JNU ਹਿੰਸਾ ਦੀ ਜਾਂਚ ਕਰ ਰਹੀ ਪੁਲਿਸ ਨੇ 9 ਵਿਦਿਆਰਥੀਆਂ ਦੀ ਪਛਾਣ ਦੇ ਦਾਅਵੇ 'ਚ ਕੀ-ਕੀ ਕਿਹਾ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਾ ਦਾਅਵਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ 5 ਜਨਵਰੀ ਨੂੰ ਹੋਈ ਹਿੰਸਾ ਬਾਰੇ 9 ਵਿਦਿਆਰਥੀਆਂ ਦੀ ਪਛਾਣ ਕਰ ਲਈ ਗਈ ਹੈ।

ਡੀਸੀਪੀ (ਕ੍ਰਾਈਮ ਬ੍ਰਾਂਚ) ਜੋਏ ਤਿਰਕੀ ਨੇ ਸ਼ੁੱਕਰਵਾਰ ਸ਼ਾਮੀਂ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਅਤੇ ਵੀਡੀਓ ਦੀ ਮਦਦ ਨਾਲ 9 ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਅਤੇ ਇਸ ਬਾਰੇ ਛੇਤੀ ਹੀ ਨੋਟਿਸ ਭੇਜਿਆ ਜਾਵੇਗਾ।

ਇਨ੍ਹਾਂ ਵਿਦਿਆਰਥੀਆਂ ਵਿੱਚ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼, ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਕਾਊਂਸਲਰ ਸੁਚੇਤਾ ਤਾਲੁੱਕਦਾਰ, ਚੁਨਚੁਨ ਕੁਮਾਰ, ਪ੍ਰਿਆ ਰੰਜਨ, ਡੋਲਨ ਸਾਮੰਤ, ਯੋਗੇਂਦਰ ਭਾਰਦਵਾਜ, ਵਿਕਾਸ ਪਟੇਲ, ਪੰਕਜ ਮਿਸ਼ਰਾ ਅਤੇ ਵਾਸਕਰ ਵਿਜੇ ਸ਼ਾਮਿਲ ਹਨ।

ਉੱਥੇ ਹੀ, ਜੇਐੱਨਯੂ ਵਿਦਿਆਰਥੀ ਸੰਘ ਦੀ ਆਇਸ਼ੀ ਘੋਸ਼ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਸ਼ੱਕੀ ਕਹਿਣ 'ਤੇ ਕੋਈ ਸ਼ੱਕੀ ਨਹੀਂ ਹੋ ਜਾਂਦਾ।

ਉਨ੍ਹਾਂ ਨੇ ਕਿਹਾ, "ਮੈਨੂੰ ਇਸ ਦੇਸ ਦੀ ਨਿਆਂ-ਪ੍ਰਣਾਲੀ 'ਤੇ ਪੂਰਾ ਭਰੋਸਾ ਹੈ ਅਤੇ ਮੈਨੂੰ ਆਸ ਹੈ ਕਿ ਅਸਲੀ ਦੋਸ਼ੀਆਂ ਦੀ ਪਤਾ ਲੱਗ ਹੀ ਜਾਵੇਗਾ।

ਇਹ ਵੀ ਪੜ੍ਹੋ-

ਭਾਜਪਾ ਨੇ ਕੀ ਕਿਹਾ

ਉੱਧਰ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਿੱਲੀ ਪੁਲਿਸ ਦੇ ਦਾਅਵਿਆਂ ਦਾ ਸਮਰਥਨ ਕੀਤਾ ਹੈ।

