You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਪਿਛਲੇ 2 ਦਹਾਕਿਆਂ 'ਚ ਕਿਹੜੀਆਂ ਪੰਜਾਬੀ ਫ਼ਿਲਮਾਂ ਦੀ ਰਿਲੀਜ਼ 'ਚ ਆਈ ਦਿੱਕਤ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਬਾਰੇ ਪੰਜਾਬੀ ਫ਼ਿਲਮ 'ਕੌਮ ਦੇ ਹੀਰੇ' ਰਿਲੀਜ਼ ਕਰਨ ਨੂੰ ਹਰੀ ਝੰਡੀ ਪਿਛਲੇ ਮਹੀਨੇ ਹੀ ਦਿੱਤੀ ਗਈ ਹੈ।
ਦਿੱਲੀ ਹਾਈ ਕੋਰਟ ਨੇ ਇਸ ਬਾਰੇ ਆਪਣਾ ਫ਼ੈਸਲਾ ਸੁਣਾਇਆ ਹੈ। ਹੁਣ ਫ਼ਿਲਮ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ 'ਚ ਉਹ ਇਸ ਦੇ ਰਿਲੀਜ਼ ਦੀ ਮਿਤੀ ਤੈਅ ਕਰਨਗੇ।
ਸਾਲ 2014 ਵਿੱਚ ਇਸ ਫ਼ਿਲਮ ਉੱਤੇ ਪਾਬੰਦੀ ਲੱਗੀ ਸੀ ਪਰ ਇਸ ਫ਼ਿਲਮ ਦੇ ਇਲਾਵਾ ਵੀ ਅਜਿਹੀਆਂ ਪੰਜਾਬੀ ਫ਼ਿਲਮਾਂ ਹਨ ਜਿਨ੍ਹਾਂ 'ਤੇ ਇਸ ਤਰੀਕੇ ਨਾਲ ਸੈਂਸਰ ਬੋਰਡ ਨੇ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਬੀਬੀਸੀ ਪੰਜਾਬੀ ਨੇ ਸਾਲ 2000 ਤੋਂ ਲੈ ਕੇ ਹੁਣ ਤਕ ਯਾਨਿ ਲਗਭਗ ਪਿਛਲੇ 20 ਸਾਲਾਂ ਦੀ ਸੂਚੀ ਹਾਸਲ ਕੀਤੀ ਹੈ ਜਿਨ੍ਹਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ।
ਇਕੱਲੇ ਸਾਲ 2000 ਵਿੱਚ 115 ਫ਼ਿਲਮਾਂ ਨੂੰ ਰਿਲੀਜ਼ ਹੋਣ ਤੋਂ ਰੋਕਿਆ ਗਿਆ। ਪਰ ਇਨ੍ਹਾਂ ਵਿਚ ਕੋਈ ਪੰਜਾਬੀ ਫ਼ਿਲਮ ਨਹੀਂ ਸੀ। ਇਸ ਸੂਚੀ ਵਿੱਚ 32 ਹਿੰਦੀ ਫ਼ਿਲਮਾਂ ਸ਼ਾਮਲ ਸਨ। ਇਹ ਸਿਲਸਿਲਾ ਸਾਲ 2011 ਤਕ ਇਸੇ ਤਰ੍ਹਾਂ ਹੀ ਚਲਦਾ ਰਿਹਾ। ਸਾਲ 2012 ਤੱਕ ਵੀ ਕਿਸੇ ਪੰਜਾਬੀ ਫ਼ਿਲਮ ਉੱਤੇ ਬੈਨ ਨਹੀਂ ਲੱਗਿਆ।
ਇਹ ਵੀ ਦੇਖੋ
