ਡੇਟਿੰਗ ਕਹਿੰਦੀ ਹੈ।
ਉਹ ਕਹਿੰਦੀ ਹੈ, "ਮੇਰਾ ਮਤਲਬ ਉਹ ਲੋਕ ਜਿਹੜੇ ਅੱਗੇ ਵਧਣਾ ਚਾਹੁੰਦੇ ਹਨ।"
ਕੀ ਉਹ ਹੁਣ ਵੀ ਸ਼ਰਤਾਂ ਨਾਲ ਅੱਗੇ ਵਧ ਰਹੀ ਹੈ ਕਿ ਵਚਨਬੱਧ ਹੋਣਾ ਕਿੰਨਾ ਮੁਸ਼ਕਿਲ ਹੈ। ਕਦੇ-ਕਦੇ ਉਹ ਉਨ੍ਹਾਂ ਪੁਰਸ਼ਾਂ ਦੀ ਸੰਖਿਆ ਬਾਰੇ ਗੱਲ ਕਰਦੀ ਹੈ ਜਿਨ੍ਹਾਂ ਨਾਲ ਉਹ ਕਿਸੇ ਬਿੰਦੂ 'ਤੇ ਗੱਲਬਾਤ ਕਰਦੀ ਹੈ, ਡੇਟਿੰਗ ਐਪ 'ਤੇ ਬੇਕਾਰ ਗੱਲਬਾਤ, ਪਿਆਰ ਦੀ ਅਣਥੱਕ ਕੋਸ਼ਿਸ਼, ਥੈਰੇਪਿਸਟ ਨਾਲ ਸੈਸ਼ਨ ਆਦਿ ਬਾਰੇ ਗੱਲ ਕਰਦੀ ਹੈ।
ਪਰ ਉਹ ਨਿਯਮਤ ਰੂਪ ਨਾਲ ਡਾਂਸ ਕਰਨ ਜਾਂਦੀ ਹੈ। ਇਹ ਇੱਕ ਅਜਿਹੀ ਥਾਂ ਹੈ ਜਿੱਥੋਂ ਉਸ ਨੂੰ ਉਮੀਦ ਹੈ ਕਿ ਉਹ ਆਪਣੀਆਂ ਰੁਚੀਆਂ ਵਰਗਾ ਮਰਦ ਲੱਭ ਸਕਦੀ ਹੈ। ਐਤਵਾਰ ਦੀ ਰਾਤ ਨੂੰ ਪਹਿਨਣ ਲਈ ਉਸ ਨੇ ਨੇਵੀ ਰੰਗ ਦੀ ਡਰੈੱਸ ਚੁਣੀ।
ਇਸ ਨੇ ਉਸ ਦੀ ਦਿੱਖ ਨੂੰ ਨਾਜ਼ੁਕ ਜਿਹਾ ਬਣਾ ਦਿੱਤਾ। ਉਸਨੇ ਦੋ ਵਾਰ ਆਪਣੇ ਟੌਪਸ ਬਦਲੇ। ਫਿਰ ਉਸ ਨੇ ਲਟਕਣ ਵਾਲੇ ਬੂੰਦੇ ਪਹਿਨੇ।
ਡਾਂਸ ਇੱਕ ਬਦਲ
ਉਹ ਦੁਵਿਧਾ ਵਿੱਚ ਸੀ ਕਿ ਉਸ ਨੂੰ ਨੀਲਾ ਆਈ ਸ਼ੈਡੋ ਲਗਾਉਣਾ ਚਾਹੀਦਾ ਹੈ ਜਾਂ ਨਹੀਂ, ਪਰ ਫਿਰ ਵੀ ਉਸ ਨੇ ਇਸ ਨੂੰ ਲਾ ਲਿਆ ਅਤੇ ਫਿਰ ਉਸ ਨੇ ਥੋੜ੍ਹਾ ਕੰਸੀਲਰ ਲਗਾਇਆ ਅਤੇ ਲਿਪਸਟਿਕ ਨਾਲ ਵੀ ਬੁੱਲ੍ਹਾਂ ਨੂੰ ਰੰਗ ਲਿਆ ਅਤੇ ਹੁਣ ਉਹ ਡਾਂਸ ਕਰਨ ਲਈ ਤਿਆਰ ਸੀ।

ਤਸਵੀਰ ਸਰੋਤ, Getty Images
