ਜਸਟਿਨ ਟਰੂਡੋ ਨੇ ਇੱਕ ਪੁਰਾਣੀ ਤਸਵੀਰ ਲਈ ਕਿਉਂ ਮੰਗੀ ਮੁਆਫੀ ਤੇ ਜਗਮੀਤ ਨੇ ਉਸ ’ਤੇ ਕੀ ਕਿਹਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਕਰੀਬਨ ਦੋ ਦਹਾਕੇ ਪਹਿਲਾਂ ਇੱਕ ਨਿੱਜੀ ਸਕੂਲ ਦੇ ਪ੍ਰੋਗਰਾਮ ਵਿਖੇ "ਚਿਹਰੇ 'ਤੇ ਭੂਰਾ ਰੰਗ ਲਾਇਆ" ਹੋਇਆ ਸੀ। ਟਾਈਮ ਮੈਗਜ਼ੀਨ ਨੇ ਇਸ ਦੀ ਤਸਵੀਰ ਛਾਪੀ ਹੈ।

ਤਸਵੀਰ ਬਾਰੇ ਜ਼ਿਕਰ ਕਰਦੇ ਹੋਏ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਕਾਰੇ ਉੱਤੇ "ਡੂੰਘਾ ਪਛਤਾਵਾ" ਹੈ ਅਤੇ "ਇਸ ਬਾਰੇ ਬਿਹਤਰ ਜਾਣਕਾਰੀ ਹੋਣੀ ਚਾਹੀਦੀ ਸੀ"।

2001 ਦੀ ਯੀਅਰ ਬੁੱਕ ਤਸਵੀਰ ਵਿੱਚ ਜਸਟਿਨ ਟਰੂਡੋ ਨੇ ਵੈਨਕੂਵਰ ਵਿੱਚ ਵੈਸਟ ਪੁਆਇੰਟ ਗ੍ਰੇ ਅਕੈਡਮੀ ਵਿੱਚ ਆਪਣੇ ਚਿਹਰੇ ਅਤੇ ਹੱਥਾਂ ਉੱਤੇ ਰੰਗ ਨੂੰ ਕਾਲਾ ਕਰਨ ਵਾਲਾ ਮੇਕਅਪ ਕੀਤਾ ਹੋਇਆ ਹੈ।

ਟਰੂਡੋ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਹਨ। ਜਸਟਿਨ ਟਰੂਡੋ ਮਰਹੂਮ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੇ ਪੁੱਤਰ ਹਨ ਤੇ ਇਲੀਟ ਅਕੈਡਮੀ ਵਿੱਚ ਪੜ੍ਹਾਉਂਦੇ ਸਨ।

ਟਾਈਮ ਮੈਗਜ਼ੀਨ ਵਿੱਚ ਤਸਵੀਰ ਛਪਣ ਤੋਂ ਬਾਅਦ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਸਵੀਰ ਵਿੱਚ ਉਹ ਇੱਕ ਅਰੇਬੀਨ ਨਾਈਟ ਦੀ ਥੀਮ ਪਾਰਟੀ ਵਿੱਚ ਅਲਾਦੀਨ ਬਣੇ ਹੋਏ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਮੰਨਿਆ ਕਿ ਤਸਵੀਰ ਨਸਲਵਾਦੀ ਸੀ ਤੇ ਉਨ੍ਹਾਂ ਨੂੰ ਸਮਝ ਆ ਗਿਆ ਹੈ ਕਿ 'ਅਜਿਹਾ ਨਹੀਂ ਕਰਨਾ ਚਾਹੀਦਾ ਸੀ।'

ਜਦੋਂ ਪੁੱਛਿਆ ਗਿਆ ਕਿ ਇਸ ਤੋਂ ਇਲਾਵਾ ਵੀ ਕਦੇ ਉਨ੍ਹਾਂ ਨੇ ਅਜਿਹਾ ਕੀਤਾ ਹੈ ਤਾਂ ਉਨ੍ਹਾਂ ਦੱਸਿਆ ਕਿ ਹਾਈ ਸਕੂਲ ਵਿੱਚ ਇੱਕ ਟੈਲੰਟ ਸ਼ੋਅ ਦੌਰਾਨ ਅਜਿਹਾ ਮੇਕਅਪ ਕਰ ਚੁੱਕੇ ਹਨ।