ਫਿਰ ਸਾਲ 2013 ਵਿਚ 'ਸਾਡਾ ਹੱਕ' ਪਹਿਲੀ ਪੰਜਾਬੀ ਫ਼ਿਲਮ ਬਣੀ ਜੋ ਸੈਂਸਰ ਬੋਰਡ ਤੋਂ 'ਪਾਸ' ਸਰਟੀਫਿਕੇਟ ਲੈਣ ਵਿੱਚ ਕਾਮਯਾਬ ਨਹੀਂ ਹੋ ਸਕੀ। ਅਗਲੇ ਹੀ ਸਾਲ 'ਕੌਮ ਦੇ ਹੀਰੇ' ਨੂੰ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਸੈਂਸਰ ਬੋਰਡ ਦੇ ਉਸ ਵੇਲੇ ਦੇ ਮੈਂਬਰ ਚੰਦਰਮੁਖੀ ਸ਼ਰਮਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਸ ਦੌਰਾਨ 'ਸਾਡਾ ਹੱਕ' ਤੇ 'ਕੌਮ ਦੇ ਹੀਰੇ' ਵਰਗੀਆਂ ਫ਼ਿਲਮਾਂ ਆਈਆਂ ਤੇ ਬੋਰਡ ਦੀ ਮਨਜ਼ੂਰੀ ਲੈਣ ਲਈ ਇਹਨਾਂ ਨੂੰ ਮੁਸ਼ਕਿਲ ਆਈ।
ਉਨ੍ਹਾਂ ਨੇ ਕਿਹਾ, "ਦਰਅਸਲ ਬੋਰਡ ਦੀ ਕਮੇਟੀ ਇਹ ਫ਼ਿਲਮ ਵੇਖ ਕੇ ਫ਼ੈਸਲਾ ਕਰਦੀ ਹੈ ਕਿ ਜੇ ਕਿਸੇ ਫ਼ਿਲਮ ਦੇ ਰਿਲੀਜ਼ ਹੋਣ ਨਾਲ ਕਾਨੂੰਨ ਦੇ ਵਿਗੜਨ ਦੀ ਸੰਭਾਵਨਾ ਹੁੰਦੀ ਹੈ ਉਸ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਵੀ ਬੋਰਡ ਦੇ ਕਈ ਨਿਯਮ ਹੁੰਦੇ ਹਨ ਤੇ ਫ਼ਿਲਮ ਨੂੰ ਰਿਲੀਜ਼ ਹੋਣ ਲਈ ਹਿੰਸਾ ਤੇ ਅਸ਼ਲੀਲਤਾ ਵਰਗੇ ਮਾਪਦੰਡਾਂ 'ਤੇ ਖਰੇ ਉੱਤਰਨਾ ਪੈਂਦਾ ਹੈ।"
ਕਈ ਫ਼ਿਲਮਾਂ ਜਿਨ੍ਹਾਂ ਨੂੰ ਹਰੀ ਝੰਡੀ ਨਹੀਂ ਮਿਲੀ ਉਹ ਆਪ੍ਰੇਸ਼ਨ ਬਲੂ ਸਟਾਰ ਜਾਂ ਪੰਜਾਬ ਦੇ 1980 ਤੇ 1990 ਦੇ ਦਹਾਕਿਆਂ ਦੌਰਾਨ ਹੋਏ ਹਿੰਸਕ ਦੌਰ 'ਤੇ ਆਧਾਰਿਤ ਸਨ।
ਪੰਜਾਬੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਫ਼ਿਲਮਾਂ ਸਾਲ 2014 ਤੇ 2015 ਦੌਰਾਨ ਸੈਂਸਰ ਬੋਰਡ ਤੋਂ ਇਜਾਜ਼ਤ ਨਹੀਂ ਲੈ ਸਕੀਆਂ।
ਇਹਨਾਂ ਫਿਲਮਾਂ ਦੇ ਨਾਂ ਹਨ
ਦਿ ਬਲੱਡ ਸਟਰੀਟ ਚੈਲੇਂਜ ਟੂ ਦਿ ਸਿਸਟਮ
ਪੱਤਾ ਪੱਤਾ ਸਿੰਘਾਂ ਦਾ ਵੈਰ
ਅਣਖ
ਕੌਰੀਜ਼ਮ
ਦਸ ਮਿੰਟ
ਅਸਲਾ
ਬੋਰਡ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਸ ਮਗਰੋਂ ਸਾਲ 2017 ਤੱਕ ਕੋਈ ਪੰਜਾਬੀ ਫ਼ਿਲਮ ਨਹੀਂ ਰੋਕੀ ਗਈ।
'ਸਾਡਾ ਹੱਕ' ਤੇ ਪਾਬੰਦੀ