ਉਨ੍ਹਾਂ ਨੇ ਕਿਹਾ, "ਅੱਜ ਪੁਲਿਸ ਦੀ ਪ੍ਰੈੱਸ ਕਾਨਫਰੰਸ ਤੋਂ ਸਾਫ਼ ਹੋ ਗਿਆ ਹੈ ਕਿ ਪਿਛਲੇ 5 ਦਿਨਾਂ ਤੋਂ ਚਲਿਆ ਆ ਰਿਹਾ ਹੈ ਵਿਵਾਦ ਏਬੀਵੀਪੀ ਅਤੇ ਭਾਜਪਾ ਨੂੰ ਬਦਨਾਮ ਕਰਨ ਲਈ ਪੈਦਾ ਕੀਤਾ ਗਿਆ ਸੀ। ਹਿੰਸਾ ਖੱਬੇਪੱਖੀ ਵਿਦਿਆਰਥੀ ਸੰਗਠਨਾਂ ਨੇ ਕੀਤੀ ਏਬੀਵੀਪੀ ਨੇ ਨਹੀਂ।"

ਜਾਵੜੇਕਰ ਨੇ ਕਿਹਾ ਹੈ ਕਿ ਖੱਬੇਪੱਖੀ ਦਲ ਚੋਣਾਂ ਵਿੱਚ ਜਨਤਾ ਦਾ ਭਰੋਸਾ ਜਿੱਤਣ ਵਿੱਚ ਅਸਫ਼ਲ ਰਹਿੰਦੇ ਹਨ, ਇਸ ਲਈ ਉਹ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਵਰਤੋਂ ਕਰਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੇਤਾਵਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਖ਼ੁਦ ਨੂੰ ਇਸਤੇਮਾਲ ਨਾ ਹੋਣ ਦੇਣ।

ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਟਵੀਟ ਕਰ ਕੇ ਕਿਹਾ ਕਿ ਜੇਐੱਨਯੂ ਵਿੱਚ ਖੱਬੇਪੱਖੀਆਂ ਦੀ ਸਾਜ਼ਿਸ਼ ਬੇਨਕਾਬ ਹੋਈ।

ਉਨ੍ਹਾਂ ਨੇ ਲਿਖਿਆ, "ਉਨ੍ਹਾਂ ਨੇ ਹਜੂਮ ਦੀ ਅਗਵਾਈ ਕੀਤੀ, ਜਨਤਕ ਜਾਇਦਾਦ ਦੀ ਭੰਨ-ਤੋੜ ਕੀਤੀ, ਨਵੇਂ ਵਿਦਿਆਰਥੀਆਂ ਦੀ ਰਿਜਟ੍ਰੇਸ਼ਨ ਹੋਣ ਤੋਂ ਰੋਕੀ, ਕੈਂਪਸ ਨੂੰ ਸਿਆਸੀ ਜੰਗ ਦੇ ਮੈਦਾਨ ਵਜੋਂ ਇਸਤੇਮਾਲ ਕੀਤਾ।"

ਪੁਲਿਸ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਜੇਐੱਨਯੂ ਵਿੱਚ 3 ਜਨਵਰੀ ਤੋਂ ਹੀ ਤਣਾਅ ਦਾ ਮਾਹੌਲ ਸੀ ਜੋ 5 ਜਨਵਰੀ ਦੀ ਸ਼ਾਮ ਹੋਈ ਹਿੰਸਾ ਦੇ ਰੂਪ 'ਚ ਨਜ਼ਰ ਆਇਆ।