ਤਸਵੀਰ ਤੋਂ ਨਾਰਾਜ਼ਗੀ

'ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਸ' ਇਹ ਰਿਪੋਰਟ ਦੇਖ ਕੇ ਭੜਕ ਗਈ ਹੈ।

ਇਸ ਦੇ ਕਾਰਜਕਾਰੀ ਡਾਇਰੈਕਟਰ ਮੁਸਤਫ਼ਾ ਫਾਰੂਖ ਦਾ ਕਹਿਣਾ ਹੈ, "ਪ੍ਰਧਾਨ ਮੰਤਰੀ ਨੂੰ ਭੂਰੇ ਜਾਂ ਕਾਲੇ ਰੰਗ ਵਿੱਚ ਦੇਖਣਾ ਬਹੁਤ ਦੁਖ ਦੇਣ ਵਾਲਾ ਹੈ। ਕਾਲੇ ਜਾਂ ਭੂਰੇ ਰੰਗ ਦਾ ਚਿਹਰਾ ਰੰਗਣਾ ਨਿੰਦਣਯੋਗ ਹੈ ਅਤੇ ਨਸਲਵਾਦ ਦੇ ਇਤਿਹਾਸ ਅਤੇ ਓਰੀਐਂਟਲਿਸਟ ਮਿਥਿਹਾਸਕ ਵੱਲ ਇਸ਼ਾਰਾ ਕਰਦਾ ਹੈ ਜੋ ਕਬੂਲ ਨਹੀਂ ਕੀਤਾ ਜਾ ਸਕਦਾ।"

ਵਿਰੋਧੀ ਧਿਰ ਕੰਜ਼ਰਵੇਟਿਵਜ਼ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਕਿਹਾ ਕਿ ਇਹ ਤਸਵੀਰ 2001 ਵਿੱਚ ਨਸਲਵਾਦੀ ਸੀ ਅਤੇ ਹੁਣ ਵੀ ਨਸਲਵਾਦੀ ਹੈ।

ਉਨ੍ਹਾਂ ਕਿਹਾ, "ਕੈਨੇਡੀਆ ਵਾਸੀਆਂ ਨੇ ਜੋ ਇਸ ਸ਼ਾਮ ਨੂੰ ਦੇਖਿਆ ਉਹ ਅਜਿਹਾ ਸ਼ਖ਼ਸ ਹੈ ਜਿਸ ਵਿੱਚ ਪੂਰੀ ਤਰ੍ਹਾਂ ਫੈਸਲੇ ਲੈਣ ਅਤੇ ਇਮਾਨਦਾਰੀ ਦੀ ਘਾਟ ਹੈ ਅਤੇ ਅਜਿਹਾ ਵਿਅਕਤੀ ਹੈ ਜੋ ਇਸ ਦੇਸ ਨੂੰ ਚਲਾਉਣ ਦੇ ਯੋਗ ਨਹੀਂ ਹੈ।"

ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਕਿ ਇਹ ਤਸਵੀਰ "ਪਰੇਸ਼ਾਨ" ਕਰਨ ਵਾਲੀ ਅਤੇ "ਅਪਮਾਨਜਨਕ" ਹੈ।

ਟੋਰਾਂਟੋ ਵਿੱਚ ਚੋਣ ਮੁਹਿੰਮ ਦੌਰਾਨ ਜਗਮੀਤ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, "ਜਦੋਂ ਵੀ ਅਸੀਂ ਭੂਰੇ ਜਾਂ ਕਾਲੇ ਰੰਗ ਦੀਆਂ ਮਿਸਾਲਾਂ ਸੁਣਦੇ ਹਾਂ ਤਾਂ ਇਹ ਕਿਸੇ ਦਾ ਮਖੌਲ ਉਡਾਉਂਦਾ ਹੈ ਕਿ ਉਹ ਕਿਵੇਂ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਇਸ ਬਾਰੇ ਤਜਰਬੇ ਕੀ ਹਨ।"

ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈਥ ਮੇਅ ਨੇ ਵੀ ਇੱਕ ਟਵੀਟ ਵਿੱਚ ਇਸ ਤਸਵੀਰ ਦੀ ਆਲੋਚਨਾ ਕੀਤੀ ਸੀ।

ਇਹ ਤਸਵੀਰ ਪ੍ਰਧਾਨ ਮੰਤਰੀ ਲਈ ਸਿਆਸੀ ਤੌਰ 'ਤੇ ਸ਼ਰਮਿੰਦਗੀ ਵਾਲੀ ਹੈ ਕਿਉਂਕਿ ਉਨ੍ਹਾਂ ਨੇ ਅਗਾਂਹਵਧੂ ਨੀਤੀਆਂ ਨੂੰ ਅਹਿਮ ਮੁੱਦਾ ਬਣਾਇਆ ਹੈ।

ਓਪੀਨੀਅਨ ਪੋਲ ਨੇ ਸੰਕੇਤ ਦਿੱਤਾ ਹੈ ਕਿ ਅਕਤੂਬਰ ਦੀ ਚੋਣ ਜਸਟਿਨ ਟਰੂਡੋ ਦੇ ਲਈ ਇੱਕ ਸਖ਼ਤ ਮੁਕਾਬਲਾ ਹੋਵੇਗੀ ਜੋ ਕਿ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਲੜ ਰਹੇ ਹਨ।

ਚੋਣ ਮੁਹਿੰਮ ਦੇ ਪਹਿਲੇ ਦਿਨ ਹੀ ਉਨ੍ਹਾਂ ਦੇ ਜਹਾਜ਼ ਦੀ ਟੱਕਰ ਹੋਣ ਕਾਰਨ ਉਡਾਣ ਨਾ ਭਰ ਸਕਿਆ। ਦਰਅਸਲ ਪਿਛਲੇ ਦਿਨੀਂ ਲਿਬਰਲ ਪਾਰਟੀ ਦੇ ਚਾਰਟਰਡ ਬੋਇੰਗ ਦੇ ਵਿੰਗ ਨਾਲ ਪੱਤਰਕਾਰਾਂ ਦੀ ਬੱਸ ਦੀ ਟੱਕਰ ਹੋ ਗਈ ਸੀ।

ਇਹ ਵੀ ਪੜ੍ਹੋ:

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇੱਕ ਸਿਆਸਤਦਾਨ ਨਸਲਵਾਦ ਨਾਲ ਜੁੜੀ ਇਸ ਤਰ੍ਹਾਂ ਦੀ ਮੁਸ਼ਕਿਲ ਵਿੱਚ ਫਸੇ ਹੋਣ। ਵਰਜੀਨੀਆ ਦੇ ਗਵਰਨਰ ਰਾਲਫ਼ ਨੌਰਥਮ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਮਾਈਕਲ ਜੈਕਸਨ ਵਰਗਾ ਰੂਪ ਲੈਣ ਲਈ ਚਿਹਰੇ 'ਤੇ ਕਾਲਾ ਰੰਗ ਲਾਇਆ ਸੀ।

ਹਾਲਾਂਕਿ ਉਨ੍ਹਾਂ ਨੇ ਦਾਅਵਿਆਂ ਤੋਂ ਇਨਕਾਰ ਕੀਤਾ ਕਿ ਉਹ ਆਪਣੀ 1984 ਵਿੱਚ ਮੈਡੀਕਲ ਸਕੂਲ ਦੀ ਯੀਅਰ ਬੁੱਕ ਵਿੱਚ ਇੱਕ ਨਸਲਵਾਦੀ ਫੋਟੋ ਵਿੱਚ ਸਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)