CAA: ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਰੋਸ ਮੁਜ਼ਾਹਰੇ ਵਾਲੀ ਥਾਂ ਚੱਲੀਆਂ ਗੋਲੀਆਂ, ਕਾਬੂ ਕੀਤੇ ਗਏ ਨੌਜਵਾਨ ਨੇ ਕੀ ਕਿਹਾ

ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਰੋਸ-ਮੁਜ਼ਾਹਰੇ ਵਾਲੀ ਥਾਂ ਦੇ ਨੇੜੇ ਇੱਕ ਸ਼ਖ਼ਸ ਨੇ ਗੋਲੀ ਚਲਾਈ ਹੈ, ਜਿਸ ਵਿੱਚ ਅਜੇ ਤੱਕ ਕਿਸੇ ਦੇ ਜਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਚਿਨਮਯ ਬਿਸਵਾਲ ਨੇ ਗੋਲੀ ਚੱਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਨੌਜਵਾਨ ਨੇ ਹਵਾਈ ਫਾਇਰਿੰਗ ਕੀਤੀ ਸੀ ਜਿਸ ਮਗਰੋਂ ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਗੋਲੀ ਚਲਾਉਣ ਵਾਲੇ ਨੌਜਵਾਨ ਦਾ ਨਾਮ ਕਪਿਲ ਗੁਰਜਰ ਦੱਸਿਆ ਜਾ ਰਿਹਾ ਹੈ। ਘਟਨਾ ਵਾਲੀ ਥਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਗੋਲੀ ਚਲਾਉਣ ਵਾਲਾ ਸ਼ੱਕੀ ਪੁਲਿਸ ਦੀ ਹਿਰਾਸਤ ਵਿੱਚ ਦਿਖ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ 'ਸਾਡੇ ਦੇਸ਼ ਵਿੱਚ ਹੋਰ ਕਿਸੇ ਦੀ ਨਹੀਂ ਚੱਲੇਗੀ, ਸਿਰਫ਼ ਹਿੰਦੂਆਂ ਦੀ ਚੱਲੇਗੀ।'

ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਜਾਰੀ ਰੋਸ ਮੁਜ਼ਾਹਰੇ 'ਚ ਔਰਤਾਂ ਦੀ ਵੱਡੀ ਗਿਣਤੀ ਹੈ। ਇਨ੍ਹਾਂ ਵਿੱਚ ਹਰੇਕ ਉਮਰ ਵਰਗ ਦੀ ਔਰਤ ਸ਼ਾਮਿਲ ਹੈ।

ਇਹ ਵੀ ਪੜ੍ਹੋ-

ਸ਼ਾਹੀਨ ਬਾਗ਼ ਆਫੀਸ਼ੀਅਲ ਨਾਮ ਦੇ ਟਵਿੱਟਰ ਹੈਂਡਲ 'ਤੇ ਇਸ ਘਟਨਾ ਬਾਰੇ ਦੱਸਿਆ ਗਿਆ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਗੋਲੀ ਚੱਲਣ ਤੋਂ ਬਾਅਦ ਹੁਣ ਹਾਲਾਤ ਸਾਧਾਰਣ ਹਨ। ਇਸ ਦੇ ਨਾਲ ਹੀ ਟਵੀਟ ਵਿੱਚ ਲਿਖਿਆ ਹੈ ਕਿ 48 ਘੰਟਿਆਂ ਵਿੱਚ ਦੂਜੀ ਵਾਰ ਫਾਇਰਿੰਗ ਹੋਈ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ਾਹੀਨ ਬਾਗ਼ ਨੇੜੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਇੱਕ ਨੌਜਵਾਨ ਨੇ ਮਾਰਚ ਕੱਢ ਰਹੇ ਵਿਦਿਆਰਥੀਆਂ 'ਤੇ ਗੋਲੀ ਚਲਾਈ ਸੀ।

ਇਸ ਵਿੱਚ ਇੱਕ ਵਿਦਿਆਰਥੀ ਦੇ ਹੱਥ 'ਚ ਗੋਲੀ ਲੱਗੀ ਸੀ। ਮਹਾਤਮਾ ਗਾਂਧੀ ਦੀ ਬਰਸੀ 'ਤੇ ਜਾਮੀਆ ਦੇ ਵਿਦਿਆਰਥੀ ਰਾਜਘਾਟ ਤੱਕ ਮਾਰਚ ਕੱਢ ਰਹੇ ਸਨ।

