ਮਨਜੀਤ ਧਨੇਰ ਉਮਰ ਕੈਦ ਕੱਟਣ ਪਹੁੰਚੇ ਤਾਂ ਹਜੂਮ ਨਾਲ ਤੁਰਿਆ: ‘ਸਜ਼ਾ ਮਾਫ਼ ਕਰਵਾ ਕੇ ਰਹਾਂਗੇ’

ਮਨਜੀਤ ਧਨੇਰ ਦਾ ਅਦਾਲਤ ਪੁੱਜਣਾ ਵੀ ਇੱਕ ਮੁਜ਼ਾਹਰੇ ਵਰਗਾ ਹੀ ਨਜ਼ਰ ਆਇਆ

ਤਸਵੀਰ ਸਰੋਤ, Sukhcharan Preet/BBC

ਤਸਵੀਰ ਕੈਪਸ਼ਨ, 3 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਸੁਣਾਏ ਫ਼ੈਸਲੇ ਵਿੱਚ ਵੀ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਹਾਲ ਰੱਖੀ ਗਈ
    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਲਈ, ਬਰਨਾਲਾ ਤੋਂ

ਬਰਨਾਲਾ ਵਿੱਚ ਉਮਰ ਕੈਦ ਭੁਗਤਣ ਲਈ ਆਤਮ-ਸਮਰਪਣ ਕਰਨ ਜਾਂਦੇ ਇੱਕ ਵਿਅਕਤੀ ਨਾਲ ਇੰਨੇ ਲੋਕ ਕਿਉਂ ਖੜ੍ਹੇ ਨਜ਼ਰ ਆਏ? ਅੱਜ, 30 ਸਤੰਬਰ ਨੂੰ ਇਹ ਸਵਾਲ ਜ਼ਰੂਰੀ ਹੋ ਗਿਆ ਜਦੋਂ ਮਨਜੀਤ ਸਿੰਘ ਧਨੇਰ ਅਦਾਲਤ ਪਹੁੰਚੇ।

ਸਾਲ 1997 ਦੇ ਕਿਰਨਜੀਤ ਕੌਰ ਕਤਲ ਕੇਸ ਵਿੱਚ ਨਿਆਂ ਮੰਗਦੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਜਦੋਂ ਇਸੇ ਨਾਲ ਜੁੜੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੋਸ ਮੁਜ਼ਾਹਰੇ ਹੋਏ ਸਨ।

ਧਨੇਰ ਇੱਕ ਉੱਘੇ ਕਿਸਾਨ ਆਗੂ ਵੀ ਰਹੇ ਹਨ।

ਉਨ੍ਹਾਂ ਦੇ ਸਾਥੀਆਂ ਅਤੇ ਕਈ ਸਮਾਜਕ ਜਥੇਬੰਦੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ।

ਸੁਪਰੀਮ ਕੋਰਟ ਵੱਲੋਂ ਐਲਾਨੀ ਸਜ਼ਾ ਦੇ ਬਾਬਤ ਅੱਜ, 30 ਸਤੰਬਰ ਨੂੰ ਜਦੋਂ ਧਨੇਰ ਬਰਨਾਲਾ ਵਿਖੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਹੋਏ ਤਾਂ ਉਨ੍ਹਾਂ ਨੂੰ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ। ਪਰ ਇਹ ਪੂਰਾ ਘਟਨਾਚੱਕਰ ਮੁਜ਼ਾਹਰਿਆਂ ਵਿਚਕਾਰ ਵਾਪਰਿਆ ਅਤੇ ਉਨ੍ਹਾਂ ਦਾ ਅਦਾਲਤ ਪੁੱਜਣਾ ਵੀ ਇੱਕ ਮੁਜ਼ਾਹਰੇ ਵਰਗਾ ਹੀ ਨਜ਼ਰ ਆਇਆ।

ਜਦੋਂ ਧਨੇਰ ਅਦਾਲਤ ਗਏ ਤਾਂ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠ ਕੀਤਾ ਗਿਆ

ਤਸਵੀਰ ਸਰੋਤ, Sukhcharan Preet/BBC

ਤਸਵੀਰ ਕੈਪਸ਼ਨ, ਜਦੋਂ ਧਨੇਰ ਅਦਾਲਤ ਗਏ ਤਾਂ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠ ਕੀਤਾ ਗਿਆ

ਕਿਰਨਜੀਤ ਕੌਰ ਅਤੇ ਦਲੀਪ ਸਿੰਘ: ਕੀ ਹਨ ਦੋ ਮਾਮਲੇ?