ਜਦੋਂ ਅਸੀਂ ਇਕੱਲਤਾ ਵਰਗੀ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੇ ਹੁੰਦੇ ਹਾਂ ਤਾਂ ਡਾਂਸ ਇੱਕ ਬਦਲ ਹੋ ਸਕਦਾ ਹੈ।
ਇਕੱਲੀਆਂ ਔਰਤਾਂ ਲਈ ਇਹ ਲਾਤੀਨੀ ਅਮਰੀਕੀ ਡਾਂਸ ਜੋ ਭਾਰਤ ਵਿੱਚ ਵੱਡੇ ਕਾਫੀ ਮਸ਼ਹੂਰ ਹੋ ਰਿਹਾ ਹੈ, ਇੱਕ ਸ਼ੌਕ ਹੈ ਜਿਸ ਨੂੰ ਸੁਤੰਤਰ ਰੂਪ ਵਿੱਚ ਅਪਣਾਇਆ ਜਾ ਸਕਦਾ ਹੈ। ਇੱਥੇ ਇਹ ਸਪੱਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ।
ਉਸ ਰਾਤ ਉਸ ਨੇ ਡਾਂਸ ਫਲੋਰ 'ਤੇ ਆਪਣੇ ਪੁਰਾਣੇ ਸਾਥੀ ਨੂੰ ਦੇਖਿਆ। ਉਹ ਸਾਲਸਾ ਕਰਦੇ ਹੋਏ ਮਿਲੇ। ਉਹ ਇੱਕ ਦੂਜੇ ਨੂੰ ਕਾਫ਼ੀ ਪਸੰਦ ਕਰਦੇ ਸਨ ਅਤੇ ਫਿਰ ਉਹ ਵੱਖ ਹੋ ਗਏ।
ਉਸ ਰਾਤ ਉਸ ਨੇ ਚਾਰ ਪੁਰਸ਼ਾਂ ਨਾਲ ਡਾਂਸ ਕੀਤਾ ਅਤੇ ਫਿਰ ਉਹ ਮੇਰੀ ਭਾਲ ਵਿੱਚ ਬਾਹਰ ਆ ਗਈ।
ਇਕੱਲੇ ਰਹਿਣ 'ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਇੱਕ ਬਾਹਰੀ ਵਿਅਕਤੀ ਹੋ, ਅਲੱਗ ਹੋ। ਤੁਹਾਨੂੰ ਸੰਪੂਰਨ ਤੌਰ 'ਤੇ ਦੁਨੀਆਂ ਨੇ ਨਹੀਂ ਅਪਣਾਇਆ।
ਸੋਨੀਆ ਜੋ ਕਲਾ ਅਤੇ ਸੱਭਿਆਚਾਰ ਲਈ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਦੀ ਹੈ, ਉਹ ਭਾਰਤ ਦੀਆਂ ਲੱਖਾਂ ਇਕੱਲੀਆਂ ਔਰਤਾਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, Getty Images
ਜਦਕਿ ਅੰਕੜੇ ਦੱਸਦੇ ਹਨ ਕਿ 72 ਮਿਲੀਅਨ ਆਬਾਦੀ ਵਾਲੀਆਂ ਇਕੱਲੀਆਂ ਔਰਤਾਂ ਨਾਲ ਜਨਸੰਖਿਆ ਵਿੱਚ ਤਬਦੀਲੀ ਆਈ ਹੈ।
