ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, 'ਵਿਸ਼ਾਲ ਹਰਿਆਣਾ ਬਣਾਇਆ ਜਾਵੇ, ਦਿੱਲੀ ਜਿਸ ਦੀ ਰਾਜਧਾਨੀ ਹੋਵੇ’ - 5 ਅਹਿਮ ਖ਼ਬਰਾ

ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਮੰਗਲਵਾਰ ਨੇ ਆਪਣੇ ਪਿਤਾ ਰਣਬੀਰ ਸਿੰਘ ਹੁੱਡਾ ਵੱਲੋਂ 1948 ਵਿੱਚ ਰੱਖੀ ਗਈ ਵਿਸ਼ਾਲ ਹਰਿਆਣਾ ਦੀ ਮੰਗ ਦੁਹਰਾਈ।

ਸੰਵਿਧਾਨ ਦਿਵਸ ਦੇ ਸੰਬੰਧ ਵਿੱਚ ਸੱਦੇ ਗਏ ਹਰਿਆਣਾ ਵਿਧਾਨ ਸਭਾ ਦੇ ਖ਼ਾਸ ਇਜਲਾਸ ਵਿੱਚ ਬੋਲਦਿਆਂ ਹੁੱਡਾ ਨੇ ਇਹ ਮੰਗ ਚੁੱਕੀ।

ਦਿ ਟ੍ਰਬਿਊਨ ਮੁਤਾਬਕ ਉਨ੍ਹਾਂ ਕਿਹਾ ਕਿ ਵਿਸ਼ਾਲ ਹਰਿਆਣਾ ਬਣਾਇਆ ਜਾਵੇ ਜਿਸ ਦੀ ਰਾਜਧਾਨੀ ਦਿੱਲੀ ਹੋਵੇ ਤੇ ਮੌਜੂਦਾ ਉੱਤਰ ਪ੍ਰਦੇਸ਼ ਦੇ ਵੀ ਕੁਝ ਹਿੱਸੇ ਇਸ ਵਿੱਚ ਸ਼ਾਮਲ ਹੋਣ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਪੂਰਬੀ ਪੰਜਾਬ ਦੀ ਵੰਡ ਬਾਰੇ ਕੀਤੀ ਭਵਿੱਖਬਾਣੀ ਸੱਚ ਸਾਬਤ ਹੋਈ ਹੈ। ਰਣਬੀਰ ਹੁੱਡਾ ਨੇ ਕਿਹਾ ਸੀ ਕਿ ਪੂਰਬੀ ਪੰਜਾਬ ਪੰਜਾਬੀ ਬੋਲਣ ਵਾਲੇ ਤੇ ਹਿੰਦੀ ਬੋਲਣ ਵਾਲੇ ਦੋ ਸੂਬਿਆਂ ਵਿੱਚ ਵੰਡਿਆ ਜਾਵੇਗਾ।

ਭੁਪਿੰਦਰ ਹੁੱਡਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਸੰਵਿਧਾਨ ਸਭਾ ਵਿੱਚ ਹਰਿਆਣੇ ਦੇ ਨੁਮਾਇੰਦੇ ਵਜੋਂ ਦਸਤਖ਼ਤ ਕੀਤੇ ਸਨ।

ਇਹ ਵੀ ਪੜ੍ਹੋ:

“ਇਹ ਸਰਕਾਰ ਨਹੀਂ, ਇਹ ਸਾਡਾ ਪਰਿਵਾਰ”

ਮਹਾਰਾਸ਼ਟਰ ਵਿੱਚ ਭਾਜਪਾ ਮੁੱਖ ਮੰਤਰੀ ਦੇਵੇਂਦਰ ਫ਼ਡਨਵੀਸ ਅਤੇ ਐੱਨਸੀਪੀ ਦੇ ਬਾਗੀ ਤੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੇ ਅਸਤੀਫ਼ੇ ਤੋਂ ਬਆਦ ਸ਼ਿਵ ਸੈਨਾ ਆਗੂ ਉਧਵ ਠਾਕਰੇ ਦੇ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।

ਮੰਗਲਵਾਰ ਸ਼ਾਮ ਨੂੰ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੇ ਗਠਜੋੜ ਮਹਾ ਵਿਕਾਸ ਅਗਾੜੀ ਮੋਰਚੇ ਨੇ ਉਧਵ ਠਾਕਰੇ ਨੂੰ ਸਰਬਸੰਮਤੀ ਨਾਲ ਆਪਣਾ ਆਗੂ ਚੁਣ ਲਿਆ ਹੈ।

ਦੂਜੇ ਪਾਸੇ ਅਜੀਤ ਪਵਾਰ ਆਪਣੇ ਚਾਚਾ ਸ਼ਰਦ ਪਵਾਰ ਕੋਲ ਵਾਪਸ ਚਲੇ ਗਏ ਹਨ।

ਤਿੰਨਾਂ ਦਲਾਂ ਦੇ ਆਗੂ ਚੁਣੇ ਜਾਣ ਤੋਂ ਬਾਅਦ ਉਧਵ ਠਾਕਰੇ ਨੇ ਕਿਹਾ ਕਿ ਇਹ ਸਰਕਾਰ ਨਹੀਂ, ਇਹ ਸਾਡਾ ਪਰਿਵਾਰ ਹੈ। ਪੂਰੀ ਖ਼ਬਰ ਪੜ੍ਹੋ