ਪਹਿਲਾ ਸਵਾਲ ਤਾਂ ਇਹ ਹੈ: ਧਨੇਰ ਅਸਲ ਵਿੱਚ ਕਿਸ ਮਾਮਲੇ ਦੀ ਐਕਸ਼ਨ ਕਮੇਟੀ ਵਿੱਚ ਸਨ?

  • ਕਿਰਨਜੀਤ ਕੌਰ ਨੂੰ ਅਗਵਾ ਕਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਲ 1997 ਦਾ ਹੈ, ਜਿਸ ਬਾਬਤ ਉਸ ਸਾਲ 3 ਅਗਸਤ ਨੂੰ 7 ਲੋਕਾਂ ਖ਼ਿਲਾਫ਼ ਕਤਲ ਅਤੇ ਬਲਾਤਕਾਰ ਦੀਆਂ ਧਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਨਾਮਜ਼ਦ ਲੋਕਾਂ ਵਿੱਚੋਂ ਚਾਰ ਨੂੰ ਬਰਨਾਲਾ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
  • ਦੂਜੇ ਪਾਸੇ, ਇਸ ਕੇਸ ਵਿੱਚ ਮੁਲਜ਼ਿਮ ਧਿਰ ਨਾਲ ਸਬੰਧ ਰੱਖਦੇ ਦਲੀਪ ਸਿੰਘ ਨਾਂ ਦੇ ਇੱਕ ਵਿਅਕਤੀ ਉੱਤੇ 3 ਮਾਰਚ 2001 ਨੂੰ ਬਰਨਾਲਾ ਵਿੱਚ ਕੁਝ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ ਸੀ। ਦਲੀਪ ਸਿੰਘ ਦੀ ਕੁਝ ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ
  • ਦਲੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਪ੍ਰੇਮ ਕੁਮਾਰ, ਨਰਾਇਣ ਦੱਤ ਅਤੇ ਮਨਜੀਤ ਧਨੇਰ ਤਿੰਨ ਜਣੇ ਸਨ। ਇਹ ਤਿੰਨੋਂ ਕਿਰਨਜੀਤ ਕੌਰ ਅਗਵਾ ਅਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਵੀ ਸਨ।

ਧਨੇਰ ਅਤੇ ਦੋ ਹੋਰਨਾਂ ਦੀ ਸਜ਼ਾ ਹੋਈ ਸੀ ਰੱਦ

30 ਮਾਰਚ 2005 ਨੂੰ ਬਰਨਾਲਾ ਸੈਸ਼ਨ ਕੋਰਟ ਵੱਲੋਂ ਇਨ੍ਹਾਂ ਤਿੰਨ ਆਗੂਆਂ ਸਮੇਤ ਸੱਤੇ ਨਾਮਜ਼ਦ ਵਿਅਕਤੀਆਂ ਨੂੰ ਦਲੀਪ ਸਿੰਘ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

24 ਅਗਸਤ 2007 ਨੂੰ ਪੰਜਾਬ ਦੇ ਤਤਕਾਲੀ ਗਵਰਨਰ ਨੇ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਨੂੰ ਸੁਣਾਈ ਸਜ਼ਾ ਰੱਦ ਕਰ ਦਿੱਤੀ ਸੀ।ਰਾਜਪਾਲ ਦੇ ਇਸ ਫ਼ੈਸਲੇ ਖ਼ਿਲਾਫ਼ ਮ੍ਰਿਤਕ ਦਲੀਪ ਸਿੰਘ ਦੇ ਵਾਰਸਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਪਾਈ ਗਈ ਸੀ।

ਇਸ ਅਪੀਲ ਦੇ ਆਧਾਰ 'ਤੇ ਹਾਈ ਕੋਰਟ ਵੱਲੋਂ 11 ਫਰਵਰੀ 2008 ਨੂੰ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਜਦਕਿ ਮਨਜੀਤ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਸੀ। ਧਨੇਰ ਵੱਲੋਂ ਹਾਈ ਕੋਰਟ ਦੇ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਪਾਈ ਗਈ ਸੀ।

