You’re viewing a text-only version of this website that uses less data. View the main version of the website including all images and videos.
1984 ਸਿੱਖ ਕਤਲੇਆਮ: ਸਿੱਖਾਂ ਨੂੰ ਰੇਲਾਂ ਵਿੱਚੋਂ ਲਾਹ ਕੇ ਮਾਰਿਆ ਗਿਆ, ਪੁਲਿਸ ਨੇ ਕੁਝ ਨਹੀਂ ਕੀਤਾ-SIT - 5 ਅਹਿਮ ਖ਼ਬਰਾਂ
ਸਾਲ 1984 ਦੇ ਸਿੱਖ ਕਤਲਿਆਮ ਦੌਰਾਨ ਸਿੱਖਾਂ ਨੂੰ ਰੇਲ ਗੱਡੀਆਂ ਵਿੱਚੋਂ ਲਾਹ ਕੇ ਕਤਲ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਪੁਲਿਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸਗੋਂ ਕਿਹਾ ਕਿ ਭੀੜ ਉਨ੍ਹਾਂ ਤੋਂ ਜ਼ਿਆਦਾ ਸੀ।
ਇਹ ਗੱਲ ਚੁਰਾਸੀ ਸਿੱਖ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐੱਸ ਐੱਨ ਢੀਂਗਰਾ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਕਹੀ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਸ਼ੇਸ਼ ਜਾਂਚ ਟੀਮ ਨੇ 186 ਮਾਮਲਿਆਂ ਦੀ ਜਾਂਚ ਕੀਤੀ ਤੇ ਪਾਇਆ ਕਿ ਦਿੱਲੀ ਵਿੱਚ ਪੰਜ ਮੌਕਿਆਂ ਤੇ ਰੇਲਾਂ ਰੋਕ ਕੇ ਸਿੱਖਾਂ ਨੂੰ ਉਤਾਰ ਕੇ ਤੇ ਰੇਲਵੇ ਸਟੇਸ਼ਨਾਂ ਤੇ ਮਾਰਿਆ ਗਿਆ। ਪੁਲਿਸ ਨੇ ਦੰਗਾਈਆਂ ਵੱਲੋਂ ਰੇਲਾਂ ਰੋਕ ਕੇ ਸਿੱਖਾਂ ਨੂੰ ਮਾਰੇ ਜਾਣ ਬਾਰੇ ਮਿਲੀ ਇਤਲਾਹ ਤੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਘਟਨਾਵਾਂ ਦਿੱਲੀ ਦੇ ਪੰਜ ਰੇਲਵੇ ਸਟੇਸ਼ਨਾਂ ਨਾਂਗਲੋਈ, ਕਿਸ਼ਨਗੰਜ, ਦਇਆਬਸਤੀ, ਸ਼ਹਾਦਰਾ ਤੇ ਤੁਗਲਕਾਬਾਦ ਪਹਿਲੀ ਤੇ ਦੂਜੀ ਨਵੰਬਰ ਨੂੰ ਵਾਪਰੀਆਂ।
ਇਹ ਵੀ ਪੜ੍ਹੋ:
ਪੰਜ ਮਹੀਨਿਆਂ ਬਾਅਦ ਘਾਟੀ 'ਚ ਇੰਟਰਨੈੱਟ ਬਹਾਲੀ ਦੇ ਹੁਕਮ
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ 'ਚ ਇੰਟਰਨੈੱਟ ਬਹਾਲੀ ਦਾ ਹੁਕਮ ਦਿੱਤਾ ਹੈ। ਇੰਟਰਨੈੱਟ ਕਈ ਗੇੜਾਂ 'ਚ ਮੁੜ ਬਹਾਲ ਕੀਤਾ ਜਾਵੇਗਾ।
ਕਿੱਥੇ-ਕਿੱਥੇ ਕਿਸ ਪ੍ਰਤੀਕਿਰਿਆ ਤਹਿਤ ਹੋਵੇਗੀ ਇੰਟਰਨੈੱਟ ਬਹਾਲੀ, ਪੂਰੀ ਅਪਡੇਟ ਲਈ ਦੇਖੋ ਬੀਬੀਸੀ ਪੱਤਰ ਆਮਿਰ ਪੀਰਜ਼ਾਦਾ ਦੀ ਰਿਪੋਰਟ।
ਦਵਿੰਦਰ ਸਿੰਘ: ਮੁਅਤਲੀ ਤੋਂ ਬਾਅਦ ਬਰਖ਼ਾਸਤਗੀ ਦੀ ਤਿਆਰੀ
ਭਾਰਤ ਸ਼ਾਸ਼ਿਤ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਸਹਾਇਤਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਤਿਆਰੀ ਚੱਲ ਰਹੀ ਹੈ।
ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਕਿਹਾ ਹੈ ਕਿ ਪੁੱਛਗਿੱਛ ਵਿੱਚ ਜੋ ਚੀਜ਼ਾਂ ਸਾਹਮਣੇ ਆਈਆਂ ਹਨ ਉਹ ਹਾਲੇ ਜਨਤਕ ਨਹੀਂ ਕੀਤੀਆਂ ਜਾ ਸਕਦੀਆਂ।
ਉਨ੍ਹਾਂ ਨੇ ਕਿਹਾ "ਅਸੀਂ ਉਨ੍ਹਾਂ ਨੂੰ ਮੁਅਤਲ ਕਰ ਦਿੱਤਾ ਹੈ। ਅਸੀਂ ਸਰਕਾਰ ਨੂੰ ਸਿਫ਼ਰਿਸ਼ ਭੇਜ ਰਹੇ ਹਾਂ ਕਿ ਬਰਖ਼ਾਸਤ ਕਰ ਦਿੱਤਾ ਜਾਵੇ।"
ਇਹ ਵੀ ਪੜ੍ਹੋ
ਭਾਰਤ ਵਿੱਚ ਐਮਾਜ਼ੌਨ ਦਾ ਵਿਰੋਧ ਕਿਉਂ?
