You’re viewing a text-only version of this website that uses less data. View the main version of the website including all images and videos.
ਭਾਰਤੀ ਨੇਵੀ ਦੇ 7 ਮੁਲਾਜ਼ਮ ਜਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ - 5 ਅਹਿਮ ਖ਼ਬਰਾਂ
ਆਂਧਰਾ ਪ੍ਰਦੇਸ਼ ਪੁਲਿਸ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਹੇਠ ਭਾਰਤੀ ਜਲ ਸੈਨਾ ਦੇ 7 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਗ੍ਰਿਫ਼ਤਾਰੀਆਂ ਖੁਫ਼ੀਆ ਏਜੰਸੀਆਂ ਦੇ ਨਾਲ ਤਾਲਮੇਲ ਨਾਲ ਚਲਾਏ ਗਏ 'ਆਪ੍ਰੇਸ਼ਨ ਡੌਲਫਿਨ ਨੋਜ਼' ਤਹਿਤ ਕੀਤੀਆਂ ਗਈਆਂ। ਇਹ ਲੋਕ ਨੇਵੀ ਦੇ ਵਿਸ਼ਾਖ਼ਾਪਟਨਮ, ਮੁੰਬਈ ਤੇ ਕਾਰਵਾਰ ਦੇ ਸੰਵੇਦਨਸ਼ੀਲ ਨੇਵੀ ਟਿਕਾਣਿਆਂ ’ਤੇ ਤੈਨਾਅਤ ਸਨ।
ਇਨ੍ਹਾਂ ’ਤੇ ਪਾਕਿਸਤਾਨ ਲਈ ਜਸੂਸੀ ਕਰਨ ਦੇ ਇਲਜ਼ਾਮ ਹਨ। ਇਨ੍ਹਾਂ ਤੱਕ ਪੈਸੇ ਪਹੁੰਚਾਉਣ ਵਾਲੇ ਇੱਕ ਹਵਾਲਾ ਓਪਰੇਟਰ ਦਾ ਵੀ ਖੁਲਾਸਾ ਹੋਿਆ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਸੱਤਾਂ ਖ਼ਿਲਾਫ਼ ਪੁਲਿਸ ਰਿਪੋਰਟ ਦਰਜ ਕਰ ਲਈ ਗਈ ਹੈ।
ਇਹ ਵੀ ਪੜ੍ਹੋ:
ਅਵਤਾਰ ਸਿੰਘ ਮੱਕੜ ਨਹੀਂ ਰਹੇ
ਸ਼੍ਰੋਮਣੀ ਕਮੇਟੀ ਦੇ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਦੀ ਸ਼ੁੱਕਰਵਾਰ ਨੂੰ 78 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਉਨ੍ਹਾਂ ਨੇ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਹ 2005 ਵਿੱਚ ਸ਼੍ਰੋਮਣੀ ਕਮੇਟੀ ਦੇ 39ਵੇਂ ਪ੍ਰਧਾਨ ਬਣੇ ਅਤੇ 2016 ਤੱਕ ਗਿਆਰਾਂ ਸਾਲ ਇਸ ਅਹੁਦੇ ’ਤੇ ਰਹੇ।। ਇਹ ਕਾਰਜਕਾਲ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਸਭ ਤੋਂ ਵੱਡਾ ਸੀ।
ਉਹ ਮਾਡਲ ਟਾਊਨ ਅਕਸਟੈਨਸ਼ਨ ਲੁਧਿਆਣਾ ਦੇ ਸਿੰਘ ਸਭਾ ਗੁਰਦੁਆਰੇ ਦੇ ਮੋਢੀਆਂ ਵਿੱਚੋਂ ਸਨ। ਜੋ ਕਿ ਸ਼ਹਿਰ ਵਿੱਚ ਅਕਾਲੀ ਗਤੀਵਿਧੀਆਂ ਦਾ ਕੇਂਦਰ ਬਣਿਆ ਰਿਹਾ।
ਉਹ ਸਿੱਖ ਭਾਈਚਾਰੇ ਦੀ ਸਹਿਮਤੀ ਲੈਣ ਤੋਂ ਬਿਨਾਂ ਕਈ ਵਾਰ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀਆਂ ਕਰਨ ਕਾਰਨ ਵਿਵਾਦਾਂ ਵਿੱਚ ਰਹੇ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ। "ਸਰਬੱਤ ਖਾਲਸਾ" ਵੱਲੋਂ ਥਾਪੇ ਦੇ ਜਥੇਦਾਰਾਂ ਦੀ ਨਿਯੁਕਤੀ ਵੇਲੇ ਮੱਕੜ ਦੀ ਅਲੋਚਨਾ ਕੀਤੀ ਗਈ ਸੀ।
ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਦੇਸ ਦੇ ਕਈ ਸ਼ਹਿਰਾਂ ਵਿੱਚ ਵਿਰੋਧ-ਪ੍ਰਦਰਸ਼ਨ
ਬੀਬੀਸੀ ਦੇ ਸਹਿਯੋਗੀ ਸਮੀਰਆਤਮਜ ਮਿਸ਼ਰਾ ਨੇ ਕਿਹਾ ਕਿ ਸੂਤਰ ਮੁਤਾਬਕ ਫਾਇਰਿੰਗ ਵਿੱਚ ਪੰਜ ਜਣਿਆਂ ਦੀ ਮੌਤ ਹੋਈ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਅਜੇ ਸਾਫ ਨਹੀਂ ਹੈ ਕਿ ਫਾਇਰਿੰਗ ਪੁਲਿਸ ਵੱਲੋਂ ਸੀ ਜਾਂ ਮੁਜ਼ਾਹਰਾਕਾਰੀਆਂ ਵੱਲੋਂ।
ਦਿੱਲੀ ਦੇ ਜਾਮਾ ਮਸਜਿਦ ਵਿੱਚ ਲੋਕਾਂ ਦੇ ਵੱਡੇ ਇਕੱਠ ਨੇ ਇਸ ਕਾਨੂੰਨ ਦਾ ਵਿਰੋਧ ਜਤਾਇਆ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਰਾਵਨ ਨੇ ਜਾਮਾ ਮਸਜਿਦ ਤੋਂ ਜੰਤਰ-ਮੰਤਰ ਤੱਕ ਪ੍ਰਦਰਸ਼ਨ ਕਰਨਾ ਸੀ। ਉਨ੍ਹਾਂ ਦੇ ਸੱਦੇ 'ਤੇ ਭੀੜ ਨੇ ਪ੍ਰਦਰਸ਼ਨ ਦਾ ਰੂਪ ਧਾਰਨ ਕਰ ਲਿਆ। ਪੂਰੀ ਖ਼ਬਰ ਪੜ੍ਹੋ।
ਜੈਪੁਰ ਬੰਬ ਧਮਾਕਿਆਂ ਦੇ ਸਾਰੇ 4 ਮੁਲਜ਼ਮਾਂ ਨੂੰ ਸਜ਼ਾ-ਏ-ਮੌਤ
ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਗਿਆਰਾਂ ਸਾਲ ਚੱਲੀ ਲੰਬੀ ਸੁਣਵਾਈ ਤੋਂ ਬਾਅਦ ਜੈਪੁਰ ਦੀ ਖ਼ਾਸ ਅਦਾਲਤ ਨੇ 2008 ਵਿੱਚ ਹੋਏ ਜ਼ਿਲ੍ਹੇ ਵਿੱਚ ਹੋਏ ਸਿਲਸਿਲੇਵਾਰ ਧਮਾਕਿਆਂ ਦੇ ਸਾਰੇ ਚਾਰ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਇਨ੍ਹਾਂ ਧਮਾਕਿਆਂ ਵਿੱਚ 80 ਮੌਤਾਂ ਹੋਈਆਂ ਸਨ ਤੇ 185 ਲੋਕ ਜ਼ਖ਼ਮੀ ਹੋ ਗਏ ਸਨ।
ਇਨ੍ਹਾਂ ਚਾਰ ਜਣਿਆਂ ਦੇ ਨਾਮ ਸੈਫੁਰ ਰਹਿਮਾਨ (23) ਮੋਹਮੰਦ ਸੈਫ਼ (21) ਮੁਹੰਮਦ ਸਰਵਰ (25) ਸਲਮਾਨ (21) ਹਨ। ਅਦਾਲਤ ਨੇ ਇੱਕ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।
ਬ੍ਰੈਗਜ਼ਿਟ ਬਾਰੇ ਬੌਰਿਸ ਜੋਨਸਨ ਦੀ ਯੋਜਨਾ ਨੂੰ ਸੰਸਦ ਦੀ ਪ੍ਰਵਾਨਗੀ
ਯੂਕੇ ਦੀ ਸੰਸਦ ਨੇ 31 ਜਨਵਰੀ ਤੱਕ ਦੇਸ਼ ਨੂੰ ਯੂਰਪੀ ਯੂਨੀਅਨ ਤੋਂ ਤੋੜ ਵਿਛੋੜੇ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਯੂਰਪੀ ਸੰਘ ਤੋਂ ਬਾਹਰ ਜਾਣ ਦੇ ਸਮਝੌਤੇ ਵਾਲੇ ਬਿਲ ਦੇ ਹੱਕ ਵਿੱਚ ਵੋਟਿੰਗ ਕੀਤੀ।
ਹੁਣ ਜਦੋਂ ਵੱਡੇ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਸੰਸਦ ਦੀ ਕਾਰਵਾਈ ਸ਼ੁਰੂ ਹੋਵੇਗੀ ਤਾਂ 7, 8 ਤੇ 9 ਜਨਵਰੀ ਨੂੰ ਇਸ ਬਾਰੇ ਚਰਚਾ ਹੋਵੇਗੀ। ਪੀਐੱਮ ਨੇ ਇਸ ਨੂੰ ਯੂਰਪੀ ਸੰਘ ਚੋਂ ਨਿਕਲਣ ਵਾਲੇ ਪਾਸੇ ਵੱਡੀ ਪੁਲਾਂਘ ਦੱਸਿਆ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