ਡੀਸੀਪੀ ਜੋਏ ਤਿਰਕੀ ਨੇ ਕਿਹਾ ਖੱਬੇਪੱਖੀ ਦਲਾਂ ਦੇ 4 ਵਿਦਿਆਰਥੀ ਸੰਗਠਨ ਐਆਈਐਸਐੱਫ (ਆਲ ਇੰਡੀਆ ਸਟੂਡੈਂਟ ਫੈਡਰੇਸ਼ਨ), ਆਇਸ਼ੀ (ਆਲ ਇੰਡੀਆ ਸਟੂਡੈਂਟ ਏਸੋਸੀਏਸ਼ਨ), ਸਟੂਡੈਂਟ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਅਤੇ ਡੀਐੱਸਐੱਫ (ਡੈਮੋਕ੍ਰੇਟਿਕ ਸਟੂਡੈਂਟ ਫੈਡਰੇਸ਼ਨ) ਪਿਛਲੇ ਕੁਝ ਦਿਨਾਂ ਤੋਂ ਵਿੰਟਰ ਰਜਿਸਟ੍ਰੇਸ਼ਨ ਦਾ ਵਿਰੋਧ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ, "ਫੀਸ ਵਾਧੇ ਅਤੇ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਮਹੀਨਿਆਂ ਤੋਂ ਮੁਜ਼ਾਹਰੇ ਕਰ ਰਹੇ ਖੱਬੇਪੱਖੀ ਵਿਦਿਆਰਥੀ ਸੰਗਠਨ ਨਵੇਂ ਅਕਾਦਮਿਤ ਸੈਸ਼ਨ ਅਤੇ ਰਜਿਟ੍ਰੇਸ਼ ਦਾ ਵੀ ਵਿਰੋਧ ਕਰ ਰਹੇ ਸਨ। ਉਹ ਰਜਿਟ੍ਰੇਸ਼ਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਵੀ ਰੋਕ ਰਹੇ ਸਨ।"

