ਸਵਾਮੀ ਚਿਨਮਿਆਨੰਦ ਗ੍ਰਿਫ਼ਤਾਰ, ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ’ਚ ਘਿਰੇ ਸਨ

ਸਾਬਕਾ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਦੇ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਵਾਮੀ ਚਿਨਮਿਆਨੰਦ ਜਿਨਸੀ ਸੋਸ਼ਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਹੋ ਗਏ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਐਸਆਈਟੀ ਨੇ ਉਨ੍ਹਾਂ ਦੇ ਆਸ਼ਰਮ ਤੋਂ ਕੀਤੀ।

ਮੈਡੀਕਲ ਜਾਂਚ ਕਰਵਾਉਣ ਮਗਰੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਮਗਰੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਉਨ੍ਹਾਂ 'ਤੇ ਯੂਪੀ ਦੇ ਸ਼ਾਹਜਹਾਨਪੁਰ ਦੇ ਇੱਕ ਕਾਲਜ ਦੀ ਵਿਦਿਆਰਥਣ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।

ਇਹ ਵੀ ਪੜ੍ਹੋ:

ਮਾਮਲਾ ਕੀ ਹੈ?

ਸ਼ਾਹਜਹਾਨਪੁਰ ਦੇ ਇੱਕ ਕਾਲਜ ਦੀ ਵਿਦਿਆਰਥਣ ਨੇ ਚਾਰ ਦਿਨ ਪਹਿਲਾਂ ਇੱਕ ਵੀਡੀਓ ਪਾਇਆ ਜਿਸ ਵਿੱਚ 'ਸੰਤ ਸਮਾਜ ਦੇ ਵੱਡੇ ਨੇਤਾ' 'ਤੇ ਉਸ ਦਾ ਤੇ ਕਈ ਹੋਰ ਕੁੜੀਆਂ ਦਾ ਸ਼ੋਸ਼ਣ ਕਰਨ ਅਤੇ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਸੀ।

ਵੀਡੀਓ ਵਿੱਚ ਵਿਦਿਆਰਥਣ ਨੇ ਆਪਣੀ ਤੇ ਪਰਿਵਾਰ ਵਾਲਿਆਂ ਦੀ ਜਾਨ 'ਤੇ ਖ਼ਤਰੇ ਦਾ ਖਦਸ਼ਾ ਜਤਾਇਆ ਹੈ।

ਕੁੜੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਉਹ FIR ਦਰਜ ਕਰਵਾਉਣ ਲਈ ਭੱਜ-ਦੌੜ ਕਰ ਰਹੇ ਹਨ। ਪਰ ਮੀਡੀਆ ਵਿੱਚ ਖ਼ਬਰਾਂ ਆਉਣ ਮਗਰੋਂ ਹੀ ਮੰਗਲਵਾਰ ਦੇਰ ਰਾਤ ਐੱਫਆਈਆਰ ਦਰਜ ਕੀਤੀ ਗਈ।

ਸ਼ਾਹਜਹਾਨਪੁਰ ਦੇ ਪੁਲਿਸ ਅਧਿਕਾਰੀ ਐੱਸ ਚਿਨਪਾ ਨੇ ਬੀਬੀਸੀ ਨੂੰ ਦੱਸਿਆ ਕਿ ਕੁੜੀ ਦੀ ਤਲਾਸ਼ ਦੇ ਲਈ ਪੁਲਿਸ ਦੀਆਂ ਕਈ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਕੁੜੀ ਦੇ ਪਿਤਾ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਦਾ ਕਹਿਣਾ ਸੀ, "ਕੁੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਸਵਾਮੀ ਚਿਨਮਿਆਨੰਦ ਅਤੇ ਹੋਰ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਨਿਯਮਾਂ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਅਸੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਕੁੜੀ ਦੀ ਤਲਾਸ਼ ਲਈ ਟੀਮਾਂ ਲਗਾ ਦਿੱਤੀਆਂ ਸਨ। ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਜਾਂ ਫਿਰ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਨਹੀਂ ਕੀਤੀ ਗਈ।"

ਦੱਸਿਆ ਜਾ ਰਿਹਾ ਹੈ ਕਿ ਸਵਾਮੀ ਚਿਨਮਿਆਨੰਦ ਉਸ ਕਾਲਜ ਦੇ ਪ੍ਰਬੰਧਕ ਤੇ ਮਾਲਕ ਹਨ ਜਿਸ ਵਿੱਚ ਉਹ ਵਿਦਿਆਰਥਣ ਪੜ੍ਹਦੀ ਸੀ।

ਵੀਡੀਓ ਵਾਇਰਲ ਹੋਣ ਦੇ ਦੋ ਦਿਨ ਪਹਿਲਾਂ ਸਵਾਮੀ ਚਿਨਮਿਆਨੰਦ ਵੱਲੋਂ ਉਨ੍ਹਾਂ ਤੋਂ 'ਬਲੈਕਮੇਲ ਕਰਨ ਤੇ ਧਮਕੀ ਦੇਣ' ਸਬੰਧੀ ਸ਼ਿਕਾਇਤ ਪੁਲਿਸ ਵਿੱਚ ਕੀਤੀ ਗਈ ਸੀ।

ਹਾਲਾਂਕਿ ਇਨ੍ਹਾਂ ਦੋਵਾਂ ਘਟਨਾਵਾਂ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀ ਕੁਝ ਸਪੱਸ਼ਟ ਨਹੀਂ ਦੱਸ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)