CAA ਖ਼ਿਲਾਫ ਮੁਜ਼ਾਹਰਿਆਂ 'ਚ ਤਿੰਨ ਮੌਤਾਂ, ਸੈਂਕੜੇ ਹਿਰਾਸਤ 'ਚ ਅਤੇ ਕਈ ਵਾਹਨ ਸਾੜੇ ਿ

ਭਾਰਤ ਦੇ ਵੱਖ ਹਿੱਸਿਆਂ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਮੁਜ਼ਾਹਰੇ ਜਾਰੀ ਹਨ। ਵੀਰਵਾਰ ਨੂੰ ਕਈ ਸੰਗਠਨਾਂ ਵੱਲੋਂ ਕਈ ਥਾਈਂ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਗਿਆ ਸੀ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਤਿੰਨ ਲੋਕਾਂ ਦੇ ਮਾਰੇ ਦੀ ਖ਼ਬਰ ਹੈ ਜਦਕਿ ਸੈਂਕੜੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੇਸ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਸੇਵਾਵਾਂ ਵੀ ਰੋਕੀਆਂ ਗਈਆਂ। ਰਾਜਧਾਨੀ ਦਿੱਲੀ ਵਿੱਚ ਵੀਰਵਾਰ ਨੂੰ ਕਈ ਮੈਟਰੋ ਸਟੇਸ਼ਨ ਬੰਦ ਵੀ ਰੱਖੇ ਗਏ।

ਨਵੇਂ ਨਾਗਰਿਕਤਾ ਸੋਧ ਕਾਨੂੰਨ ਮੁਤਾਬਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਗੈਰ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਤਜਵੀਜ਼ ਹੈ।

ਵਿਰੋਧ ਕਰਨ ਵਾਲਿਆਂ ਦਾ ਤਰਕ ਹੈ ਇਸ ਕਾਨੂੰਨ ਨਾਲ ਭਾਰਤ ਦੇ ਧਰਮ ਨਿਰਪੱਖ ਮੁਲਕ ਹੋਣ ਦੇ ਅਕਸ ਨੂੰ ਢਾਹ ਲੱਗੇਗੀ। ਦੂਜੇ ਪਾਸੇ ਪੀਐੱਮ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਇਸ ਸਾਰੀਆਂ ਗੱਲਾਂ ਬੇਬੁਨੀਆਦ ਹਨ ਅਤੇ ਲੋਕਾਂ ਵਿੱਚ ਅਫਵਾਹ ਫੈਲਾਈ ਜਾ ਰਹੀ ਹੈ।

ਕਈ ਥਾਂ ਹੋਏ ਪ੍ਰਦਰਸ਼ਨ ਅਤੇ ਮੌਤਾਂ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮੈਂਗਲੁਰੂ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਫਾਇਰਿੰਗ ਵਿੱਚ ਦੋ ਲੋਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸਦੇ ਜਵਾਬ ਵਿੱਚ ਪੁਲਿਸ ਦੀ ਗੋਲੀ ਨਾਲ ਦੋ ਲੋਕ ਮਾਰੇ ਗਏ।

ਬੈਂਗਲੁਰੂ ਤੋਂ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਮੁਤਾਬਕ ਮੈਂਗਲੁਰੂ ਪ੍ਰਸ਼ਾਸਨ ਨੇ 48 ਘੰਟੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਬੈਂਗਲੁਰੂ ਵਿੱਚ ਉੱਘੇ ਇਤਿਹਾਸਕਾਰ ਤੇ ਕਾਲਮਨਵੀਸ ਰਾਮ ਚੰਦ ਗੁਹਾ ਵੀ ਮੁਜ਼ਾਹਰੇ ਵਿੱਚ ਸ਼ਾਮਲ ਸਨ। ਉਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ।

ਇੱਕ ਹੋਰ ਸ਼ਖਸ ਦੀ ਮੌਤ ਯੂਪੀ ਦੀ ਰਾਜਧਾਨੀ ਲਖਨਊ ਵਿੱਚ ਹੋਈ। ਇੱਥੇ ਪ੍ਰਦਰਸ਼ਨਕਾਰੀਆਂ ਅੇਤ ਪੁਲਿਸ ਵਿਚਾਲੇ ਤਿੱਖੀ ਝੜਪ ਹੋਈ। ਦੁਪਹਿਰ ਨੂੰ ਮੁਜ਼ਾਹਰਾਕਾਰੀਆਂ ਨੇ ਇੱਕ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਚਿਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਵੀ ਹਿੰਸਾ ਕੀਤੀ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਯੂਪੀ ਵਿੱਚ ਮੋਬਾਈ ਸੇਵਾਵਾਂ ਤੇ ਇੰਟਰਨੈੱਟ ਅਗਲੇ 24 ਘੰਟੇ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਲਖਨਊ ਦੇ ਪਰਿਵਰਤਨ ਚੌਂਕ ਦੇ ਆਸਪਾਸ ਮੁਜ਼ਾਹਰੇ ਦੌਰਾਨ ਕਈ ਵਾਹਨ ਸਾੜ ਦਿੱਤੇ ਗਏ। ਇਸ ਵਿੱਚ 20 ਮੋਟਰਸਾਈਕਲ, 10 ਕਾਰਾਂ, 3 ਬੱਸਾਂ ਤੇ ਮੀਡੀਆ ਦੇ 4 ਓਬੀ ਵੈਨ ਸ਼ਾਮਲ ਹਨ।

ਹਜ਼ਰਤਗੰਜ ਵਿੱਚ ਵੀ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਲਖਨਓ ਦੇ ਐੱਸਐੱਸਪੀ ਨੇ ਕਿਹਾ ਕਿ ਹਾਲਾਤ ਹੁਣ ਕਾਬੂ ਵਿੱਚ ਹਨ।

ਉਨ੍ਹਾਂ ਨੇ ਕਿਹਾ ਕਿ ਭੀੜ ਹਿੰਸਕ ਹੋ ਗਈ ਸੀ, ਪਰ ਪੁਲਿਸ ਨੇ ਕਾਬੂ ਕਰ ਲਿਆ। ਐੱਸਐੱਸਪੀ ਨੇ ਕਿਹਾ ਕਿ 40-50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-

ਦਿੱਲੀ ਵਿੱਚ ਕੀ ਹੋਇਆ?

ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਦਿੱਲੀ ਦੇ ਕੁਝ ਹਿੱਸਿਆਂ 'ਚ ਏਅਰਟੈੱਲ ਅਤੇ ਵੋਡਾਫੋਨ ਦੀਆਂ ਸੇਵਾਵਾਂ 'ਤੇ ਅਸਰ ਪਿਆ। ਕਈ ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ।

ਦਿੱਲੀ ਦੇ ਲਾਲ ਕਿਲ੍ਹੇ ਕੋਲ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਜੁੜ ਰਹੇ ਹਨ। ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਦੱਸਿਆ ਕਿ ਪੁਲਿਸ ਨੇ ਸਵਰਾਜ ਪਾਰਟੀ ਦੇ ਆਗੂ ਯੋਗਿੰਦਰ ਯਾਦਵ ਸਮੇਤ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ।

ਦਿੱਲੀ ਦੇ ਲਾਲ ਕਿਲੇ ਤੋਂ ਪਟਿਆਲਾ ਦੇ ਸਾਬਕਾ ਸਾਂਸਦ ਧਰਮਵੀਰ ਗਾਂਧੀ ਹਿਰਾਸਤ ਵਿੱਚ ਲਏ ਗਏ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)