ਡੀਸੀਪੀ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਹੋਰ ਕੀ ਕਿਹਾ

  • 3 ਜਨਵਰੀ ਨੂੰ ਦੁਪਹਿਰ ਇੱਕ ਵਜੇ ਦੇ ਕਰੀਬ ਐੱਸਐੱਫਆਈ ਦੇ ਕੁਝ ਮੈਂਬਰਾਂ ਨੇ ਕਮਰੇ ਵਿੱਚ ਜਾ ਕੇ ਹੰਗਾਮਾ ਕੀਤਾ। ਉਨ੍ਹਾਂ ਨੇ ਸਟਾਫ਼ ਨੂੰ ਧੱਕਾ ਦੇ ਕੇ ਬਾਹਰ ਕੱਢਿਆ ਅਤੇ ਸਰਵਰ ਦਾ ਸਵਿੱਚ ਆਫ ਕਰ ਦਿੱਤਾ। ਇਸੇ ਸਰਵਰ ਰਾਹੀਂ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਸੀ। ਜੇਐੱਨਯੂ ਪ੍ਰਸ਼ਾਸਨ ਨੇ ਪੁਲਿਸ ਨੂੰ ਇਸਦੀ ਜਾਣਕਾਰੀ ਕੀਤੀ ਅਤੇ ਇਸ ਬਾਰੇ ਐੱਫਆਈਆਰ ਵੀ ਦਰਜ ਕੀਤੀ ਗਈ। ਐੱਫਆਈਆਰ ਵਿੱਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ। ਇਸ ਵਿਚਾਲੇ ਜੇਐੱਨਯੂ ਪ੍ਰਸ਼ਾਸਨ ਦੀ ਟੀਮ ਨੇ ਤਿੰਨ-ਚਾਰ ਘੰਟਿਆਂ ਵਿਚਾਲੇ ਸਰਵਰ ਠੀਕ ਕਰ ਦਿੱਤਾ।
  • ਚਾਰ ਜਨਵਰੀ ਨੂੰ ਵੀ ਖੱਬੇਪੱਖਈ ਸੰਗਠਨਾਂ ਦੇ ਕੁਝ ਮੈਂਬਰਾਂ ਨੇ ਸਰਵਰ ਰੂਪ ਦੇ ਪਿੱਛੇ ਸ਼ੀਸ਼ੇ ਦਾ ਦਰਵਾਜ਼ਾ ਤੋੜਿਆ ਅਤੇ ਭੰਨਤੋੜ ਕੀਤੀ। ਉਨ੍ਹਾਂ ਨੇ ਬਾਕੀ ਵਿਦਿਆਰਥੀਆਂ ਅਤੇ ਸਟਾਫ਼ ਦੇ ਮੈਂਬਰਾਂ ਨਾਲ ਵੀ ਝਗੜਾ ਕੀਤਾ।
  • 5 ਜਨਵਰੀ ਦੀ ਦੁਪਹਿਰ 'ਸਕੂਲ ਆਫ ਸੋਸ਼ਲ ਸਾਈਂਸਸ' ਦੇ ਸਾਹਮਣੇ ਰਜਿਸਟ੍ਰੇਸ਼ਨ ਕਰਵਾਉਣ ਆਏ ਚਾਰ ਵਿਦਿਆਰਥੀ ਬੈਂਚ 'ਤੇ ਬੈਠੇ ਹੋਏ ਸਨ। ਵਿਦਿਆਰਥੀਆਂ ਦੇ ਇੱਕ ਸਮੂਹ ਨੇ ਆ ਕੇ ਉਨ੍ਹਾਂ ਚਾਰਾਂ ਨਾਲ ਪਹਿਲਾਂ ਲੜਾਈ ਕੀਤੀ ਅਤੇ ਫਿਰ ਕੁੱਟਮਾਰ ਵੀ ਕੀਤੀ। ਇਸ ਸਮੂਹ ਨੇ ਵਿਚਾਲੇ ਬਤਾਅ ਕਰਵਾਉਣ ਆਏ ਸਿਕਿਓਰਿਟੀ ਗਾਰਡਸ ਨਾਲ ਵੀ ਹੱਥੋਪਾਈ ਹੋਏ।
  • 5 ਜਨਵਰੀ ਦੀ ਸ਼ਾਮ 3.45 ਵਜੇ ਕੁਝ ਨਕਾਬਪੋਸ਼ ਲੋਕਾਂ ਨੇ ਪੇਰਿਆਰ ਹੋਸਟਲ ਵਿੱਚ ਜਾ ਕੇ ਹਮਲਾ ਕੀਤਾ। ਹਮਲਾਵਰਾਂ ਨੇ ਹੋਸਲਟ ਦੇ ਕੁਝ ਖ਼ਾਸ ਕਮਰਿਆਂ ਵਿੱਚ ਜਾ ਕੇ ਹੀ ਕੁੱਟਮਾਰ ਕੀਤੀ। ਜਦੋਂ ਪੈਰੀਆਰ ਹੋਸਟਲ ਵਿੱਚ ਹਮਲਾ ਹੋਇਆ, ਇਸ ਦੌਰਾਨ ਜੇਐੱਯੂ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਵੀ ਨਕਾਬਪੋਸ਼ ਹਮਲਾਵਰਾਂ ਦੇ ਨਾਲ ਦੇਖਿਆ ਗਿਆ।
  • ਕੁੱਟਮਾਰ ਵਿਚਾਲੇ ਵਿਦਿਆਰਥੀ ਅਤੇ ਅਧਿਆਪਕ ਸਾਬਰਮਤੀ ਹੋਸਟਲ ਦੇ ਕੋਲ ਟੀ-ਪੁਆਇੰਟ 'ਤੇ ਇੱਕ ਪੀਸ ਮੀਟਿੰਗ ਲਈ ਇਕੱਠੇ ਹੋਏ। ਇਸੇ ਦੌਰਾਨ ਨਕਾਬਪੋਸ਼ ਲੋਕਾਂ ਦਾ ਇੱਕ ਹੋਰ ਸਮੂਹ ਕੈਂਪਸ ਵਿੱਚ ਆ ਵੜਿਆ। ਹਮਲਾਵਰਾਂ ਨੇ ਸਾਬਰਮਤੀ ਅਤੇ ਨਰਮਦਾ ਹੋਸਟਲ ਵਿੱਚ ਵੜ ਕੇ ਕੁੱਟਮਾਰ ਕੀਤੀ। ਸਾਬਰਮਤੀ ਹੋਸਟਲ ਵਿੱਚ ਵੀ ਹਮਲਾਵਰ ਸਾਰੇ ਕਮਰਿਆਂ ਵਿੱਚ ਨਹੀਂ ਗਏ ਬਲਕਿ ਕੁਝ ਖ਼ਾਸ ਕਮਰਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ।

