ਮਹਾਰਾਸ਼ਟਰ : ਉੱਧਵ ਠਾਕਰੇ ਚੁੱਕਣਗੇ ਸਹੁੰ , ਅਜੀਤ ਪਵਾਰ ਪਹੁੰਚੇ ਸ਼ਰਦ ਪਵਾਰ ਦੇ ਘਰ

ਮਹਾਰਾਸ਼ਟਰ ਵਿਚ ਭਾਜਪਾ ਮੁੱਖ ਮੰਤਰੀ ਦੇਵੇਂਦਰ ਫ਼ਡਨਵੀਸ ਅਤੇ ਐੱਨਸੀਪੀ ਦੇ ਬਾਗੀ ਤੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੇ ਅਸਤੀਫ਼ੇ ਤੋਂ ਬਆਦ ਸ਼ਿਵ ਸੈਨਾ ਆਗੂ ਉਧਵ ਠਾਕਰੇ ਦੇ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।

ਇਸੇ ਦੌਰਾਨ ਭਾਜਪਾ ਨੂੰ ਸਮਰਥਨ ਦੇ ਕੇ ਉੱਪ ਮੁੱਖ ਮੰਤਰੀ ਬਣਨ ਵਾਲੇ ਤੇ ਫਿਰ ਪਾਰਟੀ ਵਿਧਾਇਕਾਂ ਵਲੋਂ ਸ਼ਰਦ ਪਵਾਰ ਦਾ ਸਾਥ ਨਾ ਛੱਡਣ ਕਾਰਨ ਅਸਤੀਫ਼ਾ ਦੇਣ ਵਾਲੇ ਐੱਨਸੀਪੀ ਆਗੂ ਮੁੜ ਆਪਣੇ ਚਾਚਾ ਸ਼ਰਦ ਪਵਾਰ ਨੂੰ ਮਿਲ ਉਨ੍ਹਾਂ ਦੇ ਘਰ ਪਹੁੰਚ ਗਏ ਹਨ।

ਮੰਗਲਵਾਰ ਸ਼ਾਮ ਨੂੰ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੇ ਗਠਜੋੜ ਮਹਾ ਵਿਕਾਸ ਅਗਾੜੀ ਮੋਰਚੇ ਨੇ ਉਧਵ ਠਾਕਰੇ ਨੂੰ ਸਰਬਸੰਮਤੀ ਨਾਲ ਆਪਣਾ ਆਗੂ ਚੁਣ ਲਿਆ ਹੈ।

ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਤਿੰਨਾਂ ਦਲਾਂ ਦੇ ਨੁੰਮਾਇਦੇ ਦਾਅਵਾ ਪੇਸ਼ ਕਰਨਗੇ ਅਤੇ ਇੱਕ ਦਸੰਬਰ ਨੂੰ ਸਰਕਾਰ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਸਹੁੰ ਚੁੱਕੇਗੀ।

ਤਿੰਨਾਂ ਦਲਾਂ ਦੇ ਆਗੂ ਚੁਣੇ ਜਾਣ ਤੋਂ ਬਾਅਦ ਉਧਵ ਠਾਕਰੇ ਨੇ ਕਿਹਾ ਕਿ ਇਹ ਸਰਕਾਰ ਨਹੀਂ , ਇਹ ਸਾਡਾ ਪਰਿਵਾਰ ਹੈ।

ਉਨ੍ਹਾਂ ਕਿਹਾ, ''ਮੈਂ ਦੇਵੇਂਦਰ ਫਡਨਵੀਸ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਹਾਂ, ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ, ਝੂਠ ਸਾਡੇ ਹਿੰਦੂਤਵ ਦਾ ਹਿੱਸਾ ਨਹੀਂ ਹੈ, ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਸੂਬੇ ਦੀ ਅਗਵਾਈ ਕਰਾਂਗਾ, ਮੈਂ ਸੋਨੀਆਂ ਗਾਂਧੀ ਤੇ ਦੂਜੇ ਆਗੂਆਂ ਦਾ ਧੰਨਵਾਦ ਕਰਦਾ ਹਾਂ।''