'ਸਾਡਾ ਹੱਕ' ਨੂੰ ਸਾਲ 2013 ਵਿੱਚ ਸੈਂਸਰ ਬੋਰਡ ਦੀ ਦੋਵੇਂ ਕਮੇਟੀਆਂ ਤੇ ਰਿਵੀਜ਼ਨ ਕਮੇਟੀ ਨੇ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਰ ਇਸ ਦੇ ਖ਼ਿਲਾਫ਼ ਅਪੀਲ ਕਰਨ ਮਗਰੋਂ ਐਫਸੀਏਟੀ (Film Certification Appellate Tribunal) ਨੇ ਇਸ ਨੂੰ ਇਜਾਜ਼ਤ ਦੇ ਦਿੱਤੀ ਸੀ।
ਇਸ ਵਿਵਾਦਿਤ ਫ਼ਿਲਮ ਦੇ ਰਿਲੀਜ਼ ਹੋਣ ਤੋਂ ਚੰਦ ਘੰਟੇ ਪਹਿਲਾਂ ਹੀ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਹਰਕਤ ਵਿੱਚ ਆ ਗਈ ਸੀ ਅਤੇ ਪੰਜਾਬ ਸਰਕਾਰ ਨੇ 'ਸਾਡਾ ਹੱਕ' 'ਤੇ ਪਾਬੰਦੀ ਲੱਗਾ ਦਿੱਤੀ।
ਉਸ ਵੇਲੇ ਦੇ ਸਕੱਤਰ ਰਾਕੇਸ਼ ਸਿੰਘ ਦੀ ਅਗਵਾਈ ਹੇਠ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਦੇ ਫ਼ਿਲਮ ਦੇਖਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਸੀ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਫ਼ਿਲਮ ਦੇਖਣ ਵਾਲਿਆਂ ਵਿੱਚ ਸ਼ਾਮਲ ਸਨ। ਫ਼ਿਲਮ ਵਿੱਚ ਮੁੱਖ ਤੌਰ 'ਤੇ ਅੱਤਵਾਦ ਦੇ ਸਮੇਂ ਦੌਰਾਨ ਕਥਿਤ ਪੁਲਿਸ ਵਧੀਕੀਆਂ ਦਾ ਜ਼ਿਕਰ ਹੈ।
ਇਹ ਵੀ ਦੇਖੋ
'ਕੌਮ ਦੇ ਹੀਰੇ' ਬਾਰੇ
'ਕੌਮ ਦੇ ਹੀਰੇ' ਫ਼ਿਲਮ ਪਹਿਲਾਂ ਅਗਸਤ 2014 ਵਿੱਚ ਰਿਲੀਜ਼ ਹੋਣੀ ਸੀ ਪਰ ਫ਼ਿਲਮ 'ਤੇ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਸੀ।
ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਬਾਰੇ ਹੈ।
ਅਦਾਲਤ ਨੇ ਕਿਹਾ ਕਿ ਮਾਹਿਰਾਂ ਦੇ ਪੈਨਲ ਨੇ ਫ਼ਿਲਮ ਦਾ ਆਮ ਲੋਕਾਂ 'ਤੇ ਪੈਣ ਵਾਲਾ ਅਸਰ ਵਾਚਿਆ ਤੇ ਉਸ ਤੋਂ ਮਗਰੋਂ ਫ਼ਿਲਮ ਨੂੰ ਹਰੀ ਝੰਡੀ ਦਿੱਤੀ ਹੈ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਫ਼ਿਲਮ ਦੇ ਨਿਰਦੇਸ਼ਕ ਰਵਿੰਦਰ ਰਵੀ ਨੇ ਆਖਿਆ ਕਿ ਅਗਲੇ ਕੁੱਝ ਦਿਨਾਂ ਦੇ 'ਚ ਫ਼ਿਲਮ ਦੇ ਪ੍ਰੋਡਿਊਸਰ ਆਦਿ ਇਸ ਦੇ ਰਿਲੀਜ਼ ਦੀ ਮਿਤੀ ਤੈਅ ਕਰਨਗੇ।