You’re viewing a text-only version of this website that uses less data. View the main version of the website including all images and videos.
ਅੱਜ ਤੱਕ ਦੇ ਸਭ ਤੋਂ ਲੰਬੇ ਬਜਟ ਭਾਸ਼ਣ ਦੀਆਂ 10 ਅਹਿਮ ਗੱਲਾਂ ਜੋ ਤੁਹਾਡੇ ਨਾਲ ਜੁੜੀਆਂ ਹਨ
ਸ਼ਨੀਵਾਰ ਨੂੰ ਮੋਦੀ ਸਰਕਾਰ-2 ਦਾ ਬਜਟ 2020-21 ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੇਸ਼ ਕੀਤਾ।
ਬਜਟ ਦੀ ਸ਼ੁਰੂਆਤ 'ਚ ਵਿੱਤ ਮੰਤਰੀ ਨੇ ਕਿਹਾ, "ਜੀਐੱਸਟੀ ਲਾਗੂ ਕਰਨਾ ਇੱਕ ਇਤਿਹਾਸਿਕ ਕਦਮ ਰਿਹਾ ਹੈ। ਜੋ ਮਰਹੂਮ ਸਾਬਕਾ ਵਿੱਤ ਮੰਤਰੀ ਅਰੂਣ ਜੇਟਲੀ ਦੀ ਬਦੌਲਤ ਸੰਭਵ ਹੋ ਪਾਇਆ। ਮਹਿੰਗਾਈ ਨੂੰ ਕਾਬੂ ਕਰਨ 'ਚ ਸਰਕਾਰ ਸਫ਼ਲ ਰਹੀ ਹੈ। ਇੰਸਪੈਕਟਰ ਰਾਜ ਖ਼ਤਮ ਹੋਇਆ ਹੈ। ਬੈਂਕਾਂ ਦੀ ਸਥਿਤੀ ਮਜ਼ਬੂਤ ਹੋਈ ਹੈ। 60 ਲੱਖ ਨਵੇਂ ਕਰਦਾਤਾ ਜੁੜੇ ਹਨ। ਪਿੰਡਾਂ ਦੇ ਵਿਕਾਸ ਲਈ ਨਵੀਂ ਯੋਜਨਾਵਾਂ ਲਿਆਂਦੀਆਂ ਗਈਆਂ।"
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਭ ਤੋਂ ਲੰਬਾ ਬਜਟ ਭਾਸ਼ਣ ਦੇਣ ਦਾ ਰਿਕਾਰਡ ਵੀ ਕਾਇਮ ਕੀਤਾ ਹੈ। ਵਿੱਤ ਮੰਤਰੀ ਦਾ ਭਾਸ਼ਣ 2 ਘੰਟੇ 40 ਮਿੰਟ ਚੱਲਿਆ।
ਇਹ ਵੀ ਪੜ੍ਹੋ
ਬਜਟ 2020-21 ਦੀਆਂ ਦੱਸ ਅਹਿਮ ਗੱਲਾਂ
- ਇਨਕਮ ਟੈਕਸ ਦੇਣ ਵਾਲਿਆਂ ਨੂੰ ਰਾਹਤ ਪਹੁੰਚਾਉਣ ਕਈ ਬਦਲਾਅ ਕੀਤੇ ਗਏ ਹਨ। 0 -5 ਲੱਖ ਆਮਦਨ ਵਾਲਿਆਂ 'ਤੇ ਪਹਿਲਾਂ ਦੀ ਤਰ੍ਹਾਂ ਕੋਈ ਟੈਕਸ ਨਹੀਂ ਹੋਵੇਗਾ। 5-7.5 ਲੱਖ ਰੁਪਏ ਆਮਦਨ 'ਤੇ 20 ਫੀਸਦੀ ਦੀ ਥਾਂ 10 ਫੀਸਦੀ ਟੈਕਸ, 7.5-10 ਲੱਖ ਰੁਪਏ ਆਮਦਨ 'ਤੇ 20 ਫੀਸਦੀ ਦੀ ਥਾਂ 15 ਫੀਸਦੀ ਟੈਕਸ, 10-12.5 ਲੱਖ ਰੁਪਏ ਆਮਦਨ 'ਤੇ 30 ਫੀਸਦੀ ਦੀ ਥਾਂ 20 ਫੀਸਦੀ ਟੈਕਸ, 12.5-15 ਲੱਖ ਰੁਪਏ ਆਮਦਨ 'ਤੇ 30 ਫੀਸਦੀ ਦੀ ਥਾਂ 25 ਫੀਸਦੀ ਟੈਕਸ, 15 ਲੱਖ ਆਮਦਨ ਤੋਂ ਉੱਪਰ 30 ਫਸਦੀ ਟੈਕਸ ਜਾਰੀ ਰਹੇਗਾ।