ਫਡਨਵੀਸ ਨੇ ਅਸਤੀਫ਼ੇ ਤੋਂ ਪਹਿਲਾਂ ਕੀ ਕਿਹਾ

ਸ਼ਨੀਵਾਰ ਨੂੰ ਨਾਟਕੀ ਢੰਗ ਨਾਲ ਮਹਾਰਾਸ਼ਟਰ ਵਿਚ ਸੱਤਾ ਸੰਭਾਲਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਆਗੂ ਦੇਵੇਂਦਰ ਫ਼ਡਨਵੀਸ ਅਤੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਫ਼ਡਨਵੀਸ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪਿਆ। ਇਸ ਤੋਂ ਪਹਿਲਾਂ ਉਨ੍ਹਾਂ ਮੁੰਬਈ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਫ਼ਡਨਵੀਸ ਨੇ ਆਪਣੇ ਅਸਤੀਫ਼ਿਆਂ ਦਾ ਐਲਾਨ ਕੀਤਾ ਸੀ ।

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹੁਕਮ ਦਿੱਤਾ ਸੀ ਕਿ ਭਾਜਪਾ ਸਰਕਾਰ ਬੁੱਧਵਾਰ ਸ਼ਾਮ 5 ਵਜੇ ਸਦਨ ਵਿਚ ਬਹੁਮਤ ਸਾਬਿਤ ਕਰੇ।

ਇਹ ਵੀ ਪੜ੍ਹੋ :

ਸਾਡੇ ਕੋਲ ਬਹੁਮਤ ਨਹੀਂ -ਫ਼ਡਨਵੀਸ

ਦੇਵੇਂਦਰ ਫ਼ਡਨਵੀਸ ਨੇ ਕਿਹਾ ਸੀ, 'ਸਾਡੇ ਕੋਲ ਬਹੁਮਤ ਨਹੀਂ ਅਤੇ ਮੈਂ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਕਿਹਾ ਹਾਂ। ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣਾ ਅਸਤੀਫ਼ਾ ਮੈਨੂੰ ਭੇਜ ਦਿੱਤਾ ਹੈ।

ਫ਼ਡਨਵੀਸ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ ਸ਼ਿਵ ਸੈਨਾ ਗਠਜੋੜ ਨੂੰ ਫਤਵਾ ਦਿੱਤਾ ਸੀ, ਪਰ ਨੰਬਰ ਘੱਟ ਹੋਣ ਕਾਰਨ ਸ਼ਿਵ ਸੈਨਾ ਦਾ ਮਨ ਬਦਲ ਗਿਆ ਅਤੇ ਉਹ ਸੌਦੇਬਾਜ਼ੀ ਕਰਨ ਲੱਗੀ।

ਭਾਰਤੀ ਜਨਤਾ ਪਾਰਟੀ ਨੇ ਸ਼ਿਵ ਨਾਲ ਢਾਈ ਸਾਲ ਦੇ ਮੁੱਖ ਮੰਤਰੀ ਦਾ ਦਾਅਵਾ ਕੀਤਾ ਸੀ, ਪਰ ਇਹ ਦਾਅਵੇ ਉੱਤੇ ਅੜ ਕੇ ਸ਼ਿਵ ਸੈਨਾ ਨੇ ਐੱਨਸੀਪੀ ਤੇ ਕਾਂਗਰਸ ਨਾਲ ਸਰਕਾਰ ਬਣਾਉਣ ਦੀ ਗੱਲਾਬਤ ਸ਼ੁਰੂ ਕੀਤੀ।

