ਗੁਰਪੁਰਬ: ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਨਾਲ ਜੁੜੀਆਂ 5 ਅਹਿਮ ਥਾਵਾਂ

ਗੁਰੂ ਨਾਨਕ

ਤਸਵੀਰ ਸਰੋਤ, Getty Images

    • ਲੇਖਕ, ਨਵਦੀਪ ਕੌਰ
    • ਰੋਲ, ਬੀਬੀਸੀ ਸਹਿਯੋਗੀ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਖਾਸ ਥਾਵਾਂ ਵਿੱਚੋਂ ਇੱਕ ਹੈ ਸੁਲਤਾਨਪੁਰ ਲੋਧੀ।

ਸਾਖੀਆਂ ਮੁਤਾਬਕ ਇੱਥੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੀਬੀ ਨਾਨਕੀ ਜੀ ਵਿਆਹੇ ਸਨ ਅਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ 14-15 ਸਾਲ ਗੁਜ਼ਾਰੇ।

ਅਸੀਂ ਸੁਲਤਾਨਪੁਰ ਲੋਧੀ ਗਏ ਤਾਂ ਇਤਿਹਾਸ ਦੇ ਪ੍ਰੋਫ਼ੈਸਰ ਹਰਜੇਸ਼ਵਰ ਪਾਲ ਸਿੰਘ ਨੇ ਸਾਨੂੰ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪ੍ਰਮੁੱਖ ਥਾਵਾਂ ਦਿਖਾਈਆਂ।

ਬੇਬੇ ਨਾਨਕੀ ਦਾ ਘਰ

ਸਭ ਤੋਂ ਪਹਿਲਾਂ ਅਸੀਂ ਸੁਲਤਾਨਪੁਰ ਲੋਧੀ ਦੇ ਵਿਚਕਾਰ ਬਣੇ ਖੂਬਸੂਰਤ ਬੇਬੇ ਨਾਨਕੀ ਜੀ ਦੇ ਘਰ ਗਏ। ਇਹ ਇਮਾਰਤ ਹਾਲਾਂਕਿ ਮੁੜ ਉਸਾਰੀ ਗਈ ਹੈ, ਪਰ ਇਸ ਨੂੰ ਦਿੱਖ ਪੁਰਾਤਨ ਦਿੱਤੀ ਗਈ ਹੈ।

ਇੱਥੇ ਬੇਬੇ ਨਾਨਕੀ ਜੀ ਦੇ ਘਰ ਦੀ ਖੂਹੀ ਹਾਲੇ ਵੀ ਮੌਜੂਦ ਹੈ। ਪਹਿਲੀ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ ਇੱਕ ਅਜਾਇਬ ਘਰ ਹੈ।

ਬੇਬੇ ਨਾਨਕੀ ਦਾ ਘਰ

ਤਸਵੀਰ ਸਰੋਤ, Sewa Sankalp Society

ਤਸਵੀਰ ਕੈਪਸ਼ਨ, ਬੇਬੇ ਨਾਨਕੀ ਦਾ ਘਰ

ਹਰਜੇਸ਼ਵਰ ਪਾਲ ਸਿੰਘ ਨੇ ਦੱਸਿਆ, "ਸਿੱਖ ਸਾਖੀਆਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਇੱਥੇ ਆਪਣੇ ਪਤੀ ਜੈ ਰਾਮ ਜੀ ਨਾਲ ਰਹਿੰਦੇ ਸੀ, ਜੋ ਕਿ ਮਾਲ ਮਹਿਕਮੇ ਵਿੱਚ ਇੱਕ ਅਫ਼ਸਰ ਸਨ। ਪਿਤਾ ਮਹਿਤਾ ਕਾਲੂ ਰਾਮ ਨੇ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਕੋਲ ਇੱਥੇ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਗੁਰੂ ਨਾਨਕ ਵੀ ਕਾਫੀ ਸਮਾਂ ਇੱਥੇ ਰਹੇ।"