ਪਿਛਲੀ ਵਾਰ ਐਮਾਜ਼ੌਨ ਦੇ ਮਾਲਕ ਜੈਫ਼ ਬੇਜ਼ੋਸ ਭਾਰਤ ਵਿਚ ਸਨ ਤਾਂ ਉਨ੍ਹਾਂ ਨੇ ਇੱਕ ਲੰਬਾ ਭਾਰਤੀ ਕੋਟ ਪਾਇਆ ਸੀ। ਉਹ ਇੱਕ ਸੋਹਣੇ ਸਜਾਏ ਟਰੱਕ ਵਿੱਚ ਚੜ੍ਹੇ, ਤਸਵੀਰਾਂ ਲਈ ਖੜ੍ਹੇ ਹੋਏ ਅਤੇ ਕੁਝ ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ।
ਉਨ੍ਹਾਂ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ, "ਤੁਸੀਂ ਹਰ ਸਮੇਂ ਸੁਣਦੇ ਹੋਵੋਗੇ ਕਿ ਭਾਰਤ ਵਿਚ ਕਾਰੋਬਾਰ ਕਰਨ ਵਿਚ ਬਹੁਤ ਸਾਰੀਆਂ ਰੁਕਾਵਟਾਂ ਹਨ ਪਰ ਇਹ ਸਾਡਾ ਤਜ਼ਰਬਾ ਨਹੀਂ ਹੈ।"
ਪੰਜ ਸਾਲਾਂ ਬਾਅਦ ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਭਾਰਤ ਦੇ ਦੋ ਰੋਜ਼ਾ ਦੌਰੇ 'ਤੇ ਆਏ ਹਨ ਪਰ ਸਵਾਗਤ ਘੱਟ ਹੀ ਕੀਤਾ ਜਾ ਰਿਹਾ ਹੈ। ਪੜ੍ਹੋ ਭਾਰਤ ਵਿੱਚ ਇਸ ਈ-ਕਾਰੋਬਾਰੀ ਕੰਪਨੀ ਦਾ ਵਿਰੋਧ ਕਿਉਂ ਕਰਨ ਰਹੇ ਹਨ ਵਾਪਰੀ।
ਰੂਸ ਦੀ ਸਮੁੱਚੀ ਕੈਬਨਿਟ ਦਾ ਅਸਤੀਫ਼ਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਸੰਵਿਧਾਨਕ ਸੁਧਾਰਾਂ ਦੀ ਤਜਵੀਜ਼ ਰੱਖੇ ਜਾਣ ਮਗਰੋਂ ਦੇਸ਼ ਦੇ ਪ੍ਰਧਾਨ ਮੰਤਰੀ ਦਿਮਿਤ੍ਰਿ ਮੇਦਵੇਦੇਵ ਤੇ ਉਨ੍ਹਾਂ ਦੀ ਸਾਰੀ ਕੈਬਨਿਟ ਨੇ ਅਸਤੀਫ਼ਾ ਦੇ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦੀਆਂ ਇਨ੍ਹਾਂ ਤਜਵੀਜ਼ਾਂ ਨਾਲ ਸੱਤਾ ਸੰਤੁਲਨ ਵਿੱਚ ਵੱਡੇ ਬਦਲਾਅ ਆਉਣਗੇ।