ਉਸ ਤੋਂ ਬਾਅਦ ਜੋ ਹੋਇਆ ਉਸ ਦਾ ਸਭ ਨੂੰ ਪਤਾ ਹੈ ਅਤੇ ਕਿਸੇ ਕੋਲ ਬਹੁਮਤ ਨਾਂ ਹੋਣ ਕਾਰਨ ਰਾਸ਼ਟਰਪਤੀ ਰਾਜ ਲੱਗ ਗਿਆ। ਇਸੇ ਦੌਰਾਨ ਅਜੀਤ ਪਵਾਰ ਨੇ ਸਮਰਥਨ ਦੀ ਪੇਸ਼ਕਸ਼ ਕੀਤੀ।

ਪਰ ਜਦੋਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅਜੀਤ ਪਵਾਰ ਨੇ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ , ਇਸ ਬਾਅਦ ਸਾਡੇ ਕੋਲ ਬਹੁਮਤ ਨਹੀਂ ਰਿਹਾ। ਅਸੀਂ ਖਰੀਦੋ-ਫ਼ਰੋਖਤ ਵਿਚ ਨਹੀਂ ਪਵਾਂਗੇ।

ਅਜੀਤ ਪਵਾਰ ਦਾ ਵੀ ਅਸਤੀਫ਼ਾ

ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਦਾਅਵਾ ਕੀਤਾ ਹੈ ਕਿ ਮਹਾਰਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਸੰਜੇ ਰਾਊਤ ਨੇ ਕਿਹਾ, ''ਅਜੀਤ ਦਾਦਾ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਉਹ ਸਾਡੇ ਨਾਲ ਹੈ, ਉਧਵ ਠਾਕਰੇ ਅਗਲੇ ਪੰਜ ਸਾਲ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਹੋਣਗੇ। ''

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦੇ ਮੁੱਦੇ 'ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਦੇਵੇਂਦਰ ਫ਼ਡਨਵੀਸ ਅਤੇ ਅਜੀਤ ਪਵਾਰ ਨੂੰ ਬੁੱਧਵਾਰ ਨੂੰ ਬਹੁਮਤ ਦਾ ਪਰੀਖਣ ਕਰਨਾ ਹੋਵੇਗਾ।

ਅਦਾਲਤ ਨੇ ਕਿਹਾ ਸੀ ਕਿ ਪ੍ਰੋਟੇਮ ਸਪੀਕਰ ਦੀ ਚੋਣ ਤੋਂ ਬਾਅਦ ਫਲੋਰ-ਟੈਸਟ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਲਾਈਵ ਟੈਲੀਕਾਸਟ ਕੀਤਾ ਜਾਵੇਗਾ।

ਸੁਪਰੀਮ ਕੋਰਟ 'ਚ ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਰੇ ਪੱਖਾਂ ਨੇ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ।

ਅਦਾਲਤ ਵਿੱਚ ਕਾਂਗਰਸ ਨੇਤਾ ਅਤੇ ਵਕੀਲ ਅਭਿਸ਼ੇਕ ਮਨੁਸਿੰਘਵੀ ਨੇ ਗ਼ੈਰ-ਭਾਜਪਾ ਗਠਜੋੜ ਵੱਲੋਂ ਦਲੀਲ ਪੇਸ਼ ਕਰਨ ਵੇਲੇ 48 ਐੱਨਸੀਪੀ ਵਿਧਾਇਕਾਂ ਦੇ ਸਮਰਥਨ ਦੀ ਚਿੱਠੀ ਦਿਖਾਉਂਦਿਆਂ ਕਿਹਾ ਸੀ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਕੋਲ 54 ਵਿਧਾਇਕਾਂ ਦਾ ਸਮਰਥਨ ਹੋਵੇ ਅਤੇ ਸਾਡੇ ਕੋਲ ਵੀ 48 ਵਿਧਾਇਕਾਂ ਦਾ ਸਮਰਥਨ ਹੋਵੇ।

ਉਨ੍ਹਾਂ ਨੇ ਕਿਹਾ ਸੀ, "ਕੀ ਸੁਪਰੀਮ ਕੋਰਟ ਇਸ ਦੀ ਅਣਦੇਖੀ ਕਰ ਸਕਦਾ, ਜਦੋਂ ਦੋਵੇਂ ਹੀ ਪੱਖ ਬਹੁਮਤ ਸਾਬਿਤ ਕਰਨ ਲਈ ਤਿਆਰ ਹਨ ਤਾਂ ਦੇਰ ਕਿਸ ਗੱਲ ਦੀ ਹੈ।"