ਗੁਰਦੁਆਰਾ ਹੱਟ ਸਾਹਿਬ

ਬੇਬੇ ਨਾਨਕੀ ਜੀ ਦੇ ਘਰ ਤੋਂ ਬਾਅਦ ਅਸੀਂ ਗੁਰਦੁਆਰਾ ਹੱਟ ਸਾਹਿਬ ਗਏ।

ਗੁਰਦੁਆਰਾ ਹੱਟ ਸਾਹਿਬ

ਤਸਵੀਰ ਸਰੋਤ, Sewa Sankalp Society

ਤਸਵੀਰ ਕੈਪਸ਼ਨ, ਗੁਰਦੁਆਰਾ ਹੱਟ ਸਾਹਿਬ

ਇਸ ਬਾਰੇ ਹਰਜੇਸ਼ਵਰ ਪਾਲ ਸਿੰਘ ਨੇ ਦੱਸਿਆ, "ਬੇਬੇ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਇੱਕ ਮੋਦੀਖਾਨੇ ਵਿੱਚ ਨੌਕਰੀ ਲਵਾਇਆ ਸੀ। ਉਸੇ ਮੋਦੀਖਾਨੇ ਵਾਲੀ ਥਾਂ ਗੁਰਦੁਆਰਾ ਹੱਟ ਸਾਹਿਬ ਸੁਸ਼ੋਭਿਤ ਹੈ।''

''ਇੱਥੇ ਗੁਰੂ ਨਾਨਕ ਦੇਵ ਜੀ ਵੇਲੇ ਦੇ ਵੱਟੇ ਹਾਲੇ ਵੀ ਮੌਜੂਦ ਹਨ। ਗੁਰਦੁਆਰਾ ਹੱਟ ਸਾਹਿਬ ਨਾਲ ਤੇਰਾ-ਤੇਰਾ ਦੀ ਸਾਖੀ ਬਹੁਤ ਪ੍ਰਚਲਿਤ ਹੈ।"

ਗੁਰਦੁਆਰਾ ਬੇਰ ਸਾਹਿਬ

ਸੁਲਤਾਨਪੁਰ ਲੋਧੀ ਵਿਖੇ ਸਭ ਤੋਂ ਵੱਡਾ ਅਤੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਹੈ। ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸਿਓਂ ਵੇਈਂ ਨਦੀ ਵਹਿੰਦੀ ਹੈ।

ਗੁਰਦੁਆਰਾ ਬੇਰ ਸਾਹਿਬ
ਤਸਵੀਰ ਕੈਪਸ਼ਨ, ਗੁਰਦੁਆਰਾ ਬੇਰ ਸਾਹਿਬ

ਹਰਜੇਸ਼ਵਰ ਪਾਲ ਸਿੰਘ ਨੇ ਦੱਸਿਆ, "ਇਸ ਸਥਾਨ 'ਤੇ ਗੁਰੂ ਸਾਹਿਬ ਅੰਤਰ ਧਿਆਨ ਹੁੰਦੇ ਸੀ ਅਤੇ ਇੱਥੋਂ ਹੀ ਵੇਈਂ ਨਦੀ ਵਿੱਚ ਅਲੋਪ ਹੋਏ ਸੀ।"

ਗੁਰਦੁਆਰਾ ਬੇਰ ਸਾਹਿਬ ਵਿਖੇ ਇੱਕ ਬੇਰੀ ਵੀ ਹੈ, ਜਿਸ ਬਾਰੇ ਹਰਜੇਸ਼ਵਰ ਪਾਲ ਸਿੰਘ ਨੇ ਦੱਸਿਆ ਕਿ ਇਸ ਬਾਰੇ ਸਿੱਖ ਸਾਖੀਆਂ ਵਿੱਚ ਕਿਹਾ ਗਿਆ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਨੇ ਲਗਾਈ ਸੀ।

ਗੁਰਦੁਆਰਾ ਸੰਤ ਘਾਟ

ਗੁਰਦੁਆਰਾ ਸੰਤ ਘਾਟ, ਵੇਈਂ ਨਦੀ ਦੇ ਕੰਡੇ ਬੇਰ ਸਾਹਿਬ ਤੋਂ ਦੋ ਕੁ ਕਿਲੋਮੀਟਰ ਦੂਰ ਹੈ।

ਗੁਰਦੁਆਰਾ ਸੰਤ ਘਾਟ
ਤਸਵੀਰ ਕੈਪਸ਼ਨ, ਗੁਰਦੁਆਰਾ ਸੰਤ ਘਾਟ

ਹਰਜੇਸ਼ਵਰ ਪਾਲ ਸਿੰਘ ਨੇ ਦੱਸਿਆ, "ਗੁਰਦੁਆਰਾ ਬੇਰ ਸਾਹਿਬ ਕੋਲੋਂ ਵੇਈਂ ਨਦੀ ਵਿੱਚ ਅਲੋਪ ਹੋਏ ਗੁਰੂ ਨਾਨਕ ਦੇਵ ਜੀ ਇਸ ਥਾਂ ਉੱਤੇ ਵੇਈਂ ਵਿੱਚੋਂ ਪ੍ਰਗਟ ਹੋਏ ਸੀ ਅਤੇ ਉਨ੍ਹਾਂ ਨੇ 'ਨਾ ਕੋਈ ਹਿੰਦੂ ,ਨਾ ਮੁਸਲਮਾਨ' ਦਾ ਸੰਦੇਸ਼ ਦਿੱਤਾ ਸੀ। ਇੱਥੇ ਹੀ ਮੂਲ ਮੰਤਰ ਦਾ ਉਚਾਰਨ ਹੋਇਆ। "