ਕੀ ਕਿਹਾ ਆਇਸ਼ੀ ਘੋਸ਼ ਨੇ

ਜੇਐੱਨਯੂ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ, "ਮੈਂ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕੀਤਾ ਹੈ, ਨਾ ਮੇਰੇ ਹੱਥ ਵਿੱਚ ਕੋਈ ਰਾਡ ਸੀ। ਮੈਂ ਨਹੀਂ ਜਾਣਦੀ ਕਿ ਦਿੱਲੀ ਪੁਲਿਸ ਨੂੰ ਅਜਿਹੀ ਜਾਣਕਾਰੀ ਕਿੱਥੋਂ ਮਿਲ ਰਹੀ ਹੈ। ਮੈਨੂੰ ਭਾਰਤ ਦੇ ਕਾਨੂੰਨ 'ਚ ਪੂਰਾ ਵਿਸ਼ਵਾਸ਼ ਹੈ ਅਤੇ ਮੈਂ ਜਾਣਦੀ ਹਾਂ ਕਿ ਮੈਂ ਗ਼ਲਤ ਨਹੀਂ ਹਾਂ। ਅਜੇ ਤੱਕ ਮੇਰੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਕੀ ਮੇਰੇ 'ਤੇ ਜੋ ਹਮਲਾ ਹੋਇਆ ਹੈ ਉਹ ਜਾਨਲੇਵਾ ਨਹੀਂ ਹੈ?"

ਦਿੱਲੀ ਪੁਲਿਸ ਦੀ ਜਾਂਚ 'ਤੇ ਸਵਾਲ ਚੁੱਕਦਿਆਂ ਘੋਸ਼ ਨੇ ਅੱਗੇ ਕਿਹਾ, "ਦਿੱਲੀ ਪੁਲਿਸ ਕਿਉਂ ਪੱਖਪਾਤੀ ਢੰਗ ਨਾਲ ਕੰਮ ਕਰ ਰਹੀ ਹੈ। ਸੁਰੱਖਿਆ ਕਾਰਨਾਂ ਕਰਕੇ ਜੇਕਰ ਮੈਂ ਵਿਦਿਆਰਥੀਆਂ ਕੋਲ ਪਹੁੰਚਦੀ ਹਾਂ ਤਾਂ ਕੀ ਮੈਂ ਗ਼ਲਤ ਹਾਂ? ਪੁਲਿਸ ਕੋਲ ਕੋਈ ਸਬੂਤ ਨਹੀਂ ਹੈ। ਜੋ ਵੀਡੀਓ ਮੀਡੀਆ ਵਿੱਚ ਦਿਖਾਇਆ ਜਾ ਰਿਹਾ ਹੈ ਮੈਂ ਉਸ 'ਤੇ ਪਹਿਲਾਂ ਹੀ ਸਪੱਸ਼ਟੀਕਰਨ ਦੇ ਦਿੱਤਾ ਹੈ।"

"ਮੈਂ ਵਿਦਿਆਰਥੀ ਸੰਘ ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਸੀ। ਮੈਂ ਵਿਦਿਆਰਥੀਆਂ ਨਾਲ ਮਿਲਣ ਪਹੁੰਚੀ ਸੀ। ਜੇਕਰ ਸੁਰੱਖਿਆ ਕਰਮੀ ਕੰਮ ਕਰਦੇ ਤਾਂ ਸਾਨੂੰ ਜਾਣ ਦੀ ਲੋੜ ਨਾ ਪੈਂਦੀ। ਕਿਉਂ ਪੁਲਿਸ ਦੀ ਥਾਂ ਵਿਦਿਆਰਥੀਆਂ ਨੇ ਸਾਨੂੰ ਬੁਲਾਇਆ?"