ਜਸਪ੍ਰੀਤ ਸਿੰਘ ਦੀ ਮਾਂ ਨੇ ਪੁੱਤਰ ਦੇ ਕਤਲ ਬਾਰੇ ਇਹ ਦੱਸਿਆ

ਮਾਨਸਾ ਵਿੱਚ ਅਣਖ ਲਈ ਕਤਲ ਕੀਤੇ ਗਏ ਨਾਬਾਲਗ ਜਸਪ੍ਰੀਤ ਸਿੰਘ ਦੀ ਮਾਂ ਨੇ ਪੁੱਤਰ ਦੇ ਕਤਲ ਦੀ ਸਾਰੀ ਘਟਨਾ ਬਿਆਨ ਕੀਤੀ।

"ਪਹਿਲਾਂ ਉਸ ਉੱਤੇ ਪੈਟਰੋਲ ਪਾਇਆ, ਫਿਰ ਉਹਦੀਆਂ ਬਾਹਵਾਂ ਬੰਨ੍ਹੀਆਂ, ਫਿਰ ਮੂੰਹ ਬੰਨ ਦਿੱਤਾ। ਸਾਨੂੰ ਤਾਂ ਸਵੇਰੇ ਪਤਾ ਲੱਗਿਆ ਕਿ ਸਾਡੇ ਨਾਲ ਆਹ ਘਟਨਾ ਵਾਪਰ ਗਈ ਹੈ। ਉਸ ਦਾ ਤਾਂ ਕੋਈ ਕਸੂਰ ਵੀ ਨਹੀਂ ਸੀ।" ਪੂਰੀ ਖ਼ਬਰ ਪੜ੍ਹੋ

ਮੋਗਾ ਦੇ ਦੋ ਪਿੰਡਾਂ ਦੇ ਕਿਸਾਨ ਕਣਕ ਦੇ ਨਾੜ ਨਹੀਂ ਸਾੜਦੇ

ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਖੁਰਦ ਤੇ ਰਣਸੀਂਹ ਕਲਾਂ ਦੇ 640 ਕਿਸਾਨ ਦੋ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਾ ਰਹੇ ਹਨ।

ਇਨ੍ਹਾਂ ਪਿੰਡਾਂ ਦੇ ਖੇਤੀ ਹੇਠਲੇ 3254 ਏਕੜ ਰਕਬੇ ਵਿੱਚ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਇੱਕ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ।

ਪਿੰਡਾਂ ਦੇ ਕਿਸਾਨ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਹੀ ਵਾਹ ਦਿੰਦੇ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ, 'ਗੱਲ ਪੈਸੇ ਦੀ ਨਹੀਂ ਮਨੁੱਖਾਂ 'ਤੇ ਪੰਛੀਆਂ ਦੇ ਜੀਵਨ ਨੂੰ ਬਚਾਉਣ ਦੀ ਹੈ।' ਪੂਰੀ ਖ਼ਬਰ ਪੜ੍ਹੋ

ਤਸਕਰੀ ਦੇ ਨਿਸ਼ਾਨਾਂ ਨੂੰ ਟੈਟੂਆਂ ਥੱਲੇ ਢਕਦੀਆਂ ਔਰਤਾਂ

ਸਾਲ 2018 ਵਿੱਚ ਅਮਰੀਕਾ ਨੂੰ ਮਨੁੱਖ ਤਸਕਰੀ ਵਾਲੇ ਦੇਸਾਂ ਵਿੱਚ ਸ਼ੁਮਾਰ ਕੀਤਾ ਗਿਆ ਸੀ। ਅਮਰੀਕਾ ਦੇ ਓਹਾਇਓ ਸੂਬੇ ਵਿੱਚ ਸਭ ਤੋਂ ਵੱਧ ਮਨੁੱਖੀ ਤਸਕਰੀ ਹੁੰਦੀ ਹੈ, ਜਿੱਥੇ ਕਈ ਜਾਲਸ਼ਾਜ਼ ਅਤੇ ਦਲਾਲ ਔਰਤਾਂ ਨੂੰ ਗ਼ੁਲਾਮ ਬਣਾਉਂਦੇ ਹਨ।

ਇਹ ਲੋਕ ਔਰਤਾਂ ਦੇ ਸਰੀਰ 'ਤੇ ਵਫ਼ਾਦਾਰੀ ਅਤੇ ਮਾਲਾਕਾਨਾ ਹੱਕ ਦੇ ਨਿਸ਼ਾਨ ਵਜੋਂ ਟੈਟੂ ਖੁਣਵਾ ਦਿੰਦੇ ਹਨ। ਇੱਕ ਅਜਿਹੀ ਹੀ ਔਰਤ ਨੇ ਬੀਬੀਸੀ ਨਾਲ ਆਪਣਾ ਅਨੁਭਵ ਸਾਂਝਾ ਕੀਤਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)