ਇਸ ਤੋਂ ਇਲਾਵਾ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਸਥਾਨ ਜਿਵੇਂ ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਕੋਠੜੀ ਸਾਹਿਬ, ਗੁਰਦੁਆਰਾ ਅੰਤਰਯਾਮਤਾ ਸਾਹਿਬ ਅਤੇ ਪੰਜਵੀ ਪਾਤਸ਼ਾਹੀ ਦੇ ਨਾਲ ਸਬੰਧਤ ਸਿਹਰਾ ਸਾਹਿਬ ਗੁਰਦੁਆਰਾ ਵੀ ਹੈ ।

ਸੁਲਤਾਨਪੁਰ ਲੋਧੀ ਬਾਰੇ ਹੋਰ ਖ਼ਾਸ ਗੱਲਾਂ

ਹਰਜੇਸ਼ਵਰ ਪਾਲ ਸਿੰਘ ਨੇ ਦੱਸਿਆ, "ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਕਾਲ ਦੌਰਾਨ, ਸੁਲਤਾਨਪੁਰ ਲੋਧੀ ਇਕ ਪਰਗਨਾ ਹੈਡਕੁਆਟਰ (ਜ਼ਿਲ੍ਹਾ) ਸੀ ਅਤੇ ਪੜ੍ਹਾਈ ਤੇ ਵਪਾਰ ਦਾ ਮੁੱਖ ਕੇਂਦਰ ਸੀ।''

ਗੁਰੂ ਨਾਨਕ

ਤਸਵੀਰ ਸਰੋਤ, Getty Images

''ਉਸ ਸਮੇਂ ਮੁੱਖ ਜਰਨੈਲੀ ਸੜਕ (ਜੀ ਟੀ ਰੋਡ) ਸੁਲਤਾਨਪੁਰ ਲੋਧੀ ਦੇ ਵਿੱਚੋਂ ਲੰਘ ਕੇ ਜਾਂਦੀ ਸੀ। ਇਹ ਸੜਕ ਫਿਲੌਰ, ਨੂਰਮਹਿਲ, ਨਕੋਦਰ, ਸੁਲਤਾਨਪੁਰ ਲੋਧੀ ਤੋਂ ਹੁੰਦੀ ਹੋਈ ਝਬਾਲ, ਸਰਾਏ ਅਮਾਨਤ ਖ਼ਾਨ ਆਦਿ ਦੇ ਰਾਹੀਂ ਲਾਹੌਰ ਪਹੁੰਚਦੀ ਸੀ।"

ਉਨ੍ਹਾਂ ਅੱਗੇ ਦੱਸਿਆ, "ਸੁਲਤਾਨਪੁਰ ਲੋਧੀ ਵਿੱਚ ਪੁਰਾਤਨ ਕਿਲਾ ਸਰਾਏ ਜਿਸ ਵਿੱਚ ਹੁਣ ਪੁਲਿਸ ਸਟੇਸ਼ਨ ਹੈ, ਇਸੇ ਜਰਨੈਲੀ ਸੜਕ 'ਤੇ ਸਥਿਤ ਸੀ। ਕਿਹਾ ਜਾਂਦਾ ਹੈ ਕਿ ਸ਼ਾਹ ਜਹਾਨ ਦੇ ਦੌਰ ਵਿੱਚ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਸ਼ਾਹ ਅਬਦੁਲ ਲਤੀਫ ਤੋਂ ਪੜ੍ਹਨ ਆਏ। ਉਹ ਇਸੇ ਕਿਲਾ ਸਰਾਏ ਵਿੱਚ ਰਹਿੰਦੇ ਰਹੇ ਹਨ। ਇਸ ਤੋਂ ਇਲਾਵਾ ਵੇਈਂ ਦੇ ਕੰਡੇ 'ਤੇ ਹਦੀਰਾ ਮੁਗਲ ਕਾਲ ਦੀ ਇਕ ਹੋਰ ਪ੍ਰਸਿੱਧ ਇਮਾਰਤ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)