ਬੀਤੀ 3 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਸੁਣਾਏ ਫ਼ੈਸਲੇ ਵਿੱਚ ਵੀ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਹਾਲ ਰੱਖੀ ਗਈ ਸੀ।

ਇਹ ਵੀ ਪੜ੍ਹੋ-

ਇੰਝ ਪਹੁੰਚੇ ਸਜ਼ਾ ਭੁਗਤਣ

ਜਦੋਂ ਧਨੇਰ ਅੱਜ ਅਦਾਲਤ ਗਏ ਤਾਂ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠ ਕੀਤਾ ਗਿਆ।

ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ, "ਸੁਪਰੀਮ ਕੋਰਟ ਵੱਲੋਂ ਮਨਜੀਤ ਧਨੇਰ ਨੂੰ 28 ਦਿਨਾਂ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਸੁਣਾਇਆ ਗਿਆ ਸੀ। ਇਸ ਦਾ ਅੱਜ ਆਖ਼ਰੀ ਦਿਨ ਹੈ। ਇਸ ਲਈ ਅਸੀਂ ਕਾਫ਼ਲੇ ਦੇ ਰੂਪ ਵਿੱਚ ਮਨਜੀਤ ਧਨੇਰ ਨੂੰ ਛੱਡਣ ਆਏ ਹਾਂ।''

ਜਦੋਂ ਧਨੇਰ ਅਦਾਲਤ ਗਏ ਤਾਂ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠ ਕੀਤਾ ਗਿਆ

ਤਸਵੀਰ ਸਰੋਤ, Sukhcharan Preet/BBC

ਉਨ੍ਹਾਂ ਨੇ ਅੱਗੇ ਦਾਅਵਾ ਕੀਤਾ, ''ਮਨਜੀਤ ਧਨੇਰ ਨੇ ਕਿਰਨਜੀਤ ਨੂੰ ਇਨਸਾਫ਼਼ ਦੇਣ ਲਈ ਸੰਘਰਸ਼ ਕੀਤਾ ਹੈ ਪਰ ਉਹ ਉਸ ਕਤਲ ਵਿੱਚ ਸ਼ਾਮਲ ਨਹੀਂ ਸੀ। ਅਸੀਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪਟਿਆਲਾ ਵਿਖੇ ਮੋਰਚਾ ਲਗਾਇਆ ਸੀ। ਪੰਜਾਬ ਸਰਕਾਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਰਾਜਪਾਲ ਨੂੰ ਸਜ਼ਾ ਰੱਦ ਕਰਨ ਦੀ ਸਿਫ਼ਾਰਸ਼ ਸਰਕਾਰ ਕਰੇਗੀ, ਜਿਸ ਤੋਂ ਬਾਅਦ ਅਸੀਂ ਮੋਰਚਾ ਚੁੱਕ ਲਿਆ ਹੈ। ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ।"

ਇਹ ਵੀ ਪੜ੍ਹੋ:

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਸੀ, "ਮਨਜੀਤ ਧਨੇਰ ਲੋਕ ਹੱਕਾਂ ਲਈ ਲੜਨ ਵਾਲਾ ਯੋਧਾ ਹੈ। ਅਸੀਂ ਸਮਝਦੇ ਹਾਂ ਕਿ ਧਨੇਰ ਨੂੰ ਇਸ ਕੇਸ ਵਿੱਚ ਫਸਾਇਆ ਗਿਆ ਹੈ। ਅਸੀਂ ਵੱਡੇ ਇਕੱਠ ਨਾਲ ਹੀ ਅੱਜ ਮਨਜੀਤ ਨੂੰ ਪੇਸ਼ ਕਰਨ ਆਏ ਹਾਂ ਅਤੇ ਇਸ ਤੋਂ ਵੱਡੇ ਇਕੱਠ ਨਾਲ ਮਨਜੀਤ ਨੂੰ ਰਿਹਾਈ ਤੋਂ ਬਾਅਦ ਲੈ ਕੇ ਜਾਣਾ ਸਾਡਾ ਅਗਲਾ ਟੀਚਾ ਹੈ।"

ਪੇਸ਼ੀ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ

ਤਸਵੀਰ ਸਰੋਤ, Sukhcharan Preet/BBC

ਤਸਵੀਰ ਕੈਪਸ਼ਨ, ਪੇਸ਼ੀ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ

ਧਨੇਰ ਨੇ ਕੀ ਕਿਹਾ?