ਸਭ ਤੋਂ ਮਹੱਤਵਪੂਰਨ ਹੈ ਕਿ 35-45 ਸਾਲ ਦੇ ਉਮਰ ਵਰਗ ਦੀਆਂ ਔਰਤਾਂ ਦੀ ਕਦੇ ਵਿਆਹ ਨਾ ਕਰਾਉਣ ਵਾਲੀ ਸ਼੍ਰੇਣੀ ਵਿੱਚ ਵਾਧਾ ਹੋਇਆ ਹੈ।
ਸਵੈ-ਨਿਰਭਰ ਬਾਲਗ਼ ਔਰਤਾਂ ਦੀ ਸਮਾਜ ਵਿੱਚ ਇੱਕ ਨਵੀਂ ਆਬਾਦੀ ਉੱਭਰੀ ਹੈ ਜੋ ਵਿਆਹ ਦੇ ਵਿਵਾਦਾਂ ਤੋਂ ਪੀੜਤ ਹਨ।
ਇਤਿਹਾਸਕ ਘਟਨਾਵਾਂ ਦਾ ਸਿੱਟਾ
ਭਾਰਤ ਦੀ 1.2 ਬਿਲੀਅਨ ਆਬਾਦੀ ਵਿੱਚ 48.9% (587 ਮਿਲੀਅਨ) ਔਰਤਾਂ ਹਨ। 2011 ਦੀ ਜਨਗਣਨਾ ਅਨੁਸਾਰ ਲਗਭਗ 71.4 ਮਿਲੀਅਨ ਇਕੱਲੀਆਂ ਔਰਤਾਂ ਹਨ ਜੋ ਔਰਤਾਂ ਦੀ ਆਬਾਦੀ ਦਾ ਲਗਭਗ 12 ਫੀਸਦ ਹਨ।
ਭਾਰਤ ਵਿੱਚ 2001 ਵਿੱਚ 51.2 ਮਿਲੀਅਨ ਤੋਂ 2011 ਵਿੱਚ 71.4 ਮਿਲੀਅਨ ਇਕੱਲੀਆਂ ਔਰਤਾਂ ਦੀ ਸੰਖਿਆ ਵਿੱਚ 39% ਵਾਧਾ ਦਰਸਾਉਂਦਾ ਹੈ ਕਿ ਨਾਗਰਿਕਤਾ ਦੇ ਪੁਨਰਗਠਨ ਲਈ ਜਨਸੰਖਿਆ ਸੰਰਚਨਾ ਦਾ ਮੰਥਨ ਕਰਨ ਦੀ ਲੋੜ ਹੈ।
ਕਈ ਲੋਕਾਂ ਨੇ ਇਕੱਲੀਆਂ ਔਰਤਾਂ ਦੇ ਉਭਾਰ ਨੂੰ ਇਤਿਹਾਸਕ ਘਟਨਾਵਾਂ ਦਾ ਸਿੱਟਾ ਦੱਸਿਆ ਹੈ। ਜਿੱਥੇ ਪਿੱਤਰਸੱਤਾ ਵਾਲਾ ਸਮਾਜ ਹੈ, ਜਿੱਥੇ ਵਿਆਹ ਹੀ ਔਰਤ ਦੀ ਸੁਰੱਖਿਆ ਲਈ ਮਜ਼ਬੂਤ ਕਵਰ ਸਮਝਿਆ ਜਾਂਦਾ ਹੈ। ਉੱਥੇ ਹੁਣ ਵੱਡੀ ਸੰਖਿਆ ਵਿੱਚ ਔਰਤਾਂ ਇਕੱਲੇ ਜ਼ਿੰਦਗੀ ਗੁਜ਼ਾਰ ਰਹੀਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਜਿਹੇ ਬਦਲਾਅ ਦੁਨੀਆਂ ਦੇ ਹਰ ਸਮਾਜ ਵਿੱਚ ਦੇਖਣ ਨੂੰ ਮਿਲ ਰਹੇ ਹਨ ਅਤੇ ਇਹ ਦਿਖਾਉਂਦਾ ਹੈ ਕਿ ਇਸ ਦੌਰ ਵਿੱਚ ਸਾਮੂਹਿਕ ਸਮਾਜਿਕ ਜਵਾਬਦੇਹੀ ਹੁਣ ਬਦਲ ਰਹੀ ਹੈ।