- ਕਿਸਾਨਾਂ ਦੀ ਕਮਾਈ 2022 ਤੱਕ ਦੁੱਗਣਾ ਕਰਨ ਦਾ ਟੀਚਾ ਹੈ। ਕਿਸਾਨਾਂ ਲਈ 16 ਸੂਤਰੀ ਐਕਸ਼ਨ ਪਲਾਨ ਤਿਆਰ ਕੀਤਾ ਗਿਆ। ਅੰਨਦਾਤਾ ਨੂੰ ਸੋਲਰਦਾਤਾ ਬਨਾਉਣ ਦੀ ਕਵਾਇਦ ਹੈ। ਦੁੱਧ, ਮਾਸ ਅਤੇ ਮੱਛੀ ਵਰਗੇ ਉਤਪਾਦ ਖ਼ਰਾਬ ਨਾ ਹੋਣ ਇਸ ਲਈ ਇਨ੍ਹਾਂ ਦੀ ਤੇਜ਼ੀ ਨਾਲ ਢੋਆ-ਢੋਆਈ ਲਈ 'ਕਿਸਾਨ-ਰੇਲ' ਯੋਜਨਾ ਦਾ ਐਲਾਨ ਹੋਇਆ ਹੈ। ਦੁੱਧ ਪ੍ਰੋਸੈਸਿੰਗ 'ਤੇ ਖ਼ਾਸ ਤੌਰ 'ਤੇ ਫੋਕਸ ਕੀਤਾ ਜਾਵੇਗਾ।
- ਟੀਬੀ ਹਾਰੇਗਾ, ਦੇਸ਼ ਜਿੱਤੇਗਾ' ਮੁਹਿੰਮ ਦੀ ਸ਼ੁਰੂਆਤ ਕਰਦਿਆਂ 2025 ਤੱਕ ਟੀਬੀ ਦਾ ਖ਼ਾਤਮਾ।
- ਨਵੀਂ ਸਿੱਖਿਆ ਪਾਲਿਸੀ ਜਲਦ ਲਿਆਂਦੀ ਜਾਵੇਗੀ। ਏਸ਼ੀਆ ਤੇ ਅਫਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਲਈ ਇੰਡੀਆ ਸੈੱਟ ਪਰੀਖਿਆ ਸ਼ੁਰੂ ਕੀਤੀ ਜਾਵੇਗੀ। ਸਕਿੱਲ ਇੰਡੀਆ ਲਈ 3000 ਕਰੋੜ ਰੱਖਣ ਦਾ ਦਾਅਵਾ ਕੀਤਾ ਗਿਆ।
- ਤੇਜਸ ਵਰਗੀਆਂ ਹੋਰ ਵੀ ਟਰੇਨਾਂ ਚੱਲਣਗੀਆਂ। ਪੀਪੀਪੀ ਮਾਡਲ ਦੇ ਤਹਿਤ 150 ਤੋਂ ਜ਼ਿਆਦਾ ਰੇਲਗੱਡੀਆਂ ਚਲਾਈਆਂ ਜਾਣਗੀਆਂ। 550 ਵਾਈ-ਫਾਈ ਰੇਲਵੇ ਸਟੇਸ਼ਨਾਂ 'ਤੇ ਸ਼ੁਰੂ ਕੀਤੇ ਗਏ।
- 2024 ਤੱਕ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ।
- ਵੱਡੇ ਸ਼ਹਿਰਾਂ ਦੀ ਸਾਫ ਹਵਾ ਲਈ 4400 ਕਰੋੜ ਦੀ ਤਜਵੀਜ਼ ਹੈ। 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਦੀ ਹਵਾ ਨੂੰ ਸਾਫ ਕਰਨਾ ਸਰਕਾਰ ਦਾ ਟੀਚਾ ਹੈ। ਕਾਰਬਨ ਪੈਦਾ ਕਰਨ ਵਾਲੇ ਥਰਮਲ ਪਲਾਂਟ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਬਿਜਲੀ ਘਰਾਂ ਨੂੰ ਬੰਦ ਕੀਤਾ ਜਾਵੇਗਾ।
- ਬੈਂਕਾਂ ਵਿੱਚ ਜਮਾਂ ਕਰਵਾਈ 5 ਲੱਖ ਤੱਕ ਦੀ ਰਾਸ਼ੀ ਸੁਰੱਖਿਅਤ ਰਹੇਗੀ, ਪਹਿਲਾਂ ਇਹ 1 ਲੱਖ ਤੱਕ ਸੀ। ਮਤਲਬ ਇਹ ਕਿ ਜੇਕਰ ਤੁਹਾਡਾ ਬੈਂਕ ਡੁੱਬ ਜਾਂਦਾ ਹੈ ਤਾਂ ਪਹਿਲਾਂ ਇੱਕ ਲੱਖ ਦੀ ਹੀ ਰਕਮ ਤੁਹਾਨੂੰ ਮਿਲਦੀ ਸੀ ਹੁਣ ਇਹ ਪੰਜ ਲੱਖ ਹੋ ਗਈ ਹੈ।
- ਐੱਲਆਈਸੀ 'ਚ ਹਿੱਸਾ ਵੇਚਣ ਦਾ ਐਲਾਨ ਸਰਕਾਰ ਨੇ ਕੀਤਾ ਹੈ। ਮਤਲਬ ਇਹ ਹੈਕ ਕਿ ਐੱਲਆਈਸੀ ਦੀ ਸਟਾਕ ਮਾਰਕਿਟ ਵਿੱਚ ਲਿਸਟਿੰਗ ਹੋਵੇਗੀ।
- ਆਉਣ ਵਾਲੇ ਤਿੰਨ ਸਾਲਾਂ ਦੇ ਅੰਦਰ ਘਰਾਂ ਵਿੱਚ ਪ੍ਰੀਪੇਡ ਬਿਜਲੀ ਮੀਟਰ ਲਗਾਏ ਜਾਣਗੇ।