ਤਰਨਤਾਰਨ: ਨਗਰ ਕੀਰਤਨ ਦੌਰਾਨ ਧਮਾਕਾ, 2 ਲੋਕਾਂ ਦੀ ਮੌਤ

    • ਲੇਖਕ, ਰਵਿੰਦਰ ਸਿੰਘ ਰੋਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਤਰਨਤਾਰਨ ਦੇ ਪਿੰਡ ਪਹੂਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਵਿੱਚ ਧਮਾਕਾ ਹੋ ਗਿਆ।

ਜਦੋਂ ਨਗਰ ਕੀਰਤਨ ਪਿੰਡ ਡਾਲੇਕੇ ਵਿੱਚ ਪਹੁੰਚਿਆ ਤਾਂ ਅਚਾਨਕ ਟਰਾਲੀ ਵਿੱਚ ਪਏ ਪਟਾਖ਼ਿਆਂ ਨੂੰ ਅੱਗ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 9 ਲੋਕ ਜ਼ਖ਼ਮੀ ਵੀ ਹੋਏ ਹਨ।

ਤਰਨਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਮੁਤਾਬਕ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਭਿਖੀਵਿੰਡ ਤੋਂ ਇਹ ਨਗਰ ਕੀਰਤਨ ਚਾਟੀਵਿੰਡ ਦੇ ਗੁਰਦੁਆਰਾ ਟਾਹਲਾ ਸਾਹਿਬ ਵੱਲ ਜਾ ਰਿਹਾ ਸੀ।

ਉਨ੍ਹਾਂ ਨੇ ਦੱਸਿਆ, "ਇਸ ਦੌਰਾਨ ਕੁਝ ਮੁੰਡਿਆਂ ਨੇ ਪਟਾਖੇ ਰੱਖੇ ਹੋਏ ਸਨ ਅਤੇ ਜਦੋਂ ਉਹ ਪਟਾਖੇ ਚਲਾ ਰਹੇ ਸਨ ਦਾ ਅਚਾਨਕ ਉਨ੍ਹਾਂ ਵਿੱਚ ਧਮਾਕਾ ਹੋ ਗਿਆ ਅਤੇ ਪੂਰੀ ਟਰਾਲੀ ਉੱਡ ਗਈ।"

"ਤਿੰਨ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਇਨ੍ਹਾਂ ਦੀ ਹਾਲਤ ਗੰਭੀਰ ਹੈ।"

ਇਹ ਵੀ ਪੜ੍ਹੋ-

ਕੈਪਟਨ ਅਮਰਿੰਦਰ ਨੇ ਦਿੱਤੇ ਜਾਂਚ ਦੇ ਹੁਕਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟਰੇਟ ਦੁਆਰਾ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ ਐੱਸ ਡੀ ਐੱਮ ਨੂੰ ਜਾਂਚ ਕਰ ਕੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਅਤੇ ਪੀੜਤਾਂ ਨੂੰ ਨਿਆ ਦਵਾਉਣ ਲਈ ਕਿਹਾ ਹੈ।

ਮੁੱਖ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜ਼ਖ਼ਮੀਆਂ ਦੇ ਇਲਾਜ ਮੁਫ਼ਤ ਕੀਤਾ ਜਾਵੇਗਾ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਐੱਸ ਡੀ ਐੱਮ ਦੀ ਜਾਂਚ ਤੋਂ ਬਾਅਦ ਹਾਦਸੇ ਦੇ ਕਾਰਨਾਂ ਦਾ ਪਤਾ ਚੱਲੇਗਾ।

ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸਾ ਉਸ ਸਮੇਂ ਹੋਇਆ ਜਦੋਂ ਕੁਝ ਨੌਜਵਾਨ ਟਰਾਲੀ ਵਿੱਚ ਪਤਾਖੇ ਚਲਾ ਰਹੇ ਸਨ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)