ਹੁਣ ਪਰਿਵਾਰਕ ਕੀਮਤਾਂ ਬਦਲ ਰਹੀਆਂ ਹਨ ਅਤੇ ਨਵੇਂ ਦੌਰ ਦੀਆਂ ਜ਼ਰੂਰਤਾਂ ਦੇ ਲਿਹਾਜ਼ ਨਾਲ ਖ਼ੁਦ ਨੂੰ ਢਾਲ ਰਹੇ ਹਨ।
'ਸੋਲੋਗੈਮੀ' (ਆਪਣੇ ਆਪ ਨਾਲ ਵਿਆਹ ਕਰਾਉਣਾ) ਅਤੇ 'ਰੁਮਾਂਸਟਰਬੇਸ਼ਨ' (ਸੈਕਸੂਅਲ ਪਾਰਟਨਰ ਦੀ ਥਾਂ ਆਪਣੇ ਆਪ ਨਾਲ ਰੁਮਾਂਸ ਕਰਨਾ) ਅਤੇ ਨਾਲ ਹੀ 'ਸਿੰਗਲ' ਜਾਗਰੂਕਤਾ ਦਿਵਸ ਵਰਗੀ ਭਾਸ਼ਾਈ ਸੰਸਕ੍ਰਿਤੀ ਦਾ ਹਿੱਸਾ ਹਨ, ਜੋ ਭਾਵਨਾਤਮਕ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਪਰ ਨਾਲ ਹੀ ਵੈਲੇਨਟਾਈਨ ਡੇ ਵੀ ਮਨਾਇਆ ਜਾਂਦਾ ਹੈ।
ਕਾਰ ਵਿੱਚ ਵਾਪਸ ਆਉਂਦਿਆਂ ਉਸ ਨੇ ਡਾਂਸ ਬਾਰੇ ਗੱਲ ਕੀਤੀ। ਇਹ ਚੀਜ਼ਾਂ ਨੂੰ ਲੰਘਾਉਣ ਵਰਗਾ ਹੈ। ਤੁਹਾਨੂੰ ਇਕੱਲੇ ਰੇਸਤਰਾਂ ਵਿੱਚ ਖਾਣਾ ਸਿੱਖਣਾ ਹੋਵੇਗਾ, ਤੁਸੀਂ ਇੱਕ ਪੜਾਅ ਪਾਰ ਕਰ ਲਿਆ ਹੈ। ਤੁਸੀਂ ਕਲੱਬ ਵਿੱਚ ਆਪਣੇ ਆਪ ਨੂੰ ਡਾਂਸ ਕਰਨ ਵਾਲੇ ਜੁੱਤਿਆਂ ਵਿੱਚ ਦੇਖਦੇ ਹੋ, ਤੁਸੀਂ ਆਖ਼ਰੀ ਪੜਾਅ ਨੂੰ ਪਾਰ ਕਰ ਚੁੱਕੇ ਹੋ।
ਅਸੀਂ ਬਹੁਤ ਉਲਝਣਾਂ ਨੂੰ ਪਾਰ ਕੀਤਾ ਹੈ।
ਅਸੀਂ ਫਲਾਈਓਵਰ ਦੇ ਇੱਕ ਜਾਲ ਵਿੱਚੋਂ ਲੰਘ ਰਹੇ ਹਾਂ, ਮੈਂ ਕਹਿੰਦੀ ਹਾਂ, "ਬਹੁਤ ਸਾਰੇ ਰਸਤੇ ਵੱਖ-ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ।"

ਤਸਵੀਰ ਸਰੋਤ, Getty Images
ਸੋਨੀਆ ਕਹਿੰਦੀ ਹੈ, "ਇਸ ਨੂੰ ਲਿਖ ਲਓ, ਜ਼ਿੰਦਗੀ ਇਸ ਤਰ੍ਹਾਂ ਦੀ ਹੀ ਹੈ।"