ਮਨਜੀਤ ਧਨੇਰ ਨਾਲ ਜਦੋਂ ਅੱਜ ਦੇ ਇਸ ਪ੍ਰੋਗਰਾਮ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ, "ਸੰਘਰਸ਼ ਕਮੇਟੀ ਨੇ ਮੇਰੇ ਅਦਾਲਤ ਵਿੱਚ ਪੇਸ਼ ਹੋਣ ਦਾ ਫ਼ੈਸਲਾ ਇਸ ਲਈ ਲਿਆ ਹੈ ਕਿ ਅਸੀਂ ਇਹ ਸੁਨੇਹਾ ਦੇ ਸਕੀਏ ਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਹਾਂ। ਮੈਂ ਜੇਲ੍ਹ ਵਿੱਚ ਸਜ਼ਾ ਕੱਟਣ ਲਈ ਨਹੀਂ ਜਾ ਰਿਹਾ, ਸਗੋਂ ਇਸ ਲਈ ਜਾ ਰਿਹਾ ਹਾਂ ਕਿ ਸਰਕਾਰ ਨੂੰ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਇਨਸਾਫ ਕਰਨਾ ਚਾਹੀਦਾ ਹੈ।"

ਪੇਸ਼ੀ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਡੀਐੱਸਪੀ ਰਾਜੇਸ਼ ਛਿੱਬਰ

ਤਸਵੀਰ ਸਰੋਤ, Sukhcharan Preet/BBC

ਤਸਵੀਰ ਕੈਪਸ਼ਨ, ਡੀਐੱਸਪੀ ਰਾਜੇਸ਼ ਛਿੱਬਰ

ਬਰਨਾਲਾ ਦੇ ਡੀਐੱਸਪੀ ਰਾਜੇਸ਼ ਛਿੱਬਰ ਦਾ ਕਹਿਣਾ ਸੀ, "ਜਾਣ ਵਾਲੇ ਰੂਟ ਅਤੇ ਟ੍ਰੈਫ਼ਿਕ ਕੰਟਰੋਲ ਸਬੰਧੀ ਪੂਰਾ ਬੰਦੋਬਸਤ ਕੀਤਾ ਗਿਆ ਹੈ ਤਾਂ ਜੋ ਕਾਨੂੰਨੀ ਪੱਖੋਂ ਕੋਈ ਸਮੱਸਿਆ ਪੇਸ਼ ਨਾ ਆ ਸਕੇ।"

ਇਸ ਤੋਂ ਬਾਅਦ ਕਾਫ਼ਲੇ ਦੇ ਰੂਪ ਵਿੱਚ ਸਥਾਨਕ ਦਾਣਾ ਮੰਡੀ ਤੋਂ ਬਰਨਾਲਾ ਪ੍ਰਸ਼ਾਸ਼ਕੀ ਕੰਪਲੈਕਸ ਤੱਕ ਮਾਰਚ ਕੀਤਾ ਗਿਆ, ਜਿੱਥੇ ਧਨੇਰ ਵੱਲੋਂ ਸੰਬੋਧਨ ਵੀ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਮੁਤਾਬਕ ਧਨੇਰ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ।

ਤਸਵੀਰ ਸਰੋਤ, Sukhcharan Preet/BBC

ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਮੁਤਾਬਕ ਧਨੇਰ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ

ਮਨਜੀਤ ਧਨੇਰ ਦੀਆਂ ਸਮਰਥਕ ਜਥੇਬੰਦੀਆਂ ਵੱਲੋਂ ਹੁਣ ਬਰਨਾਲਾ-ਬਾਜਾਖਾਨਾ ਰੋਡ ਉੱਤੇ ਜੇਲ੍ਹ ਕੋਲ ਅਣਮਿਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)