ਘੋਸ਼ ਸਵਾਲ ਕਰਦੀ ਹੈ, "ਨਕਾਬ ਪਹਿਨ ਕੇ ਲੋਕ ਯੂਨੀਵਰਸਿਟੀ ਵਿੱਚ ਵੜ ਕਿਵੇਂ ਗਏ, ਕੁੜੀਆਂ ਦੇ ਹੋਸਟਲ ਵਿੱਚ ਹਮਲਾਵਰ ਕਿਵੇਂ ਆ ਗਏ, ਜੇਕਰ ਸੁਰੱਖਿਆ ਇੰਨੀ ਮਜ਼ਬੂਤ ਸੀ।"

ਆਇਸ਼ੀ ਘੋਸ਼ ਦੇ ਹਮਲਾਵਰਾਂ ਦੀ ਪਛਾਣ ਨਹੀਂ

ਜੇਐੱਨਯੂ ਕੈਂਪਸ 'ਚ ਨਕਾਬਪੋਸ਼ ਹਮਲਾਵਰਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਤੇ ਪੁਲਸਿ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਏਬੀਵੀਪੀ ਦੇ ਹਿੰਸਾ ਵਿੱਚ ਸ਼ਾਮਿਲ ਹੋਣ ਦੇ ਸਵਾਲ 'ਤੇ ਦਿੱਲੀ ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਸਾਡੀ ਪਹਿਲੀ ਪ੍ਰੈੱਸ ਕਾਨਫਰੰਸ ਹੈ ਅਜੇ ਅੱਗੇ ਹੋਰ ਵੀ ਜਾਣਕਾਰੀ ਦਿੱਤੀ ਜਾਵੇਗੀ।

ਦਿੱਲੀ ਪੁਲਿਸ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਆਇਸ਼ੀ ਘੋਸ਼ 'ਤੇ ਹਮਲਾ ਕਿੰਨੇ ਕੀਤਾ। ਨਕਾਬਪੋਸ਼ ਹਮਲਾਵਰਾਂ ਦਾ ਇੱਕ ਸਮੂਹ ਵੀ ਯੂਨੀਵਰਸਿਟੀ ਵਿੱਚ ਹਮਲਾ ਕਰਦਾ ਦਿਖਿਆ, ਇਸ ਬਾਰੇ ਵੀ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਕਿਵੇਂ ਜਾਂਚ ਕਰ ਰਹੀ ਹੈ ਪੁਲਿਸ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਤਹਿਤ ਬਣਿਆ ਵਿਸ਼ੇਸ਼ ਜਾਂਚ ਦਲ ਇਨ੍ਹਾਂ ਤਿੰਨਾਂ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਪੁਲਿਸ ਨੇ ਦੰਗਾ ਕਰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਹੈ।