ਮੈਂ ਉਸ ਲਈ ਕੁਝ ਕਹਿਣਾ ਚਾਹੁੰਦੀ ਹਾਂ, ਪਰ ਨਹੀਂ, "ਉਹ ਥੋੜ੍ਹਾ ਗ਼ਮਗੀਨ ਕਰਨ ਵਾਲਾ ਹੈ।"
ਕੋਰਾ ਕਰਮੈਕ ਦਾ ਉਹ ਕਥਨ ਕੁਝ ਅਜਿਹਾ ਹੈ, "ਹੋ ਸਕਦਾ ਹੈ ਕਿ ਉਹ ਥੋੜ੍ਹਾ ਰੋਈ ਹੋਵੇ,ਪਰ ਜ਼ਿਆਦਾਤਰ ਸਮਾਂ ਨੱਚਦੀ ਹੀ ਰਹੀ ਸੀ।"
ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਇਕੱਲਤਾ ਦੇ ਮੈਡਲ ਨੂੰ ਬੜੇ ਫਖ਼ਰ ਨਾਲ ਲਗਾ ਕੇ ਘੁੰਮਦੀਆਂ ਹਨ ਤੇ ਇਸ ਦੌਰਾਨ ਉਹ ਤਮਾਮ ਸੀਮਾਵਾਂ ਨੂੰ ਪਾਰ ਕਰਦੀਆਂ ਹਨ।
ਜਦੋਂ ਉਹ ਇਸ ਦੁਨੀਆ ਵਿੱਚ ਵਿਚਰਦੀਆਂ ਹਨ ਤਾਂ ਕਦੇ ਉਨ੍ਹਾਂ ਨੂੰ ਖਾਰਿਜ਼ ਕੀਤਾ ਜਾਂਦਾ ਅਤੇ ਕਦੇ ਗ਼ੈਰ-ਜਜ਼ਬਾਤੀ ਠਹਿਰਾਇਆ ਜਾਂਦਾ ਹੈ ਅਤੇ ਉਹ ਇਨ੍ਹਾਂ ਇਲਜ਼ਾਮਾਂ ਨੂੰ ਝੱਲਦੇ ਹੋਏ ਤਨਹਾ ਹੀ ਇਸ ਬੇਦਰਦ ਦੁਨੀਆਂ ਚੋਂ ਲੰਘਦੀਆਂ ਹਨ।
ਮੈਂ ਸੋਨੀਆ ਨੂੰ ਉਸ ਦੀਆਂ ਵੈਲੇਨਟਾਈਨ ਡੇ ਬਾਰੇ ਯੋਜਨਾਵਾਂ ਬਾਰੇ ਪੁੱਛਿਆ। ਉਹ ਕਹਿੰਦੀ ਹੈ ਕਿ ਸ਼ਾਇਦ ਸਾਨੂੰ ਇੱਕ ਦੂਜੇ ਨੂੰ ਫੁੱਲ ਭੇਜਣੇ ਚਾਹੀਦੇ ਹਨ।
ਮੈਂ ਉਸ ਨੂੰ ਵਰਜੀਨੀਆ ਵੂਲਫ ਦਾ ਇੱਕ ਹਵਾਲਾ ਭੇਜਣਾ ਚਾਹੁੰਦੀ ਹਾਂ- "ਇੱਕ ਔਰਤ ਨੇ ਜੇਕਰ ਅਫ਼ਸਾਨਾ ਲਿਖਣਾ ਹੈ ਤਾਂ ਉਸ ਕੋਲ ਪੈਸੇ ਅਤੇ ਖ਼ੁਦ ਦਾ ਘਰ ਹੋਣਾ ਚਾਹੀਦਾ ਹੈ।"
ਪਰ ਇਸ ਦੀ ਬਜਾਇ ਮੈਂ ਉਸ ਨੂੰ ਵੂਲਫ ਦੀ ਪੁਸਤਕ "ਟੂ ਦਿ ਲਾਈਟਹਾਊਸ' ਭੇਜੀ- "ਜ਼ਿੰਦਗੀ ਦਾ ਅਰਥ ਕੀ ਹੈ?-ਬਸ ਇਹੀ ਇੱਕ ਮਾਮੂਲੀ ਜਿਹਾ ਸਵਾਲ ਸੀ, ਜੋ ਸਾਲਾਂ ਤੋਂ ਉਸ ਦੇ ਕਰੀਬ ਰਿਹਾ, ਪਰ ਇਸ ਦਾ ਜਵਾਬ ਇਸ ਨੂੰ ਕਦੇ ਨਹੀਂ ਮਿਲਿਆ।