ਉਨ੍ਹਾਂ ਨੇ ਕਿਹਾ, "ਇਹ ਬਦਲਾਅ ਜਦੋਂ ਲਾਗੂ ਹੋ ਜਾਣਗੇ ਤਾਂ ਸਿਰਫ਼ ਸੰਵਿਧਾਨ ਦੀਆਂ ਸਾਰੀਆਂ ਧਾਰਾਵਾਂ ਬਦਲ ਜਾਣਗੀਆਂ ਸਗੋਂ ਸੱਤਾ ਸੰਤੁਲਨ ਤੇ ਤਾਕਤ ਵਿੱਚ ਵੀ ਬਦਲਾਅ ਆਵੇਗਾ। ਕਾਰਜਕਾਰੀ ਦੀ ਤਾਕਤ, ਵਿਧਾਨਮੰਡਲ ਦੀ ਤਾਕਤ, ਨਿਆਂਪਾਲਿਕਾ ਦੀ ਤਾਕਤ, ਸਾਰਿਆਂ ਵਿੱਚ ਬਦਲਾਅ ਆਵੇਗਾ। ਇਸ ਲਈ ਮੌਜੂਦਾ ਸਰਕਾਰ ਨੇ ਅਸਤੀਫ਼ਾ ਦਿੱਤਾ ਹੈ।"
ਇਸ ਫੈਸਲੇ ਨਾਲ ਰੂਸ ਦੀ ਸਿਆਸਤ ਹਿੱਲ ਗਈ ਹੈ ਤੇ ਰਾਸ਼ਟਰਪਤੀ ਪੂਤਿਨ ਨੇ ਜਾ ਰਹੀ ਸਰਕਾਰ ਨੂੰ ਉਸਦੀਆਂ ਸਫ਼ਲਤਾਵਾਂ ਲਈ ਧੰਨਵਾਦ ਦਿੱਤਾ ਹੈ। ਹਾਲਾਂਕਿ ਮੇਦਵੇਦੇਵ ਨੂੰ ਹਟਾਏ ਜਾਣ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕਿਆ।
ਬੀਬੀਸੀ ਦੀ ਮਾਸਕੋ ਤੋਂ ਪੱਤਰਕਾਰ ਸਾਰਾ ਰੇਂਸਫਰਡ ਨੇ ਇਸ ਪੂਰੇ ਘਟਨਾਕ੍ਰਮ ਬਾਰੇ ਇੱਕ ਟਵੀਟ ਵਿੱਚ ਕੀਤਾ।
ਸਾਰਾ ਨੇ ਆਪਣੇ ਟਵੀਟ ਵਿੱਚ ਲਿਖਿਆ, "ਦਰਅਸਲ, ਪੂਤਿਨ ਨੇ ਮੇਦਵੇਦੇਵ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਦਿੱਤਾ ਹੈ ਅਤੇ ਆਮ ਤੌਰ ਤੇ ਮੇਦਵੇਦੇਵ ਜਿਹੜੇ ਫ਼ੈਸਲੇ ਲੈਂਦੇ ਸਨ ਹੁਣ ਉਹ (ਪੂਤਿਨ) ਆਪ ਲੈਣਗੇ। ਉਨ੍ਹਾਂ ਉਨ੍ਹਾਂ ਨੇ ਮੰਤਰੀਆਂ ਨੂੰ ਉਸ ਸਮੇਂ ਤੱਕ ਅਹੁਦਿਆਂ ਤੇ ਬਣੇ ਰਹਿਣ ਲਈ ਕਿਹਾ ਹੈ ਜਦੋਂ ਤੱਕ ਨਵੀਂ ਕੈਬਨਿਟ ਦਾ ਐਲਾਨ ਨਹੀਂ ਹੋ ਜਾਂਦਾ। ਮੇਦਵੇਦੇਵ ਸੁਰੱਖਿਆ ਕਾਊਂਸਲ ਦੇ ਡਿਪਟੀ ਹੋਣਗੇ ਪਰ ਕਿਉਂ?"
ਰਾਸ਼ਟਰਪਤੀ ਵਜੋਂ ਪੂਤਿਨ ਦਾ ਚੌਥਾ ਕਾਰਜਕਾਲ 2024 ਵਿੱਚ ਪੂਰਾ ਹੋ ਰਿਹਾ ਹੈ। ਮੌਜੂਦਾ ਸੰਵਿਧਾਨ ਮੁਤਾਬਕ ਉਹ ਦੋਬਾਰਾ ਰਾਸ਼ਟਰਤੀ ਨਹੀਂ ਬਣ ਸਕਦੇ। ਮੰਨਿਆ ਜਾ ਰਿਹਾ ਹੈ ਕਿ ਤਜਵੀਜ਼ ਕੀਤੇ ਕੀਤੇ ਬਦਲਾਵਾਂ ਸਦਕਾ ਉਹ ਲੰਬਾ ਸਮਾਂ ਰਾਸ਼ਟਰਪਤੀ ਬਣੇ ਰਹਿ ਸਕਣਗੇ।