ਡੀਸੀਪੀ ਤਿਰਕੀ ਨੇ ਕਿਹਾ ਹੈ ਜਾਂਚ ਲਈ ਉਹ ਸੋਸ਼ਲ ਮੀਡੀਆ 'ਤੇ ਆਈਆਂ ਤਸਵੀਰਾਂ ਅਤੇ ਵੀਡੀਓ ਦੀ ਮਦਦ ਲੈ ਰਹੇ ਹਾਂ। ਇਸ ਤੋਂ ਇਲਾਵਾ ਜੇਐੱਯੂ ਪ੍ਰਸ਼ਾਸਨ ਵੀ ਉਨ੍ਹਾਂ ਦਾ ਸਹਿਯੋਗ ਕਰ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਅਸੀਂ ਹੋਸਟਲ ਵਾਰਡਨ, ਸਿਕਿਓਰਿਟੀ ਗਾਰਡ ਅਤੇ ਮੈੱਸ ਦੇ ਕਰਮੀਆਂ ਤੋਂ ਲੈ ਕੇ ਆਮ ਲੋਕਾਂ ਕੋਲੋਂ ਵੀ ਪੁੱਛਗਿੱਛ ਕਰ ਰਹੇ ਹਾਂ। ਜਾਂਚ ਲਈ ਅਸੀਂ ਜੇਐੱਨਯੂ ਪ੍ਰਸ਼ਾਸਨ ਦੀ ਮਦਦ ਨਾਲ ਵਿਦਿਆਰਥੀਆਂ ਦਾ ਡਾਟਾਬੇਸ ਵੀ ਇਸਤੇਮਾਲ ਕਰ ਰਹੇ ਹਾਂ। ਸਾਡੇ ਕੋਲ 30-32 ਗਵਾਹ ਵੀ ਹਨ ਜੋ ਸਾਡੀ ਮਦਦ ਕਰ ਰਹੇ ਹਨ, ਭਾਵੇਂ ਕਿ ਉਨ੍ਹਾਂ ਗਵਾਹਾਂ ਨੇ ਇਸ ਸਭ ਦਾ ਵੀਡੀਓ ਨਹੀਂ ਬਣਾਇਆ ਸੀ।"

ਤਿਰਕੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਉਸ ਦਿਨ ਦੀ ਸੀਸੀਟੀਵੀ ਫੁਟੇਜ ਮਿਲ ਜਾਂਦੀ ਤਾਂ ਜਾਂਚ ਵਿੱਚ ਕਾਫੀ ਮਦਦ ਮਿਲਦੀ ਪਰ ਕਿਉਂਕਿ ਦੋ ਦਿਨ ਪਹਿਲਾਂ ਹੀ ਸਰਵਰ ਬੰਦ ਕਰ ਦਿੱਤਾ ਸੀ ਅਤੇ ਇਹ ਸੀਸੀਟੀਵੀ ਵੀ ਵਾਈਫਾਈ ਰਾਹੀਂ ਚਲਦਾ ਸੀ ਇਸ ਲਈ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਡੀਸੀਪੀ ਤਿਰਕੀ ਅਤੇ ਉਨ੍ਹਾਂ ਦੀ ਟੀਮ ਨੇ ਪ੍ਰੈੱਸ ਕਾਨਫਰੰਸ ਵਿੱਚ ਪਛਾਣੇ ਗਏ ਵਿਦਿਆਰਥੀਆਂ ਦੀਆਂ ਤਸਵੀਰਾਂ ਵੀ ਪੱਤਰਕਾਰਾਂ ਨੂੰ ਦਿਖਾਈਆਂ।

ਉਨ੍ਹਾਂ ਨੇ ਕਿਹਾ, "ਅਜੇ ਇਹ ਸਾਡੇ ਜਾਂਚ ਦੀ ਸ਼ੁਰੂਆਤ ਹੀ ਹੈ। ਅਸੀਂ ਛੇਤੀ ਹੀ ਇਸ ਬਾਰੇ ਹੋਰ ਜਾਣਕਾਰੀ ਦੇਵਾਂਗੇ।"