ਤਸਵੀਰ ਸਰੋਤ, Getty Images
ਇਹ ਜਵਾਬ ਸ਼ਾਇਦ ਕਦੇ ਮਿਲੇਗਾ ਵੀ ਨਹੀਂ। ਇਸ ਦੀ ਬਜਾਇ ਰੋਜ਼ਾਨਾ ਦੇ ਚਮਤਕਾਰ, ਰੌਸ਼ਨੀ ਭਰੇ ਰਸਤੇ, ਹਨੇਰੇ ਵਿੱਚ ਅਚਾਨਕ ਕਿਤਿਓਂ ਉੱਠੀ ਚਿੰਗਾਰੀਆਂ ਹੀ ਉਸ ਨੂੰ ਮਿਲਦੀਆਂ ਰਹੀਆਂ ਹਨ ਅਤੇ ਸ਼ਾਇਦ ਇਹੀ ਉਸ ਦੇ ਸਵਾਲ ਦਾ ਜਵਾਬ ਸੀ।"
ਉਦੋਂ ਮੈਂ ਆਪਣੀ ਯਾਤਰਾ ਦੌਰਾਨ ਲਈ ਗਈ ਇੱਕ ਲਾਈਟਹਾਊਸ ਦੀ ਤਸਵੀਰ ਦੇਖਣ ਲਗਦੀ ਹਾਂ।
ਅਸੀਂ ਸਾਰੇ ਲਾਈਟਹਾਊਸ ਹਾਂ ਜਿੱਥੇ ਇਕੱਲਤਾ ਹਨੇਰੇ ਸਮੁੰਦਰ ਵਿੱਚ ਚਮਕਣ ਵਾਲੀ ਇੱਕ ਉਮੀਦ ਦੀ ਕਿਰਨ ਹੈ, ਦੂਜਿਆਂ ਨੂੰ ਰਸਤਾ ਦਿਖਾਉਂਦੀ ਹੈ। ਸਾਡੇ ਵਿੱਚੋਂ ਕਈਆਂ ਦੀ ਕਿਸਮਤ ਲਾਈਟਹਾਊਸ ਹੀ ਬਣਨਾ ਹੈ।
ਉਸ ਨੇ ਆਪਣੇ ਘਰ ਦੇ ਬੋਰਡ 'ਤੇ ਲਿਖਿਆ ਸੀ- 'ਖ਼ੁਦ ਨਾਲ ਰਹਿਮਦਿਲੀਂ ਨਾਲ ਪੇਸ਼ ਆਓ।'
ਹੋ ਸਕਦਾ ਹੈ ਦੁਨੀਆ ਲਾਲ ਗੁਲਾਬਾਂ ਦੇ ਸਮੁੰਦਰ ਵਿੱਚ ਤੈਰ ਰਹੀ ਹੋਵੇ ਪਰ ਅਸੀਂ ਤਾਂ ਡਾਂਸ ਲਈ ਜਾ ਸਕਦੇ ਹਾਂ। ਦੁਨੀਆਂ ਵਿੱਚ ਹਮੇਸ਼ਾ ਇੱਕ ਡਾਂਸ ਫਲੋਰ ਮਿਲ ਜਾਂਦਾ ਹੈ, ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦੀ ਖ਼ਾਸ ਲੈਅ ਅਤੇ ਤਾਲ ਦੇ ਨਾਲ ਡਾਂਸ ਕਰ ਸਕਦੇ ਹੋ।
ਇਹ ਵੀ ਪੜ੍ਹੋ-
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4