ਬਾਅਦ ਵਿੱਚ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਨਾਬਾਲਗ਼ ਕਿਹਾ ਗਿਆ। ਉਹ ਗੋਲੀ ਚਲਾਉਣ ਵੇਲੇ ਨਾਅਰੇ ਲਗਾ ਰਿਹਾ ਸੀ ਅਤੇ ਉਸ ਨੇ ਗੋਲੀ ਚਲਾਉਣ ਵੇਲੇ ਕਿਹਾ ਸੀ ਕਿ 'ਇਹ ਲਓ ਆਜ਼ਾਦੀ'।

ਨੌਜਵਾਨ ਨੂੰ 14 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ।

ਇੱਕ ਪ੍ਰਾਈਵੇਟ ਨਿਊਜ਼ ਚੈਨਲ ਦੇ ਪ੍ਰੋਗਰਾਮ ਵਿੱਚ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਮੋਦੀ ਸਰਕਾਰ ਲੋਕਾਂ ਦੇ ਸ਼ੱਕ ਦੂਰ ਕਰਨਾ ਚਾਹੁੰਦੀ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਜੇਕਰ ਤੁਸੀਂ ਵਿਰੋਧ ਕਰ ਰਹੇ ਹੋ ਤਾਂ ਚੰਗੀ ਗੱਲ ਹੈ। ਤੁਸੀਂ ਵਿਰੋਧ ਕੀਤਾ। ਤੁਸੀਂ ਇੱਕ ਦਿਨ ਵਿਰੋਧ ਕੀਤਾ, 10 ਦਿਨ ਕੀਤਾ, 25 ਦਿਨ ਕੀਤਾ, 40 ਦਿਨ ਕੀਤਾ। ਪਰ ਤੁਹਾਡੀ ਜਮਾਤ ਦੇ ਬਾਕੀ ਲੋਕਾਂ ਦੇ ਸੁਰ ਜੋ ਅਸੀਂ ਟੀਵੀ ਦੇ ਸੁਣਦੇ ਹਾਂ, ਉਹ ਕਹਿੰਦੇ ਹਨ ਕਿ ਜਦੋਂ ਤੱਕ ਸੀਏਏ ਵਾਪਸ ਨਹੀਂ ਹੋਵੇਗਾ, ਅਸੀਂ ਗੱਲ ਨਹੀਂ ਕਰਾਂਗੇ।"

ਕਾਨੂੰਨ ਮੰਤਰੀ ਨੇ ਅੱਗ ਕਿਹਾ, "ਜੇਕਰ ਲੋਕ ਚਾਹੁੰਦੇ ਹਨ ਕਿ ਸਰਕਾਰ ਦਾ ਨੁਮਾਇੰਦੇ ਗੱਲ ਕਰ ਕਰੀਏ ਤਾਂ ਉੱਥੋਂ ਸਕਾਰਾਤਮਕ ਰਿਕਵੈਸਟ ਆਉਣੀ ਚਾਹੀਦੀ ਹੈ ਕਿ ਅਸੀਂ ਸਾਰੇ ਲੋਕ ਗੱਲਬਾਤ ਲਈ ਤਿਆਰ ਹਾਂ। ਕੋਈ ਉਨ੍ਹਾਂ ਨਾਲ ਗੱਲ ਕਰਨ ਲਈ ਗਿਆ ਤਾਂ ਉਸ ਨਾਲ ਬਦਸਲੂਕੀ ਕੀਤੀ ਗਈ ਤਾਂ... ਆਓ ਗੱਲ ਕਰਨ ਲਈ... ਜੇਕਰ ਤੁਸੀਂ ਕਹੋਗੇ ਕਿ ਉੱਥੇ ਆ ਕੇ ਗੱਲ ਕੀਤੀ ਜਾਵੇ ਤਾਂ ਉਥੋਂ ਕਿਵੇਂ ਗੱਲ ਹੋਵੇਗੀ।"

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)