ਵੀਸੀ ਦੀ ਵਿਦਿਆਰਥੀਆਂ ਨੂੰ ਅਪੀਲ

ਇਸ ਵਿਚਾਲੇ ਜੇਐੱਨਯੂ ਦੇ ਵਾਇਸ ਚਾਂਸਲਰ ਜਗਦੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਸਿੱਖਿਆ ਸਕੱਤਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥੀਆਂ ਤੋਂ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ, "ਹੁਣ ਵਿਦਿਆਰਥੀਆਂ ਨੂੰ ਸਰਵਿਸ ਅਤੇ ਯੂਟੀਲਿਟੀ ਚਾਰਜ਼ ਨਹੀਂ ਦੇਣਾ ਹੋਵੇਗਾ। ਉਨ੍ਹਾਂ ਨੇ ਸਿਰਫ਼ ਹੋਸਟਲ ਦਾ ਕਿਰਾਇਆ ਦੇਣਾ ਹੋਵੇਗਾ ਜੋ ਕਿ 300 ਰੁਪਏ ਪ੍ਰਤੀ ਮਹੀਨੇ ਤੈਅ ਕੀਤਾ ਗਿਆ ਹੈ। ਇਨ੍ਹਾਂ ਪੈਸਿਆਂ ਦਾ ਇਸਤੇਮਾਲ ਵਿਦਿਆਰਥੀਆਂ ਨੂੰ ਬਿਹਤਰ ਸਹੂਲਤ ਦੇਣ ਲਈ ਹੀ ਕੀਤਾ ਜਾਵੇਗਾ।"

ਜਗਦੀਸ਼ ਕੁਮਾਰ ਨੇ ਅੱਗੇ ਕਿਹਾ, "ਵਿੰਟਰ ਸਮੈਸਟਰ ਪ੍ਰੀਖਿਆਵਾਂ ਲਈ ਹਜ਼ਾਰਾਂ ਵਿਦਿਆਰਥੀ ਰਜਿਟ੍ਰੇਸ਼ਨ ਕਰ ਰਹੇ ਹਨ। ਜੇਐੱਨਯੂ ਪ੍ਰਸ਼ਾਸਨ ਵਿਦਿਆਰਥੀਆਂ ਦੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਵਿਦਿਆਰਥੀਆਂ ਤੋਂ ਵਾਪਸ ਆਉਣ ਦੀ ਅਪੀਲ ਕੀਤੀ ਕਰਦੇ ਹਾਂ।"

ਪੁਲਿਸ ਦੀ ਪ੍ਰੈੱਸ ਕਾਨਫਰੰਸ 'ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਜਾਂਚ ਨਤੀਜਿਆਂ ਦਾ ਇੰਤਜ਼ਾਰ ਹੈ ਅਤੇ ਅਸਲੀ ਹਮਲਾਵਰਾਂ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗਾ।

ਕੀ ਹੋਇਆ ਸੀ ਜੇਐੱਨਯੂ ਵਿੱਚ

ਐਤਵਾਰ ਸ਼ਾਮ ਨੂੰ ਦਿੱਲੀ ਸਥਿਤ ਪ੍ਰਸਿੱਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕਰੀਬ 50 ਦੀ ਗਿਣਤੀ ਵਿੱਚ ਕੁਝ ਨਕਾਬਪੋਸ਼ ਹਮਲਾਵਰਾਂ ਨੇ ਕੈਂਪਸ ਵਿੱਚ ਵੜ੍ਹ ਕੇ ਵਿਦਿਆਰਥੀਆਂ ਨੂੰ ਕੁੱਟਿਆ।

ਇਸ ਹਿੰਸਾ ਵਿੱਚ 30-35 ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ ਸਨ ਅਤੇ ਜੇਐੱਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਈ ਸੀ।

ਦਿੱਲੀ ਪੁਲਿਸ ਨੇ ਇਸ ਸਬੰਧੀ ਇੱਕ ਐੱਫਆਈਆਰ ਦਰਜ ਕੀਤੀ ਅਤੇ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਹਿੰਸਾ ਲਈ ਖੱਬੇਪੱਖੀ ਵਿਦਿਆਰਥੀ ਸੰਗਠਨ ਅਤੇ ਏਬੀਵੀਪੀ ਇੱਕ ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

ਜੇਐੱਨਯੂ ਦਿ ਵਿਦਿਆਰਥੀ ਵਧੀ ਹੋਈ ਫ਼ੀਸ, ਹੋਸਲਟ ਅਤੇ ਮੈੱਸ ਦੇ ਚਾਰਜ਼ ਅਤੇ ਨਵੇਂ ਹੋਸਟਲ ਮੈਨੂਅਲ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)