ਇਹ ਵੀ ਪੜ੍ਹੋ:

ਉੱਥੇ, ਸ਼ਿਵ ਸੈਨਾ ਵੱਲੋਂ ਦਲੀਲ ਦਿੰਦਿਆਂ ਹੋਇਆ ਸੀਨੀਅਰ ਕਾਂਗਰਸ ਨੇਤਾ ਅਤੇ ਵਕੀਲ ਕਪਿਲ ਸਿੱਬਲ ਨੇ ਕਿਹਾ ਸੀ ਕਿ ਸਵੇਰੇ 5.17 ਵਜੇ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਕੀ ਕਾਹਲੀ ਸੀ?

ਸਿੱਬਲ ਨੇ ਕਿਹਾ ਸੀ, "ਅਜਿਹੀ ਕਿਹੜੀ ਐਮਰਜੈਂਸੀ ਆ ਗਈ ਸੀ ਕਿ ਦੇਵੇਂਦਰ ਫਡਣਵੀਸ ਨੂੰ ਸਵੇਰੇ 8 ਵਜੇ ਸਹੁੰ ਚੁਕਾਈ ਗਈ। ਜਦੋਂ ਇਹ ਬਹੁਮਤ ਦਾ ਦਾਅਵਾ ਕਰ ਰਹੇ ਤਾਂ ਇਸ ਨੂੰ ਸਾਬਿਤ ਕਰਨ ਤੋਂ ਕਿਉਂ ਬਚ ਰਹੇ ਹਨ?"

ਉੱਥੇ ਹੀ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਵੱਲੋਂ ਦਲੀਲ ਦਿੰਦਿਆਂ ਹੋਇਆ ਮੁਕੁਲ ਰੋਹਤਗੀ ਨੇ ਕਿਹਾ ਸੀ ਕਿ ਐੱਨਸੀਪੀ ਦੇ 54 ਵਿਧਾਇਕ ਅਜੀਤ ਪਵਾਰ ਅਤੇ ਫਡਣਵੀਸ ਦੇ ਨਾਲ ਹਨ।

ਇਹ ਮਾਮਲਾ ਸੁਪਰੀਮ ਕੋਰਟ 'ਚ ਉਦੋਂ ਪਹੁੰਚਿਆ ਜਦੋਂ ਸ਼ਨਿੱਚਰਵਾਰ ਸਵੇਰੇ ਅਚਾਨਕ ਪਤਾ ਲੱਗਾ ਕਿ ਦੇਵੇਂਦਰ ਫਡਣਵੀਸ ਨੂੰ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਮੁੱਖ ਮੰਤਰੀ ਅਹੁਦੇ ਦੀ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਉੱਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾ ਦਿੱਤੀ ਹੈ।

ਇਸ ਤੋਂ ਪਹਿਲਾਂ ਬੀਤੇ ਕਈ ਦਿਨਾਂ ਤੋਂ ਸ਼ਿਵ ਸੈਨਾ, ਕਾਂਗਰਸ ਅਤੇ ਐੱਨਸੀਪੀ ਦੇ ਗਠਜੋੜ ਬਣਾ ਕੇ ਸਰਕਾਰ ਬਣਾਉਣ ਦਾ ਦਾਅਵਾ ਸੌਂਪ ਰਹੀ ਸੀ।

ਪਰ ਫਡਣਵੀਸ ਦੇ ਅਚਾਨਕ ਤੋਂ ਸਰਕਾਰ ਬਣਾਉਣ ਤੋਂ ਬਾਅਦ ਵਿਰੋਧੀ ਦਲਾਂ ਨੇ ਸੁਪਰੀਮ ਕੋਰਟ ਦੇ ਰੁਖ਼ ਕੀਤਾ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)